Skip to content

Skip to table of contents

ਪਰਿਵਾਰ ਦੀ ਮਦਦ ਲਈ | ਮਾਪੇ

ਘਰ ਦੇ ਕੰਮਾਂ ਦੀ ਅਹਿਮੀਅਤ

ਘਰ ਦੇ ਕੰਮਾਂ ਦੀ ਅਹਿਮੀਅਤ

ਚੁਣੌਤੀ

ਕੁਝ ਪਰਿਵਾਰਾਂ ਵਿਚ ਬੱਚਿਆਂ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਉਹ ਘਰ ਦੇ ਕੰਮਾਂ ਵਿਚ ਹੱਥ ਵਟਾਉਣ ਅਤੇ ਬੱਚੇ ਵੀ ਖ਼ੁਸ਼ੀ-ਖ਼ੁਸ਼ੀ ਘਰ ਦਾ ਕੰਮ ਕਰਦੇ ਹਨ। ਪਰ ਕਈ ਪਰਿਵਾਰਾਂ ਵਿਚ ਬੱਚਿਆਂ ਤੋਂ ਇੱਦਾਂ ਦੀ ਉਮੀਦ ਨਹੀਂ ਰੱਖੀ ਜਾਂਦੀ ਜਿਸ ਕਰਕੇ ਬੱਚੇ ਵੀ ਘਰ ਦੇ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੇ।

ਖੋਜਕਾਰਾਂ ਨੇ ਦੇਖਿਆ ਹੈ ਕਿ ਪੱਛਮੀ ਦੇਸ਼ਾਂ ਵਿਚ ਇੱਦਾਂ ਹੁੰਦਾ ਹੈ ਜਿੱਥੇ ਬੱਚੇ ਘਰ ਦੇ ਕੰਮਾਂ ਵਿਚ ਯੋਗਦਾਨ ਪਾਉਣ ਦੀ ਬਜਾਇ ਬਸ ਵਿਹਲੇ ਬੈਠ ਕੇ ਸੇਵਾ ਕਰਾਉਂਦੇ ਹਨ। ਸਟੀਵਨ ਨਾਂ ਦਾ ਇਕ ਪਿਤਾ ਕਹਿੰਦਾ ਹੈ, “ਅੱਜ ਬੱਚੇ ਘਰ ਵਿਚ ਇਕੱਲੇ ਬੈਠ ਕੇ ਵੀਡੀਓ ਗੇਮਾਂ ਖੇਡਦੇ ਹਨ, ਇੰਟਰਨੈੱਟ ’ਤੇ ਜਾਂ ਟੀ.ਵੀ. ’ਤੇ ਕੁਝ-ਨ-ਕੁਝ ਦੇਖਦੇ ਰਹਿੰਦੇ ਹਨ। ਉਨ੍ਹਾਂ ਤੋਂ ਉਮੀਦ ਨਹੀਂ ਰੱਖੀ ਜਾਂਦੀ ਕਿ ਉਹ ਘਰ ਦੇ ਕੰਮਾਂ ਵਿਚ ਹੱਥ ਵਟਾਉਣ।”

ਘਰ ਦੇ ਕੰਮ ਕਰਨੇ ਸਿਖਾਉਣੇ ਸਿਰਫ਼ ਘਰ ਨੂੰ ਸਾਫ਼-ਸੁਥਰਾ ਰੱਖਣ ਲਈ ਹੀ ਨਹੀਂ, ਪਰ ਬੱਚਿਆਂ ਦੇ ਵਧਣ-ਫੁੱਲਣ ਲਈ ਵੀ ਜ਼ਰੂਰੀ ਹਨ। ਤੁਸੀਂ ਕੀ ਸੋਚਦੇ ਹੋ?

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ?

ਕੁਝ ਮਾਪੇ ਆਪਣੇ ਬੱਚਿਆਂ ਨੂੰ ਘਰ ਦੇ ਕੰਮ ਦੇਣ ਤੋਂ ਝਿਜਕਦੇ ਹਨ, ਖ਼ਾਸ ਕਰਕੇ ਉਦੋਂ ਜਦੋਂ ਉਨ੍ਹਾਂ ਦੇ ਬੱਚਿਆਂ ਕੋਲ ਪੂਰੇ ਹਫ਼ਤੇ ਦੌਰਾਨ ਪਹਿਲਾਂ ਹੀ ਸਕੂਲ ਦੇ ਕੰਮ ਦਾ ਅਤੇ ਫਿਰ ਸਕੂਲ ਤੋਂ ਬਾਅਦ ਹੋਰ ਕੰਮਾਂ ਦਾ ਜ਼ਿਆਦਾ ਬੋਝ ਹੁੰਦਾ ਹੈ। ਪਰ ਜ਼ਰਾ ਕੰਮ ਦੇਣ ਦੇ ਫ਼ਾਇਦਿਆਂ ’ਤੇ ਗੌਰ ਕਰੋ।

ਘਰ ਦੇ ਕੰਮ ਕਰਨ ਕਰਕੇ ਬੱਚੇ ਸਮਝਦਾਰ ਬਣਦੇ ਹਨ। ਜਿਹੜੇ ਬੱਚੇ ਘਰ ਦੇ ਕੰਮ ਕਰਦੇ ਹਨ, ਉਹ ਪੜ੍ਹਾਈ-ਲਿਖਾਈ ਵਿਚ ਵੀ ਵਧੀਆ ਹੁੰਦੇ ਹਨ। ਘਰ ਦੇ ਕੰਮਾਂ ਵਿਚ ਹਿੱਸਾ ਲੈਣ ਕਰਕੇ ਬੱਚੇ ਦਾ ਆਪਣੇ ਆਪ ’ਤੇ ਭਰੋਸਾ ਵਧਦਾ ਹੈ, ਅਨੁਸ਼ਾਸਨ ਸਿੱਖਦੇ ਹਨ ਅਤੇ ਪੱਕੇ ਇਰਾਦੇ ਵਾਲੇ ਬਣਦੇ ਹਨ। ਸਮਝਦਾਰ ਬਣਨ ਲਈ ਇਹ ਸਾਰੇ ਗੁਣ ਜ਼ਰੂਰੀ ਹਨ।

ਘਰ ਦੇ ਕੰਮ ਕਰਨ ਕਰਕੇ ਬੱਚੇ ਦੂਜਿਆਂ ਦੀ ਮਦਦ ਕਰਨੀ ਸਿੱਖਦੇ ਹਨ। ਕੁਝ ਜਣਿਆਂ ਨੇ ਦੇਖਿਆ ਹੈ ਕਿ ਜਿਹੜੇ ਬੱਚੇ ਘਰ ਦੇ ਕੰਮ ਕਰਦੇ ਹਨ, ਉਹ ਵੱਡੇ ਹੋ ਕੇ ਦੂਜਿਆਂ ਦੀ ਮਦਦ ਕਰਦੇ ਹਨ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਘਰ ਦੇ ਕੰਮ ਕਰਨ ਕਰਕੇ ਉਹ ਆਪਣੇ ਨਾਲੋਂ ਦੂਜਿਆਂ ਦੀਆਂ ਲੋੜਾਂ ਦਾ ਜ਼ਿਆਦਾ ਧਿਆਨ ਰੱਖਦੇ ਹਨ। ਦੂਜੇ ਪਾਸੇ, ਪਹਿਲਾਂ ਜ਼ਿਕਰ ਕੀਤਾ ਗਿਆ ਸਟੀਵਨ ਦੱਸਦਾ ਹੈ: “ਜਦੋਂ ਬੱਚਿਆਂ ਤੋਂ ਕਿਸੇ ਵੀ ਕੰਮ ਵਿਚ ਹੱਥ ਵਟਾਉਣ ਦੀ ਉਮੀਦ ਨਹੀਂ ਰੱਖੀ ਜਾਂਦੀ, ਉਦੋਂ ਉਹ ਇਸ ਗ਼ਲਤਫ਼ਹਿਮੀ ਵਿਚ ਵੱਡੇ ਹੁੰਦੇ ਹਨ ਕਿ ਉਨ੍ਹਾਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਹੈ ਜਿਸ ਕਰਕੇ ਉਹ ਵੱਡੇ ਹੋ ਕੇ ਵੀ ਮਿਹਨਤੀ ਤੇ ਜ਼ਿੰਮੇਵਾਰ ਨਹੀਂ ਬਣਦੇ।”

ਘਰ ਦੇ ਕੰਮ ਕਰਨ ਕਰਕੇ ਪਰਿਵਾਰ ਵਿਚ ਏਕਤਾ ਵਧਦੀ ਹੈ। ਘਰ ਵਿਚ ਇਕੱਠੇ ਕੰਮ ਕਰ ਕੇ ਬੱਚਿਆਂ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਪਰਿਵਾਰ ਦਾ ਸਿਰਫ਼ ਜ਼ਰੂਰੀ ਹਿੱਸਾ ਹੀ ਨਹੀਂ ਹਨ, ਸਗੋਂ ਉਨ੍ਹਾਂ ਦੀ ਪਰਿਵਾਰ ਪ੍ਰਤੀ ਕੋਈ ਜ਼ਿੰਮੇਵਾਰੀ ਵੀ ਹੈ। ਪਰ ਬੱਚੇ ਇਹ ਗੱਲ ਉਦੋਂ ਨਹੀਂ ਸਮਝ ਪਾਉਣਗੇ ਜਦੋਂ ਮਾਪੇ ਘਰ ਦੇ ਕੰਮਾਂ ਨਾਲੋਂ ਸਕੂਲ ਤੋਂ ਬਾਅਦ ਖੇਡਾਂ ਵਗੈਰਾ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ। ਆਪਣੇ ਆਪ ਤੋਂ ਪੁੱਛੋ, ‘ਕੀ ਫ਼ਾਇਦਾ, ਜੇ ਬੱਚਾ ਸਾਰਾ ਸਮਾਂ ਖੇਡਾਂ ਵਗੈਰਾ ਵਿਚ ਬਿਤਾਵੇ, ਪਰ ਪਰਿਵਾਰ ਦੇ ਮੈਂਬਰਾਂ ਲਈ ਉਸ ਕੋਲ ਸਮਾਂ ਹੀ ਨਾ ਬਚੇ?’

ਤੁਸੀਂ ਕੀ ਕਰ ਸਕਦੇ ਹੋ?

ਛੋਟੀ ਉਮਰ ਤੋਂ ਸ਼ੁਰੂ ਕਰੋ। ਕੁਝ ਕਹਿੰਦੇ ਹਨ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਤਿੰਨ ਸਾਲ ਦੀ ਉਮਰ ਤੋਂ ਹੀ ਘਰ ਦੇ ਕੰਮ ਦੇਣੇ ਸ਼ੁਰੂ ਕਰਨੇ ਚਾਹੀਦੇ ਹਨ। ਕੁਝ ਮੰਨਦੇ ਹਨ ਕਿ ਦੋ ਸਾਲ ਜਾਂ ਇਸ ਤੋਂ ਵੀ ਘੱਟ ਉਮਰ ਵਿਚ ਇੱਦਾਂ ਕਰਨਾ ਚਾਹੀਦਾ ਹੈ। ਕਹਿਣ ਦਾ ਮਤਲਬ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਕੰਮ ਕਰਨਾ ਬਹੁਤ ਪਸੰਦ ਹੁੰਦਾ ਹੈ ਅਤੇ ਉਹ ਉਨ੍ਹਾਂ ਦੀ ਨਕਲ ਕਰਦੇ ਹਨ।ਬਾਈਬਲ ਦਾ ਅਸੂਲ: ਕਹਾਉਤਾਂ 22:6.

ਉਮਰ ਦੇ ਹਿਸਾਬ ਨਾਲ ਕੰਮ ਦਿਓ। ਮਿਸਾਲ ਲਈ, ਤਿੰਨ ਸਾਲ ਦੀ ਉਮਰ ਦੇ ਬੱਚੇ ਆਪਣੇ ਖਿਡੌਣੇ ਚੁੱਕ ਕੇ ਰੱਖ ਸਕਦੇ ਹਨ, ਡੁੱਲੀਆਂ ਚੀਜ਼ਾਂ ਨੂੰ ਸਾਫ਼ ਕਰ ਸਕਦੇ ਹਨ ਜਾਂ ਮਸ਼ੀਨ ਵਿਚ ਪਾਉਣ ਤੋਂ ਪਹਿਲਾਂ ਰੰਗਦਾਰ ਅਤੇ ਚਿੱਟੇ ਕੱਪੜਿਆਂ ਨੂੰ ਅਲੱਗ-ਅਲੱਗ ਕਰ ਸਕਦੇ ਹਨ। ਵੱਡੇ ਬੱਚੇ ਝਾੜੂ-ਪੋਚਾ ਲਾ ਸਕਦੇ ਹਨ, ਗੱਡੀ ਧੋ ਸਕਦੇ ਹਨ ਜਾਂ ਖਾਣਾ ਵੀ ਬਣਾ ਸਕਦੇ ਹਨ। ਆਪਣੇ ਬੱਚਿਆਂ ਦੀਆਂ ਕਾਬਲੀਅਤਾਂ ਅਨੁਸਾਰ ਕੰਮ ਦਿਓ। ਤੁਸੀਂ ਸ਼ਾਇਦ ਇਹ ਦੇਖ ਕੇ ਹੈਰਾਨ ਰਹਿ ਜਾਓ ਕਿ ਤੁਹਾਡਾ ਬੱਚਾ ਕਿੰਨੇ ਜੋਸ਼ ਨਾਲ ਕੰਮ ਕਰਦਾ ਹੈ!

ਘਰ ਦੇ ਕੰਮ ਨਜ਼ਰਅੰਦਾਜ਼ ਨਾ ਕਰੋ। ਜਦੋਂ ਤੁਹਾਡੇ ਬੱਚਿਆਂ ਕੋਲ ਸਕੂਲ ਦਾ ਬਹੁਤ ਜ਼ਿਆਦਾ ਕੰਮ ਹੋਵੇ, ਉਦੋਂ ਘਰ ਦੇ ਕੰਮ ਸੌਖਿਆਂ ਹੀ ਨਜ਼ਰਅੰਦਾਜ਼ ਕੀਤੇ ਜਾ ਸਕਦੇ ਹਨ। ਇਕ ਕਿਤਾਬ ਦੱਸਦੀ ਹੈ ਕਿ ਸਕੂਲ ਵਿਚ ਚੰਗੇ ਨੰਬਰ ਲਿਆਉਣ ਦੀ ਖ਼ਾਤਰ ਬੱਚਿਆਂ ਨੂੰ ਘਰ ਦੇ ਕੰਮ ਨਾ ਦੇਣੇ ‘ਚੰਗੇ ਪਾਲਣ-ਪੋਸ਼ਣ ਦੀ ਨਿਸ਼ਾਨੀ ਨਹੀਂ ਹੈ।’ ਜਿੱਦਾਂ ਪਹਿਲਾਂ ਦੱਸਿਆ ਗਿਆ ਸੀ ਕਿ ਘਰ ਦੇ ਕੰਮ ਕਰਨ ਕਰਕੇ ਬੱਚੇ ਪੜ੍ਹਾਈ-ਲਿਖਾਈ ਵਿਚ ਵੀ ਵਧੀਆ ਹੁੰਦੇ ਹਨ। ਨਾਲੇ ਇਸ ਤਰ੍ਹਾਂ ਉਹ ਉਸ ਸਮੇਂ ਲਈ ਤਿਆਰ ਹੋਣਗੇ ਜਦੋਂ ਉਨ੍ਹਾਂ ਦੇ ਆਪਣੇ ਪਰਿਵਾਰ ਹੋਣਗੇ।ਬਾਈਬਲ ਦਾ ਅਸੂਲ: ਫ਼ਿਲਿੱਪੀਆਂ 1:10.

ਮਕਸਦ ਯਾਦ ਰੱਖੋ। ਸ਼ਾਇਦ ਤੁਹਾਡਾ ਬੱਚਾ ਕੰਮ ਕਰਨ ਲਈ ਤੁਹਾਡੇ ਅੰਦਾਜ਼ੇ ਤੋਂ ਜ਼ਿਆਦਾ ਸਮਾਂ ਲਾਵੇ। ਤੁਸੀਂ ਸ਼ਾਇਦ ਇਹ ਵੀ ਦੇਖੋ ਕਿ ਕੰਮ ਹੋਰ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਸੀ। ਇੱਦਾਂ ਹੋਣ ’ਤੇ ਵੀ ਬੱਚੇ ਨੂੰ ਹੀ ਕੰਮ ਕਰਨ ਦਿਓ। ਬੱਚੇ ਨੂੰ ਕੰਮ ਦੇਣ ਦਾ ਤੁਹਾਡਾ ਮਕਸਦ ਇਹ ਨਹੀਂ ਹੈ ਕਿ ਕੰਮ ਬਿਲਕੁਲ ਵਧੀਆ ਹੋਵੇ। ਪਰ ਤੁਸੀਂ ਆਪਣੇ ਬੱਚੇ ਨੂੰ ਜ਼ਿੰਮੇਵਾਰ ਬਣਨਾ ਸਿਖਾਉਣਾ ਚਾਹੁੰਦੇ ਹੋ। ਨਾਲੇ ਚਾਹੁੰਦੇ ਹੋ ਕਿ ਉਹ ਕੰਮ ਕਰਨ ਨਾਲ ਮਿਲਣ ਵਾਲੀ ਖ਼ੁਸ਼ੀ ਪਾਵੇ।ਬਾਈਬਲ ਦਾ ਅਸੂਲ: ਉਪਦੇਸ਼ਕ ਦੀ ਪੋਥੀ 3:22.

ਕੰਮ ਪ੍ਰਤੀ ਸਹੀ ਨਜ਼ਰੀਆ। ਕੁਝ ਕਹਿੰਦੇ ਹਨ ਕਿ ਘਰ ਦੇ ਕੰਮ ਕਰਨ ਲਈ ਬੱਚਿਆਂ ਨੂੰ ਪੈਸੇ ਦੇਣ ਨਾਲ ਉਹ ਜ਼ਿੰਮੇਵਾਰ ਬਣਨਾ ਸਿੱਖਦੇ ਹਨ। ਹੋਰ ਜਣਿਆਂ ਦਾ ਕਹਿਣਾ ਹੈ ਕਿ ਪੈਸੇ ਮਿਲਣ ਕਰਕੇ ਬੱਚਿਆਂ ਦਾ ਧਿਆਨ ਇਸ ਗੱਲ ’ਤੇ ਨਹੀਂ ਹੁੰਦਾ ਕਿ ਉਹ ਆਪਣੇ ਪਰਿਵਾਰ ਦੀ ਮਦਦ ਲਈ ਕੀ ਕਰ ਸਕਦੇ ਹਨ। ਇਸ ਦੀ ਬਜਾਇ, ਉਨ੍ਹਾਂ ਦਾ ਧਿਆਨ ਇਸ ਗੱਲ ’ਤੇ ਰਹਿੰਦਾ ਹੈ ਕਿ ਉਨ੍ਹਾਂ ਨੂੰ ਮਾਪਿਆਂ ਤੋਂ ਕੀ ਮਿਲੇਗਾ। ਨਾਲੇ ਉਹ ਇਹ ਵੀ ਕਹਿੰਦੇ ਹਨ ਕਿ ਜਦੋਂ ਬੱਚੇ ਕੋਲ ਕੁਝ ਪੈਸੇ ਜਮ੍ਹਾ ਹੋ ਗਏ, ਤਾਂ ਉਹ ਸ਼ਾਇਦ ਘਰ ਦੇ ਕੰਮ ਕਰਨ ਤੋਂ ਇਨਕਾਰ ਕਰ ਦੇਵੇ। ਮਤਲਬ ਬੱਚਾ ਘਰ ਦੇ ਕੰਮ ਕਰਨ ਦੀ ਅਹਿਮੀਅਤ ਨਹੀਂ ਸਮਝ ਸਕੇਗਾ। ਸਬਕ? ਜੇ ਬੱਚਿਆਂ ਨੂੰ ਪੈਸੇ ਦਿੱਤੇ ਜਾਂਦੇ ਹਨ, ਤਾਂ ਵਧੀਆ ਹੋਵੇਗਾ ਕਿ ਉਹ ਘਰ ਦੇ ਕੰਮ ਕਰਨ ਕਰਕੇ ਨਾ ਦਿੱਤੇ ਜਾਣ।