Skip to content

ਪਵਿੱਤਰ ਸ਼ਕਤੀ ਕੀ ਹੈ?

ਪਵਿੱਤਰ ਸ਼ਕਤੀ ਕੀ ਹੈ?

ਬਾਈਬਲ ਕਹਿੰਦੀ ਹੈ

 ਇਹ ਪਰਮੇਸ਼ੁਰ ਦੀ ਜ਼ਬਰਦਸਤ ਸ਼ਕਤੀ ਹੈ ਜਿਸ ਰਾਹੀਂ ਉਹ ਆਪਣੇ ਸਾਰੇ ਕੰਮ ਕਰਦਾ ਹੈ। ਇਸ ਨੂੰ ਪੰਜਾਬੀ ਦੀਆਂ ਕੁਝ ਬਾਈਬਲਾਂ ਵਿਚ ਪਵਿੱਤਰ ਆਤਮਾ ਵੀ ਕਿਹਾ ਗਿਆ ਹੈ। (ਮੀਕਾਹ 3:8; ਲੂਕਾ 1:35) ਰੱਬ ਆਪਣੀ ਇੱਛਾ ਪੂਰੀ ਕਰਨ ਲਈ ਆਪਣੀ ਪਵਿੱਤਰ ਸ਼ਕਤੀ ਜਾਂ ਪਵਿੱਤਰ ਆਤਮਾ ਨੂੰ ਕਿਤੇ ਵੀ ਭੇਜ ਸਕਦਾ ਹੈ।—ਜ਼ਬੂਰ 104:30; 139:7.

 ਇਬਰਾਨੀ ਸ਼ਬਦ ਰੂਆਖ ਅਤੇ ਯੂਨਾਨੀ ਸ਼ਬਦ ਪਨੈਵਮਾ ਦਾ ਅਨੁਵਾਦ ਪੰਜਾਬੀ ਦੀਆਂ ਕੁਝ ਬਾਈਬਲਾਂ ਵਿਚ “ਆਤਮਾ” ਕੀਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਜ਼ਿਆਦਾਤਰ ਇਸਤੇਮਾਲ ਪਵਿੱਤਰ ਸ਼ਕਤੀ ਜਾਂ ਪਰਮੇਸ਼ੁਰ ਦੀ ਕੰਮ ਕਰਨ ਦੀ ਸ਼ਕਤੀ ਲਈ ਕੀਤਾ ਗਿਆ ਹੈ। (ਉਤਪਤ 1:2) ਪਰ ਬਾਈਬਲ ਵਿਚ ਕਦੀ-ਕਦੀ ਇਨ੍ਹਾਂ ਸ਼ਬਦਾਂ ਦੇ ਅਲੱਗ-ਅਲੱਗ ਮਤਲਬ ਹੁੰਦੇ ਹਨ। ਜਿਵੇਂ:

 ਇਹ ਸਭ ਉਹ ਚੀਜ਼ਾਂ ਹਨ, ਜਿਨ੍ਹਾਂ ਨੂੰ ਇਨਸਾਨ ਦੇਖ ਨਹੀਂ ਸਕਦੇ, ਪਰ ਇਨ੍ਹਾਂ ਦੇ ਅਸਰ ਨੂੰ ਜ਼ਰੂਰ ਦੇਖਿਆ ਜਾ ਸਕਦਾ ਹੈ। ਇਸੇ ਤਰ੍ਹਾਂ, ਡਬਲਯੂ. ਈ. ਵਾਈਨ ਦੀ ਲਿਖੀ ਐਨ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਵਰਡਜ਼ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦੀ ਸ਼ਕਤੀ “ਹਵਾ ਵਾਂਗ ਅਦਿੱਖ ਹੈ, ਉਸ ਦਾ ਕੋਈ ਸਰੀਰ ਨਹੀਂ ਹੈ ਅਤੇ ਉਹ ਸ਼ਕਤੀਸ਼ਾਲੀ ਹੈ।”

 ਬਾਈਬਲ ਵਿਚ ਪਵਿੱਤਰ ਸ਼ਕਤੀ ਨੂੰ ਪਰਮੇਸ਼ੁਰ ਦੇ “ਹੱਥ” ਜਾਂ “ਉਂਗਲ” ਵੀ ਕਿਹਾ ਗਿਆ ਹੈ। (ਜ਼ਬੂਰ 8:3; 19:1; ਲੂਕਾ 11:20; ਮੱਤੀ 12:28 ਨਾਲ ਤੁਲਨਾ ਕਰੋ।) ਜਿਵੇਂ ਇਕ ਕਾਰੀਗਰ ਆਪਣੇ ਹੱਥਾਂ ਅਤੇ ਉਂਗਲਾਂ ਦਾ ਇਸਤੇਮਾਲ ਕਰ ਕੇ ਕੋਈ ਚੀਜ਼ ਬਣਾਉਂਦਾ ਹੈ, ਉਸੇ ਤਰ੍ਹਾਂ ਰੱਬ ਵੀ ਆਪਣੀ ਸ਼ਕਤੀ ਵਰਤ ਕੇ ਕੰਮ ਕਰਦਾ ਹੈ। ਮਿਸਾਲ ਲਈ, ਇਸ ਸ਼ਕਤੀ ਰਾਹੀਂ:

ਪਵਿੱਤਰ ਸ਼ਕਤੀ ਕੋਈ ਵਿਅਕਤੀ ਨਹੀਂ ਹੈਂ

 ਬਾਈਬਲ ਵਿਚ ਪਵਿੱਤਰ ਸ਼ਕਤੀ ਨੂੰ ਪਰਮੇਸ਼ੁਰ ਦੇ “ਹੱਥ,” “ਉਂਗਲ” ਜਾਂ “ਸਾਹ” ਵੀ ਕਿਹਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਪਵਿੱਤਰ ਸ਼ਕਤੀ ਕੋਈ ਵਿਅਕਤੀ ਨਹੀਂ ਹੈ। (ਕੂਚ 15:8, 10) ਜਿਵੇਂ ਇਕ ਕਾਰੀਗਰ ਦਾ ਹੱਥ ਉਸ ਦੇ ਸਰੀਰ ਤੇ ਦਿਮਾਗ਼ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ, ਉਸੇ ਤਰ੍ਹਾਂ ਪਵਿੱਤਰ ਸ਼ਕਤੀ ਵੀ ਪਰਮੇਸ਼ੁਰ ਤੋਂ ਬਿਨਾਂ ਕੰਮ ਨਹੀਂ ਕਰ ਸਕਦੀ। (ਲੂਕਾ 11:13) ਬਾਈਬਲ ਪਰਮੇਸ਼ੁਰ ਦੀ ਸ਼ਕਤੀ ਦੀ ਤੁਲਨਾ ਪਾਣੀ ਨਾਲ ਵੀ ਕਰਦੀ ਹੈ। ਨਾਲੇ ਬਾਈਬਲ ਵਿਚ ਪਵਿੱਤਰ ਸ਼ਕਤੀ ਦਾ ਜ਼ਿਕਰ ਨਿਹਚਾ ਅਤੇ ਗਿਆਨ ਵਰਗੇ ਗੁਣਾਂ ਨਾਲ ਵੀ ਕੀਤਾ ਗਿਆ ਹੈ। ਇਨ੍ਹਾਂ ਗੱਲਾਂ ਤੋਂ ਜ਼ਾਹਰ ਹੁੰਦਾ ਹੈ ਕਿ ਪਵਿੱਤਰ ਸ਼ਕਤੀ ਕੋਈ ਵਿਅਕਤੀ ਨਹੀਂ ਹੈ।—ਯਸਾਯਾਹ 44:3; ਰਸੂਲਾਂ ਦੇ ਕੰਮ 6:5; 2 ਕੁਰਿੰਥੀਆਂ 6:6.

 ਬਾਈਬਲ ਵਿਚ ਯਹੋਵਾਹ ਪਰਮੇਸ਼ੁਰ ਤੇ ਉਸ ਦੇ ਪੁੱਤਰ ਯਿਸੂ ਮਸੀਹ ਦਾ ਨਾਂ ਦੱਸਿਆ ਹੈ, ਪਰ ਇਸ ਵਿਚ ਕਿਤੇ ਵੀ ਪਵਿੱਤਰ ਸ਼ਕਤੀ ਦੇ ਨਾਂ ਬਾਰੇ ਨਹੀਂ ਦੱਸਿਆ ਗਿਆ। (ਯਸਾਯਾਹ 42:8; ਲੂਕਾ 1:31) ਜਦੋਂ ਯਿਸੂ ਮਸੀਹ ਦੇ ਇਕ ਚੇਲੇ ਇਸਤੀਫ਼ਾਨ ਨੂੰ ਉਸ ਦੇ ਮਰਨ ਤੋਂ ਪਹਿਲਾਂ ਸਵਰਗ ਦਾ ਦਰਸ਼ਨ ਦਿਖਾਇਆ ਗਿਆ, ਤਾਂ ਉਸ ਨੇ ਉੱਥੇ ਦੋ ਲੋਕਾਂ ਨੂੰ ਦੇਖਿਆ, ਨਾ ਕਿ ਤਿੰਨ। ਬਾਈਬਲ ਦੱਸਦੀ ਹੈ, “ਇਸਤੀਫ਼ਾਨ ਪਵਿੱਤਰ ਸ਼ਕਤੀ ਨਾਲ ਭਰਪੂਰ ਸੀ ਅਤੇ ਉਸ ਨੇ ਆਕਾਸ਼ ਵੱਲ ਦੇਖਿਆ ਅਤੇ ਉਸ ਨੇ ਪਰਮੇਸ਼ੁਰ ਦੀ ਮਹਿਮਾ ਦੇਖੀ ਅਤੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਹੱਥ ਖੜ੍ਹਾ ਦੇਖਿਆ।” (ਰਸੂਲਾਂ ਦੇ ਕੰਮ 7:55) ਉਸ ਵੇਲੇ ਇਸਤੀਫ਼ਾਨ ʼਤੇ ਪਰਮੇਸ਼ੁਰ ਦੀ ਸ਼ਕਤੀ ਕੰਮ ਕਰ ਰਹੀ ਸੀ, ਜਿਸ ਰਾਹੀਂ ਉਹ ਦਰਸ਼ਨ ਦੇਖ ਸਕਿਆ।

ਪਵਿੱਤਰ ਸ਼ਕਤੀ ਬਾਰੇ ਗ਼ਲਤਫ਼ਹਿਮੀਆਂ

 ਗ਼ਲਤਫ਼ਹਿਮੀ: ਮੱਤੀ 28:19, 20 ਮੁਤਾਬਕ ਪਵਿੱਤਰ ਆਤਮਾ ਜਾਂ ਪਵਿੱਤਰ ਸ਼ਕਤੀ ਤ੍ਰਿਏਕ ਦਾ ਹਿੱਸਾ ਹੈ।

 ਸੱਚਾਈ: ਇਨ੍ਹਾਂ ਆਇਤਾਂ ਵਿਚ ਪਿਤਾ, ਪੁੱਤਰ ਤੇ ਪਵਿੱਤਰ ਸ਼ਕਤੀ ਦਾ ਇਕੱਠਿਆਂ ਜ਼ਿਕਰ ਕੀਤਾ ਗਿਆ ਹੈ। ਇਸ ਲਈ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਆਇਤਾਂ ਤ੍ਰਿਏਕ ਵੱਲ ਇਸ਼ਾਰਾ ਕਰਦੀਆਂ ਹਨ। ਪਰ ਜ਼ਰਾ ਆਇਤਾਂ ਨੂੰ ਧਿਆਨ ਨਾਲ ਪੜ੍ਹੋ। ਇਨ੍ਹਾਂ ਵਿਚ ਅਜਿਹਾ ਕੁਝ ਵੀ ਨਹੀਂ ਲਿਖਿਆ ਜਿਸ ਤੋਂ ਇਹ ਸਾਬਤ ਹੋਵੇ ਕਿ ਇਨ੍ਹਾਂ ਤਿੰਨਾਂ ਦੀ ਸ਼ਕਤੀ, ਬੁੱਧ ਅਤੇ ਅਹੁਦਾ ਇਕ-ਬਰਾਬਰ ਹੈ ਤੇ ਇਹ ਸ਼ੁਰੂ ਤੋਂ ਹੀ ਵਜੂਦ ਵਿਚ ਹਨ। ਇਸ ਲਈ ਇਹ ਕਹਿਣਾ ਗ਼ਲਤ ਹੋਵੇਗਾ ਕਿ ਇਹ ਤਿੰਨੇ ਮਿਲ ਕੇ ਇਕ ਪਰਮੇਸ਼ੁਰ ਹਨ।

 ਗ਼ਲਤਫ਼ਹਿਮੀ: ਬਾਈਬਲ ਵਿਚ ਪਵਿੱਤਰ ਸ਼ਕਤੀ ਦਾ ਜ਼ਿਕਰ ਇਕ ਵਿਅਕਤੀ ਦੇ ਤੌਰ ʼਤੇ ਕੀਤਾ ਗਿਆ ਹੈ ਤੇ ਇਸ ਤੋਂ ਪਤਾ ਲੱਗਦਾ ਕਿ ਉਹ ਇਕ ਵਿਅਕਤੀ ਹੈ।

 ਸੱਚਾਈ: ਕਦੀ-ਕਦੀ ਬਾਈਬਲ ਵਿਚ ਪਵਿੱਤਰ ਸ਼ਕਤੀ ਨੂੰ ਇਕ ਵਿਅਕਤੀ ਦਾ ਦਰਜਾ ਦਿੱਤਾ ਗਿਆ ਹੈ। ਮਿਸਾਲ ਲਈ, ਯਿਸੂ ਨੇ ਪਵਿੱਤਰ ਸ਼ਕਤੀ ਦਾ ਜ਼ਿਕਰ ਇਕ “ਮਦਦਗਾਰ” (ਯੂਨਾਨੀ ਸ਼ਬਦ ਪਾਰਾਕਲੀਟ) ਵਜੋਂ ਕੀਤਾ ਜੋ ਅਲੱਗ-ਅਲੱਗ ਕੰਮ ਕਰਦਾ ਹੈ ਜਿਵੇਂ, ਸਬੂਤ ਦਿੰਦਾ ਹੈ, ਅਗਵਾਈ ਕਰਦਾ ਹੈ, ਦੱਸਦਾ ਹੈ, ਸੁਣਦਾ ਹੈ ਅਤੇ ਮਹਿਮਾ ਕਰਦਾ ਹੈ। (ਯੂਹੰਨਾ 16:7-15) ਪਰ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਪਵਿੱਤਰ ਸ਼ਕਤੀ ਇਕ ਵਿਅਕਤੀ ਹੈ। ਬਾਈਬਲ ਵਿਚ ਪਾਪ, ਮੌਤ ਅਤੇ ਬੁੱਧ ਨੂੰ ਵੀ ਵਿਅਕਤੀ ਦਾ ਦਰਜਾ ਦਿੱਤਾ ਗਿਆ ਹੈ। (ਕਹਾਉਤਾਂ 1:20; ਰੋਮੀਆਂ 5:17, 21) ਮਿਸਾਲ ਲਈ, ਬੁੱਧ ਲਈ ਕਿਹਾ ਗਿਆ ਹੈ ਕਿ ਉਸ ਦੇ “ਕੰਮ” ਅਤੇ “ਬੱਚੇ” ਹਨ। ਪਾਪ ਲਈ ਕਿਹਾ ਗਿਆ ਹੈ ਕਿ ਇਹ ਬਹਿਕਾਉਂਦਾ ਹੈ, ਜਾਨੋਂ ਮਾਰਦਾ ਹੈ ਅਤੇ ਲਾਲਚ ਪੈਦਾ ਕਰਦਾ ਹੈ।—ਮੱਤੀ 11:19; ਲੂਕਾ 7:35; ਰੋਮੀਆਂ 7:8, 11.

 ਗ਼ਲਤਫ਼ਹਿਮੀ: ਪਵਿੱਤਰ ਸ਼ਕਤੀ ਦੇ ਨਾਂ ʼਤੇ ਬਪਤਿਸਮਾ ਲੈਣਾ, ਇਨ੍ਹਾਂ ਸ਼ਬਦਾਂ ਤੋਂ ਸਾਬਤ ਹੁੰਦਾ ਹੈ ਕਿ ਉਹ ਇਕ ਵਿਅਕਤੀ ਹੈ।

 ਸੱਚਾਈ: ਬਾਈਬਲ ਵਿਚ “ਨਾਂ” ਸ਼ਬਦ ਕਦੀ-ਕਦੀ ਤਾਕਤ ਜਾਂ ਅਧਿਕਾਰ ਲਈ ਇਸਤੇਮਾਲ ਕੀਤਾ ਗਿਆ ਹੈ। (ਬਿਵਸਥਾ ਸਾਰ 18:5, 19-22; ਅਸਤਰ 8:10) ਮਿਸਾਲ ਲਈ, ਪੰਜਾਬੀ ਵਿਚ ਲੋਕ ਕਹਿੰਦੇ ਹਨ, “ਧਰਮ ਦੇ ਨਾਂ ʼਤੇ . . .”, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਧਰਮ ਇਕ ਵਿਅਕਤੀ ਹੈ। ਉਸੇ ਤਰ੍ਹਾਂ ਜਦੋਂ ਕੋਈ ਜਣਾ “ਪਵਿੱਤਰ ਸ਼ਕਤੀ ਦੇ ਨਾਂ ʼਤੇ” ਬਪਤਿਸਮਾ ਲੈਂਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਪਵਿੱਤਰ ਸ਼ਕਤੀ ਇਕ ਵਿਅਕਤੀ ਹੈ। ਸਗੋਂ ਇਸ ਦਾ ਮਤਲਬ ਹੈ ਕਿ ਉਹ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਪਵਿੱਤਰ ਸ਼ਕਤੀ ਦੀ ਤਾਕਤ ਅਤੇ ਉਸ ਦੀ ਭੂਮਿਕਾ ਨੂੰ ਸਵੀਕਾਰ ਕਰਦਾ ਹੈ।—ਮੱਤੀ 28:19.

 ਗ਼ਲਤਫ਼ਹਿਮੀ: ਯਿਸੂ ਦੇ ਰਸੂਲ ਮੰਨਦੇ ਸਨ ਕਿ ਪਵਿੱਤਰ ਸ਼ਕਤੀ ਇਕ ਵਿਅਕਤੀ ਹੈ।

 ਸੱਚਾਈ: ਇਹ ਗੱਲ ਨਾ ਤਾਂ ਬਾਈਬਲ ਵਿਚ ਲਿਖੀ ਹੈ ਤੇ ਨਾ ਹੀ ਇਤਿਹਾਸ ਦੀ ਕਿਸੇ ਹੋਰ ਕਿਤਾਬ ਵਿਚ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵਿਚ ਲਿਖਿਆ ਹੈ: “381 ਈਸਵੀ ਵਿਚ ਕਾਂਸਟੈਂਟੀਨੋਪਲ ਦੀ ਕਮੇਟੀ ਵਿਚ ਇਹ ਗੱਲ ਸਾਮ੍ਹਣੇ ਆਈ ਕਿ ਪਵਿੱਤਰ ਸ਼ਕਤੀ ਇਕ ਅਲੱਗ ਈਸ਼ਵਰੀ ਸ਼ਖ਼ਸ ਹੈ।” ਇਹ ਕਮੇਟੀ ਯਿਸੂ ਦੇ ਬਾਰਾਂ ਚੇਲਿਆਂ ਵਿੱਚੋਂ ਉਸ ਦੇ ਆਖ਼ਰੀ ਚੇਲੇ ਦੀ ਮੌਤ ਤੋਂ 250 ਸਾਲ ਬਾਅਦ ਬਣਾਈ ਗਈ ਸੀ।