Skip to content

ਮੈਂ ਪਰਮੇਸ਼ੁਰ ਨਾਲ ਦੋਸਤੀ ਕਿਵੇਂ ਕਰਾਂ?

ਮੈਂ ਪਰਮੇਸ਼ੁਰ ਨਾਲ ਦੋਸਤੀ ਕਿਵੇਂ ਕਰਾਂ?

ਅਧਿਆਇ 35

ਮੈਂ ਪਰਮੇਸ਼ੁਰ ਨਾਲ ਦੋਸਤੀ ਕਿਵੇਂ ਕਰਾਂ?

ਜੇਰੇਮੀ ਕਹਿੰਦਾ ਹੈ: “ਜਦੋਂ ਮੈਂ 12 ਸਾਲਾਂ ਦਾ ਸੀ, ਤਾਂ ਡੈਡੀ ਸਾਨੂੰ ਛੱਡ ਕੇ ਚਲੇ ਗਏ। ਮੈਨੂੰ ਯਾਦ ਹੈ ਕਿ ਇਕ ਰਾਤ ਮੈਂ ਯਹੋਵਾਹ ਨੂੰ ਪ੍ਰਾਰਥਨਾ ਕਰ ਰਿਹਾ ਸੀ ਕਿ ਡੈਡੀ ਵਾਪਸ ਆ ਜਾਣ।” ਉਸ ਵੇਲੇ ਜੇਰੇਮੀ ਨੂੰ ਅਹਿਸਾਸ ਹੋਇਆ ਕਿ ਪਰਮੇਸ਼ੁਰ ਨਾਲ ਦੋਸਤੀ ਹੋਣੀ ਕਿੰਨੀ ਜ਼ਰੂਰੀ ਹੈ।

ਜੇਰੇਮੀ ਬਹੁਤ ਦੁਖੀ ਹੋ ਗਿਆ, ਇਸ ਲਈ ਉਹ ਬਾਈਬਲ ਪੜ੍ਹਨ ਲੱਗਾ। ਜਦੋਂ ਉਸ ਨੇ ਜ਼ਬੂਰ 10:14 ਪੜ੍ਹਿਆ, ਤਾਂ ਉਸ ਨੂੰ ਬਹੁਤ ਚੰਗਾ ਲੱਗਾ। ਉੱਥੇ ਯਹੋਵਾਹ ਬਾਰੇ ਲਿਖਿਆ ਹੈ: “ਲਾਚਾਰ ਇਨਸਾਨ ਮਦਦ ਲਈ ਤੇਰੇ ਕੋਲ ਆਉਂਦੇ ਹਨ; ਤੂੰ ਯਤੀਮ ਦਾ ਸਹਾਰਾ ਹੈਂ।” ਜੇਰੇਮੀ ਕਹਿੰਦਾ ਹੈ: “ਜਦੋਂ ਮੈਂ ਇਹ ਆਇਤ ਪੜ੍ਹੀ, ਤਾਂ ਮੈਨੂੰ ਇੱਦਾਂ ਲੱਗਾ ਕਿ ਯਹੋਵਾਹ ਮੇਰੇ ਨਾਲ ਗੱਲ ਕਰ ਰਿਹਾ ਹੈ ਤੇ ਮੈਨੂੰ ਕਹਿ ਰਿਹਾ ਹੈ ਕਿ ਉਹ ਮੇਰਾ ਪਿਤਾ ਹੈ, ਉਹ ਮੇਰੀ ਮਦਦ ਕਰੇਗਾ। ਮੈਂ ਸੋਚਿਆ ਕਿ ਉਸ ਤੋਂ ਚੰਗਾ ਪਿਤਾ ਕੋਈ ਹੋ ਹੀ ਨਹੀਂ ਸਕਦਾ।”

ਹੋ ਸਕਦਾ ਹੈ ਕਿ ਤੁਹਾਡੇ ਹਾਲਾਤ ਜੇਰੇਮੀ ਵਰਗੇ ਨਾ ਹੋਣ, ਪਰ ਯਹੋਵਾਹ ਤੁਹਾਡੇ ਨਾਲ ਵੀ ਦੋਸਤੀ ਕਰਨੀ ਚਾਹੁੰਦਾ ਹੈ। ਬਾਈਬਲ ਵਿਚ ਲਿਖਿਆ ਹੈ: “ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:8) ਚਾਹੇ ਕਿ ਪਰਮੇਸ਼ੁਰ ਬਹੁਤ ਮਹਾਨ ਹੈ ਤੇ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ, ਫਿਰ ਵੀ ਉਹ ਚਾਹੁੰਦਾ ਹੈ ਕਿ ਤੁਸੀਂ ਉਸ ਨਾਲ ਦੋਸਤੀ ਕਰੋ। ਇਹ ਕਿੰਨੀ ਵੱਡੀ ਗੱਲ ਹੈ!

ਜੇ ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਵੀ ਕੁਝ ਕਰਨਾ ਪੈਣਾ। ਮਿਸਾਲ ਲਈ, ਜੇ ਤੁਸੀਂ ਇਕ ਬੂਟਾ ਲਾਇਆ ਹੈ, ਤਾਂ ਉਹ ਆਪਣੇ ਆਪ ਹੀ ਨਹੀਂ ਵਧਣਾ। ਤੁਹਾਨੂੰ ਉਸ ਨੂੰ ਪਾਣੀ ਦੇਣਾ ਪੈਣਾ, ਖਾਦ ਪਾਉਣੀ ਪੈਣੀ ਤੇ ਉਸ ਨੂੰ ਧੁੱਪ ਵਿਚ ਰੱਖਣਾ ਪੈਣਾ। ਉਸੇ ਤਰ੍ਹਾਂ ਪਰਮੇਸ਼ੁਰ ਨਾਲ ਤੁਹਾਡੀ ਦੋਸਤੀ ਆਪਣੇ ਆਪ ਹੀ ਗੂੜ੍ਹੀ ਨਹੀਂ ਹੋਣੀ, ਤੁਹਾਨੂੰ ਕੁਝ ਕਰਨਾ ਪੈਣਾ।

ਬਾਈਬਲ ਪੜ੍ਹੋ

ਅਸੀਂ ਆਪਣੇ ਦੋਸਤਾਂ ਨਾਲ ਗੱਲਾਂ ਕਰਦੇ ਹਾਂ ਤੇ ਉਨ੍ਹਾਂ ਦੀ ਸੁਣਦੇ ਹਾਂ। ਇਸ ਤਰ੍ਹਾਂ ਕਰ ਕੇ ਸਾਡੀ ਦੋਸਤੀ ਗੂੜ੍ਹੀ ਹੁੰਦੀ ਹੈ। ਉਸੇ ਤਰ੍ਹਾਂ ਜਦੋਂ ਅਸੀਂ ਪਰਮੇਸ਼ੁਰ ਦੇ ਨਾਲ ਗੱਲ ਕਰਦੇ ਹਾਂ ਤੇ ਉਸ ਦੀ ਸੁਣਦੇ ਹਾਂ, ਤਾਂ ਉਸ ਨਾਲ ਸਾਡੀ ਦੋਸਤੀ ਗੂੜ੍ਹੀ ਹੁੰਦੀ ਹੈ। ਬਾਈਬਲ ਪੜ੍ਹ ਕੇ ਅਸੀਂ ਜਾਣ ਸਕਦੇ ਹਾਂ ਕਿ ਪਰਮੇਸ਼ੁਰ ਸਾਨੂੰ ਕੀ ਕਹਿਣਾ ਚਾਹੁੰਦਾ ਹੈ।​—ਜ਼ਬੂਰ 1:2, 3.

ਹੋ ਸਕਦਾ ਹੈ ਕਿ ਤੁਹਾਨੂੰ ਪੜ੍ਹਨਾ ਇੰਨਾ ਪਸੰਦ ਨਾ ਹੋਵੇ। ਸ਼ਾਇਦ ਤੁਹਾਨੂੰ ਟੀ. ਵੀ. ਦੇਖਣਾ, ਖੇਡਣਾ ਜਾਂ ਆਪਣੇ ਦੋਸਤਾਂ ਨਾਲ ਘੁੰਮਣਾ-ਫਿਰਨਾ ਜ਼ਿਆਦਾ ਚੰਗਾ ਲੱਗੇ। ਪਰ ਜੇ ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰਨੀ ਚਾਹੁੰਦੇ ਹੋ, ਤਾਂ ਇਹ ਆਪਣੇ ਆਪ ਹੀ ਨਹੀਂ ਹੋ ਜਾਣੀ, ਤੁਹਾਨੂੰ ਮਿਹਨਤ ਕਰਨੀ ਪੈਣੀ। ਤੁਹਾਨੂੰ ਬਾਈਬਲ ਪੜ੍ਹ ਕੇ ਉਸ ਦੀ ਗੱਲ ਸੁਣਨ ਦੀ ਲੋੜ ਹੈ।

ਚਿੰਤਾ ਨਾ ਕਰੋ। ਬਾਈਬਲ ਪੜ੍ਹਨੀ ਬੋਰਿੰਗ ਨਹੀਂ ਹੈ। ਭਾਵੇਂ ਤੁਹਾਨੂੰ ਪੜ੍ਹਨਾ ਪਸੰਦ ਨਾ ਹੋਵੇ, ਪਰ ਹੌਲੀ-ਹੌਲੀ ਬਾਈਬਲ ਪੜ੍ਹਨ ਵਿਚ ਤੁਹਾਨੂੰ ਮਜ਼ਾ ਆਉਣ ਲੱਗ ਪਵੇਗਾ। ਸਭ ਤੋਂ ਪਹਿਲਾਂ ਤੁਹਾਨੂੰ ਬਾਈਬਲ ਪੜ੍ਹਨ ਲਈ ਇਕ ਸਮਾਂ ਤੈਅ ਕਰਨਾ ਪੈਣਾ। ਲਾਈਸ ਨਾਂ ਦੀ ਇਕ ਕੁੜੀ ਕਹਿੰਦੀ ਹੈ: “ਮੇਰਾ ਇਕ ਸ਼ਡਿਉਲ ਹੈ। ਮੈਂ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਬਾਈਬਲ ਦਾ ਇਕ ਅਧਿਆਇ ਪੜ੍ਹਦੀ ਹਾਂ।” ਨਾਲੇ 15 ਸਾਲਾਂ ਦੀ ਮਰੀਆ ਕਹਿੰਦੀ ਹੈ: “ਮੈਂ ਰੋਜ਼ ਰਾਤ ਬਾਈਬਲ ਦਾ ਇਕ ਛੋਟਾ ਜਿਹਾ ਹਿੱਸਾ ਪੜ੍ਹ ਕੇ ਸੌਂਦੀ ਹਾਂ।”

 ਆਪਣੀ ਬਾਈਬਲ ਤੋਂ ਜਾਣੂ ਹੋਵੋ’ ਨਾਂ ਦੀ ਡੱਬੀ ਵਿਚ ਬਾਈਬਲ ਪੜ੍ਹਨ ਬਾਰੇ ਕੁਝ ਚੰਗੇ ਸੁਝਾਅ ਦਿੱਤੇ ਗਏ ਹਨ। ਨਾਲੇ ਤੁਸੀਂ ਥੱਲੇ ਇਹ ਵੀ ਲਿਖ ਸਕਦੇ ਹੋ ਕਿ ਤੁਸੀਂ ਕਿਸ ਵੇਲੇ ਬਾਈਬਲ ਪੜ੍ਹੋਗੇ। ਜੇ ਤੁਸੀਂ ਚਾਹੋ, ਤਾਂ ਸਿਰਫ਼ ਅੱਧੇ ਘੰਟੇ ਲਈ ਹੀ ਬਾਈਬਲ ਪੜ੍ਹ ਸਕਦੇ ਹੋ।

․․․․․

ਜਦੋਂ ਤੁਸੀਂ ਬਾਈਬਲ ਪੜ੍ਹੋਗੇ, ਤਾਂ ਹੋ ਸਕਦਾ ਕਿ ਤੁਹਾਨੂੰ ਕੁਝ ਹਿੱਸੇ ਬੋਰਿੰਗ ਲੱਗਣ ਜਾਂ ਆਸਾਨੀ ਨਾਲ ਸਮਝ ਨਾ ਆਉਣ। 11 ਸਾਲਾਂ ਦੀ ਜੈਜ਼ਰੇਲ ਨੂੰ ਵੀ ਇੱਦਾਂ ਹੀ ਲੱਗਦਾ ਸੀ। ਉਸ ਨੇ ਕਿਹਾ: “ਬਾਈਬਲ ਦੇ ਕੁਝ ਹਿੱਸੇ ਸਮਝਣੇ ਸੌਖੇ ਨਹੀਂ ਹੁੰਦੇ ਤੇ ਉਨ੍ਹਾਂ ਨੂੰ ਪੜ੍ਹਨ ਵਿਚ ਇੰਨਾ ਮਜ਼ਾ ਵੀ ਨਹੀਂ ਆਉਂਦਾ।” ਜੇ ਤੁਹਾਨੂੰ ਵੀ ਇੱਦਾਂ ਹੀ ਲੱਗੇ, ਤਾਂ ਬਾਈਬਲ ਪੜ੍ਹਨੀ ਬੰਦ ਨਾ ਕਰੋ। ਇਸ ਨੂੰ ਪੜ੍ਹਦੇ ਵੇਲੇ ਸੋਚੋ ਕਿ ਤੁਸੀਂ ਆਪਣੇ ਦੋਸਤ ਯਹੋਵਾਹ ਦੀ ਗੱਲ ਸੁਣ ਰਹੇ ਹੋ। ਇੱਦਾਂ ਕਰ ਕੇ ਤੁਹਾਨੂੰ ਬਾਈਬਲ ਪੜ੍ਹਨੀ ਬੋਰਿੰਗ ਨਹੀਂ ਲੱਗੇਗੀ, ਸਗੋਂ ਤੁਹਾਨੂੰ ਮਜ਼ਾ ਆਵੇਗਾ। ਤੁਸੀਂ ਬਾਈਬਲ ਪੜ੍ਹਾਈ ਜਿੰਨੀ ਮਜ਼ੇਦਾਰ ਬਣਾਓਗੇ, ਤੁਹਾਡਾ ਬਾਈਬਲ ਪੜ੍ਹਨ ਦਾ ਉੱਨਾ ਹੀ ਦਿਲ ਕਰੇਗਾ।

ਪ੍ਰਾਰਥਨਾ ਕਰੋ

ਪ੍ਰਾਰਥਨਾ ਕਰ ਕੇ ਅਸੀਂ ਪਰਮੇਸ਼ੁਰ ਨਾਲ ਗੱਲ ਕਰ ਸਕਦੇ ਹਾਂ। ਜ਼ਰਾ ਸੋਚੋ, ਇਹ ਕਿੰਨੀ ਵੱਡੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਸਕਦੇ ਹਾਂ। ਚਾਹੇ ਦਿਨ ਹੋਵੇ ਜਾਂ ਰਾਤ, ਅਸੀਂ ਜਦੋਂ ਮਰਜ਼ੀ ਪਰਮੇਸ਼ੁਰ ਨਾਲ ਗੱਲ ਕਰ ਸਕਦੇ ਹਾਂ। ਉਹ ਹਮੇਸ਼ਾ ਸਾਡੀ ਸੁਣਨ ਲਈ ਤਿਆਰ ਰਹਿੰਦਾ ਹੈ। ਉਸ ਨੂੰ ਸਾਡੀਆਂ ਪ੍ਰਾਰਥਨਾਵਾਂ ਸੁਣ ਕੇ ਬਹੁਤ ਚੰਗਾ ਲੱਗਦਾ ਹੈ। ਇਸੇ ਕਰਕੇ ਬਾਈਬਲ ਵਿਚ ਲਿਖਿਆ ਹੈ: “ਹਰ ਗੱਲ ਬਾਰੇ ਪਰਮੇਸ਼ੁਰ ਨੂੰ ਪ੍ਰਾਰਥਨਾ, ਫ਼ਰਿਆਦ, ਧੰਨਵਾਦ ਤੇ ਬੇਨਤੀ ਕਰੋ।”​—ਫ਼ਿਲਿੱਪੀਆਂ 4:6.

ਜਿਵੇਂ ਅਸੀਂ ਆਇਤ ਵਿਚ ਪੜ੍ਹਿਆ, ਤੁਸੀਂ ਕਈ ਗੱਲਾਂ ਬਾਰੇ ਪ੍ਰਾਰਥਨਾ ਕਰ ਸਕਦੇ ਹੋ। ਤੁਸੀਂ ਆਪਣੀਆਂ ਚਿੰਤਾਵਾਂ ਜਾਂ ਪਰੇਸ਼ਾਨੀਆਂ ਲਈ ਪ੍ਰਾਰਥਨਾ ਕਰ ਸਕਦੇ ਹੋ। ਤੁਸੀਂ ਉਨ੍ਹਾਂ ਗੱਲਾਂ ਲਈ ਵੀ ਪ੍ਰਾਰਥਨਾ ਕਰ ਸਕਦੇ ਹੋ ਜਿਨ੍ਹਾਂ ਲਈ ਤੁਸੀਂ ਅਹਿਸਾਨਮੰਦ ਹੋ। ਜਦੋਂ ਤੁਹਾਡਾ ਕੋਈ ਦੋਸਤ ਤੁਹਾਡੇ ਲਈ ਕੁਝ ਚੰਗਾ ਕਰਦਾ ਹੈ, ਤਾਂ ਤੁਸੀਂ ਉਸ ਦਾ ਧੰਨਵਾਦ ਕਰਦੇ ਹੋ। ਉਸੇ ਤਰ੍ਹਾਂ ਤੁਸੀਂ ਯਹੋਵਾਹ ਦਾ ਵੀ ਧੰਨਵਾਦ ਕਰ ਸਕਦੇ ਹੋ। ਸੱਚ ਤਾਂ ਇਹ ਹੈ ਕਿ ਜਿੰਨਾ ਯਹੋਵਾਹ ਨੇ ਤੁਹਾਡੇ ਲਈ ਕੀਤਾ ਹੈ, ਉੱਨਾ ਸ਼ਾਇਦ ਹੀ ਤੁਹਾਡਾ ਕੋਈ ਹੋਰ ਦੋਸਤ ਕਰੇਗਾ।​—ਜ਼ਬੂਰ 106:1.

ਥੱਲੇ ਦਿੱਤੀ ਜਗ੍ਹਾ ’ਤੇ ਲਿਖੋ ਕਿ ਤੁਸੀਂ ਕਿਨ੍ਹਾਂ ਗੱਲਾਂ ਲਈ ਯਹੋਵਾਹ ਦੇ ਅਹਿਸਾਨਮੰਦ ਹੋ।

․․․․․

ਕਦੇ-ਨਾ-ਕਦੇ ਤੁਹਾਨੂੰ ਜ਼ਰੂਰ ਕਿਸੇ ਗੱਲ ਬਾਰੇ ਚਿੰਤਾ ਹੋਈ ਹੋਣੀ। ਬਾਈਬਲ ਵਿਚ ਲਿਖਿਆ ਹੈ: “ਆਪਣਾ ਸਾਰਾ ਬੋਝ ਯਹੋਵਾਹ ’ਤੇ ਸੁੱਟ ਦੇ ਅਤੇ ਉਹ ਤੈਨੂੰ ਸੰਭਾਲੇਗਾ। ਉਹ ਧਰਮੀ ਨੂੰ ਕਦੇ ਵੀ ਡਿਗਣ ਨਹੀਂ ਦੇਵੇਗਾ।”​—ਜ਼ਬੂਰ 55:22.

ਥੱਲੇ ਉਨ੍ਹਾਂ ਚਿੰਤਾਵਾਂ ਜਾਂ ਪਰੇਸ਼ਾਨੀਆਂ ਬਾਰੇ ਲਿਖੋ ਜਿਨ੍ਹਾਂ ਬਾਰੇ ਤੁਸੀਂ ਪ੍ਰਾਰਥਨਾ ਕਰਨੀ ਚਾਹੁੰਦੇ ਹੋ।

․․․․․

ਸੋਚੋ ਕਿ ਯਹੋਵਾਹ ਨੇ ਤੁਹਾਡੇ ਲਈ ਕੀ ਕੀਤਾ ਹੈ

ਇਕ ਹੋਰ ਗੱਲ ਕਰਕੇ ਯਹੋਵਾਹ ਨਾਲ ਤੁਹਾਡੀ ਦੋਸਤੀ ਗੂੜ੍ਹੀ ਹੋ ਸਕਦੀ ਹੈ। ਰਾਜਾ ਦਾਊਦ ਨੇ ਲਿਖਿਆ: “ਚੱਖੋ ਅਤੇ ਦੇਖੋ ਕਿ ਯਹੋਵਾਹ ਭਲਾ ਹੈ।” (ਜ਼ਬੂਰ 34:8) ਬਾਈਬਲ ਦਾ ਇਹ ਜ਼ਬੂਰ ਲਿਖਣ ਤੋਂ ਪਹਿਲਾਂ ਰਾਜਾ ਦਾਊਦ ਇਕ ਬਹੁਤ ਹੀ ਔਖੀ ਘੜੀ ਵਿੱਚੋਂ ਲੰਘਿਆ ਸੀ। ਇਜ਼ਰਾਈਲ ਦਾ ਰਾਜਾ ਸ਼ਾਊਲ ਹੱਥ ਧੋ ਕੇ ਉਸ ਪਿੱਛੇ ਪਿਆ ਹੋਇਆ ਸੀ। ਉਹ ਆਪਣੀ ਜਾਨ ਬਚਾਉਣ ਲਈ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਭੱਜ ਰਿਹਾ ਸੀ। ਕੁਝ ਸਮੇਂ ਲਈ ਉਸ ਨੂੰ ਆਪਣੇ ਦੁਸ਼ਮਣਾਂ ਯਾਨੀ ਫਲਿਸਤੀਆਂ ਵਿਚਕਾਰ ਰਹਿਣਾ ਪਿਆ। ਆਪਣੀ ਜਾਨ ਬਚਾਉਣ ਲਈ ਇਕ ਵਾਰ ਤਾਂ ਉਸ ਨੂੰ ਪਾਗਲ ਹੋਣ ਦਾ ਢੌਂਗ ਵੀ ਕਰਨਾ ਪਿਆ।​—1 ਸਮੂਏਲ 21:10-15.

ਦਾਊਦ ਨੇ ਇਹ ਨਹੀਂ ਕਿਹਾ ਕਿ ਉਸ ਦੀ ਆਪਣੀ ਹੁਸ਼ਿਆਰੀ ਕਰਕੇ ਉਸਦੀ ਜਾਨ ਬਚੀ। ਇਸ ਦੀ ਬਜਾਇ ਉਸ ਨੇ ਕਿਹਾ ਕਿ ਯਹੋਵਾਹ ਨੇ ਉਸ ਦੀ ਜਾਨ ਬਚਾਈ। ਉਸ ਨੇ ਆਪਣੇ ਜ਼ਬੂਰ ਵਿਚ ਲਿਖਿਆ: “ਮੈਂ ਯਹੋਵਾਹ ਤੋਂ ਸਲਾਹ ਮੰਗੀ ਅਤੇ ਉਸ ਨੇ ਮੈਨੂੰ ਜਵਾਬ ਦਿੱਤਾ। ਉਸ ਨੇ ਮੇਰਾ ਸਾਰਾ ਡਰ ਦੂਰ ਕਰ ਦਿੱਤਾ।” (ਜ਼ਬੂਰ 34:4) ਦਾਊਦ ਨੇ ਖ਼ੁਦ ਆਪਣੀ ਜ਼ਿੰਦਗੀ ਵਿਚ ਦੇਖਿਆ ਸੀ ਕਿ ਯਹੋਵਾਹ ਨੇ ਉਸ ਦੀ ਕਿੱਦਾਂ ਮਦਦ ਕੀਤੀ। ਇਸ ਲਈ ਉਹ ਦੂਸਰਿਆਂ ਨੂੰ ਵੀ ਕਹਿ ਸਕਿਆ: “ਚੱਖੋ ਅਤੇ ਦੇਖੋ ਕਿ ਯਹੋਵਾਹ ਭਲਾ ਹੈ।” *

ਕੀ ਤੁਹਾਡੇ ਨਾਲ ਕਦੇ ਕੁਝ ਇੱਦਾਂ ਹੋਇਆ ਜਿਸ ਕਰਕੇ ਤੁਹਾਨੂੰ ਲੱਗਾ ਕਿ ਯਹੋਵਾਹ ਨੂੰ ਤੁਹਾਡਾ ਬਹੁਤ ਫ਼ਿਕਰ ਹੈ? ਜੇ ਹਾਂ, ਤਾਂ ਉਸ ਨੂੰ ਲਿਖ ਲਓ। ਜ਼ਰੂਰੀ ਨਹੀਂ ਕਿ ਉਹ ਬਹੁਤ ਵੱਡੀ ਗੱਲ ਹੋਵੇ। ਹੋ ਸਕਦਾ ਹੈ ਕਿ ਉਹ ਬਹੁਤ ਛੋਟੀ ਜਿਹੀ ਗੱਲ ਹੋਵੇ ਤੇ ਸੁਣਨ ਵਿਚ ਵੀ ਕੁਝ ਖ਼ਾਸ ਨਾ ਲੱਗੇ। ਪਰ ਉਹ ਗੱਲ ਤੁਹਾਡੇ ਲਈ ਬਹੁਤ ਖ਼ਾਸ ਸੀ।

․․․․․

ਜੇ ਤੁਹਾਡੇ ਮੰਮੀ-ਡੈਡੀ ਨੇ ਤੁਹਾਨੂੰ ਬਾਈਬਲ ਬਾਰੇ ਸਿਖਾਇਆ ਹੈ, ਤਾਂ ਇਹ ਬਹੁਤ ਚੰਗੀ ਗੱਲ ਹੈ। ਪਰ ਤੁਹਾਨੂੰ ਖ਼ੁਦ ਪਰਮੇਸ਼ੁਰ ਨਾਲ ਦੋਸਤੀ ਕਰਨੀ ਪੈਣੀ। ਇਸ ਅਧਿਆਇ ਵਿਚ ਦਿੱਤੇ ਸੁਝਾਅ ਲਾਗੂ ਕਰ ਕੇ ਤੁਸੀਂ ਯਹੋਵਾਹ ਨਾਲ ਦੋਸਤੀ ਕਰ ਸਕਦੇ ਹੋ। ਜੇ ਤੁਸੀਂ ਕੋਸ਼ਿਸ਼ ਕਰੋਗੇ, ਤਾਂ ਯਹੋਵਾਹ ਤੁਹਾਡੇ ਨਾਲ ਦੋਸਤੀ ਜ਼ਰੂਰ ਕਰੇਗਾ। ਬਾਈਬਲ ਵਿਚ ਲਿਖਿਆ ਹੈ: “ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ।”​—ਮੱਤੀ 7:7.

[ਫੁਟਨੋਟ]

^ ਪੈਰਾ 24 ਕੁਝ ਬਾਈਬਲਾਂ ਵਿਚ “ਚੱਖੋ ਅਤੇ ਦੇਖੋ” ਦੀ ਬਜਾਇ ਕੁਝ ਅਜਿਹਾ ਕਿਹਾ ਗਿਆ ਹੈ, “ਅਜ਼ਮਾ ਕੇ ਦੇਖੋ,” “ਖ਼ੁਦ ਪਤਾ ਲਗਾ ਕੇ ਦੇਖੋ” ਅਤੇ “ਖ਼ੁਦ ਪਰਖ ਕੇ ਦੇਖੋ।”​—ਉਰਦੂ ਓ. ਵੀ., ਟੂਡੇਜ਼ ਇੰਗਲਿਸ਼ ਵਰਯਨ ਅਤੇ ਦ ਬਾਈਬਲ ਇਨ ਬੇਸਿਕ ਇੰਗਲਿਸ਼।

ਮੁੱਖ ਹਵਾਲਾ

“ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।”​—ਮੱਤੀ 5:3.

ਸੁਝਾਅ

ਜੇ ਤੁਸੀਂ ਹਰ ਰੋਜ਼ ਬਾਈਬਲ ਦੇ ਤਿੰਨ ਤੋਂ ਪੰਜ ਅਧਿਆਇ ਪੜ੍ਹੋਗੇ, ਤਾਂ ਤੁਸੀਂ ਇਕ ਸਾਲ ਵਿਚ ਪੂਰੀ ਬਾਈਬਲ ਪੜ੍ਹ ਸਕੋਗੇ।

ਕੀ ਤੁਹਾਨੂੰ ਪਤਾ ਹੈ . . . ?

ਯਹੋਵਾਹ ਤੁਹਾਡੀ ਬਹੁਤ ਪਰਵਾਹ ਕਰਦਾ ਹੈ, ਇਸ ਲਈ ਉਸ ਨੇ ਤੁਹਾਨੂੰ ਆਪਣਾ ਬਚਨ ਬਾਈਬਲ ਦਿੱਤਾ ਹੈ ਅਤੇ ਇਸ ਵਿਚ ਵਧੀਆ ਸਲਾਹਾਂ ਦਿੱਤੀਆਂ ਹਨ ਜਿਨ੍ਹਾਂ ਤੋਂ ਤੁਹਾਨੂੰ ਫ਼ਾਇਦਾ ਹੋਵੇਗਾ।​—ਯੂਹੰਨਾ 6:​44.

ਮੈਂ ਇਸ ਤਰ੍ਹਾਂ ਕਰਨਾ!

ਬਾਈਬਲ ਵਿਚ ਲਿਖੀਆਂ ਗੱਲਾਂ ਚੰਗੀ ਤਰ੍ਹਾਂ ਸਮਝਣ ਲਈ ਮੈਂ ਇਹ ਕਰਾਂਗਾ . . .

ਪ੍ਰਾਰਥਨਾ ਕਰਨ ਲਈ ਮੈਂ ਇਹ ਸਮਾਂ ਕੱਢਾਂਗਾ . . .

ਯਹੋਵਾਹ ਨਾਲ ਦੋਸਤੀ ਕਰਨ ਬਾਰੇ ਮੈਂ ਆਪਣੇ ਮੰਮੀ-ਡੈਡੀ ਤੋਂ ਇਹ ਪੁੱਛਾਂਗਾ . . .

ਤੁਸੀਂ ਕੀ ਸੋਚਦੇ ਹੋ?

● ਜੇ ਤੁਸੀਂ ਚਾਹੁੰਦੇ ਹੋ ਕਿ ਬਾਈਬਲ ਪੜ੍ਹਨ ਵਿਚ ਤੁਹਾਨੂੰ ਮਜ਼ਾ ਆਵੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

● ਯਹੋਵਾਹ ਨੂੰ ਸਾਡੇ ਵਰਗੇ ਇਨਸਾਨਾਂ ਦੀਆਂ ਪ੍ਰਾਰਥਨਾਵਾਂ ਸੁਣਨੀਆਂ ਕਿਉਂ ਚੰਗੀਆਂ ਲੱਗਦੀਆਂ ਹਨ?

● ਤੁਸੀਂ ਹੋਰ ਵਧੀਆ ਪ੍ਰਾਰਥਨਾਵਾਂ ਕਿੱਦਾਂ ਕਰ ਸਕਦੇ ਹੋ?

[ਵੱਡੇ ਅੱਖਰਾਂ ਵਿਚ ਖ਼ਾਸ ਗੱਲ]

“ਜਦੋਂ ਮੈਂ ਛੋਟੀ ਸੀ, ਤਾਂ ਮੈਂ ਹਰ ਰੋਜ਼ ਇੱਕੋ ਜਿਹੀ ਪ੍ਰਾਰਥਨਾ ਕਰਦੀ ਸੀ। ਪਰ ਹੁਣ ਮੈਂ ਪਰਮੇਸ਼ੁਰ ਨੂੰ ਹਰ ਦਿਨ ਦੱਸਦੀ ਹਾਂ ਕਿ ਅੱਜ ਮੇਰੇ ਨਾਲ ਕੀ ਚੰਗਾ ਹੋਇਆ ਤੇ ਕੀ ਮਾੜਾ। ਜਿੱਦਾਂ ਹਰ ਦਿਨ ਇੱਕੋ ਜਿਹਾ ਨਹੀਂ ਹੁੰਦਾ, ਉਸੇ ਤਰ੍ਹਾਂ ਹੁਣ ਮੇਰੀਆਂ ਪ੍ਰਾਰਥਨਾਵਾਂ ਵੀ ਇੱਕੋ ਜਿਹੀਆਂ ਨਹੀਂ ਹੁੰਦੀਆਂ।”​—ਈਵ

[ਡੱਬੀ/ਤਸਵੀਰ]

ਆਪਣੀ ਬਾਈਬਲ ਤੋਂ ਜਾਣੂ ਹੋਵੋ

1. ਸੋਚੋ ਕਿ ਤੁਸੀਂ ਬਾਈਬਲ ਦਾ ਕਿਹੜਾ ਕਿੱਸਾ ਪੜ੍ਹੋਗੇ। ਪਰਮੇਸ਼ੁਰ ਤੋਂ ਬੁੱਧ ਲਈ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਜੋ ਪੜ੍ਹੋ, ਉਸ ਨੂੰ ਚੰਗੀ ਤਰ੍ਹਾਂ ਸਮਝ ਸਕੋ।

  2. ਧਿਆਨ ਨਾਲ ਪੜ੍ਹੋ। ਕਾਹਲੀ ਨਾ ਕਰੋ। ਉਸ ਕਿੱਸੇ ਨੂੰ ਆਰਾਮ ਨਾਲ ਪੜ੍ਹੋ। ਸੋਚੋ ਕਿ ਤੁਸੀਂ ਵੀ ਉੱਥੇ ਹੀ ਹੋ। ਆਲੇ-ਦੁਆਲੇ ਦਾ ਨਜ਼ਾਰਾ ਦੇਖੋ, ਲੋਕਾਂ ਦੀਆਂ ਆਵਾਜ਼ਾਂ ਸੁਣੋ, ਖਾਣਾ ਚੱਖੋ ਅਤੇ ਉੱਥੇ ਦੀ ਖ਼ੁਸ਼ਬੂ ਲਓ। ਇਸ ਤਰ੍ਹਾਂ ਕਰ ਕੇ ਉਸ ਘਟਨਾ ਦੀ ਆਪਣੇ ਮਨ ਵਿਚ ਜੀਉਂਦੀ-ਜਾਗਦੀ ਤਸਵੀਰ ਬਣਾਓ!

3. ਤੁਸੀਂ ਜੋ ਪੜ੍ਹਿਆ ਉਸ ਬਾਰੇ ਸੋਚੋ। ਮਿਸਾਲ ਲਈ, ਤੁਸੀਂ ਸੋਚ ਸਕਦੇ ਹੋ:

● ਯਹੋਵਾਹ ਨੇ ਇਹ ਕਿੱਸਾ ਬਾਈਬਲ ਵਿਚ ਕਿਉਂ ਲਿਖਵਾਇਆ ਹੋਣਾ?

● ਮੈਨੂੰ ਇਨ੍ਹਾਂ ਵਿੱਚੋਂ ਕਿਹੜੇ ਪਾਤਰਾਂ ਦੀ ਰੀਸ ਕਰਨੀ ਚਾਹੀਦੀ ਹੈ ਅਤੇ ਕਿਨ੍ਹਾਂ ਦੀ ਨਹੀਂ?

● ਇਸ ਕਿੱਸੇ ਤੋਂ ਮੈਂ ਕੀ ਸਿੱਖਿਆ?

● ਇਸ ਕਿੱਸੇ ਤੋਂ ਮੈਂ ਯਹੋਵਾਹ ਬਾਰੇ ਕੀ ਸਿੱਖਿਆ?

4. ਯਹੋਵਾਹ ਨੂੰ ਇਕ ਛੋਟੀ ਜਿਹੀ ਪ੍ਰਾਰਥਨਾ ਕਰੋ। ਉਸ ਨੂੰ ਦੱਸੋ ਕਿ ਤੁਸੀਂ ਆਪਣੀ ਬਾਈਬਲ ਪੜ੍ਹਾਈ ਤੋਂ ਕੀ ਸਿੱਖਿਆ ਅਤੇ ਤੁਸੀਂ ਇਨ੍ਹਾਂ ਗੱਲਾਂ ਨੂੰ ਲਾਗੂ ਕਿਵੇਂ ਕਰੋਗੇ। ਬਾਈਬਲ ਲਈ ਯਹੋਵਾਹ ਦਾ ਧੰਨਵਾਦ ਕਰੋ।

[ਤਸਵੀਰ]

“ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਅਤੇ ਮੇਰੇ ਰਾਹ ਲਈ ਚਾਨਣ ਹੈ।”​—ਜ਼ਬੂਰ 119:105.

[ਡੱਬੀ/ਤਸਵੀਰ]

ਜ਼ਰੂਰੀ ਕੰਮ ਪਹਿਲਾਂ ਕਰੋ

ਕੀ ਤੁਹਾਡੇ ਕੋਲ ਪ੍ਰਾਰਥਨਾ ਕਰਨ ਜਾਂ ਬਾਈਬਲ ਪੜ੍ਹਨ ਲਈ ਸਮਾਂ ਨਹੀਂ ਹੈ? ਕੀ ਇਸ ਦਾ ਕਾਰਨ ਇਹ ਤਾਂ ਨਹੀਂ ਕਿ ਤੁਸੀਂ ਗ਼ੈਰ-ਜ਼ਰੂਰੀ ਕੰਮਾਂ ਵਿਚ ਜ਼ਿਆਦਾ ਸਮਾਂ ਬਿਤਾ ਰਹੇ ਹੋ?

ਇੱਦਾਂ ਕਰ ਕੇ ਦੇਖੋ। ਇਕ ਬਾਲਟੀ ਲਓ ਅਤੇ ਉਸ ਵਿਚ ਵੱਡੇ-ਵੱਡੇ ਵੱਟੇ ਪਾ ਦਿਓ। ਫਿਰ ਪੂਰੀ ਬਾਲਟੀ ਰੇਤੇ ਨਾਲ ਭਰ ਦਿਓ। ਹੁਣ ਬਾਲਟੀ ਵਿਚ ਵੱਟੇ ਅਤੇ ਰੇਤਾ ਦੋਨੋਂ ਹਨ।

ਹੁਣ ਬਾਲਟੀ ਖਾਲੀ ਕਰ ਦਿਓ। ਇਸ ਵਾਰੀ ਬਾਲਟੀ ਵਿਚ ਪਹਿਲਾਂ ਰੇਤਾ ਪਾਓ ਅਤੇ ਫਿਰ ਵੱਟੇ। ਤੁਸੀਂ ਦੇਖੋਗੇ ਕਿ ਵੱਟਿਆਂ ਦੇ ਲਈ ਜਗ੍ਹਾ ਹੀ ਨਹੀਂ ਹੈ। ਉਹ ਇਸ ਲਈ ਕਿਉਂਕਿ ਤੁਸੀਂ ਪਹਿਲਾਂ ਰੇਤਾ ਪਾਇਆ ਅਤੇ ਫਿਰ ਵੱਟੇ।

ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਬਾਈਬਲ ਵਿਚ ਲਿਖਿਆ ਹੈ: “ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।” (ਫ਼ਿਲਿੱਪੀਆਂ 1:10) ਰੇਤਾ ਗ਼ੈਰ-ਜ਼ਰੂਰੀ ਕੰਮਾਂ ਵਾਂਗ ਹੈ ਅਤੇ ਵੱਟੇ ਜ਼ਰੂਰੀ ਕੰਮਾਂ ਵਾਂਗ। ਜੇ ਅਸੀਂ ਗ਼ੈਰ-ਜ਼ਰੂਰੀ ਕੰਮਾਂ ਨੂੰ ਪਹਿਲਾਂ ਕਰੀਏ, ਜਿਵੇਂ ਘੁੰਮਣਾ-ਫਿਰਨਾ ਜਾਂ ਖੇਡਣਾ, ਤਾਂ ਸਾਡੇ ਕੋਲ ਪ੍ਰਾਰਥਨਾ ਕਰਨ ਜਾਂ ਬਾਈਬਲ ਪੜ੍ਹਨ ਲਈ ਸਮਾਂ ਹੀ ਨਹੀਂ ਬਚੇਗਾ ਜੋ ਜ਼ਿਆਦਾ ਜ਼ਰੂਰੀ ਕੰਮ ਹਨ। ਪਰ ਜੇ ਅਸੀਂ ਬਾਈਬਲ ਦੀ ਸਲਾਹ ਮੰਨੀਏ ਅਤੇ ਜ਼ਰੂਰੀ ਕੰਮ ਪਹਿਲਾਂ ਕਰੀਏ, ਤਾਂ ਸਾਡੇ ਕੋਲ ਖੇਡਣ ਲਈ ਵੀ ਸਮਾਂ ਹੋਵੇਗਾ ਅਤੇ ਪ੍ਰਾਰਥਨਾ ਕਰਨ ਤੇ ਬਾਈਬਲ ਪੜ੍ਹਨ ਲਈ ਵੀ। ਸੌ ਗੱਲਾਂ ਦੀ ਇਕ ਗੱਲ: ਜਿਹੜੇ ਕੰਮ ਜ਼ਿਆਦਾ ਜ਼ਰੂਰੀ ਹਨ, ਉਹ ਪਹਿਲਾਂ ਕਰੋ।

[ਤਸਵੀਰ]

ਜਿਵੇਂ ਇਕ ਪੌਦਾ ਆਪਣੇ ਆਪ ਹੀ ਨਹੀਂ ਵਧਦਾ, ਉਸੇ ਤਰ੍ਹਾਂ ਪਰਮੇਸ਼ੁਰ ਨਾਲ ਤੁਹਾਡੀ ਦੋਸਤੀ ਵੀ ਆਪਣੇ ਆਪ ਹੀ ਗੂੜ੍ਹੀ ਨਹੀਂ ਹੋਣੀ। ਇਸ ਦੇ ਲਈ ਤੁਹਾਨੂੰ ਮਿਹਨਤ ਕਰਨੀ ਪੈਣੀ