Skip to content

ਕੀ ਕਿਸੇ ਨੂੰ ਪਤਾ ਕਿ ਬਾਈਬਲ ਅਸਲ ਵਿਚ ਕਿਸ ਨੇ ਲਿਖੀ ਹੈ?

ਕੀ ਕਿਸੇ ਨੂੰ ਪਤਾ ਕਿ ਬਾਈਬਲ ਅਸਲ ਵਿਚ ਕਿਸ ਨੇ ਲਿਖੀ ਹੈ?

ਬਾਈਬਲ ਕਹਿੰਦੀ ਹੈ

 ਬਹੁਤ ਸਾਰੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਸਾਨੂੰ ਪੱਕਾ ਨਹੀਂ ਪਤਾ ਕਿ ਬਾਈਬਲ ਕਿਸ ਨੇ ਲਿਖੀ ਹੈ। ਪਰ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਇਸ ਵਿਚਲੀਆਂ ਗੱਲਾਂ ਕਿਸ ਨੇ ਲਿਖੀਆਂ ਹਨ। ਬਾਈਬਲ ਦੇ ਕੁਝ ਹਿੱਸੇ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੇ ਹਨ: “ਨਹਮਯਾਹ ਦੀਆਂ ਗੱਲਾਂ,” ‘ਯਸਾਯਾਹ ਨੇ ਦਰਸ਼ਣ ਦੇਖਿਆ’ ਅਤੇ ‘ਯੋਏਲ ਨੂੰ ਯਹੋਵਾਹ ਦਾ ਸੰਦੇਸ਼ ਆਇਆ।’​—ਨਹਮਯਾਹ 1:1; ਯਸਾਯਾਹ 1:1; ਯੋਏਲ 1:1.

 ਬਾਈਬਲ ਦੇ ਸਾਰੇ ਲਿਖਾਰੀਆਂ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਨੇ ਸਾਰਾ ਕੁਝ ਇੱਕੋ-ਇਕ ਸੱਚੇ ਪਰਮੇਸ਼ੁਰ ਯਹੋਵਾਹ ਦੇ ਨਾਂ ʼਤੇ ਲਿਖਿਆ ਹੈ ਅਤੇ ਉਸ ਨੇ ਹੀ ਉਨ੍ਹਾਂ ਨੂੰ ਇਹ ਸਭ ਲਿਖਣ ਲਈ ਪ੍ਰੇਰਿਆ। ਇਬਰਾਨੀ ਲਿਖਤਾਂ ਨੂੰ ਲਿਖਣ ਵਾਲੇ ਨਬੀਆਂ ਨੇ 300 ਤੋਂ ਵੀ ਜ਼ਿਆਦਾ ਵਾਰ ਇਹ ਕਿਹਾ: “ਯਹੋਵਾਹ ਇਹ ਕਹਿੰਦਾ ਹੈ।” (ਆਮੋਸ 1:3; ਮੀਕਾਹ 2:3; ਨਹੂਮ 1:12) ਕੁਝ ਹੋਰ ਲਿਖਾਰੀਆਂ ਨੂੰ ਦੂਤਾਂ ਰਾਹੀਂ ਰੱਬ ਦਾ ਸੰਦੇਸ਼ ਮਿਲਿਆ।​—ਜ਼ਕਰਯਾਹ 1:7, 9.

 ਬਾਈਬਲ ਨੂੰ ਕੁਝ 40 ਆਦਮੀਆਂ ਨੇ 1,600 ਸਾਲਾਂ ਦੌਰਾਨ ਲਿਖਿਆ ਸੀ। ਕੁਝ ਆਦਮੀਆਂ ਨੂੰ ਬਾਈਬਲ ਦੀਆਂ ਇਕ ਤੋਂ ਜ਼ਿਆਦਾ ਕਿਤਾਬਾਂ ਲਿਖਣ ਲਈ ਵਰਤਿਆ ਗਿਆ। ਦਰਅਸਲ, ਬਾਈਬਲ 66 ਕਿਤਾਬਾਂ ਦੀ ਇਕ ਛੋਟੀ ਜਿਹੀ ਲਾਇਬ੍ਰੇਰੀ ਹੈ। ਇਸ ਵਿਚ ਇਬਰਾਨੀ ਲਿਖਤਾਂ ਦੀਆਂ 39 ਕਿਤਾਬਾਂ ਹਨ ਜਿਨ੍ਹਾਂ ਨੂੰ ਕਈ ਜਣੇ ਪੁਰਾਣਾ ਨੇਮ ਕਹਿੰਦੇ ਹਨ ਅਤੇ ਮਸੀਹੀ ਯੂਨਾਨੀ ਲਿਖਤਾਂ ਦੀਆਂ 27 ਕਿਤਾਬਾਂ ਹਨ ਜਿਨ੍ਹਾਂ ਨੂੰ ਅਕਸਰ ਨਵਾਂ ਨੇਮ ਕਿਹਾ ਜਾਂਦਾ ਹੈ।