Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਮੈਨੂੰ ਅਸਲੀ ਦੌਲਤ ਮਿਲ ਗਈ

ਮੈਨੂੰ ਅਸਲੀ ਦੌਲਤ ਮਿਲ ਗਈ
  • ਜਨਮ: 1968

  • ਦੇਸ਼: ਅਮਰੀਕਾ

  • ਅਤੀਤ: ਇਕ ਬਿਜ਼ਨਿਸਮੈਨ ਜਿਸ ਨੇ ਅਮੀਰ ਬਣਨ ਲਈ ਪ੍ਰਾਰਥਨਾ ਕੀਤੀ

ਮੇਰੇ ਅਤੀਤ ਬਾਰੇ ਕੁਝ ਗੱਲਾਂ

 ਮੇਰਾ ਪਾਲਣ-ਪੋਸ਼ਣ ਨਿਊਯਾਰਕ ਦੇ ਰੋਸੈਟਰ ਸ਼ਹਿਰ ਵਿਚ ਇਕ ਕੈਥੋਲਿਕ ਪਰਿਵਾਰ ਵਿਚ ਹੋਇਆ। ਮੈਂ ਅੱਠ ਸਾਲ ਦਾ ਸੀ ਜਦੋਂ ਮੇਰੇ ਮੰਮੀ-ਡੈਡੀ ਇਕ-ਦੂਜੇ ਤੋਂ ਅਲੱਗ ਰਹਿਣ ਲੱਗ ਪਏ। ਮੈਂ ਹਫ਼ਤੇ ਦੇ ਦਿਨਾਂ ਦੌਰਾਨ ਆਪਣੀ ਮੰਮੀ ਨਾਲ ਰਹਿੰਦਾ ਸੀ ਜੋ ਗ਼ਰੀਬਾਂ ਲਈ ਬਣੇ ਇਕ ਅਪਾਰਟਮੈਂਟ ਵਿਚ ਰਹਿੰਦੀ ਸੀ। ਸ਼ਨੀਵਾਰ-ਐਤਵਾਰ ਮੈਂ ਅਮੀਰ ਇਲਾਕੇ ਵਿਚ ਰਹਿੰਦੇ ਆਪਣੇ ਡੈਡੀ ਕੋਲ ਚਲਾ ਜਾਂਦਾ ਸੀ। ਜਦੋਂ ਮੈਂ ਦੇਖਿਆ ਕਿ ਮੇਰੀ ਮੰਮੀ ਛੇ ਬੱਚਿਆਂ ਨੂੰ ਪਾਲਣ ਲਈ ਕਿੰਨੀ ਜੱਦੋ-ਜਹਿਦ ਕਰ ਰਹੀ ਸੀ, ਤਾਂ ਮੈਂ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਅਮੀਰ ਬਣਨ ਦੇ ਸੁਪਨੇ ਦੇਖਣ ਲੱਗਾ।

 ਮੇਰੇ ਡੈਡੀ ਚਾਹੁੰਦੇ ਸਨ ਕਿ ਮੈਂ ਜ਼ਿੰਦਗੀ ਵਿਚ ਸਫ਼ਲ ਹੋਵਾਂ। ਇਸ ਲਈ ਉਨ੍ਹਾਂ ਨੇ ਮੈਨੂੰ ਹੋਟਲ ਮੈਨੇਜਮੈਂਟ ਦਾ ਕੋਰਸ ਕਰਨ ਲਈ ਇਕ ਮੰਨੇ-ਪ੍ਰਮੰਨੇ ਸਕੂਲ ਵਿਚ ਭੇਜਿਆ। ਮੈਨੂੰ ਉੱਥੇ ਜਾ ਕੇ ਬਹੁਤ ਚੰਗਾ ਲੱਗਾ ਤੇ ਮੈਂ ਦਾਖ਼ਲਾ ਲੈ ਲਿਆ। ਮੈਂ ਸੋਚਿਆ ਕਿ ਰੱਬ ਨੇ ਮੇਰੀ ਪ੍ਰਾਰਥਨਾ ਸੁਣ ਲਈ ਸੀ ਕਿ ਮੈਂ ਅਮੀਰ ਬਣਾਂ ਤੇ ਖ਼ੁਸ਼ ਰਹਾਂ। ਮੈਂ ਪੰਜ ਸਾਲਾਂ ਲਈ ਹੋਟਲ ਮੈਨੇਜਮੈਂਟ, ਕਾਰੋਬਾਰ ਸੰਬੰਧੀ ਕਾਨੂੰਨ ਅਤੇ ਪੈਸਿਆਂ ਦਾ ਹਿਸਾਬ-ਕਿਤਾਬ ਰੱਖਣ ਸੰਬੰਧੀ ਕੋਰਸ ਕੀਤਾ। ਇਸੇ ਸਮੇਂ ਦੌਰਾਨ ਮੈਂ ਨੇਵਾਦਾ ਰਾਜ ਦੇ ਲਾਸ ਵੇਗਸ ਸ਼ਹਿਰ ਵਿਚ ਕੈਸੀਨੋ (ਜੂਏਖ਼ਾਨਾ) ਹੋਟਲ ਵਿਚ ਕੰਮ ਵੀ ਕਰਦਾ ਸੀ।

ਮੇਰਾ ਕੰਮ ਜੂਆ ਖੇਡਣ ਆਉਂਦੇ ਅਮੀਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨਾ ਸੀ

 22 ਸਾਲ ਦੀ ਉਮਰ ਵਿਚ ਮੈਂ ਕੈਸੀਨੋ ਹੋਟਲ ਦਾ ਸਹਾਇਕ ਵਾਈਸ ਪ੍ਰੈਜ਼ੀਡੈਂਟ ਬਣ ਗਿਆ। ਲੋਕਾਂ ਦੀ ਨਜ਼ਰ ਵਿਚ ਮੈਂ ਅਮੀਰ ਤੇ ਸਫ਼ਲ ਵਿਅਕਤੀ ਸੀ। ਮੈਂ ਅਕਸਰ ਵਧੀਆ ਤੋਂ ਵਧੀਆ ਖਾਣੇ ਖਾਂਦਾ ਸੀ ਤੇ ਮਹਿੰਗੀ-ਮਹਿੰਗੀ ਸ਼ਰਾਬ ਪੀਂਦਾ ਸੀ। ਮੇਰੇ ਨਾਲ ਕੰਮ ਕਰਨ ਵਾਲੇ ਦੋਸਤ ਕਹਿੰਦੇ ਸਨ, “ਆਪਣਾ ਧਿਆਨ ਦੁਨੀਆਂ ਨੂੰ ਬਦਲਣ ਵਾਲੀ ਚੀਜ਼ ʼਤੇ ਲਾਓ ਯਾਨੀ ਪੈਸੇ ʼਤੇ।” ਉਨ੍ਹਾਂ ਦੇ ਖ਼ਿਆਲ ਵਿਚ ਪੈਸਾ ਹੀ ਅਸਲੀ ਖ਼ੁਸ਼ੀ ਦਾ ਰਾਜ਼ ਸੀ।

 ਮੇਰਾ ਕੰਮ ਲਾਸ ਵੇਗਸ ਵਿਚ ਜੂਆ ਖੇਡਣ ਆਉਂਦੇ ਅਮੀਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨਾ ਸੀ। ਇਹ ਲੋਕ ਅਮੀਰ ਹੋਣ ਦੇ ਬਾਵਜੂਦ ਖ਼ੁਸ਼ ਨਹੀਂ ਲੱਗਦੇ ਸਨ। ਮੈਂ ਜਿੰਨਾ ਪੈਸਾ ਕਮਾਉਂਦਾ ਸੀ, ਉੱਨੀ ਹੀ ਮੈਨੂੰ ਚਿੰਤਾ ਹੁੰਦੀ ਸੀ ਤੇ ਮੈਂ ਸੌਂਦਾ ਨਹੀਂ ਸੀ। ਮੈਂ ਆਪਣੀ ਜਾਨ ਲੈਣ ਬਾਰੇ ਸੋਚਣ ਲੱਗ ਪਿਆ। ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਮੈਂ ਰੱਬ ਨੂੰ ਦੁਆ ਕੀਤੀ, “ਮੈਨੂੰ ਅਸਲੀ ਖ਼ੁਸ਼ੀ ਕਿੱਥੋਂ ਮਿਲ ਸਕਦੀ ਹੈ?”

ਮੇਰੀ ਜ਼ਿੰਦਗੀ ʼਤੇ ਬਾਈਬਲ ਦਾ ਅਸਰ

 ਲਗਭਗ ਉਸੇ ਸਮੇਂ ਮੇਰੀਆਂ ਦੋ ਭੈਣਾਂ, ਜੋ ਯਹੋਵਾਹ ਦੀਆਂ ਗਵਾਹ ਬਣ ਗਈਆਂ ਸਨ, ਲਾਸ ਵੇਗਸ ਵਿਚ ਆ ਕੇ ਰਹਿਣ ਲੱਗੀਆਂ। ਮੈਂ ਉਨ੍ਹਾਂ ਤੋਂ ਕੋਈ ਵੀ ਪ੍ਰਕਾਸ਼ਨ ਲੈਣ ਤੋਂ ਮਨ੍ਹਾ ਕਰ ਦਿੱਤਾ, ਪਰ ਮੈਂ ਉਨ੍ਹਾਂ ਨਾਲ ਆਪਣੀ ਬਾਈਬਲ ਤੋਂ ਪੜ੍ਹਨ ਲਈ ਰਾਜ਼ੀ ਹੋ ਗਿਆ। ਮੇਰੀ ਬਾਈਬਲ ਵਿਚ ਯਿਸੂ ਦੇ ਸ਼ਬਦ ਲਾਲ ਅੱਖਰਾਂ ਵਿਚ ਸਨ। ਮੈਂ ਯਿਸੂ ਦੀ ਕਹੀ ਹਰ ਗੱਲ ਮੰਨਦਾ ਸੀ, ਇਸ ਲਈ ਮੇਰੀਆਂ ਭੈਣਾਂ ਨੇ ਯਿਸੂ ਦੀਆਂ ਗੱਲਾਂ ਹੀ ਮੈਨੂੰ ਦੱਸੀਆਂ। ਨਾਲੇ ਮੈਂ ਆਪ ਵੀ ਬਾਈਬਲ ਪੜ੍ਹਦਾ ਸੀ।

 ਕਈ ਗੱਲਾਂ ਪੜ੍ਹ ਕੇ ਮੈਂ ਹੈਰਾਨ ਰਹਿ ਗਿਆ। ਮਿਸਾਲ ਲਈ, ਯਿਸੂ ਨੇ ਕਿਹਾ ਸੀ: “ਪ੍ਰਾਰਥਨਾ ਕਰਦੇ ਹੋਏ ਤੂੰ ਦੁਨੀਆਂ ਦੇ ਲੋਕਾਂ ਵਾਂਗ ਰਟੀਆਂ-ਰਟਾਈਆਂ ਗੱਲਾਂ ਨਾ ਕਹਿ ਕਿਉਂਕਿ ਉਹ ਸੋਚਦੇ ਹਨ ਕਿ ਜ਼ਿਆਦਾ ਬੋਲਣ ਕਰਕੇ ਉਨ੍ਹਾਂ ਦੀ ਸੁਣੀ ਜਾਵੇਗੀ।” (ਮੱਤੀ 6:7) ਪਾਦਰੀ ਨੇ ਮੈਨੂੰ ਯਿਸੂ ਦੀ ਇਕ ਤਸਵੀਰ ਦਿੱਤੀ ਸੀ ਅਤੇ ਕਿਹਾ ਸੀ ਕਿ ਜੇ ਮੈਂ ਇਸ ਤਸਵੀਰ ਅੱਗੇ ਪ੍ਰਾਰਥਨਾ ਵਿਚ ਦਸ ਵਾਰ “ਹੇ ਸਾਡੇ ਪਿਤਾ” ਅਤੇ “ਹੇਲ ਮੈਰੀ” ਕਹਾਂ, ਤਾਂ ਰੱਬ ਮੈਨੂੰ ਉੱਨੇ ਪੈਸੇ ਦੇਵੇਗਾ ਜਿੰਨੇ ਮੈਨੂੰ ਚਾਹੀਦੇ ਹਨ। ਪਰ ਇਹੀ ਸ਼ਬਦ ਦੁਹਰਾ-ਦੁਹਰਾ ਕੇ ਕੀ ਮੈਂ ਰਟੀਆਂ-ਰਟਾਈਆਂ ਗੱਲਾਂ ਨਹੀਂ ਕਹਿ ਰਿਹਾ ਸੀ? ਮੈਂ ਯਿਸੂ ਦੇ ਇਹ ਵੀ ਸ਼ਬਦ ਪੜ੍ਹੇ: “ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਕਹਿਣਾ ਕਿਉਂਕਿ ਤੁਹਾਡਾ ‘ਪਿਤਾ’ ਇੱਕੋ ਹੈ ਜਿਹੜਾ ਸਵਰਗ ਵਿਚ ਹੈ।” (ਮੱਤੀ 23:9) ਇਸ ਲਈ ਮੈਂ ਸੋਚਿਆ, ‘ਮੈਂ ਅਤੇ ਦੂਜੇ ਕੈਥੋਲਿਕ ਲੋਕ ਆਪਣੇ ਪਾਦਰੀਆਂ ਨੂੰ “ਫਾਦਰ” [ਪਿਤਾ] ਕਿਉਂ ਕਹਿੰਦੇ ਹਾਂ?’

 ਯਾਕੂਬ ਦੀ ਕਿਤਾਬ ਪੜ੍ਹਨ ਤੋਂ ਬਾਅਦ ਮੈਂ ਦੁਨੀਆਂ ਵਿਚ ਆਪਣੀ ਸਫ਼ਲਤਾ ਬਾਰੇ ਗਹਿਰਾਈ ਨਾਲ ਸੋਚਣ ਲੱਗਾ ਕਿ ਮੈਂ ਜੋ ਵੀ ਕਰ ਰਿਹਾ ਹਾਂ, ਉਹ ਸਹੀ ਕਰ ਰਿਹਾ ਹਾਂ ਜਾਂ ਨਹੀਂ। ਯਾਕੂਬ ਦੇ ਚੌਥੇ ਅਧਿਆਇ ਵਿਚ ਲਿਖਿਆ ਹੈ: “ਕੀ ਤੁਹਾਨੂੰ ਪਤਾ ਨਹੀਂ ਕਿ ਦੁਨੀਆਂ ਨਾਲ ਦੋਸਤੀ ਕਰਨ ਦਾ ਮਤਲਬ ਹੈ ਪਰਮੇਸ਼ੁਰ ਨਾਲ ਦੁਸ਼ਮਣੀ ਕਰਨੀ? ਇਸ ਲਈ ਜਿਹੜਾ ਵੀ ਦੁਨੀਆਂ ਦਾ ਦੋਸਤ ਬਣਨਾ ਚਾਹੁੰਦਾ ਹੈ, ਉਹ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾਉਂਦਾ ਹੈ।” (ਯਾਕੂਬ 4:4) 17ਵੀਂ ਆਇਤ ਪੜ੍ਹ ਕੇ ਤਾਂ ਮੈਂ ਹੋਰ ਵੀ ਹੈਰਾਨ ਰਹਿ ਗਿਆ: “ਇਸ ਲਈ ਜੇ ਕੋਈ ਸਹੀ ਕੰਮ ਕਰਨਾ ਜਾਣਦਾ ਹੈ, ਪਰ ਨਹੀਂ ਕਰਦਾ, ਤਾਂ ਉਹ ਪਾਪ ਕਰਦਾ ਹੈ।” ਫਿਰ ਮੈਂ ਆਪਣੀਆਂ ਭੈਣਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਕੈਸੀਨੋ ਹੋਟਲ ਨੂੰ ਛੱਡ ਰਿਹਾ ਹਾਂ ਕਿਉਂਕਿ ਇੱਥੇ ਉਹ ਕੰਮ ਕੀਤੇ ਜਾਂਦੇ ਹਨ ਜੋ ਹੁਣ ਮੈਨੂੰ ਚੰਗੇ ਨਹੀਂ ਲੱਗਦੇ ਜਿਵੇਂ ਜੂਆ ਅਤੇ ਲਾਲਚ।

“ਯਾਕੂਬ ਦੀ ਕਿਤਾਬ ਪੜ੍ਹਨ ਤੋਂ ਬਾਅਦ ਮੈਂ ਦੁਨੀਆਂ ਵਿਚ ਆਪਣੀ ਸਫ਼ਲਤਾ ਬਾਰੇ ਗਹਿਰਾਈ ਨਾਲ ਸੋਚਣ ਲੱਗਾ ਕਿ ਮੈਂ ਜੋ ਵੀ ਕਰ ਰਿਹਾ ਹਾਂ, ਉਹ ਸਹੀ ਕਰ ਰਿਹਾ ਹਾਂ ਜਾਂ ਨਹੀਂ”

 ਮੈਂ ਰੱਬ ਨਾਲ ਅਤੇ ਆਪਣੇ ਮਾਪਿਆਂ ਤੇ ਭੈਣਾਂ-ਭਰਾਵਾਂ ਨਾਲ ਆਪਣਾ ਰਿਸ਼ਤਾ ਸੁਧਾਰਨਾ ਚਾਹੁੰਦਾ ਸੀ। ਇਸ ਤਰ੍ਹਾਂ ਕਰਨ ਲਈ ਮੈਂ ਆਪਣੀ ਜ਼ਿੰਦਗੀ ਸਾਦੀ ਕਰਨ ਦਾ ਫ਼ੈਸਲਾ ਕੀਤਾ। ਪਰ ਇੱਦਾਂ ਕਰਨਾ ਸੌਖਾ ਨਹੀਂ ਸੀ। ਕਿਉਂ? ਕਿਉਂਕਿ ਉਸ ਵੇਲੇ ਮੈਨੂੰ ਕੈਸੀਨੋ ਹੋਟਲ ਦੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਲਲਚਾਉਣ ਵਾਲੀਆਂ ਪੇਸ਼ਕਸ਼ਾਂ ਆਈਆਂ। ਇਸ ਤਰ੍ਹਾਂ ਮੈਨੂੰ ਦੋ ਗੁਣਾ ਜਾਂ ਤਿੰਨ ਗੁਣਾ ਤਨਖ਼ਾਹ ਮਿਲ ਸਕਦੀ ਸੀ। ਪਰ ਇਸ ਬਾਰੇ ਪ੍ਰਾਰਥਨਾ ਕਰਨ ਤੋਂ ਬਾਅਦ ਮੈਂ ਇਸ ਤਰ੍ਹਾਂ ਦੀ ਜ਼ਿੰਦਗੀ ਛੱਡਣ ਦਾ ਫ਼ੈਸਲਾ ਕੀਤਾ। ਮੈਂ ਆਪਣੀ ਨੌਕਰੀ ਛੱਡ ਦਿੱਤੀ ਅਤੇ ਆਪਣੀ ਮੰਮੀ ਦੇ ਗਰਾਜ ਵਿਚ ਜਾ ਕੇ ਰਹਿਣ ਲੱਗਾ ਅਤੇ ਮੈਂ ਰੈਸਟੋਰੈਂਟ ਦੇ ਮੈਨਿਊ ਕਾਰਡਾਂ ਨੂੰ ਲੈਮੀਨੇਟ ਕਰਨ ਦਾ ਛੋਟਾ ਜਿਹਾ ਕੰਮ ਸ਼ੁਰੂ ਕਰ ਲਿਆ।

 ਭਾਵੇਂ ਕਿ ਬਾਈਬਲ ਨੇ ਜ਼ਿੰਦਗੀ ਵਿਚ ਸਹੀ ਗੱਲਾਂ ਨੂੰ ਪਹਿਲ ਦੇਣ ਵਿਚ ਮੇਰੀ ਮਦਦ ਕੀਤੀ, ਪਰ ਮੈਂ ਹਾਲੇ ਵੀ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਨਹੀਂ ਜਾਂਦਾ ਸੀ। ਮੇਰੀਆਂ ਭੈਣਾਂ ਨੇ ਮੈਨੂੰ ਪੁੱਛਿਆ ਕਿ ਮੈਨੂੰ ਗਵਾਹਾਂ ਬਾਰੇ ਕਿਹੜੀ ਗੱਲ ਚੰਗੀ ਨਹੀਂ ਲੱਗਦੀ। ਮੈਂ ਕਿਹਾ: “ਤੁਹਾਡਾ ਰੱਬ ਯਹੋਵਾਹ ਪਰਿਵਾਰਾਂ ਨੂੰ ਤੋੜਦਾ ਹੈ। ਮੈਂ ਕ੍ਰਿਸਮਸ ਅਤੇ ਜਨਮ-ਦਿਨਾਂ ʼਤੇ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰ ਸਕਦਾ ਹਾਂ, ਪਰ ਤੁਸੀਂ ਇਹ ਸਭ ਨਹੀਂ ਕਰਦੇ।” ਮੇਰੀ ਇਕ ਭੈਣ ਰੋਣ ਲੱਗ ਪਈ ਤੇ ਉਸ ਨੇ ਮੈਨੂੰ ਪੁੱਛਿਆ: “ਤੂੰ ਸਾਲ ਦੇ ਬਾਕੀ ਦਿਨ ਕਿੱਥੇ ਹੁੰਦਾ ਹੈਂ? ਅਸੀਂ ਕਿਸੇ ਵੀ ਦਿਨ ਤੇਰੇ ਨਾਲ ਸਮਾਂ ਗੁਜ਼ਾਰਨ ਲਈ ਤਿਆਰ ਹਾਂ। ਪਰ ਤੂੰ ਸਿਰਫ਼ ਉਨ੍ਹਾਂ ਤਿਉਹਾਰਾਂ ʼਤੇ ਹੀ ਆਉਂਦਾ ਹੈਂ ਤੇ ਉਹ ਵੀ ਮਜਬੂਰੀ ਨਾਲ।” ਉਸ ਦੇ ਸ਼ਬਦ ਮੇਰੇ ਦਿਲ ਨੂੰ ਛੂਹ ਗਏ ਅਤੇ ਮੈਂ ਵੀ ਰੋਣ ਲੱਗ ਪਿਆ।

 ਮੈਂ ਸਮਝ ਗਿਆ ਕਿ ਯਹੋਵਾਹ ਦੇ ਗਵਾਹ ਆਪਣੇ ਪਰਿਵਾਰਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਮੈਂ ਉਨ੍ਹਾਂ ਬਾਰੇ ਗ਼ਲਤ ਸੋਚ ਰਿਹਾ ਸੀ। ਇਸ ਲਈ ਮੈਂ ਉਨ੍ਹਾਂ ਦੇ ਕਿੰਗਡਮ ਹਾਲ ਵਿਚ ਇਕ ਮੀਟਿੰਗ ʼਤੇ ਜਾਣ ਦਾ ਫ਼ੈਸਲਾ ਕੀਤਾ। ਉੱਥੇ ਮੈਂ ਇਕ ਤਜਰਬੇਕਾਰ ਬਾਈਬਲ ਸਿੱਖਿਅਕ ਨੂੰ ਮਿਲਿਆ ਜਿਸ ਨੇ ਮੇਰੇ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ।

 ਕੇਵਿਨ ਅਤੇ ਉਸ ਦੀ ਪਤਨੀ ਸਾਦੀ ਜ਼ਿੰਦਗੀ ਜੀਉਂਦੇ ਸਨ ਤਾਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਦੂਜਿਆਂ ਨੂੰ ਬਾਈਬਲ ਬਾਰੇ ਸਿਖਾਉਣ ਵਿਚ ਲਾ ਸਕਣ। ਉਨ੍ਹਾਂ ਕੋਲ ਇੰਨੇ ਕੁ ਪੈਸੇ ਤਾਂ ਸਨ ਕਿ ਉਹ ਅਫ਼ਰੀਕਾ ਅਤੇ ਕੇਂਦਰੀ ਅਮਰੀਕਾ ਵਿਚ ਜਾ ਕੇ ਗਵਾਹਾਂ ਲਈ ਬ੍ਰਾਂਚਾਂ ਬਣਾਉਣ ਵਿਚ ਹੱਥ ਵਟਾ ਸਕਣ। ਉਹ ਬਹੁਤ ਖ਼ੁਸ਼ ਸਨ ਤੇ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਮੈਂ ਸੋਚਿਆ, ‘ਮੈਂ ਇੱਦਾਂ ਦੀ ਹੀ ਤਾਂ ਜ਼ਿੰਦਗੀ ਜੀਉਣੀ ਚਾਹੁੰਦਾ ਸੀ।’

 ਕੇਵਿਨ ਨੇ ਮੈਨੂੰ ਇਕ ਵੀਡੀਓ ਦਿਖਾਇਆ ਕਿ ਮਿਸ਼ਨਰੀਆਂ ਨੂੰ ਸੇਵਾ ਕਰ ਕੇ ਕਿੰਨੀਆਂ ਖ਼ੁਸ਼ੀਆਂ ਮਿਲਦੀਆਂ ਹਨ। ਮੈਂ ਫ਼ੈਸਲਾ ਕੀਤਾ ਕਿ ਮੈਂ ਵੀ ਮਿਸ਼ਨਰੀ ਸੇਵਾ ਕਰਾਂਗਾ। 1995 ਵਿਚ ਛੇ ਮਹੀਨਿਆਂ ਤਕ ਬਾਈਬਲ ਦਾ ਗਹਿਰਾਈ ਨਾਲ ਅਧਿਐਨ ਕਰਨ ਤੋਂ ਬਾਅਦ ਮੈਂ ਬਪਤਿਸਮਾ ਲੈ ਲਿਆ ਅਤੇ ਇਕ ਯਹੋਵਾਹ ਦਾ ਗਵਾਹ ਬਣ ਗਿਆ। ਧਨ-ਦੌਲਤ ਬਾਰੇ ਰੱਬ ਨੂੰ ਪ੍ਰਾਰਥਨਾ ਕਰਨ ਦੀ ਬਜਾਇ ਮੈਂ ਇਹ ਪ੍ਰਾਰਥਨਾ ਕਰਨ ਲੱਗ ਪਿਆ: “ਮੈਨੂੰ ਨਾ ਗ਼ਰੀਬੀ ਦੇ, ਨਾ ਹੀ ਦੌਲਤ ਦੇ।”—ਕਹਾਉਤਾਂ 30:8.

ਮੈਨੂੰ ਕਿਵੇਂ ਫ਼ਾਇਦਾ ਹੋਇਆ?

 ਮੈਂ ਹੁਣ ਸੱਚ-ਮੁੱਚ ਅਮੀਰ ਹਾਂ, ਧਨ-ਦੌਲਤ ਕਰਕੇ ਨਹੀਂ, ਸਗੋਂ ਪਰਮੇਸ਼ੁਰ ਨਾਲ ਕਰੀਬੀ ਰਿਸ਼ਤਾ ਹੋਣ ਕਰਕੇ! ਮੈਂ ਹਾਂਡੂਰਸ ਵਿਚ ਆਪਣੀ ਪਿਆਰੀ ਪਤਨੀ ਨੂਰੀਆ ਨੂੰ ਮਿਲਿਆ ਅਤੇ ਅਸੀਂ ਦੋਹਾਂ ਨੇ ਪਨਾਮਾ ਤੇ ਮੈਕਸੀਕੋ ਵਿਚ ਇਕੱਠਿਆਂ ਮਿਸ਼ਨਰੀ ਸੇਵਾ ਕੀਤੀ। ਬਾਈਬਲ ਦੇ ਇਹ ਸ਼ਬਦ ਕਿੰਨੇ ਸੱਚ ਹਨ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ ਅਤੇ ਉਹ ਇਸ ਨਾਲ ਕੋਈ ਸੋਗ ਨਹੀਂ ਮਿਲਾਉਂਦਾ।”—ਕਹਾਉਤਾਂ 10:22.