Skip to content

ਵਾਰਵਿਕ ਫੋਟੋ ਗੈਲਰੀ 1 (ਮਈ ਤੋਂ ਅਗਸਤ 2014)

ਵਾਰਵਿਕ ਫੋਟੋ ਗੈਲਰੀ 1 (ਮਈ ਤੋਂ ਅਗਸਤ 2014)

ਯਹੋਵਾਹ ਦੇ ਗਵਾਹ ਵਾਰਵਿਕ, ਨਿਊਯਾਰਕ ਵਿਚ ਆਪਣਾ ਨਵਾਂ ਮੁੱਖ ਦਫ਼ਤਰ ਬਣਾ ਰਹੇ ਹਨ। ਮਈ ਤੋਂ ਅਗਸਤ 2014 ਤਕ ਮੋਟਰ-ਗੱਡੀਆਂ ਦੀ ਮੁਰੰਮਤ ਕਰਨ ਲਈ ਇਮਾਰਤ, ਪ੍ਰਬੰਧਕੀ ਦਫ਼ਤਰ/ਬੈਥਲ ਸੇਵਾਵਾਂ ਅਤੇ C ਤੇ D ਰਿਹਾਇਸ਼ੀ ਇਮਾਰਤਾਂ ਬਣਾਉਣ ਵਿਚ ਉਸਾਰੀ ਦਾ ਕੰਮ ਕਰਨ ਵਾਲਿਆਂ ਨੇ ਕਾਫ਼ੀ ਤਰੱਕੀ ਕੀਤੀ ਹੈ। ਇਨ੍ਹਾਂ ਮਹੀਨਿਆਂ ਦੌਰਾਨ ਜੋ ਕੰਮ ਕੀਤਾ ਗਿਆ ਸੀ, ਉਸ ਦੀਆਂ ਫੋਟੋਆਂ ਇਸ ਗੈਲਰੀ ਵਿਚ ਦਿਖਾਈਆਂ ਗਈਆਂ ਹਨ।

ਵਾਰਵਿਕ ਦੇ ਮੁੱਖ ਦਫ਼ਤਰ ਦੀਆਂ ਇਮਾਰਤਾਂ ਦਾ ਨਕਸ਼ਾ। ਖੱਬੇ ਤੋਂ ਸੱਜੇ:

  1. 1. ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

  2. 2. ਆਉਣ-ਜਾਣ ਵਾਲਿਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ

  3. 3. ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ

  4. 4. ਰਿਹਾਇਸ਼ B

  5. 5. ਰਿਹਾਇਸ਼ D

  6. 6. ਰਿਹਾਇਸ਼ C

  7. 7. ਰਿਹਾਇਸ਼ A

  8. 8. ਪ੍ਰਬੰਧਕੀ ਦਫ਼ਤਰ/ਬੈਥਲ ਸੇਵਾਵਾਂ

1 ਮਈ 2014—ਵਾਰਵਿਕ ਵਿਚ ਉਸਾਰੀ ਦੀ ਜਗ੍ਹਾ

ਦੱਖਣੀ-ਪੱਛਮੀ ਕੋਨੇ ਤੋਂ ਉੱਤਰ ਵੱਲ ਦੇਖਣ ਤੇ ਸਟਰਲਿੰਗ ਫੌਰਸਟ ਝੀਲ (ਨੀਲੀ ਝੀਲ) ਦਾ ਦ੍ਰਿਸ਼। ਅਗਲੇ ਪਾਸੇ, ਰਿਹਾਇਸ਼ D ਦੇ ਤਹਿਖ਼ਾਨੇ ਦਾ ਕੰਮ ਚੱਲ ਰਿਹਾ ਹੈ। ਝੀਲ ਦੇ ਨੇੜੇ ਰਿਹਾਇਸ਼ C ਦੀ ਇਮਾਰਤ ਲਈ ਮਸਾਲਾ (ਸੀਮਿੰਟ, ਬਜਰੀ ਤੇ ਰੇਤੇ ਦਾ ਮਿਸ਼ਰਣ) ਤਿਆਰ ਕੀਤਾ ਜਾ ਰਿਹਾ ਹੈ।

14 ਮਈ 2014—ਵਾਰਵਿਕ ਤੋਂ ਥੋੜ੍ਹੀ ਦੂਰੀ ਤੇ ਸਾਮਾਨ ਤਿਆਰ ਕਰਨ ਦੀ ਜਗ੍ਹਾ

ਕਾਮੇ ਰਿਹਾਇਸ਼ ਲਈ ਬਾਥਰੂਮ ਦੇ ਵੱਖੋ-ਵੱਖਰੇ ਹਿੱਸਿਆਂ ਨੂੰ ਜੋੜਦੇ ਹੋਏ। ਇਸ ਢਾਂਚੇ ਵਿਚ ਸ਼ਾਮਲ ਹੈ: ਚੁਗਾਠਾਂ, ਕੰਧਾਂ, ਥੋੜ੍ਹੀ-ਬਹੁਤੀ ਪਲੰਬਿੰਗ ਤੇ ਬਿਜਲੀ ਦਾ ਕੰਮ, ਹਵਾ ਦੇ ਆਉਣ-ਜਾਣ ਦਾ ਪ੍ਰਬੰਧ ਅਤੇ ਨਹਾਉਣ ਲਈ ਟੱਬ। ਇਸ ਢਾਂਚੇ ਨੂੰ ਇਮਾਰਤ ਵਿਚ ਲਾਉਣ ਤੋਂ ਬਾਅਦ ਬਾਥਰੂਮ ਦਾ ਕੰਮ ਪੂਰਾ ਹੋ ਜਾਵੇਗਾ।

22 ਮਈ 2014—ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

ਪਲੰਬਰ ਤਹਿਖ਼ਾਨੇ ਵਿਚ ਕੰਮ ਕਰਦੇ ਹੋਏ। ਇਸ ਪ੍ਰਾਜੈਕਟ ਦੌਰਾਨ ਇਹ ਜਗ੍ਹਾ ਤਕਰੀਬਨ 500 ਕਾਮਿਆਂ ਨੂੰ ਰੋਟੀ-ਪਾਣੀ ਖਿਲਾਉਣ ਲਈ ਵਰਤੀ ਜਾਵੇਗੀ ਅਤੇ ਇਮਾਰਤ ਵਿਚ ਹੋਰ ਥਾਵਾਂ ʼਤੇ 300 ਹੋਰ ਜਣਿਆਂ ਲਈ ਬੈਠਣ ਵਾਸਤੇ ਸੀਟਾਂ ਹੋਣਗੀਆਂ। ਪ੍ਰਾਜੈਕਟ ਖ਼ਤਮ ਹੋਣ ਦੇ ਲਾਗੇ, ਇਹ ਡਾਇਨਿੰਗ ਰੂਮ ਹਟਾ ਦਿੱਤੇ ਜਾਣਗੇ ਅਤੇ ਇਮਾਰਤ ਗੱਡੀਆਂ ਦੀ ਮੁਰੰਮਤ ਲਈ ਤਿਆਰ ਹੋਵੇਗੀ।

2 ਜੂਨ 2014—ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

ਕੁਝ ਕਾਮੇ ਛੱਤ ʼਤੇ ਘਾਹ ਉਗਾਉਣ ਲਈ ਖ਼ਾਸ ਕਿਸਮ ਦੀ ਮਿੱਟੀ ਪਾਉਂਦੇ ਹੋਏ। ਇਸ ਤਰ੍ਹਾਂ ਦੀਆਂ ਛੱਤਾਂ, ਜਿਨ੍ਹਾਂ ਉੱਤੇ ਘਾਹ ਉਗਾਇਆ ਜਾਂਦਾ ਹੈ, ਲਈ ਬਿਜਲੀ ਤੇ ਹੋਰ ਸਾਧਨਾਂ ਦੀ ਘੱਟ ਵਰਤੋਂ ਹੋਣ ਕਰਕੇ ਵਾਤਾਵਰਣ ਪ੍ਰਦੂਸ਼ਣ-ਰਹਿਤ ਰਹਿੰਦਾ ਹੈ। ਨਾਲੇ ਤੂਫ਼ਾਨ ਤੇ ਮੀਂਹ ਕਰਕੇ ਜ਼ਿਆਦਾ ਪਾਣੀ ਵੀ ਇਕੱਠਾ ਨਹੀਂ ਹੁੰਦਾ।

5 ਜੂਨ 2014—ਪ੍ਰਬੰਧਕੀ ਦਫ਼ਤਰ/ਬੈਥਲ ਸੇਵਾਵਾਂ

ਇਹ ਢਾਂਚਾ ਤਿੰਨ ਇਮਾਰਤਾਂ ਨੂੰ ਮਿਲਾ ਕੇ ਬਣਾਇਆ ਜਾਵੇਗਾ ਜਿਸ ਦਾ ਘੇਰਾ ਕੁੱਲ ਮਿਲਾ ਕੇ 42 ਹਜ਼ਾਰ ਵਰਗ ਮੀਟਰ (4 ਲੱਖ 50 ਹਜ਼ਾਰ ਵਰਗ ਫੁੱਟ) ਹੈ। ਇੱਥੇ ਪੈਸਿਆਂ ʼਤੇ ਰੱਖੇ ਹੋਏ ਠੇਕੇਦਾਰ ਸਰੀਏ ਨਾਲ ਬਣੇ ਥੰਮ੍ਹਾਂ ਨੂੰ ਪੱਕਾ ਕਰਦੇ ਹੋਏ।

18 ਜੂਨ 2014—ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

ਕਾਮੇ ਪਰੋਪੇਅਨ ਗੈਸ ਵਾਲੀ ਟਾਰਚ ਨੂੰ ਵਰਤ ਕੇ ਛੱਤ ਉੱਤੇ ਲੁੱਕ ਵਰਗੀ ਚੀਜ਼ ਵਿਛਾਉਂਦੇ ਹੋਏ। ਕਾਮਿਆਂ ਨੇ ਡਿਗਣ ਤੋਂ ਬਚਣ ਦਾ ਸਾਮਾਨ ਪਾਇਆ ਹੋਇਆ ਹੈ।

24 ਜੂਨ 2014—ਰਿਹਾਇਸ਼ C

HVAC ਲਈ ਪਾਈਪ ਪਾਉਂਦੇ ਹੋਏ ਜਿਨ੍ਹਾਂ ਰਾਹੀਂ ਕਮਰਿਆਂ ਨੂੰ ਗਰਮ ਤੇ ਠੰਢਾ ਰੱਖਿਆ ਜਾ ਸਕਦਾ ਹੈ। ਇਹ ਸਾਰਾ ਸਾਮਾਨ ਪਹਿਲਾਂ ਤੋਂ ਹੀ ਤਿਆਰ ਕੀਤਾ ਹੋਇਆ ਸੀ। ਵਾਰਵਿਕ ਪ੍ਰਾਜੈਕਟ ਲਈ ਕੰਮ ਕਰ ਰਹੇ ਯਹੋਵਾਹ ਦੇ ਗਵਾਹਾਂ ਵਿੱਚੋਂ ਤਕਰੀਬਨ 35% ਔਰਤਾਂ ਹਨ।

11 ਜੁਲਾਈ 2014—ਮੋਂਟਗਮਰੀ, ਨਿਊਯਾਰਕ

ਫਰਵਰੀ 2014 ਵਿਚ ਇਸ ਜਗ੍ਹਾ ਨੂੰ ਗੋਦਾਮ ਵਜੋਂ ਅਤੇ ਸਾਮਾਨ ਤਿਆਰ ਕਰਨ ਲਈ ਲਿਆ ਗਿਆ ਸੀ। ਇਹ ਜਗ੍ਹਾ 20 ਹਜ਼ਾਰ ਵਰਗ ਮੀਟਰ (2 ਲੱਖ 20 ਹਜ਼ਾਰ ਵਰਗ ਫੁੱਟ) ਹੈ। ਫੋਟੋ ਦੇ ਸੱਜੇ ਸਿਰੇ ʼਤੇ ਪਈਆਂ ਚਿੱਟੀਆਂ ਚੀਜ਼ਾਂ ਬਾਥਰੂਮਾਂ ਦੇ ਤਿਆਰ ਢਾਂਚੇ ਹਨ ਜੋ ਇਮਾਰਤਾਂ ਵਿਚ ਲਿਜਾਣ ਲਈ ਤਿਆਰ ਹਨ।

24 ਜੁਲਾਈ 2014—ਰਿਹਾਇਸ਼ C

ਇੱਥੇ ਇਮਾਰਤ ਦਾ ਉੱਤਰ-ਪੂਰਬੀ ਕੋਨਾ ਦਿਖਾਇਆ ਗਿਆ ਹੈ। ਮੁੱਖ-ਦਫ਼ਤਰ ਵਿਚ ਕੰਮ ਕਰਨ ਵਾਲੇ ਤਕਰੀਬਨ 200 ਜਣਿਆਂ ਲਈ ਇੱਥੇ ਕਮਰੇ ਹੋਣਗੇ। ਜ਼ਿਆਦਾਤਰ ਕਮਰਿਆਂ ਦਾ ਆਕਾਰ 30 ਅਤੇ 55 ਵਰਗ ਮੀਟਰ (350 ਅਤੇ 600 ਵਰਗ ਫੁੱਟ) ਦੇ ਵਿਚਕਾਰ ਹੈ। ਹਰੇਕ ਕਮਰੇ ਵਿਚ ਇਕ ਛੋਟੀ ਰਸੋਈ ਤੇ ਬਾਲਕਨੀ ਅਤੇ ਬਾਥਰੂਮ ਹੈ।

25 ਜੁਲਾਈ 2014—ਮੁਰੰਮਤ ਦਾ ਕੰਮ ਕਰਨ ਵਾਲਿਆਂ ਲਈ ਇਮਾਰਤ/ਬੈਥਲ ਵਿਚ ਰਹਿਣ ਵਾਲਿਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ

ਉਸਾਰੀ ਲਈ ਜ਼ਮੀਨ ਤਿਆਰ ਕਰਦੇ ਹੋਏ। ਉੱਪਰ ਖੱਬੇ ਪਾਸੇ ਪੱਥਰ ਤੋੜਨ ਵਾਲੀ ਮਸ਼ੀਨ ਵਰਤੀ ਜਾ ਰਹੀ ਹੈ। ਪੁੱਟੇ ਹੋਏ ਮਲਬੇ ਨੂੰ ਬਾਅਦ ਵਿਚ ਉਸਾਰੀ ਲਈ ਵਰਤਣ ਵਾਸਤੇ ਸਾਫ਼ ਕੀਤਾ ਜਾ ਰਿਹਾ ਹੈ। ਪ੍ਰਾਜੈਕਟ ਦੇ ਖ਼ਤਮ ਹੋਣ ਤਕ ਲਗਭਗ 2 ਲੱਖ 60 ਹਜ਼ਾਰ ਟਨ ਮਲਬਾ ਉਸਾਰੀ ਵਾਲੀ ਥਾਂ ਤੋਂ ਹਟਾਇਆ ਜਾ ਚੁੱਕਾ ਹੋਵੇਗਾ। ਹਰ ਰੋਜ਼ ਔਸਤਨ 23 ਟਰੱਕ ਇਹ ਮਲਬਾ ਢੋਹਣ ਦਾ ਕੰਮ ਕਰਦੇ ਹਨ।

30 ਜੁਲਾਈ 2014—ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

ਛੱਤ ʼਤੇ ਘਾਹ ਲਾਇਆ ਜਾ ਰਿਹਾ ਹੈ।

8 ਅਗਸਤ 2014—ਵਾਰਵਿਕ ਵਿਚ ਉਸਾਰੀ ਦੀ ਜਗ੍ਹਾ

ਇਕ ਵੱਡੀ ਕਰੇਨ ਦੇ ਸਿਰੇ ਤੋਂ ਦੱਖਣ-ਪੱਛਮ ਵੱਲ ਦਫ਼ਤਰ ਦੀ ਇਮਾਰਤ ਦੇ ਉੱਪਰੋਂ ਦੀ ਨਜ਼ਰ ਆਉਂਦਾ ਦ੍ਰਿਸ਼। ਖੱਬੇ ਹੇਠਲੇ ਪਾਸੇ ਆਉਣ-ਜਾਣ ਵਾਲਿਆਂ ਦੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ ਬਣ ਕੇ ਤਿਆਰ ਹੋ ਚੁੱਕੀ ਹੈ। ਇਹ ਜਗ੍ਹਾ ਕਾਮਿਆਂ ਦੀਆਂ ਗੱਡੀਆਂ ਨਾਲ ਰੋਜ਼ ਭਰ ਜਾਂਦੀ ਹੈ। ਕੁਝ ਗਵਾਹ ਸਿਰਫ਼ ਤਿੰਨ ਜਾਂ ਚਾਰ ਦਿਨਾਂ ਲਈ ਵਲੰਟੀਅਰ ਸੇਵਾ ਕਰਨ ਲਈ ਇਕ ਪਾਸੇ ਦਾ 12 ਘੰਟਿਆਂ ਦਾ ਸਫ਼ਰ ਕਰ ਕੇ ਆਉਂਦੇ ਹਨ।

13 ਅਗਸਤ 2014—ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ

ਡਾਇਨਿੰਗ ਹਾਲ ਦਾ ਕੰਮ ਖ਼ਤਮ ਹੋਣ ਹੀ ਵਾਲਾ ਹੈ। ਇਹ ਹਾਲ ਥੋੜ੍ਹੇ ਸਮੇਂ ਲਈ ਵਰਤਿਆ ਜਾਵੇਗਾ। ਟੀ.ਵੀ. (ਹਾਲੇ ਤਕ ਨਹੀਂ ਲਾਏ ਗਏ) ਅਤੇ ਛੱਤ ਵਿਚ ਲੱਗੇ ਸਪੀਕਰ ਕਾਮਿਆਂ ਦੀ ਮਦਦ ਕਰਨਗੇ ਕਿ ਉਹ ਅਮਰੀਕਾ ਦੇ ਦਫ਼ਤਰ ਤੋਂ ਸਵੇਰ ਨੂੰ ਬਾਈਬਲ ਦੇ ਹਵਾਲਿਆਂ ਦੀ ਚਰਚਾ ਅਤੇ ਹੋਰ ਇਹੋ ਜਿਹੇ ਪ੍ਰੋਗ੍ਰਾਮ ਸੁਣ ਸਕਣ।

14 ਅਗਸਤ 2014—ਪ੍ਰਬੰਧਕੀ ਦਫ਼ਤਰ/ਬੈਥਲ ਸੇਵਾਵਾਂ

ਪਹਿਲੀ ਮੰਜ਼ਲ ʼਤੇ ਲੈਂਟਰ ਪੈ ਰਿਹਾ ਹੈ। ਸੱਜੇ ਪਾਸੇ ਇਕ ਕਾਮਾ ਮਸ਼ੀਨ (concrete vibrator) ਦੀ ਮਦਦ ਨਾਲ ਦੇਖ ਰਿਹਾ ਹੈ ਕਿ ਕੋਈ ਜਗ੍ਹਾ ਖਾਲੀ ਨਾ ਰਹੇ ਅਤੇ ਮਸਾਲਾ ਚੰਗੀ ਤਰ੍ਹਾਂ ਬੈਠ ਜਾਵੇ।

14 ਅਗਸਤ 2014—ਪ੍ਰਬੰਧਕੀ ਦਫ਼ਤਰ/ਬੈਥਲ ਸੇਵਾਵਾਂ

ਇਮਾਰਤ ਦੇ ਵਿਚਕਾਰਲੇ ਹਿੱਸੇ ਵਿਚ ਬਿਜਲੀ ਦੇ ਪਾਈਪ ਪਾਏ ਜਾ ਰਹੇ ਹਨ। ਇਹ ਤਹਿਖ਼ਾਨੇ ਦਾ ਫ਼ਰਸ਼ ਪਾਉਣ ਨਾਲ ਢਕ ਜਾਣਗੇ।

14 ਅਗਸਤ 2014—ਪ੍ਰਬੰਧਕੀ ਦਫ਼ਤਰ/ਬੈਥਲ ਸੇਵਾਵਾਂ

ਪਹਿਲੀ ਮੰਜ਼ਲ ਦਾ ਲੈਂਟਰ ਪੂਰਾ ਹੋਣ ਹੀ ਵਾਲਾ ਹੈ। ਇਹ ਵਾਰਵਿਕ ਦੇ ਪ੍ਰਾਜੈਕਟ ਦਾ ਅੱਜ ਤਕ ਦਾ ਸਭ ਤੋਂ ਵੱਡਾ ਲੈਂਟਰ ਸੀ। ਇਸ ਲੈਂਟਰ ਨੂੰ ਪਾਉਣ ਲਈ 540 ਟਨ ਮਸਾਲਾ ਲੱਗਾ। ਇਹ ਮਸਾਲਾ ਇਸੇ ਜਗ੍ਹਾ ʼਤੇ ਤਿਆਰ ਕੀਤਾ ਜਾਂਦਾ ਸੀ। ਇਸ ਨੂੰ ਲਿਜਾਣ ਲਈ ਮਸਾਲਾ ਰਲ਼ਾਉਣ ਵਾਲੇ 8 ਟਰੱਕ ਵਰਤੇ ਜਾਂਦੇ ਸਨ। ਲੈਂਟਰ ਪਾਉਣ ਲਈ 2 ਕੰਕਰੀਟ ਪੰਪ ਕਰਨ ਵਾਲੀਆਂ ਮਸ਼ੀਨਾਂ ਵੀ ਵਰਤੀਆਂ ਗਈਆਂ ਅਤੇ ਇਹ ਸਾਰਾ ਕੁਝ ਲਗਭਗ ਸਾਢੇ ਪੰਜ ਘੰਟਿਆਂ ਵਿਚ ਪੂਰਾ ਹੋਇਆ। ਫੋਟੋ ਦੇ ਵਿਚਕਾਰ ਇਮਾਰਤ ਲਈ ਪੌੜੀਆਂ ਹਨ।

14 ਅਗਸਤ 2014—ਰਿਹਾਇਸ਼ C

ਛੱਤ ਦੇ ਬਨੇਰੇ ਬਣਾਉਂਦੇ ਹੋਏ। ਪਿਛਲੇ ਪਾਸੇ ਰਿਹਾਇਸ਼ A ਦੇ ਤਹਿਖ਼ਾਨੇ ʼਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ।

15 ਅਗਸਤ 2014—ਰਿਹਾਇਸ਼ C

ਬਾਥਰੂਮ ਦਾ ਤਿਆਰ ਕੀਤਾ ਢਾਂਚਾ ਕਰੇਨ ਦੀ ਮਦਦ ਨਾਲ ਤੀਜੀ ਮੰਜ਼ਲ ʼਤੇ ਚੜ੍ਹਾਉਂਦੇ ਹੋਏ। ਵਾਰਵਿਕ ਪ੍ਰਾਜੈਕਟ ਲਈ ਕਾਫ਼ੀ ਸਾਮਾਨ ਪਹਿਲਾਂ ਤੋਂ ਹੀ ਤਿਆਰ ਕਰਨ ਨਾਲ ਉਸਾਰੀ ਦੀ ਜਗ੍ਹਾ ʼਤੇ ਭੀੜ-ਭੜੱਕਾ ਘਟਿਆ ਅਤੇ ਕੰਮ ਵੀ ਤੇਜ਼ੀ ਨਾਲ ਅੱਗੇ ਵਧਿਆ ਹੈ।

20 ਅਗਸਤ 2014—ਰਿਹਾਇਸ਼ C

ਠੇਕੇਦਾਰ ਇਮਾਰਤ ਦੀਆਂ ਬਾਹਰਲੀਆਂ ਕੰਧਾਂ ਖੜ੍ਹੀਆਂ ਕਰਦੇ ਹੋਏ। ਇਹ ਕੰਧਾਂ ਬਣੀਆਂ-ਬਣਾਈਆਂ ਮਿਲਦੀਆਂ ਹਨ ਅਤੇ ਇਨ੍ਹਾਂ ਦੀ ਵਰਤੋਂ ਨਾਲ ਬਿਜਲੀ ਅਤੇ ਹੋਰ ਸਾਧਨਾਂ ਦੀ ਘੱਟ ਵਰਤੋਂ ਹੁੰਦੀ ਹੈ। ਇਨ੍ਹਾਂ ਕੰਧਾਂ ʼਤੇ ਪਹਿਲਾਂ ਹੀ ਰੰਗ ਕੀਤਾ ਹੁੰਦਾ ਹੈ ਅਤੇ ਇਨ੍ਹਾਂ ਨੂੰ ਮੁਰੰਮਤ ਦੀ ਘੱਟ ਲੋੜ ਪੈਂਦੀ ਹੈ। ਇਹ ਝੱਟ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ ਜਿਸ ਕਰਕੇ ਪ੍ਰਾਜੈਕਟ ਨੂੰ ਸਮੇਂ-ਸਿਰ ਪੂਰਾ ਕਰਨ ਵਿਚ ਮਦਦ ਮਿਲਦੀ ਹੈ।

31 ਅਗਸਤ 2014—ਵਾਰਵਿਕ ਵਿਚ ਉਸਾਰੀ ਦੀ ਜਗ੍ਹਾ

ਇਹ ਦ੍ਰਿਸ਼ ਦੱਖਣ-ਪੱਛਮ ਵੱਲੋਂ ਲਿਆ ਗਿਆ ਹੈ। ਅਗਲੇ ਪਾਸੇ, ਰਿਹਾਇਸ਼ D ਦੀ ਅਗਲੀ ਮੰਜ਼ਲ ਲਈ ਪੈੜ ਬੰਨ੍ਹੀ ਜਾ ਰਹੀ ਹੈ; ਪਿਛਲੇ ਪਾਸੇ, ਰਿਹਾਇਸ਼ C ਦਾ ਢਾਂਚਾ ਲਗਭਗ ਤਿਆਰ ਹੈ।