Skip to content

Skip to table of contents

ਆਦਰ ਨਾਲ ਗੱਲ ਕਰਨੀ ਸੀਮਿੰਟ ਵਾਂਗ ਹੈ ਜੋ ਵਿਆਹੁਤਾ ਰਿਸ਼ਤੇ ਨੂੰ ਜੋੜੀ ਰੱਖ ਸਕਦੀ ਹੈ

ਪਤੀ-ਪਤਨੀਆਂ ਲਈ

3: ਆਦਰ ਕਰੋ

3: ਆਦਰ ਕਰੋ

ਇਸ ਦਾ ਕੀ ਮਤਲਬ ਹੈ?

ਆਦਰ ਕਰਨ ਵਾਲੇ ਪਤੀ-ਪਤਨੀ ਉਦੋਂ ਵੀ ਪਰਵਾਹ ਦਿਖਾਉਂਦੇ ਹਨ ਜਦੋਂ ਉਨ੍ਹਾਂ ਦੀ ਅਣਬਣ ਹੁੰਦੀ ਹੈ। ਇਕ ਕਿਤਾਬ ਦੱਸਦੀ ਹੈ: “ਇਹ ਜੋੜੇ ਅਜਿਹੇ ਹਾਲਾਤ ਪੈਦਾ ਹੀ ਨਹੀਂ ਹੋਣ ਦਿੰਦੇ ਜਿੱਥੇ ਉਨ੍ਹਾਂ ਲਈ ਸੁਲ੍ਹਾ ਕਰਨੀ ਔਖੀ ਹੋ ਜਾਵੇ। ਇਸ ਦੀ ਬਜਾਇ, ਉਹ ਹਰ ਮਸਲੇ ਬਾਰੇ ਸਲਾਹ-ਮਸ਼ਵਰਾ ਕਰਦੇ ਹਨ ਅਤੇ ਇਕ-ਦੂਜੇ ਦੀ ਸੁਣ ਕੇ ਅਜਿਹਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਨ ਜਿਸ ਵਿਚ ਦੋਵਾਂ ਦੀ ਸਹਿਮਤੀ ਹੋਵੇ।”​—Ten Lessons to Transform Your Marriage.

ਬਾਈਬਲ ਦਾ ਅਸੂਲ: “ਪਿਆਰ . . . ਆਪਣੇ ਬਾਰੇ ਹੀ ਨਹੀਂ ਸੋਚਦਾ।”​—1 ਕੁਰਿੰਥੀਆਂ 13:4, 5.

“ਆਪਣੀ ਪਤਨੀ ਦਾ ਆਦਰ ਕਰਨ ਦਾ ਮਤਲਬ ਹੈ ਕਿ ਮੈਂ ਉਸ ਦੀ ਕਦਰ ਕਰਾਂ। ਮੈਂ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਜਿਸ ਨਾਲ ਉਸ ਨੂੰ ਨੁਕਸਾਨ ਹੋਵੇ ਜਾਂ ਸਾਡਾ ਆਪਸੀ ਰਿਸ਼ਤਾ ਖ਼ਰਾਬ ਹੋਵੇ।”​—ਮਾਈਕਾ।

ਇਹ ਜ਼ਰੂਰੀ ਕਿਉਂ ਹੈ?

ਜਿਹੜੇ ਜੋੜੇ ਇਕ-ਦੂਜੇ ਦਾ ਆਦਰ ਨਹੀਂ ਕਰਦੇ, ਉਹ ਅਕਸਰ ਇਕ-ਦੂਜੇ ਵਿਚ ਨੁਕਸ ਕੱਢਦੇ ਰਹਿੰਦੇ, ਚੁਭਵੀਆਂ ਗੱਲਾਂ ਕਹਿੰਦੇ ਅਤੇ ਇੱਥੋਂ ਤਕ ਕਿ ਨਫ਼ਰਤ ਭਰੀਆਂ ਗੱਲਾਂ ਕਰਦੇ ਹਨ। ਖੋਜਕਾਰ ਕਹਿੰਦੇ ਹਨ ਕਿ ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਵਿਆਹੁਤਾ ਬੰਧਨ ਟੁੱਟ ਸਕਦਾ ਹੈ।

“ਆਪਣੀ ਪਤਨੀ ਨੂੰ ਚੁਭਵੀਆਂ ਤੇ ਅਪਮਾਨਜਨਕ ਗੱਲਾਂ ਕਹਿਣ ਜਾਂ ਉਸ ਦਾ ਮਜ਼ਾਕ ਉਡਾਉਣ ਕਰਕੇ ਉਹ ਆਪਣੇ ਆਪ ਨੂੰ ਘਟੀਆ ਸਮਝੇਗੀ, ਉਸ ਦਾ ਆਪਣੇ ਪਤੀ ਤੋਂ ਭਰੋਸਾ ਉੱਠ ਜਾਵੇਗਾ ਅਤੇ ਵਿਆਹੁਤਾ ਰਿਸ਼ਤਾ ਕਮਜ਼ੋਰ ਹੋ ਜਾਵੇਗਾ।”—ਬ੍ਰਾਈਅਨ।

ਤੁਸੀਂ ਕੀ ਕਰ ਸਕਦੇ ਹੋ?

ਆਪਣੀ ਜਾਂਚ ਕਰੋ

ਇਕ ਹਫ਼ਤੇ ਆਪਣੀਆਂ ਗੱਲਾਂ ਤੇ ਕੰਮਾਂ ਵੱਲ ਧਿਆਨ ਦਿਓ। ਫਿਰ ਆਪਣੇ ਆਪ ਤੋਂ ਪੁੱਛੋ:

  • ‘ਮੈਂ ਕਿੰਨੀ ਕੁ ਵਾਰ ਆਪਣੇ ਸਾਥੀ ਦੀ ਨੁਕਤਾਚੀਨੀ ਕੀਤੀ ਅਤੇ ਕਿੰਨੀ ਕੁ ਵਾਰ ਉਸ ਦੀ ਤਾਰੀਫ਼ ਕੀਤੀ?’

  • ‘ਮੈਂ ਕਿਹੜੇ ਖ਼ਾਸ ਤਰੀਕਿਆਂ ਰਾਹੀਂ ਉਸ ਨੂੰ ਆਦਰ ਦਿਖਾਇਆ?’

ਆਪਣੇ ਸਾਥੀ ਨਾਲ ਮਿਲ ਕੇ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ

  • ਕਿਹੜੇ ਕੰਮਾਂ ਅਤੇ ਗੱਲਾਂ ਕਰਕੇ ਤੁਹਾਨੂੰ ਲੱਗੇਗਾ ਕਿ ਤੁਹਾਡਾ ਆਦਰ ਕੀਤਾ ਜਾ ਰਿਹਾ ਹੈ?

  • ਕਿਹੜੇ ਕੰਮਾਂ ਅਤੇ ਗੱਲਾਂ ਕਰਕੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਬੇਇੱਜ਼ਤੀ ਹੁੰਦੀ ਹੈ?

ਸੁਝਾਅ

  • ਤਿੰਨ ਤਰੀਕੇ ਲਿਖੋ ਜਿਨ੍ਹਾਂ ਰਾਹੀਂ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸਾਥੀ ਤੁਹਾਡਾ ਆਦਰ ਕਰੇ। ਆਪਣੇ ਸਾਥੀ ਨੂੰ ਵੀ ਲਿਖਣ ਲਈ ਕਹੋ। ਫਿਰ ਲਿਸਟ ਇਕ-ਦੂਜੇ ਨੂੰ ਦਿਓ ਅਤੇ ਉਨ੍ਹਾਂ ਤਰੀਕਿਆਂ ਰਾਹੀਂ ਆਦਰ ਦਿਖਾਉਣ ਦੀ ਕੋਸ਼ਿਸ਼ ਕਰੋ।

  • ਆਪਣੇ ਸਾਥੀ ਦੇ ਉਨ੍ਹਾਂ ਗੁਣਾਂ ਦੀ ਲਿਸਟ ਬਣਾਓ ਜਿਹੜੇ ਤੁਹਾਨੂੰ ਪਸੰਦ ਹਨ। ਫਿਰ ਆਪਣੇ ਸਾਥੀ ਨੂੰ ਦੱਸੋ ਕਿ ਤੁਸੀਂ ਇਨ੍ਹਾਂ ਗੁਣਾਂ ਦੀ ਕਿੰਨੀ ਕਦਰ ਕਰਦੇ ਹੋ।

“ਆਪਣੇ ਪਤੀ ਦਾ ਆਦਰ ਕਰਨ ਲਈ ਮੈਂ ਆਪਣੇ ਕੰਮਾਂ ਰਾਹੀਂ ਦਿਖਾਉਂਦੀ ਹਾਂ ਕਿ ਮੈਂ ਉਸ ਦੀ ਕਦਰ ਕਰਦੀ ਹਾਂ ਅਤੇ ਮੈਂ ਉਸ ਨੂੰ ਹਮੇਸ਼ਾ ਖ਼ੁਸ਼ ਕਰਨਾ ਚਾਹੁੰਦੀ ਹਾਂ। ਮੈਂ ਕੋਈ ਵੱਡਾ ਕੰਮ ਕਰ ਕੇ ਨਹੀਂ, ਸਗੋਂ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਉਸ ਨੂੰ ਆਦਰ ਦਿਖਾ ਸਕਦੀ ਹਾਂ।”—ਮੇਗਨ।

ਸ਼ਾਇਦ ਤੁਹਾਨੂੰ ਲੱਗਦਾ ਹੋਵੇ ਕਿ ‘ਮੈਂ ਤਾਂ ਹਮੇਸ਼ਾ ਆਦਰ ਨਾਲ ਪੇਸ਼ ਆਉਂਦਾ।’ ਪਰ ਇਹ ਗੱਲ ਮਾਅਨੇ ਨਹੀਂ ਰੱਖਦੀ। ਸਵਾਲ ਇਹ ਹੈ ਕਿ ਕੀ ਤੁਹਾਡੇ ਸਾਥੀ ਨੂੰ ਵੀ ਇੱਦਾਂ ਹੀ ਲੱਗਦਾ।

ਬਾਈਬਲ ਦਾ ਅਸੂਲ: “ਹਮਦਰਦੀ, ਦਇਆ, ਨਿਮਰਤਾ, ਨਰਮਾਈ ਤੇ ਧੀਰਜ ਨੂੰ ਕੱਪੜਿਆਂ ਵਾਂਗ ਪਹਿਨ ਲਓ।”​—ਕੁਲੁੱਸੀਆਂ 3:12.