Skip to content

ਬੈਥਲ ਲਾਂਡਰੀ: ਪੋਚਿਆਂ ਤੋਂ ਲੈ ਕੇ ਪੇਂਟਾਂ ਤਕ

ਬੈਥਲ ਲਾਂਡਰੀ: ਪੋਚਿਆਂ ਤੋਂ ਲੈ ਕੇ ਪੇਂਟਾਂ ਤਕ

ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਯਾਨੀ ਬਰੁਕਲਿਨ, ਪੈਟਰਸਨ ਅਤੇ ਵਾਲਕਿਲ ਵਿਚ ਨੌਜਵਾਨ ਭੈਣ-ਭਰਾ ਹਰ ਸਾਲ ਅੰਦਾਜ਼ਨ 1,800 ਟਨ ਕੱਪੜੇ ਧੌਣ ਵਿਚ ਆਪਣਾ ਸਮਾਂ ਤੇ ਤਾਕਤ ਲਾਉਂਦੇ ਹਨ। ਇਹ ਕੰਮ ਇੰਨਾ ਖ਼ਾਸ ਇਸ ਕਰਕੇ ਹੈ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਕੱਪੜੇ ਧੋਤੇ ਜਾਂਦੇ ਹਨ। ਵਾਕਈ ਇਹ ਹੈਰਾਨੀ ਦੀ ਗੱਲ ਹੈ!

ਅਮਰੀਕਾ ਦੇ ਬੈਥਲ ਦੀਆਂ ਇਨ੍ਹਾਂ ਬਿਲਡਿੰਗਾਂ ਵਿਚ ਰਹਿਣ ਵਾਲੇ ਭੈਣ-ਭਰਾ ਹਰ ਦਿਨ 11,000 ਤੋਂ ਜ਼ਿਆਦਾ ਕੱਪੜੇ ਬੈਥਲ ਲਾਂਡਰੀ ਵਿਚ ਧੋਣ ਲਈ ਦਿੰਦੇ ਹਨ ਜਿਵੇਂ ਕਿ 2,300 ਕਮੀਜ਼ਾਂ, 650 ਤੋਂ ਜ਼ਿਆਦਾ ਪੇਂਟਾਂ ਅਤੇ ਇਸ ਦੇ ਨਾਲ-ਨਾਲ ਜੁਰਾਬਾਂ, ਅੰਦਰਲੇ ਕੱਪੜੇ ਅਤੇ ਟੀ-ਸ਼ਰਟਾਂ। ਇਸ ਤੋਂ ਇਲਾਵਾ, 900 ਤੋਂ ਜ਼ਿਆਦਾ ਹੋਰ ਕੱਪੜੇ ਡਰਾਈਕਲੀਨ ਕਰਨ ਲਈ ਦਿੰਦੇ ਹਨ।

ਚਾਦਰਾਂ, ਤੋਲੀਏ, ਕੰਬਲ, ਵੇਟਰਾਂ ਦੀਆਂ ਵਰਦੀਆਂ ਅਤੇ ਪੋਚੇ ਵੀ ਧੋਣ ਲਈ ਆਉਂਦੇ ਹਨ। ਸਾਰੇ ਕੱਪੜਿਆਂ ਨੂੰ ਧੋ ਕੇ ਸੁਕਾਇਆ ਜਾਂਦਾ ਹੈ ਅਤੇ ਫਿਰ ਬਿਲਡਿੰਗਾਂ ਵਿਚ ਪਹੁੰਚਾਇਆ ਜਾਂਦਾ ਹੈ। ਹਾਲਾਂਕਿ ਪੋਚਿਆਂ ਦੇ ਢੇਰ ਧੋਤੇ ਜਾਂਦੇ ਹਨ, ਜਦਕਿ ਸਿਲਕੀ ਟਾਈਆਂ ਅਤੇ ਬਲਾਊਜਾਂ ਨੂੰ ਇਕ-ਇਕ ਕਰ ਕੇ ਬੜੇ ਧਿਆਨ ਨਾਲ ਧੋਤਾ ਜਾਂਦਾ ਹੈ।

ਕੰਮ ਕਰਨ ਵਾਲੇ ਚੈੱਕ ਕਰਦੇ ਹਨ ਕਿ ਕੋਈ ਕੱਪੜਾ ਫਟਿਆ ਤਾਂ ਨਹੀਂ ਹੈ ਜਾਂ ਬਟਨ ਤਾਂ ਨਹੀਂ ਟੁੱਟੇ ਹੋਏ। ਜੇ ਬਟਨ ਲਾਉਣ ਦੀ ਲੋੜ ਹੈ, ਤਾਂ ਆਟੋਮੈਟਿਕ ਮਸ਼ੀਨ ਰਾਹੀਂ ਜਾਂ ਹੱਥ ਨਾਲ ਲਾ ਦਿੱਤਾ ਜਾਂਦਾ ਹੈ। ਜੇ ਕਿਸੇ ਫਟੇ ਕੱਪੜੇ ਨੂੰ ਮਾੜਾ-ਮੋਟਾ ਸੀਉਣ ਦੀ ਲੋੜ ਹੈ, ਤਾਂ ਮਾਹਰ ਭੈਣ-ਭਰਾ ਕੱਪੜੇ ਨੂੰ ਸੀਉਂ ਦਿੰਦੇ ਹਨ।

ਹਜ਼ਾਰਾਂ ਹੀ ਕੱਪੜਿਆਂ ਦਾ ਰਿਕਾਰਡ ਰੱਖਣ ਲਈ ਹਰ ਕੱਪੜੇ ਉੱਤੇ ਇਕ ਮਸ਼ੀਨ ਨਾਲ ਛੋਟਾ ਜਿਹਾ ਲੇਬਲ ਲਾਇਆ ਜਾਂਦਾ ਹੈ। ਇਸ ਨੰਬਰ ਦੀ ਮਦਦ ਨਾਲ ਕੱਪੜਿਆਂ ਨੂੰ ਅੱਡ ਕੀਤਾ ਜਾਂਦਾ ਹੈ ਤਾਂਕਿ ਧੋਣ ਤੋਂ ਬਾਅਦ ਕੱਪੜੇ ਪ੍ਰੈਸ ਕਰ ਕੇ ਬੈਥਲ ਮੈਂਬਰਾਂ ਦੇ ਕਮਰਿਆਂ ਵਿਚ ਪਹੁੰਚਾਏ ਜਾ ਸਕਣ।

ਪੁਰਾਣੇ ਭੈਣਾਂ-ਭਰਾਵਾਂ ਤੋਂ ਨਵੇਂ ਮੈਂਬਰਾਂ ਨੂੰ ਟ੍ਰੇਨਿੰਗ ਮਿਲਦੀ ਹੈ। ਇਕ ਜਣੇ ਨੂੰ ਸ਼ਾਇਦ 20 ਤਰ੍ਹਾਂ ਦੇ ਵੱਖੋ-ਵੱਖਰੇ ਕੰਮ ਕਰਨੇ ਸਿੱਖਣੇ ਪੈਂਦੇ ਹਨ। ਮਿਸਾਲ ਲਈ, ਇਕ ਛੋਟਾ ਜਿਹਾ ਕੰਮ ਯਾਨੀ ਕੱਪੜਿਆਂ ਤੋਂ ਦਾਗ਼ ਉਤਾਰਨ ਵਿਚ ਮਾਹਰ ਬਣਨ ਲਈ ਸਮਾਂ ਲੱਗਦਾ ਹੈ। ਨਵੇਂ ਭੈਣ-ਭਰਾ ਨੂੰ ਕੱਪੜਿਆਂ ਬਾਰੇ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੱਪੜੇ ਮਸ਼ੀਨ ਵਿਚ ਕਿਵੇਂ ਧੋਤੇ ਤੇ ਸੁਕਾਏ ਜਾਂਦੇ ਹਨ, ਕਿਹੜਾ ਪਾਊਡਰ ਵਰਤਿਆਂ ਜਾਂਦਾ ਹੈ ਅਤੇ ਕਿੱਦਾਂ ਡਰਾਈਕਲੀਨ ਕੀਤੇ ਜਾਂਦੇ ਹਨ।

ਟਾਸ਼ ਡੇਢ ਸਾਲ ਤੋਂ ਲਾਂਡਰੀ ਵਿਚ ਕੰਮ ਕਰਦੀ ਆਈ ਹੈ। ਉਹ ਆਪਣੇ ਨਾਲ ਕੰਮ ਵਾਲੇ ਭੈਣਾਂ-ਭਰਾਵਾਂ ਬਾਰੇ ਕਹਿੰਦੀ ਹੈ: “ਵੱਖੋ-ਵੱਖਰੇ ਪਿਛੋਕੜਾਂ ਦੇ ਭੈਣਾਂ-ਭਰਾਵਾਂ ਨਾਲ ਮਿਲ ਕੇ ਕੰਮ ਕਰਨ ਵਿਚ ਮੈਨੂੰ ਬਹੁਤ ਮਜ਼ਾ ਆਉਂਦਾ ਹੈ।” ਸ਼ੈਲੀ ਕਹਿੰਦੀ ਹੈ: “ਬੈਥਲ ਪਰਿਵਾਰ ਦੇ ਮੈਂਬਰਾਂ ਨੂੰ ਸੋਹਣੇ ਦੇਖ ਕੇ ਸਾਨੂੰ ਬੜੀ ਖ਼ੁਸ਼ੀ ਹੁੰਦੀ ਹੈ।”