Skip to content

Skip to table of contents

ਮੁੱਖ ਪੰਨੇ ਤੋਂ | ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ

ਬਾਈਬਲ ਖ਼ਰਾਬ ਹੋਣ ਤੋਂ ਬਚੀ ਰਹੀ

ਬਾਈਬਲ ਖ਼ਰਾਬ ਹੋਣ ਤੋਂ ਬਚੀ ਰਹੀ

ਖ਼ਤਰਾ: ਬਾਈਬਲ ਨੂੰ ਲਿਖਣ ਅਤੇ ਉਸ ਦੀ ਨਕਲ ਤਿਆਰ ਕਰਨ ਲਈ ਪਪਾਇਰਸ ਅਤੇ ਚੰਮ-ਪੱਤਰ ਵਰਤੇ ਜਾਂਦੇ ਸਨ। * (2 ਤਿਮੋਥਿਉਸ 4:13) ਪਰ ਇਨ੍ਹਾਂ ਚੀਜ਼ਾਂ ਨੂੰ ਵਰਤਣ ਕਰਕੇ ਬਾਈਬਲ ਨੂੰ ਕਿਹੜਾ ਖ਼ਤਰਾ ਸੀ?

ਪਪਾਇਰਸ ਆਸਾਨੀ ਨਾਲ ਫਟ ਸਕਦਾ ਹੈ ਤੇ ਇਸ ਦਾ ਰੰਗ ਉੱਡ ਸਕਦਾ ਹੈ। ਮਿਸਰ ਦੇ ਖੰਡਰਾਂ ਦਾ ਅਧਿਐਨ ਕਰਨ ਵਾਲੇ ਰਿਚਰਡ ਪਾਰਕਿੰਸਨ ਅਤੇ ਸਟੀਵਨ ਕਵਰਕ ਨੇ ਕਿਹਾ: “ਇਹ ਕਾਗਜ਼ ਹੌਲੀ-ਹੌਲੀ ਭੁਰ ਕੇ ਧੂੜ ਬਣ ਜਾਂਦਾ ਹੈ। ਜੇ ਇਨ੍ਹਾਂ ਨੂੰ ਲਪੇਟ ਕੇ ਕਿਤੇ ਰੱਖਿਆ ਜਾਵੇ, ਤਾਂ ਇਨ੍ਹਾਂ ਨੂੰ ਉੱਲੀ ਲੱਗ ਸਕਦੀ ਹੈ ਜਾਂ ਇਹ ਸਿੱਲ੍ਹੀਆਂ ਹੋ ਸਕਦੀਆਂ ਹਨ। ਜੇ ਇਨ੍ਹਾਂ ਨੂੰ ਜ਼ਮੀਨ ਵਿਚ ਦੱਬਿਆ ਜਾਵੇ, ਤਾਂ ਇਨ੍ਹਾਂ ਨੂੰ ਚੂਹੇ ਖਾ ਸਕਦੇ ਹਨ ਜਾਂ ਕੀੜੇ-ਮਕੌੜੇ ਖਾ ਸਕਦੇ ਹਨ, ਖ਼ਾਸ ਕਰਕੇ ਚਿੱਟੀਆਂ ਕੀੜੀਆਂ।” ਕੁਝ ਹੱਥ-ਲਿਖਤਾਂ ਲੱਭਣ ਤੋਂ ਬਾਅਦ ਤੇਜ਼ ਰੌਸ਼ਨੀ ਜਾਂ ਨਮੀ ਕਰਕੇ ਖ਼ਰਾਬ ਹੋਣ ਲੱਗ ਪਈਆਂ।

ਚੰਮ-ਪੱਤਰ ਪਪਾਇਰਸ ਨਾਲੋਂ ਜ਼ਿਆਦਾ ਨਰੋਏ ਹੁੰਦੇ ਹਨ। ਪਰ ਜੇ ਇਨ੍ਹਾਂ ਨੂੰ ਸੰਭਾਲ ਕੇ ਨਾ ਰੱਖਿਆ ਜਾਵੇ ਜਾਂ ਜ਼ਿਆਦਾ ਗਰਮੀ, ਨਮੀ ਜਾਂ ਤੇਜ਼ ਰੌਸ਼ਨੀ ਵਿਚ ਰੱਖਿਆ ਜਾਵੇ, ਤਾਂ ਇਹ ਵੀ ਖ਼ਰਾਬ ਹੋ ਜਾਂਦੇ ਹਨ। * ਚੰਮ-ਪੱਤਰਾਂ ਨੂੰ ਕੀੜੇ ਵੀ ਲੱਗ ਸਕਦੇ ਹਨ। ਇਕ ਕਿਤਾਬ ਦੱਸਦੀ ਹੈ: “ਅਜਿਹੀ ਹਾਲਤ ਵਿਚ ਪੁਰਾਣੀਆਂ ਹੱਥ-ਲਿਖਤਾਂ ਦੇ ਬਚਣ ਦੀ ਗੁੰਜਾਇਸ਼ ਘੱਟ ਹੀ ਹੁੰਦੀ ਹੈ।” (Everyday Writing in the Graeco-Roman East) ਜੇ ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਗਲ਼-ਸੜ ਜਾਂਦੀਆਂ, ਤਾਂ ਇਨ੍ਹਾਂ ਵਿਚ ਦੱਸਿਆ ਸੰਦੇਸ਼ ਵੀ ਇਨ੍ਹਾਂ ਦੇ ਨਾਲ ਹੀ ਖ਼ਤਮ ਹੋ ਜਾਣਾ ਸੀ।

ਬਾਈਬਲ ਕਿਵੇਂ ਬਚੀ ਰਹੀ?: ਪਰਮੇਸ਼ੁਰ ਨੇ ਇਜ਼ਰਾਈਲ ਦੇ ਹਰ ਰਾਜੇ ਨੂੰ ਹੁਕਮ ਦਿੱਤਾ ਸੀ ਕਿ ਉਹ “ਕਾਨੂੰਨ ਨੂੰ ਆਪਣੇ ਹੱਥੀਂ ਇਕ ਪੱਤਰੀ ਵਿਚ ਲਿਖੇ” ਯਾਨੀ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ। (ਬਿਵਸਥਾ ਸਾਰ 17:18, ਫੁਟਨੋਟ) ਇਸ ਤੋਂ ਇਲਾਵਾ, ਮਾਹਰ ਨਕਲਨਵੀਸਾਂ ਨੇ ਇੰਨੀਆਂ ਸਾਰੀਆਂ ਹੱਥ-ਲਿਖਤਾਂ ਤਿਆਰ ਕਰ ਲਈਆਂ ਕਿ ਪਹਿਲੀ ਸਦੀ ਤਕ ਪੂਰੇ ਇਜ਼ਰਾਈਲ ਅਤੇ ਦੂਰ-ਦੁਰਾਡੇ ਮਕਦੂਨੀਆ ਦੇ ਸਭਾ-ਘਰਾਂ ਵਿਚ ਹੱਥ-ਲਿਖਤਾਂ ਮੌਜੂਦ ਸਨ! (ਲੂਕਾ 4:16, 17; ਰਸੂਲਾਂ ਦੇ ਕੰਮ 17:11) ਇਨ੍ਹਾਂ ਪੁਰਾਣੀਆਂ ਹੱਥ-ਲਿਖਤਾਂ ਵਿੱਚੋਂ ਕੁਝ ਸਾਡੇ ਜ਼ਮਾਨੇ ਤਕ ਕਿਵੇਂ ਬਚੀਆਂ ਰਹੀਆਂ?

ਮ੍ਰਿਤ ਸਾਗਰ ਪੋਥੀਆਂ ਸਦੀਆਂ ਤੋਂ ਸੁਰੱਖਿਅਤ ਰਹੀਆਂ। ਇਹ ਪੋਥੀਆਂ ਮਿੱਟੀ ਦੇ ਮਰਤਬਾਨਾਂ ਵਿਚ ਪਾ ਕੇ ਖ਼ੁਸ਼ਕ ਇਲਾਕਿਆਂ ਵਿਚ ਗੁਫਾਵਾਂ ਵਿਚ ਰੱਖੀਆਂ ਗਈਆਂ ਸਨ

ਨਵੇਂ ਨੇਮ ਦਾ ਵਿਦਵਾਨ ਫਿਲਿਪ ਕਮਫਰਟ ਕਹਿੰਦਾ ਹੈ: “ਯਹੂਦੀ ਲੋਕ ਲਪੇਟਵੀਆਂ ਪੱਤਰੀਆਂ ਨੂੰ ਮਹਿਫੂਜ਼ ਰੱਖਣ ਲਈ ਘੜਿਆਂ ਜਾਂ ਮਿੱਟੀ ਦੇ ਮਰਤਬਾਨਾਂ ਵਿਚ ਰੱਖਦੇ ਸਨ।” ਜ਼ਾਹਰ ਹੈ ਕਿ ਮਸੀਹੀ ਵੀ ਇਸੇ ਤਰ੍ਹਾਂ ਕਰਦੇ ਰਹੇ। ਇਸ ਕਰਕੇ ਬਾਈਬਲ ਦੀਆਂ ਕੁਝ ਪੁਰਾਣੀਆਂ ਹੱਥ-ਲਿਖਤਾਂ ਮਿੱਟੀ ਦੇ ਮਰਤਬਾਨਾਂ ਵਿੱਚੋਂ ਮਿਲੀਆਂ। ਇਸ ਤੋਂ ਇਲਾਵਾ, ਇਹ ਖ਼ੁਸ਼ਕ ਇਲਾਕਿਆਂ, ਗੁਫਾਵਾਂ ਅਤੇ ਉਨ੍ਹਾਂ ਥਾਵਾਂ ਤੋਂ ਮਿਲੀਆਂ ਜਿੱਥੇ ਘੱਟ ਰੌਸ਼ਨੀ ਪੈਂਦੀ ਹੈ।

ਨਤੀਜਾ: ਬਾਈਬਲ ਦੀਆਂ ਹੱਥ-ਲਿਖਤਾਂ ਦੇ ਹਜ਼ਾਰਾਂ ਹੀ ਟੁਕੜੇ, ਜਿਨ੍ਹਾਂ ਵਿੱਚੋਂ ਕੁਝ 2,000 ਤੋਂ ਵੀ ਜ਼ਿਆਦਾ ਸਾਲ ਪੁਰਾਣੇ ਹਨ, ਅੱਜ ਤਕ ਮੌਜੂਦ ਹਨ। ਹੋਰ ਕਿਸੇ ਵੀ ਪੁਰਾਣੀ ਕਿਤਾਬ ਦੀਆਂ ਇੰਨੀਆਂ ਹੱਥ-ਲਿਖਤਾਂ ਨਹੀਂ ਮਿਲੀਆਂ ਜਿੰਨੀਆਂ ਬਾਈਬਲ ਦੀਆਂ ਮਿਲੀਆਂ ਹਨ।

^ ਪੈਰਾ 3 ਪਪਾਇਰਸ ਪਾਣੀ ਵਿਚ ਉੱਗਣ ਵਾਲਾ ਪੌਦਾ ਹੈ ਜਿਸ ਤੋਂ ਕਾਗਜ਼ ਬਣਾਇਆ ਜਾਂਦਾ ਹੈ। ਚੰਮ-ਪੱਤਰ ਜਾਨਵਰਾਂ ਦੀ ਚਮੜੀ ਤੋਂ ਬਣਾਇਆ ਜਾਂਦਾ ਹੈ।

^ ਪੈਰਾ 5 ਮਿਸਾਲ ਲਈ, ਅਮਰੀਕਾ ਦੀ ਸੁਤੰਤਰਤਾ ਦਾ ਘੋਸ਼ਣਾ-ਪੱਤਰ ਚੰਮ-ਪੱਤਰ ਉੱਤੇ ਲਿਖਿਆ ਗਿਆ ਸੀ। ਹੁਣ ਲਗਭਗ 250 ਸਾਲਾਂ ਬਾਅਦ ਇਸ ਦਾ ਰੰਗ ਇੰਨਾ ਜ਼ਿਆਦਾ ਉੱਡ ਗਿਆ ਹੈ ਕਿ ਇਸ ਨੂੰ ਪੜ੍ਹਨਾ ਬਹੁਤ ਮੁਸ਼ਕਲ ਹੈ।