Skip to content

Skip to table of contents

ਅਸੀਂ ਆਪਣੇ ਦੁੱਖ ਨੂੰ ਕਿੱਦਾਂ ਸਹਿ ਸਕਦੇ ਹਾਂ?

ਅਸੀਂ ਆਪਣੇ ਦੁੱਖ ਨੂੰ ਕਿੱਦਾਂ ਸਹਿ ਸਕਦੇ ਹਾਂ?

ਮਾਈਕ ਨੇ ਆਪਣੇ ਪਿਤਾ ਦੀ ਮੌਤ ਬਾਰੇ ਚੇਤੇ ਕਰਦੇ ਹੋਏ ਦੱਸਿਆ: “ਮੇਰੇ ਉੱਤੇ ਬਹੁਤ ਦਬਾਅ ਪਾਇਆ ਗਿਆ ਸੀ ਕਿ ਮੈਨੂੰ ਆਪਣੇ ਜਜ਼ਬਾਤ ਲੁਕੋ ਕੇ ਰੱਖਣੇ ਚਾਹੀਦੇ ਸਨ।” ਇੱਦਾਂ ਕਰਨਾ ਮੇਰੇ ਲਈ ਬਹਾਦਰੀ ਦੀ ਗੱਲ ਸੀ। ਪਰ ਫਿਰ ਬਾਅਦ ਵਿਚ ਮਾਈਕ ਨੇ ਦੇਖਿਆ ਕਿ ਇਸ ਤਰ੍ਹਾਂ ਕਰਨਾ ਗ਼ਲਤ ਸੀ। ਸੋ ਜਦੋਂ ਮਾਈਕ ਦੇ ਦੋਸਤ ਦੇ ਦਾਦਾ ਜੀ ਗੁਜ਼ਰ ਗਏ, ਤਾਂ ਉਸ ਨੂੰ ਪਤਾ ਸੀ ਕਿ ਉਹ ਆਪਣੇ ਦੋਸਤ ਨੂੰ ਕਿੱਦਾਂ ਤਸੱਲੀ ਦੇ ਸਕਦਾ ਸੀ। ਮਾਈਕ ਨੇ ਕਿਹਾ: “ਜੇ ਇਹ ਘਟਨਾ ਕੁਝ ਸਾਲ ਪਹਿਲਾਂ ਹੋਈ ਹੁੰਦੀ, ਤਾਂ ਮੈਂ ਉਸ ਦੀ ਪਿੱਠ ਨੂੰ ਥਪਥਪਾ ਕੇ ਕਹਿ ਦੇਣਾ ਸੀ, ‘ਜਿਗਰਾ ਰੱਖ—ਬੰਦੇ ਰੋਂਦੇ ਨਹੀਂ ਹੁੰਦੇ।’ ਪਰ ਹੁਣ ਮੈਂ ਉਹ ਦੀ ਬਾਂਹ ਫੜ ਕੇ ਉਸ ਨੂੰ ਕਿਹਾ, ‘ਜੇ ਤੇਰਾ ਰੋਣ ਨੂੰ ਜੀ ਕਰਦਾ ਹੈ, ਤਾਂ ਰੋ ਲਾ। ਆਪਣਾ ਦਿਲ ਹੌਲਾ ਕਰ ਲਾ। ਜੇ ਤੂੰ ਇਕੱਲਾ ਰਹਿਣਾ ਚਾਹੁੰਦਾ ਹੈ, ਤਾਂ ਮੈਂ ਚਲੇ ਜਾਂਦਾ ਹਾਂ। ਪਰ ਜੇ ਤੂੰ ਚਾਹੁੰਦਾ ਹੈ ਕਿ ਮੈਂ ਤੇਰੇ ਕੋਲ ਰਹਾਂ, ਤਾਂ ਮੈਂ ਰਹਿ ਸਕਦਾ ਹਾਂ। ਪਰ ਤੂੰ ਆਪਣੇ ਜਜ਼ਬਾਤ ਅੰਦਰ ਨਾ ਰੱਖ।’”

ਜਦੋਂ ਮੇਰੀਐਨ ਦਾ ਪਤੀ ਪੂਰਾ ਹੋਇਆ, ਤਾਂ ਉਸ ਨੂੰ ਲੱਗਾ ਕਿ ਉਸ ਨੂੰ ਆਪਣੀਆਂ ਭਾਵਨਾਵਾਂ ਲੁਕੋ ਕੇ ਰੱਖਣੀਆਂ ਚਾਹੀਦੀਆਂ ਸਨ। ਉਹ ਚੇਤੇ ਕਰਦੀ ਹੈ: “ਮੈਂ ਆਪਣੇ ਜਜ਼ਬਾਤ ਜ਼ਾਹਰ ਨਹੀਂ ਕੀਤੇ। ਮੈਂ ਸੋਚਿਆ ਕਿ ਦੂਸਰਿਆਂ ਦੀ ਖ਼ਾਤਰ ਮੈਨੂੰ ਗਮ ਦਾ ਕੌੜਾ ਘੁੱਟ ਪੀਣ ਦੀ ਲੋੜ ਸੀ। ਪਰ ਇਹ ਗ਼ਲਤ ਸੀ, ਇਸ ਨਾਲ ਮੇਰੀ ਜ਼ਰਾ ਵੀ ਮਦਦ ਨਾ ਹੋਈ। ਫਿਰ ਮੈਂ ਆਪਣੇ ਮਨ ਨੂੰ ਸਮਝਾਇਆ ਕਿ ‘ਜੇ ਜੀ ਕਰਦਾ, ਤਾਂ ਰੱਜ ਕੇ ਰੋ ਲਾ। ਆਪਣੇ ਨਾਲ ਸਖ਼ਤੀ ਨਾ ਕਰ। ਆਪਣਾ ਦਿਲ ਹੌਲਾ ਕਰ।’”

ਮਾਈਕ ਅਤੇ ਮੇਰੀਐਨ ਦੋਹਾਂ ਨੇ ਸਲਾਹ ਦਿੱਤੀ: ਆਪਣੇ ਜਜ਼ਬਾਤ ਖੁੱਲ੍ਹ ਕੇ ਜ਼ਾਹਰ ਕਰੋ! ਉਨ੍ਹਾਂ ਦੀ ਗੱਲ ਬਿਲਕੁਲ ਸਹੀ ਹੈ। ਕਿਉਂ? ਕਿਉਂਕਿ ਸੋਗ ਮਨਾਉਣ ਨਾਲ ਅਤੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਨਾਲ ਸਾਡੇ ਦਿਲ ਦਾ ਬੋਝ ਹਲਕਾ ਹੁੰਦਾ ਹੈ। ਜੇ ਅਸੀਂ ਕੁਦਰਤੀ ਤਰੀਕੇ ਨਾਲ ਸੋਗ ਮਨਾਉਣ ਦੇ ਨਾਲ-ਨਾਲ ਠੰਢੇ ਦਿਮਾਗ਼ ਨਾਲ ਸੋਚਣ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਆਪਣੇ ਜਜ਼ਬਾਤਾਂ ਦੇ ਹੜ੍ਹ ਵਿਚ ਨਹੀਂ ਡੁੱਬਾਂਗੇ।

ਪਰ ਯਾਦ ਰੱਖੋ ਕਿ ਸਾਰੇ ਜਣੇ ਇੱਕੋ ਤਰੀਕੇ ਨਾਲ ਸੋਗ ਨਹੀਂ ਮਨਾਉਂਦੇ। ਕਿਸੇ ਦੇ ਦੁੱਖ ਦੀ ਗਹਿਰਾਈ ਇਸ ਗੱਲ ਤੋਂ ਪਤਾ ਲੱਗਦੀ ਹੈ ਕਿ ਉਸ ਦੇ ਅਜ਼ੀਜ਼ ਦੀ ਮੌਤ ਕਿਵੇਂ ਹੋਈ। ਸ਼ਾਇਦ ਮੌਤ ਅਚਾਨਕ ਹੋਈ ਹੋਵੇ ਜਾਂ ਲੰਬੇ ਸਮੇਂ ਤਕ ਬੀਮਾਰ ਹੋਣ ਮਗਰੋਂ। ਇਸ ਕਰਕੇ ਪਰਿਵਾਰ ਦੇ ਜੀਆਂ ਉੱਤੇ ਵੱਖੋ-ਵੱਖਰੇ ਤਰੀਕੇ ਨਾਲ ਅਸਰ ਪੈ ਸਕਦਾ ਹੈ। ਪਰ ਇਕ ਗੱਲ ਸੱਚ ਹੈ: ਆਪਣੀਆਂ ਭਾਵਨਾਵਾਂ ਨੂੰ ਦਬਾ ਕੇ ਰੱਖਣ ਨਾਲ ਸਾਡੇ ਸਰੀਰ ਅਤੇ ਮਨ ਨੂੰ ਨੁਕਸਾਨ ਪਹੁੰਚ ਸਕਦਾ ਹੈ। ਆਪਣਾ ਸੋਗ ਜ਼ਾਹਰ ਕਰਨਾ ਸਾਡੀ ਸਿਹਤ ਲਈ ਚੰਗਾ ਹੋ ਸਕਦਾ ਹੈ। ਕਿਸ ਤਰ੍ਹਾਂ? ਆਓ ਆਪਾਂ ਬਾਈਬਲ ਵਿੱਚੋਂ ਕੁਝ ਹਵਾਲੇ ਦੇਖੀਏ।

ਦੁੱਖ ਜ਼ਾਹਰ ਕਰ ਕੇ ਦਿਲਾਸਾ ਪਾਓ

ਗੱਲਾਂ ਕਰਨ ਨਾਲ ਆਪਣਾ ਦਿਲ ਹਲਕਾ ਕੀਤਾ ਜਾ ਸਕਦਾ ਹੈ। ਰੱਬ ਦੇ ਸੇਵਕ ਅੱਯੂਬ ਬਾਰੇ ਸੋਚੋ ਜਿਸ ਨੇ ਆਪਣੇ ਦਸ ਬੱਚਿਆਂ ਦੀ ਮੌਤ ਦੇ ਨਾਲ-ਨਾਲ ਹੋਰ ਮੁਸੀਬਤਾਂ ਦਾ ਸਾਮ੍ਹਣਾ ਵੀ ਕੀਤਾ ਸੀ। ਉਸ ਨੇ ਦੁਹਾਈ ਦੇ ਕੇ ਕਿਹਾ: “ਮੈਂ ਆਪਣੇ ਜੀਵਨ ਤੋਂ ਤੰਗ ਆ ਗਿਆ ਹਾਂ, ਮੈਂ ਖੁਲ੍ਹੇ ਸ਼ਬਦਾਂ ਵਿਚ ਆਪਣੀ ਸ਼ਕਾਇਤ ਤੇਰੇ ਅੱਗੇ ਕਰਾਂਗਾ। ਮੈਂ ਆਪਣੇ ਮਨ ਦੀ ਪੀੜ ਨੂੰ ਤੇਰੇ ਤੇ ਪ੍ਰਗਟ ਕਰਾਂਗਾ।” (ਅੱਯੂਬ 1:2, 18, 19; 10:1, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅੱਯੂਬ ਆਪਣੇ ਜਜ਼ਬਾਤਾਂ ਨੂੰ ਦਬਾ ਕੇ ਨਾ ਰੱਖ ਸਕਿਆ। ਉਸ ਲਈ ‘ਬੋਲਣਾ’ ਜ਼ਰੂਰੀ ਸੀ। ਅੰਗ੍ਰੇਜ਼ੀ ਨਾਟਕਕਾਰ ਸ਼ੇਕਸਪੀਅਰ ਵੀ ਇਸ ਗੱਲ ਨਾਲ ਸਹਿਮਤ ਸੀ। ਉਸ ਨੇ ਆਪਣੇ ਨਾਟਕ ਵਿਚ ਲਿਖਿਆ: “ਬੋਲ ਕੇ ਆਪਣਾ ਦੁੱਖ ਜ਼ਾਹਰ ਕਰੋ; ਚੁੱਪ ਰਹਿਣ ਨਾਲ ਬੋਝ ਹੇਠਾਂ ਦੱਬਿਆ ਹੋਇਆ ਦਿਲ ਟੁੱਟ ਸਕਦਾ ਹੈ।”

ਸੋ ‘ਇਕ ਸੱਚੇ ਸਾਥੀ’ ਨਾਲ ਆਪਣਾ ਦੁੱਖ ਸਾਂਝਾ ਕਰਨ ਨਾਲ ਸਾਨੂੰ ਕੁਝ ਹੱਦ ਤਕ ਦਿਲਾਸਾ ਮਿਲ ਸਕਦਾ ਹੈ। (ਕਹਾਉਤਾਂ 17:17) ਗੱਲ ਕਰਨ ਨਾਲ ਅਸੀਂ ਹੋਰ ਚੰਗੀ ਤਰ੍ਹਾਂ ਆਪਣੇ ਜਜ਼ਬਾਤਾਂ ਨੂੰ ਸਮਝ ਸਕਾਂਗੇ ਅਤੇ ਆਪਣਾ ਗਮ ਸਹਿ ਸਕਾਂਗੇ। ਇਸ ਦੇ ਨਾਲ-ਨਾਲ ਜੇ ਸਾਡੇ ਹਮਦਰਦ ਨੇ ਵੀ ਕਿਸੇ ਦਾ ਵਿਛੋੜਾ ਝੱਲਿਆ ਹੈ, ਤਾਂ ਉਹ ਸ਼ਾਇਦ ਸਾਨੂੰ ਕੋਈ ਚੰਗੀ ਸਲਾਹ ਦੇ ਸਕਦਾ ਹੈ। ਇਕ ਮਾਂ ਦੱਸਦੀ ਹੈ ਕਿ ਜਦੋਂ ਉਸ ਦੇ ਬੱਚੇ ਦੀ ਮੌਤ ਹੋਈ, ਤਾਂ ਉਸ ਨੂੰ ਇਕ ਔਰਤ ਨਾਲ ਗੱਲ ਕਰ ਕੇ ਹੌਸਲਾ ਮਿਲਿਆ ਜਿਸ ਦਾ ਆਪਣਾ ਬੱਚਾ ਮਰ ਚੁੱਕਾ ਸੀ। ਉਸ ਨੇ ਦੱਸਿਆ: “ਉਸ ਨਾਲ ਮੇਰੇ ਵਾਂਗ ਬੀਤੀ, ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਪਹਿਲਾਂ ਵਾਂਗ ਆਪਣੀ ਜ਼ਿੰਦਗੀ ਜੀ ਰਹੀ ਸੀ। ਉਸ ਤੋਂ ਮੈਨੂੰ ਬੜਾ ਹੌਸਲਾ ਮਿਲਿਆ।”

ਬਾਈਬਲ ਵਿਚ ਦੱਸੇ ਕੁਝ ਲੋਕਾਂ ਨੇ ਆਪਣੀਆਂ ਭਾਵਨਾਵਾਂ ਲਿਖ ਕੇ ਆਪਣੇ ਦੁੱਖ ਨੂੰ ਸਹਿਣ ਕੀਤਾ। ਅਸੀਂ ਵੀ ਇੱਦਾਂ ਕਰ ਸਕਦੇ ਹਾਂ

ਉਦੋਂ ਕੀ ਜਦੋਂ ਸਾਨੂੰ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰਨੀ ਸੌਖੀ ਨਹੀਂ ਲੱਗਦੀ? ਰਾਜਾ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦੀ ਮੌਤ ਤੋਂ ਬਾਅਦ, ਦਾਊਦ ਨੇ ਕੀਰਨੇ ਪਾ ਕੇ ਆਪਣੇ ਦੁੱਖ ਬਾਰੇ ਲਿਖਿਆ। ਅਸੀਂ ਉਸ ਦੇ ਦਰਦ-ਭਰੇ ਸ਼ਬਦ ਸਮੂਏਲ ਦੀ ਦੂਜੀ ਪੋਥੀ ਵਿਚ ਪੜ੍ਹ ਸਕਦੇ ਹਾਂ। (2 ਸਮੂਏਲ 1:17-27; 2 ਇਤਹਾਸ 35:25) ਇਸੇ ਤਰ੍ਹਾਂ, ਕੁਝ ਲੋਕਾਂ ਨੂੰ ਆਪਣੇ ਦੁੱਖ ਬਾਰੇ ਲਿਖਣਾ ਜ਼ਿਆਦਾ ਆਸਾਨ ਲੱਗਦਾ ਹੈ। ਇਕ ਵਿਧਵਾ ਨੇ ਦੱਸਿਆ ਕਿ ਉਹ ਆਪਣੇ ਦਿਲ ਦੀ ਗੱਲ ਲਿਖ ਲੈਂਦੀ ਸੀ ਅਤੇ ਫਿਰ ਕੁਝ ਦਿਨਾਂ ਬਾਅਦ ਇਸ ਨੂੰ ਪੜ੍ਹਦੀ ਸੀ। ਇਸ ਤਰ੍ਹਾਂ ਕਰਨ ਨਾਲ ਉਸ ਦੀ ਕਾਫ਼ੀ ਮਦਦ ਹੋਈ।

ਚਾਹੇ ਅਸੀਂ ਆਪਣੇ ਦੁੱਖ ਬਾਰੇ ਗੱਲ ਕਰੀਏ ਜਾਂ ਲਿਖੀਏ, ਆਪਣੇ ਜਜ਼ਬਾਤ ਜ਼ਾਹਰ ਕਰਨ ਨਾਲ ਸਾਡਾ ਦਿਲ ਹੌਲਾ ਹੋਵੇਗਾ। ਇਸ ਦੇ ਨਾਲ-ਨਾਲ ਅਸੀਂ ਗ਼ਲਤਫ਼ਹਿਮੀਆਂ ਨੂੰ ਵੀ ਦੂਰ ਕਰ ਸਕਦੇ ਹਾਂ। ਇਕ ਦੁਖੀ ਮਾਂ ਨੇ ਦੱਸਿਆ: “ਅਸੀਂ ਦੂਸਰਿਆਂ ਜੋੜਿਆਂ ਬਾਰੇ ਸੁਣਿਆ ਸੀ ਜਿਨ੍ਹਾਂ ਨੇ ਆਪਣੇ ਬੱਚੇ ਦੀ ਮੌਤ ਹੋਣ ਤੇ ਤਲਾਕ ਲੈ ਲਿਆ ਹੈ। ਅਸੀਂ ਨਹੀਂ ਚਾਹੁੰਦੇ ਸੀ ਕਿ ਸਾਡੇ ਨਾਲ ਵੀ ਇੱਦਾਂ ਹੋਵੇ। ਸੋ ਜਦ ਕਦੀ ਸਾਨੂੰ ਇਕ-ਦੂਸਰੇ ਤੇ ਗੁੱਸਾ ਆਉਂਦਾ ਸੀ, ਤਾਂ ਅਸੀਂ ਬੈਠ ਕੇ ਇਸ ਬਾਰੇ ਗੱਲ ਕਰਦੇ ਹੁੰਦੇ ਸੀ। ਮੈਨੂੰ ਲੱਗਦਾ ਹੈ ਕਿ ਇੱਦਾਂ ਕਰਨ ਨਾਲ ਸਾਡਾ ਰਿਸ਼ਤਾ ਹੋਰ ਵੀ ਗੂੜ੍ਹਾ ਹੋ ਗਿਆ ਹੈ।” ਹਾਂ, ਆਪਣੀਆਂ ਭਾਵਨਾਵਾਂ ਬਾਰੇ ਗੱਲਬਾਤ ਕਰਨ ਨਾਲ ਅਸੀਂ ਇਹ ਗੱਲ ਪੂਰੀ ਤਰ੍ਹਾਂ ਸਮਝ ਸਕਾਂਗੇ ਕਿ ਦੂਜਾ ਵਿਅਕਤੀ ਵੀ ਸਾਡੇ ਵਾਂਗ ਹੀ ਦੁਖੀ ਹੈ, ਪਰ ਫ਼ਰਕ ਸਿਰਫ਼ ਇੰਨਾ ਹੈ ਕਿ ਉਸ ਦਾ ਸੋਗ ਮਨਾਉਣ ਦਾ ਤਰੀਕਾ ਸਾਡੇ ਤੋਂ ਵੱਖਰਾ ਹੈ।

ਰੋਣ ਨਾਲ ਵੀ ਸਾਡੀ ਮਦਦ ਹੋ ਸਕਦੀ ਹੈ। ਬਾਈਬਲ ਕਹਿੰਦੀ ਹੈ: “ਇੱਕ ਰੋਣ ਦਾ ਵੇਲਾ” ਹੁੰਦਾ ਹੈ। (ਉਪਦੇਸ਼ਕ ਦੀ ਪੋਥੀ 3:1, 4) ਹਾਂ, ਕਿਸੇ ਅਜ਼ੀਜ਼ ਦੀ ਮੌਤ ਜ਼ਰੂਰ ਰੋਣ ਦਾ ਵੇਲਾ ਹੁੰਦਾ ਹੈ। ਇੱਦਾਂ ਲੱਗਦਾ ਹੈ ਕਿ ਆਪਣਾ ਦੁੱਖ ਸਹਿਣ ਲਈ ਹੰਝੂ ਵਹਾਉਣੇ ਜ਼ਰੂਰੀ ਹਨ।

ਇਕ ਲੜਕੀ ਦੱਸਦੀ ਹੈ ਕਿ ਜਦੋਂ ਉਸ ਦੀ ਮਾਂ ਗੁਜ਼ਰ ਗਈ, ਤਾਂ ਉਸ ਦੀ ਸਹੇਲੀ ਨੇ ਉਸ ਦੀ ਬਹੁਤ ਮਦਦ ਕੀਤੀ। ਉਸ ਨੇ ਚੇਤੇ ਕੀਤਾ: “ਮੇਰੀ ਸਹੇਲੀ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਅਸੀਂ ਦੋਨੋਂ ਮਿਲ ਕੇ ਰੋਈਆਂ। ਉਹ ਨੇ ਮੇਰੇ ਨਾਲ ਬੈਠ ਕੇ ਗੱਲਾਂ ਕੀਤੀਆਂ ਅਤੇ ਮੈਂ ਦਿਲ ਖੋਲ੍ਹ ਕੇ ਉਸ ਨੂੰ ਆਪਣੇ ਜਜ਼ਬਾਤ ਦੱਸ ਸਕਦੀ ਸੀ।” (ਰੋਮੀਆਂ 12:15 ਦੇਖੋ।) ਸਾਨੂੰ ਵੀ ਰੋਣ ਤੋਂ ਝਿਜਕਣਾ ਨਹੀਂ ਚਾਹੀਦਾ। ਜਿੱਦਾਂ ਅਸੀਂ ਦੇਖਿਆ ਹੈ, ਯਿਸੂ ਮਸੀਹ ਨੇ ਅਤੇ ਬਾਈਬਲ ਵਿਚ ਦੱਸੇ ਕਈ ਹੋਰ ਆਦਮੀ-ਔਰਤਾਂ ਨੇ ਸ਼ਰਮਿੰਦੇ ਹੋਏ ਬਿਨਾਂ ਅੱਥਰੂ ਵਹਾ ਕੇ ਸੋਗ ਮਨਾਇਆ ਸੀ।—ਉਤਪਤ 50:3; 2 ਸਮੂਏਲ 1:11, 12; ਯੂਹੰਨਾ 11:33, 35.

ਹਰ ਸਭਿਆਚਾਰ ਦੇ ਦੁਖੀ ਲੋਕਾਂ ਨੂੰ ਦਿਲਾਸੇ ਦੀ ਲੋੜ ਹੈ

ਕੁਝ ਚਿਰ ਲਈ ਸ਼ਾਇਦ ਸਾਡੀਆਂ ਭਾਵਨਾਵਾਂ ਸਮੁੰਦਰ ਦੀਆਂ ਲਹਿਰਾਂ ਵਾਂਗ ਉੱਠਣ। ਸ਼ਾਇਦ ਸਾਨੂੰ ਸਮਝ ਵੀ ਨਾ ਆਵੇ ਕਿ ਅਸੀਂ ਕਿੱਦਾਂ ਮਹਿਸੂਸ ਕਰਦੇ ਹਾਂ ਅਤੇ ਕਦੀ-ਕਦੀ ਸਾਡਾ ਅਚਾਨਕ ਰੋਜ ਵੀ ਨਿਕਲ ਸਕਦਾ ਹੈ। ਇਕ ਵਿਧਵਾ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਅਕਸਰ ਸ਼ਾਪਿੰਗ ਜਾਂਦੀ ਹੁੰਦੀ ਸੀ, ਪਰ ਹੁਣ ਇਕੱਲੀ ਹੋਣ ਕਰਕੇ ਕਦੀ-ਕਦੀ ਉਸ ਦੀਆਂ ਅੱਖਾਂ ਭਰ ਆਉਂਦੀਆਂ ਹਨ। ਇਹ ਖ਼ਾਸ ਕਰਕੇ ਉਦੋਂ ਹੁੰਦਾ ਹੈ ਜਦੋਂ ਉਹ ਆਦਤ ਅਨੁਸਾਰ ਆਪਣੇ ਪਤੀ ਦੀ ਪਸੰਦ ਦੀ ਕੋਈ ਚੀਜ਼ ਚੁੱਕ ਲੈਂਦੀ ਹੈ। ਤਾਂ ਫਿਰ ਜ਼ਰੂਰੀ ਹੈ ਕਿ ਅਸੀਂ ਸਬਰ ਕਰੀਏ ਅਤੇ ਇੱਦਾਂ ਨਾ ਮਹਿਸੂਸ ਕਰੀਏ ਕਿ ਸਾਨੂੰ ਆਪਣੇ ਹੰਝੂ ਰੋਕਣੇ ਚਾਹੀਦੇ ਹਨ। ਯਾਦ ਰੱਖੋ ਕਿ ਇਹ ਸੋਗ ਮਨਾਉਣ ਦਾ ਇਕ ਕੁਦਰਤੀ ਤਰੀਕਾ ਹੈ।

ਦੋਸ਼ ਦੀਆਂ ਭਾਵਨਾਵਾਂ ਨੂੰ ਕਾਬੂ ਕਰਨਾ

ਜਿੱਦਾਂ ਅਸੀਂ ਪਹਿਲਾਂ ਦੇਖਿਆ ਹੈ, ਕਈ ਲੋਕ ਆਪਣੇ ਅਜ਼ੀਜ਼ ਦੇ ਗੁਜ਼ਰ ਜਾਣ ਮਗਰੋਂ ਆਪਣੇ ਆਪ ਨੂੰ ਕੋਸਦੇ ਰਹਿੰਦੇ ਹਨ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ੁਰ ਦੇ ਸੇਵਕ ਯਾਕੂਬ ਨੂੰ ਕਿੰਨਾ ਦੁੱਖ ਹੋਇਆ ਸੀ ਜਦੋਂ ਉਸ ਨੂੰ ਖ਼ਬਰ ਮਿਲੀ ਕਿ ‘ਕਿਸੇ ਬੁਰੇ ਜਾਨਵਰ’ ਨੇ ਉਸ ਦੇ ਪੁੱਤਰ ਯੂਸੁਫ਼ ਨੂੰ ਪਾੜ ਖਾਧਾ ਸੀ। ਯਾਕੂਬ ਨੇ ਆਪ ਹੀ ਯੂਸੁਫ਼ ਨੂੰ ਉਸ ਦੇ ਭਰਾਵਾਂ ਕੋਲ ਘੱਲਿਆ ਸੀ। ਸੋ ਯਾਕੂਬ ਨੇ ਜ਼ਰੂਰ ਸੋਚਿਆ ਹੋਵੇਗਾ ਕਿ ‘ਮੈਂ ਯੂਸੁਫ਼ ਨੂੰ ਇਕੱਲੇ ਕਿਉਂ ਭੇਜਿਆ? ਮੈਂ ਉਹ ਨੂੰ ਜੰਗਲੀ ਜਾਨਵਰਾਂ ਦੇ ਪੰਜੇ ਵਿਚ ਕਿਉਂ ਭੇਜਿਆ?’—ਉਤਪਤ 37:33-35.

ਸ਼ਾਇਦ ਕਈ ਵਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਲਾਪਰਵਾਹੀ ਕਰਕੇ ਸਾਡੇ ਅਜ਼ੀਜ਼ ਦੀ ਮੌਤ ਹੋਈ ਸੀ। ਪਰ, ਇਹ ਗੱਲ ਸਮਝਣ ਨਾਲ ਸਾਡੀ ਮਦਦ ਹੋਵੇਗੀ ਕਿ ਸੋਗ ਵੇਲੇ ਇੱਦਾਂ ਮਹਿਸੂਸ ਕਰਨਾ ਕੁਦਰਤੀ ਹੈ। ਇਸ ਦੇ ਨਾਲ-ਨਾਲ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਦੋਸ਼ੀ ਮਹਿਸੂਸ ਕਰਨ ਵੇਲੇ ਵੀ ਸਾਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਨੀਆਂ ਚਾਹੀਦੀਆਂ ਹਨ।

ਸਾਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਪਿਆਰਿਆਂ ਦੀ ਜ਼ਿੰਦਗੀ ਸਾਡੇ ਵੱਸ ਵਿਚ ਨਹੀਂ ਹੈ। ਉਨ੍ਹਾਂ ਉੱਤੇ ਕਦੇ ਵੀ ‘ਬੁਰਾ ਸਮਾਂ ਆ ਸਕਦਾ ਹੈ’ ਚਾਹੇ ਅਸੀਂ ਉਨ੍ਹਾਂ ਨਾਲ ਜਿੰਨਾ ਮਰਜ਼ੀ ਪਿਆਰ ਕਿਉਂ ਨਾ ਕਰਦੇ ਹੋਈਏ। (ਉਪਦੇਸ਼ਕ 9:11, ਨਵਾਂ ਅਨੁਵਾਦ) ਮਿਸਾਲ ਲਈ, ਜੇ ਡਾਕਟਰ ਨੂੰ ਬੁਲਾਉਣ ਵਿਚ ਥੋੜ੍ਹੀ ਦੇਰ ਹੋ ਗਈ ਹੋਵੇ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਚਾਹੁੰਦੇ ਸੀ ਕਿ ਸਾਡਾ ਅਜ਼ੀਜ਼ ਬੀਮਾਰ ਹੋ ਕੇ ਮਰ ਜਾਵੇ? ਬਿਲਕੁਲ ਨਹੀਂ! ਅਸੀਂ ਤਾਂ ਉਸ ਦੀ ਭਲਾਈ ਚਾਹੁੰਦੇ ਸਾਂ। ਇਸ ਲਈ ਅਸੀਂ ਉਨ੍ਹਾਂ ਦੀ ਮੌਤ ਲਈ ਜ਼ਿੰਮੇਵਾਰ ਨਹੀਂ ਹਾਂ।

ਇਕ ਦੁਰਘਟਨਾ ਵਿਚ ਆਪਣੀ ਧੀ ਨੂੰ ਗੁਆ ਬੈਠਣ ਮਗਰੋਂ, ਇਕ ਮਾਂ ਨੇ ਦੱਸਿਆ ਕਿ ਉਸ ਨੇ ਦੋਸ਼ ਦੀਆਂ ਭਾਵਨਾਵਾਂ ਨਾਲ ਕਿੱਦਾਂ ਨਿਪਟਿਆ। ਉਸ ਨੇ ਕਿਹਾ: “ਮੈਂ ਆਪਣੇ ਆਪ ਨੂੰ ਕਸੂਰਵਾਰ ਠਹਿਰਾ ਰਹੀ ਸੀ ਕਿ ਮੈਨੂੰ ਆਪਣੀ ਬੱਚੀ ਨੂੰ ਬਾਹਰ ਨਹੀਂ ਘੱਲਣਾ ਚਾਹੀਦਾ ਸੀ। ਪਰ ਬਾਅਦ ਵਿਚ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਸੀ। ਉਹ ਨੂੰ ਆਪਣੇ ਪਿਤਾ ਨਾਲ ਕਿਸੇ ਕੰਮ ਲਈ ਭੇਜਣ ਵਿਚ ਬੁਰਾਈ ਹੀ ਕੀ ਸੀ? ਇਹ ਇਕ ਭਿਆਨਕ ਹਾਦਸਾ ਸੀ ਜਿਸ ਵਿਚ ਮੇਰਾ ਕੋਈ ਕਸੂਰ ਨਹੀਂ ਸੀ।”

ਪਰ ਅਸੀਂ ਸ਼ਾਇਦ ਇਹ ਵੀ ਸੋਚੀਏ ਕਿ ‘ਕਾਸ਼ ਮੈਂ ਉਸ ਨੂੰ ਇੱਦਾਂ ਕਹਿੰਦਾ ਜਾਂ ਉਸ ਦੇ ਲਈ ਇੱਦਾਂ ਕਰਦਾ।’ ਹਾਂ, ਸ਼ਾਇਦ ਆਪਣੇ ਮਰ ਚੁੱਕੇ ਅਜ਼ੀਜ਼ ਲਈ ਕੁਝ ਹੋਰ ਕੀਤਾ ਜਾ ਸਕਦਾ ਸੀ। ਪਰ ਬਾਈਬਲ ਸਾਨੂੰ ਚੇਤੇ ਕਰਾਉਂਦੀ ਹੈ: “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ। ਜੋ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ।” (ਯਾਕੂਬ 3:2; ਰੋਮੀਆਂ 5:12) ਪਛਤਾ-ਪਛਤਾ ਕੇ ਅਸੀਂ ਆਪਣੇ ਅਜ਼ੀਜ਼ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਅਜਿਹੇ ਜਜ਼ਬਾਤਾਂ ਵਿਚ ਡੁੱਬ ਕੇ ਅਸੀਂ ਆਪਣਾ ਨੁਕਸਾਨ ਜ਼ਰੂਰ ਕਰ ਲਵਾਂਗੇ।

ਪਰ ਉਦੋਂ ਕੀ ਕੀਤਾ ਜਾ ਸਕਦਾ ਹੈ ਜੇ ਸਾਨੂੰ ਸੱਚੀਂ ਲੱਗਦਾ ਹੈ ਕਿ ਸਾਡੇ ਅਜ਼ੀਜ਼ ਦੀ ਮੌਤ ਸਾਡੀ ਵਜ੍ਹਾ ਕਾਰਨ ਹੋਈ ਹੈ? ਇਹ ਯਾਦ ਰੱਖਣਾ ਸਭ ਤੋਂ ਜ਼ਰੂਰੀ ਹੈ ਕਿ ਸਾਡੇ ਪਰਮੇਸ਼ੁਰ ਯਹੋਵਾਹ ਦਾ ਦਿਲ ਬਹੁਤ ਹੀ ਵੱਡਾ ਹੈ ਅਤੇ ਉਹ ਸਾਨੂੰ ਮਾਫ਼ ਕਰੇਗਾ। ਬਾਈਬਲ ਸਾਨੂੰ ਹੌਸਲਾ ਦਿੰਦੀ ਹੈ: “ਹੇ ਪ੍ਰਭੂ ਜੇਕਰ ਤੂੰ ਸਾਡੇ ਅਪਰਾਧਾਂ ਦਾ ਹਿਸਾਬ ਕਰੇ, ਤਾਂ ਕੌਣ ਤੇਰੇ ਸਾਹਮਣੇ ਖੜਾ ਹੋ ਸਕਦਾ ਹੈ? ਪਰ ਮਾਫ਼ੀ ਦਾ ਦਾਨ ਤੇਰੇ ਕੋਲ ਹੈ।” (ਭਜਨ 130:3, 4, ਨਵਾਂ ਅਨੁਵਾਦ) ਜੋ ਬੀਤ ਚੁੱਕਾ ਹੈ ਉਸ ਨੂੰ ਅਸੀਂ ਬਦਲ ਨਹੀਂ ਸਕਦੇ। ਪਰ, ਅਸੀਂ ਪਰਮੇਸ਼ੁਰ ਤੋਂ ਮਾਫ਼ੀ ਜ਼ਰੂਰ ਮੰਗ ਸਕਦੇ ਹਾਂ ਅਤੇ ਉਹ ਵਾਅਦਾ ਕਰਦਾ ਹੈ ਕਿ ਉਹ ਸਾਡੀ ਸੁਣੇਗਾ। ਸੋ ਜਦ ਉਹ ਸਾਨੂੰ ਮਾਫ਼ ਕਰਨ ਲਈ ਤਿਆਰ ਹੈ, ਤਾਂ ਸਾਨੂੰ ਵੀ ਆਪਣੇ ਆਪ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ।—ਕਹਾਉਤਾਂ 28:13; 1 ਯੂਹੰਨਾ 1:9.

ਗੁੱਸੇ ਨੂੰ ਕਾਬੂ ਕਰਨਾ

ਉਦੋਂ ਕੀ ਜੇ ਅਸੀਂ ਡਾਕਟਰਾਂ, ਨਰਸਾਂ, ਦੋਸਤ-ਮਿੱਤਰਾਂ ਅਤੇ ਸ਼ਾਇਦ ਆਪਣੇ ਮਰੇ ਹੋਏ ਅਜ਼ੀਜ਼ ਨਾਲ ਵੀ ਗੁੱਸੇ ਹਾਂ? ਸ਼ਾਇਦ ਅਸੀਂ ਆਪਣੇ ਦੁੱਖ ਕਰਕੇ ਗੁੱਸੇ ਹਾਂ। ਇਸ ਤਰ੍ਹਾਂ ਮਹਿਸੂਸ ਕਰਨਾ ਕੁਦਰਤੀ ਹੈ। ਇਕ ਲੇਖਕ ਨੇ ਕਿਹਾ: “ਜੇ ਅਸੀਂ ਗੁੱਸੇ ਉੱਤੇ ਕਾਬੂ ਪਾਉਣਾ ਹੈ, ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਗੁੱਸੇ ਕਿਉਂ ਹੁੰਦੇ ਹਾਂ।”

ਆਪਣਾ ਗੁੱਸਾ ਜ਼ਾਹਰ ਕਰਨ ਨਾਲ ਵੀ ਸਾਡੀ ਮਦਦ ਹੋ ਸਕਦੀ ਹੈ। ਤਾਂ ਫਿਰ ਕੀ ਇਸ ਦਾ ਮਤਲਬ ਇਹ ਹੈ ਕਿ ਗੁੱਸੇ ਵਿਚ ਭੜਕ ਉੱਠਣਾ ਚੰਗੀ ਗੱਲ ਹੈ? ਨਹੀਂ। ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਲੰਬੇ ਸਮੇਂ ਤਕ ਗੁੱਸੇ ਰਹਿਣਾ ਹਾਨੀਕਾਰਕ ਹੈ। (ਕਹਾਉਤਾਂ 14:29, 30) ਪਰ ਦੂਜੇ ਪਾਸੇ ਜੇ ਅਸੀਂ ਆਪਣੇ ਕਿਸੇ ਹਮਦਰਦ ਨਾਲ ਇਸ ਬਾਰੇ ਗੱਲ ਕਰੀਏ, ਤਾਂ ਸਾਨੂੰ ਦਿਲਾਸਾ ਮਿਲ ਸਕਦਾ ਹੈ। ਸ਼ਾਇਦ ਅਸੀਂ ਕਿਸੇ ਕੰਮ ਜਾਂ ਕਸਰਤ ਕਰਨ ਵਿਚ ਰੁੱਝ ਕੇ ਆਪਣੇ ਗੁੱਸੇ ਨੂੰ ਕਾਬੂ ਕਰ ਸਕਦੇ ਹਾਂ।—ਅਫ਼ਸੀਆਂ 4:25, 26 ਵੀ ਦੇਖੋ।

ਆਪਣੀਆਂ ਭਾਵਨਾਵਾਂ ਬਾਰੇ ਖੁੱਲ੍ਹ ਕੇ ਗੱਲ ਕਰਨੀ ਜ਼ਰੂਰੀ ਹੈ, ਪਰ ਸਾਨੂੰ ਇਕ-ਦੋ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ: ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਵੇਲੇ ਸਾਨੂੰ ਦੂਜਿਆਂ ਉੱਤੇ ਬੋਝ ਨਹੀਂ ਪਾਉਣਾ ਚਾਹੀਦਾ। ਸਾਨੂੰ ਆਪਣੇ ਗੁੱਸੇ ਲਈ ਦੂਸਰਿਆਂ ਨੂੰ ਕਸੂਰਵਾਰ ਨਹੀਂ ਸਮਝਣਾ ਚਾਹੀਦਾ ਤੇ ਨਾ ਹੀ ਉਨ੍ਹਾਂ ਨਾਲ ਗੱਲ ਕਰਦੇ ਸਮੇਂ ਸਾਨੂੰ ਰੁੱਖੇ ਸ਼ਬਦ ਵਰਤਣੇ ਚਾਹੀਦੇ ਹਨ। (ਕਹਾਉਤਾਂ 18:21) ਆਓ ਆਪਾਂ ਹੁਣ ਦੇਖੀਏ ਕਿ ਆਪਣੇ ਦੁੱਖ ਦਾ ਸਾਮ੍ਹਣਾ ਕਰਨ ਵਿਚ ਸਾਨੂੰ ਖ਼ਾਸ ਕਰਕੇ ਕੌਣ ਮਦਦ ਦੇ ਸਕਦਾ ਹੈ?

ਪਰਮੇਸ਼ੁਰ ਵੱਲੋਂ ਸਹਾਇਤਾ

ਬਾਈਬਲ ਸਾਨੂੰ ਤਸੱਲੀ ਦਿੰਦੀ ਹੈ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:18) ਜੀ ਹਾਂ, ਹੋਰ ਕਿਸੇ ਨਾਲੋਂ ਵੀ ਜ਼ਿਆਦਾ ਰੱਬ ਸਾਡੀ ਮਦਦ ਕਰ ਸਕਦਾ ਹੈ। ਉਸ ਨਾਲ ਆਪਣਾ ਰਿਸ਼ਤਾ ਗੂੜ੍ਹਾ ਬਣਾਉਣ ਨਾਲ ਸਾਡੀ ਮਦਦ ਹੋ ਸਕਦੀ ਹੈ। ਇਸ ਰਸਾਲੇ ਵਿਚ ਦਿੱਤੀ ਗਈ ਸਾਰੀ ਸਲਾਹ ਪਰਮੇਸ਼ੁਰ ਦੇ ਬਚਨ ਵਿੱਚੋਂ ਲਈ ਗਈ ਹੈ। ਇਸ ਨੂੰ ਲਾਗੂ ਕਰ ਕੇ ਅਸੀਂ ਆਪਣਾ ਦੁੱਖ ਸਹਿ ਸਕਾਂਗੇ।

ਇਸ ਸਲਾਹ ਦੇ ਨਾਲ-ਨਾਲ ਅਸੀਂ ਪ੍ਰਾਰਥਨਾ ਦਾ ਸਹਾਰਾ ਵੀ ਲੈ ਸਕਦੇ ਹਾਂ। ਬਾਈਬਲ ਸਾਨੂੰ ਇਹ ਨਸੀਹਤ ਦਿੰਦੀ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ।” (ਜ਼ਬੂਰਾਂ ਦੀ ਪੋਥੀ 55:22) ਜੇ ਆਪਣੇ ਕਿਸੇ ਹਮਦਰਦ ਨਾਲ ਗੱਲ ਕਰਨ ਨਾਲ ਸਾਡਾ ਦਿਲ ਹੌਲਾ ਹੋ ਸਕਦਾ ਹੈ, ਤਾਂ ਜ਼ਰਾ ਸੋਚੋ ਕਿ ‘ਸਰਬ ਦਿਲਾਸੇ ਦੇ ਪਰਮੇਸ਼ੁਰ’ ਸਾਮ੍ਹਣੇ ਆਪਣਾ ਦਿਲ ਖੋਲ੍ਹ ਕੇ ਸਾਨੂੰ ਕਿੰਨੀ ਤਸੱਲੀ ਮਿਲੇਗੀ!—2 ਕੁਰਿੰਥੀਆਂ 1:3.

ਪ੍ਰਾਰਥਨਾ ਕਰਨ ਨਾਲ ਸਾਨੂੰ ਸਕੂਨ ਮਿਲੇਗਾ। ਇਸ ਦੇ ਨਾਲ-ਨਾਲ ‘ਪ੍ਰਾਰਥਨਾ ਦਾ ਸੁਣਨ ਵਾਲਾ’ ਆਪਣੇ ਸੇਵਕਾਂ ਨੂੰ ਪਵਿੱਤਰ ਆਤਮਾ ਦੇਣ ਦਾ ਵਾਅਦਾ ਕਰਦਾ ਹੈ ਜੋ ਸੱਚੇ ਦਿਲੋਂ ਇਸ ਦੀ ਮੰਗ ਕਰਦੇ ਹਨ। (ਜ਼ਬੂਰਾਂ ਦੀ ਪੋਥੀ 65:2; ਲੂਕਾ 11:13) ਪਰਮੇਸ਼ੁਰ ਦੀ ਪਵਿੱਤਰ ਆਤਮਾ ਤੋਂ ਸਾਨੂੰ ਹਰ ਰੋਜ਼ “ਮਹਾ-ਸ਼ਕਤੀ” ਮਿਲੇਗੀ। (2 ਕੁਰਿੰਥੁਸ 4:7, ਨਵਾਂ ਅਨੁਵਾਦ) ਯਾਦ ਰੱਖੋ: ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਨੂੰ ਹਰੇਕ ਮੁਸ਼ਕਲ ਸਹਿਣ ਦੀ ਤਾਕਤ ਦੇ ਸਕਦਾ ਹੈ।

ਇਕ ਔਰਤ ਦੱਸਦੀ ਹੈ ਕਿ ਆਪਣੀ ਬੱਚੀ ਦੇ ਗੁਜ਼ਰ ਜਾਣ ਮਗਰੋਂ ਉਸ ਨੂੰ ਅਤੇ ਉਸ ਦੇ ਪਤੀ ਨੂੰ ਪ੍ਰਾਰਥਨਾ ਦੇ ਜ਼ਰੀਏ ਕਿੱਦਾਂ ਮਦਦ ਮਿਲੀ। ਉਸ ਨੇ ਕਿਹਾ: “ਜਦੋਂ ਦੁਖੀ ਭਾਵਨਾਵਾਂ ਸਮੁੰਦਰ ਦੀਆਂ ਲਹਿਰਾਂ ਵਾਂਗ ਉੱਠਦੀਆਂ ਸਨ, ਤਾਂ ਅਸੀਂ ਉੱਚੀ ਆਵਾਜ਼ ਵਿਚ ਇਕੱਠੇ ਪ੍ਰਾਰਥਨਾ ਕਰਦੇ ਸਾਂ। ਪਹਿਲੀ ਵਾਰੀ ਉਸ ਦੇ ਬਗੈਰ ਮੀਟਿੰਗ, ਅਸੈਂਬਲੀ ਜਾਂ ਹੋਰ ਕਿਤੇ ਜਾਣਾ ਬੜਾ ਔਖਾ ਸੀ। ਅਸੀਂ ਪਰਮੇਸ਼ੁਰ ਦੀ ਸ਼ਕਤੀ ਲਈ ਪ੍ਰਾਰਥਨਾ ਕਰਦੇ ਸਾਂ। ਕਦੀ-ਕਦੀ ਸਵੇਰ ਨੂੰ ਉੱਠਦਿਆਂ ਹੀ ਸਾਨੂੰ ਉਦਾਸੀ ਘੇਰ ਲੈਂਦੀ ਸੀ। ਉਦੋਂ ਅਸੀਂ ਤਰਲੇ ਕਰ ਕੇ ਯਹੋਵਾਹ ਤੋਂ ਮਦਦ ਮੰਗਦੇ ਸਾਂ। ਜਦੋਂ ਮੈਂ ਬਾਹਰੋਂ ਆਉਂਦੀ ਸੀ, ਤਾਂ ਘਰ ਦਾ ਸੁੰਨਾਪਨ ਮੈਨੂੰ ਵੱਢ-ਵੱਢ ਖਾਂਦਾ ਸੀ। ਉਸ ਵੇਲੇ ਮੈਂ ਯਹੋਵਾਹ ਤੋਂ ਦਿਲਾਸਾ ਮੰਗਦੀ ਸੀ।” ਇਸ ਭੈਣ ਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਨੇ ਉਸ ਦੀ ਪੁਕਾਰ ਸੁਣੀ। ਜੇ ਅਸੀਂ ਵੀ ਲਗਾਤਾਰ ਪ੍ਰਾਰਥਨਾ ਕਰਾਂਗੇ, ਤਾਂ ‘ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਸਾਡੇ ਮਨ ਅਤੇ ਸੋਚਾਂ ਦੀ ਰਾਖੀ ਕਰੇਗੀ।’—ਫ਼ਿਲਿੱਪੀਆਂ 4:6, 7; ਰੋਮੀਆਂ 12:12.

ਪਰਮੇਸ਼ੁਰ ਦੀ ਸਹਾਇਤਾ ਨਾਲ ਸਾਡੇ ਜ਼ਖ਼ਮ ਜ਼ਰੂਰ ਭਰ ਜਾਣਗੇ। ਪੌਲੁਸ ਰਸੂਲ ਨੇ ਕਿਹਾ ਕਿ ਪਰਮੇਸ਼ੁਰ “ਸਾਡੀਆਂ ਸਾਰੀਆਂ ਬਿਪਤਾਂ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਭਈ ਅਸੀਂ . . . ਓਹਨਾਂ ਨੂੰ ਹਰ ਬਿਪਤਾ ਵਿੱਚ ਦਿਲਾਸਾ ਦੇਣ ਜੋਗੇ ਹੋਈਏ।” ਇਹ ਗੱਲ ਸੱਚ ਹੈ ਕਿ ਸਾਡਾ ਦੁੱਖ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਵੇਗਾ। ਸਾਡੇ ਮਰੇ ਹੋਏ ਅਜ਼ੀਜ਼ ਸਾਨੂੰ ਜ਼ਰੂਰ ਯਾਦ ਆਉਣਗੇ ਅਤੇ ਕਦੀ-ਕਦੀ ਅਸੀਂ ਸ਼ਾਇਦ ਉਦਾਸ ਵੀ ਹੋ ਜਾਵਾਂਗੇ। ਪਰ ਰੱਬ ਸਾਨੂੰ ਸਹਿਣ ਦੀ ਸ਼ਕਤੀ ਬਖ਼ਸ਼ੇਗਾ ਅਤੇ ਅਸੀਂ ਹੌਲੀ-ਹੌਲੀ ਠੀਕ ਹੋ ਜਾਵਾਂਗੇ। ਇਸ ਦੇ ਨਾਲ-ਨਾਲ ਆਪਣੇ ਤਜਰਬੇ ਕਰਕੇ ਅਸੀਂ ਸਮਝਦਾਰੀ ਅਤੇ ਹਮਦਰਦੀ ਨਾਲ ਦੂਸਰਿਆਂ ਦੀ ਵੀ ਮਦਦ ਕਰ ਸਕਦੇ ਹਾਂ ਜਿਨ੍ਹਾਂ ਉੱਤੇ ਸਾਡੇ ਵਾਂਗ ਬੀਤੀ ਹੈ।—2 ਕੁਰਿੰਥੀਆਂ 1:4.