Skip to content

Skip to table of contents

ਕੀ ਰੱਬ ਦੁੱਖ-ਤਕਲੀਫ਼ਾਂ ਲਿਆ ਕੇ ਸਾਨੂੰ ਸਜ਼ਾ ਦਿੰਦਾ ਹੈ?

ਕੀ ਰੱਬ ਦੁੱਖ-ਤਕਲੀਫ਼ਾਂ ਲਿਆ ਕੇ ਸਾਨੂੰ ਸਜ਼ਾ ਦਿੰਦਾ ਹੈ?

ਲੂਜ਼ੀਆ ਲੰਗੜਾ ਕੇ ਤੁਰਦੀ ਹੈ। ਛੋਟੇ ਹੁੰਦਿਆਂ ਉਸ ਨੂੰ ਪੋਲੀਓ ਹੋ ਗਿਆ। ਇਸ ਬੀਮਾਰੀ ਦਾ ਅਸਰ ਉਸ ਦੇ ਸਰੀਰ ਦੀਆਂ ਨਾੜੀਆਂ ’ਤੇ ਪਿਆ। ਜਦੋਂ ਉਹ 16 ਸਾਲਾਂ ਦੀ ਸੀ, ਤਾਂ ਉਸ ਨਾਲ ਕੰਮ ਕਰਨ ਵਾਲੀ ਇਕ ਔਰਤ ਨੇ ਲੂਜ਼ੀਆ ਨੂੰ ਕਿਹਾ, “ਰੱਬ ਨੇ ਤੈਨੂੰ ਇਹ ਬੀਮਾਰੀ ਇਸ ਲਈ ਲਾਈ ਹੋਣੀ ਕਿਉਂਕਿ ਤੂੰ ਆਪਣੀ ਮੰਮੀ ਦਾ ਕਹਿਣਾ ਨਹੀਂ ਮੰਨਿਆ ਹੋਣਾ ਅਤੇ ਉਸ ਨੂੰ ਤੰਗ ਕੀਤਾ ਹੋਣਾ।” ਕਈ ਸਾਲਾਂ ਬਾਅਦ ਵੀ ਲੂਜ਼ੀਆ ਨੂੰ ਯਾਦ ਰਿਹਾ ਕਿ ਉਸ ਵੇਲੇ ਉਸ ਨੂੰ ਕਿੰਨਾ ਦੁੱਖ ਲੱਗਾ ਸੀ।

ਜਦੋਂ ਦਾਮਰਿਸ ਨੂੰ ਪਤਾ ਲੱਗਾ ਕਿ ਉਸ ਨੂੰ ਦਿਮਾਗ਼ ਦਾ ਕੈਂਸਰ ਹੈ, ਤਾਂ ਉਸ ਦੇ ਪਿਤਾ ਨੇ ਉਸ ਨੂੰ ਪੁੱਛਿਆ: “ਤੂੰ ਇੱਦਾਂ ਦਾ ਕੀ ਕੀਤਾ ਜਿਸ ਕਰਕੇ ਤੈਨੂੰ ਇਹ ਬੀਮਾਰੀ ਲੱਗ ਗਈ? ਤੂੰ ਜ਼ਰੂਰ ਕੋਈ ਬਹੁਤ ਬੁਰਾ ਕੰਮ ਕੀਤਾ ਹੋਣਾ! ਇਸ ਕਰਕੇ ਰੱਬ ਨੇ ਤੈਨੂੰ ਸਜ਼ਾ ਦਿੱਤੀ।” ਆਪਣੇ ਪਿਤਾ ਦੀਆਂ ਗੱਲਾਂ ਸੁਣ ਕੇ ਦਾਮਰਿਸ ਅੰਦਰੋਂ ਬੁਰੀ ਤਰ੍ਹਾਂ ਟੁੱਟ ਗਈ।

ਹਜ਼ਾਰਾਂ ਸਾਲਾਂ ਤੋਂ ਲੋਕ ਮੰਨਦੇ ਆਏ ਹਨ ਕਿ ਰੱਬ ਬੀਮਾਰੀਆਂ ਲਾ ਕੇ ਸਾਨੂੰ ਸਜ਼ਾ ਦਿੰਦਾ ਹੈ। ਇਕ ਕਿਤਾਬ ਕਹਿੰਦੀ ਹੈ ਕਿ ਮਸੀਹ ਦੇ ਜ਼ਮਾਨੇ ਦੇ ਬਹੁਤ ਸਾਰੇ ਲੋਕ ਮੰਨਦੇ ਸਨ ਕਿ “ਕਿਸੇ ਨੂੰ ਬੀਮਾਰੀ ਇਸ ਕਰਕੇ ਲੱਗਦੀ ਸੀ ਕਿਉਂਕਿ ਉਸ ਨੇ ਜਾਂ ਉਸ ਦੇ ਕਿਸੇ ਰਿਸ਼ਤੇਦਾਰ ਨੇ ਕੋਈ ਪਾਪ ਕੀਤਾ ਹੁੰਦਾ ਸੀ। ਇਸ ਤਰ੍ਹਾਂ ਉਸ ਵਿਅਕਤੀ ਨੂੰ ਪਾਪ ਦੀ ਸਜ਼ਾ ਮਿਲਦੀ ਸੀ।” ਇਕ ਹੋਰ ਕਿਤਾਬ ਕਹਿੰਦੀ ਹੈ ਕਿ ਮੱਧਕਾਲ ਦੌਰਾਨ, “ਕੁਝ ਲੋਕ ਮੰਨਦੇ ਸਨ ਕਿ ਪਾਪਾਂ ਦੀ ਸਜ਼ਾ ਦੇਣ ਲਈ ਰੱਬ ਸਾਡੇ ’ਤੇ ਮਹਾਂਮਾਰੀ ਲਿਆਉਂਦਾ ਹੈ।” ਇਸ ਲਈ ਜਦੋਂ 14ਵੀਂ ਸਦੀ ਵਿਚ ਪੂਰੇ ਯੂਰਪ ਦੇ ਲੱਖਾਂ ਹੀ ਲੋਕ ਮਹਾਂਮਾਰੀ ਨਾਲ ਮਰੇ ਸਨ, ਤਾਂ ਕੀ ਰੱਬ ਦੁਸ਼ਟ ਲੋਕਾਂ ਨੂੰ ਸਜ਼ਾ ਦੇ ਰਿਹਾ ਸੀ? ਜਾਂ ਖੋਜਕਾਰਾਂ ਮੁਤਾਬਕ, ਕੀ ਇਹ ਮਹਾਂਮਾਰੀ ਬੈਕਟੀਰੀਆ ਕਰਕੇ ਫੈਲੀ ਸੀ? ਕੁਝ ਲੋਕ ਸ਼ਾਇਦ ਸੋਚਣ, ਕੀ ਰੱਬ ਸੱਚ-ਮੁੱਚ ਦੁੱਖ-ਤਕਲੀਫ਼ਾਂ ਲਿਆ ਕੇ ਸਾਨੂੰ ਸਾਡੇ ਪਾਪਾਂ ਦੀ ਸਜ਼ਾ ਦਿੰਦਾ ਹੈ? *

ਜ਼ਰਾ ਸੋਚੋ: ਜੇ ਰੱਬ ਬੀਮਾਰੀਆਂ ਅਤੇ ਦੁੱਖ-ਤਕਲੀਫ਼ਾਂ ਲਿਆ ਕੇ ਲੋਕਾਂ ਨੂੰ ਸਜ਼ਾ ਦਿੰਦਾ ਸੀ, ਤਾਂ ਉਸ ਦੇ ਪੁੱਤਰ ਨੇ ਬੀਮਾਰ ਲੋਕਾਂ ਨੂੰ ਠੀਕ ਕਿਉਂ ਕੀਤਾ? ਕੀ ਉਹ ਰੱਬ ਦੇ ਨਿਆਂ ਤੇ ਧਾਰਮਿਕਤਾ ਦੇ ਅਸੂਲ ਨਹੀਂ ਮੰਨਦਾ ਸੀ? (ਮੱਤੀ 4:23, 24) ਯਿਸੂ ਨੇ ਕਦੇ ਵੀ ਯਹੋਵਾਹ ਦੇ ਖ਼ਿਲਾਫ਼ ਕੰਮ ਨਹੀਂ ਕੀਤਾ। ਉਸ ਨੇ ਕਿਹਾ: “ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ” ਅਤੇ “ਮੈਂ ਉਹੀ ਕਰਦਾ ਹਾਂ ਜੋ ਪਿਤਾ ਨੇ ਮੈਨੂੰ ਕਰਨ ਦਾ ਹੁਕਮ ਦਿੱਤਾ ਹੈ।”​—ਯੂਹੰਨਾ 8:29; 14:31.

ਬਾਈਬਲ ਸਾਫ਼-ਸਾਫ਼ ਦੱਸਦੀ ਹੈ: ਯਹੋਵਾਹ ਪਰਮੇਸ਼ੁਰ ਵਿਚ ‘ਬੁਰਿਆਈ ਨਹੀਂ ਹੈ’ ਯਾਨੀ ਉਹ ਕਦੇ ਅਨਿਆਂ ਨਹੀਂ ਕਰਦਾ। (ਬਿਵਸਥਾ ਸਾਰ 32:4) ਮਿਸਾਲ ਲਈ, ਰੱਬ ਕਦੇ ਵੀ ਜਹਾਜ਼ ਹਾਦਸੇ ਵਿਚ ਸੈਂਕੜੇ ਬੇਗੁਨਾਹ ਲੋਕਾਂ ਨੂੰ ਸਿਰਫ਼ ਇਸ ਲਈ ਨਹੀਂ ਮਾਰੇਗਾ ਕਿਉਂਕਿ ਉਹ ਕੁਝ ਲੋਕਾਂ ਨੂੰ ਸਜ਼ਾ ਦੇਣੀ ਚਾਹੁੰਦਾ ਸੀ। ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਅਬਰਾਹਾਮ ਨੇ ਪਰਮੇਸ਼ੁਰ ਦੇ ਧਰਮੀ ਮਿਆਰਾਂ ਨੂੰ ਧਿਆਨ ਵਿਚ ਰੱਖਦਿਆਂ ਕਿਹਾ ਕਿ ਰੱਬ ਕਦੇ ਵੀ ‘ਧਰਮੀ ਨੂੰ ਕੁਧਰਮੀ ਨਾਲ ਨਾਸ਼ ਨਹੀਂ ਕਰੇਂਗਾ।’ ਉਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੋਚ ਰੱਬ ਤੋਂ ਕਿਤੇ “ਦੂਰ” ਹੈ। (ਉਤਪਤ 18:23, 25) ਬਾਈਬਲ ਇਹ ਵੀ ਕਹਿੰਦੀ ਹੈ ਕਿ ਰੱਬ “ਦੁਸ਼ਟਪੁਣਾ” ਜਾਂ “ਬੁਰਿਆਈ” ਨਹੀਂ ਕਰਦਾ।​—ਅੱਯੂਬ 34:10-12.

ਅਸੀਂ ਬਾਈਬਲ ਤੋਂ ਦੁੱਖ-ਤਕਲੀਫ਼ਾਂ ਬਾਰੇ ਕੀ ਸਿੱਖਦੇ ਹਾਂ?

ਸਾਡੇ ’ਤੇ ਆਉਣ ਵਾਲੀਆਂ ਦੁੱਖ-ਤਕਲੀਫ਼ਾਂ ਰੱਬ ਵੱਲੋਂ ਸਾਡੇ ਪਾਪਾਂ ਦੀ ਸਜ਼ਾ ਨਹੀਂ ਹਨ। ਜਦੋਂ ਯਿਸੂ ਨੇ ਅਤੇ ਉਸ ਦੇ ਚੇਲਿਆਂ ਨੇ ਜਨਮ ਤੋਂ ਅੰਨ੍ਹੇ ਇਕ ਆਦਮੀ ਨੂੰ ਦੇਖਿਆ, ਤਾਂ ਉਸ ਨੇ ਇਸ ਮਾਮਲੇ ਬਾਰੇ ਸਾਫ਼-ਸਾਫ਼ ਦੱਸਿਆ। “ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ: ‘ਗੁਰੂ ਜੀ, ਕਿਸ ਨੇ ਪਾਪ ਕੀਤਾ ਇਸ ਆਦਮੀ ਨੇ ਜਾਂ ਇਸ ਦੇ ਮਾਤਾ-ਪਿਤਾ ਨੇ ਜਿਸ ਕਰਕੇ ਇਹ ਜਨਮ ਤੋਂ ਅੰਨ੍ਹਾ ਹੈ?’ ਯਿਸੂ ਨੇ ਜਵਾਬ ਦਿੱਤਾ: ‘ਨਾ ਹੀ ਇਸ ਆਦਮੀ ਨੇ ਪਾਪ ਕੀਤਾ, ਅਤੇ ਨਾ ਹੀ ਇਸ ਦੇ ਮਾਤਾ-ਪਿਤਾ ਨੇ, ਪਰ ਇਸ ਮਾਮਲੇ ਵਿਚ ਲੋਕ ਪਰਮੇਸ਼ੁਰ ਦੇ ਕੰਮ ਦੇਖ ਸਕਣਗੇ।’”​—ਯੂਹੰਨਾ 9:1-3.

ਚੇਲਿਆਂ ਨੂੰ ਜ਼ਰੂਰ ਹੈਰਾਨੀ ਹੋਈ ਹੋਣੀ ਜਦੋਂ ਯਿਸੂ ਨੇ ਕਿਹਾ ਕਿ ਇਹ ਆਦਮੀ ਆਪਣੇ ਜਾਂ ਆਪਣੇ ਮਾਪਿਆਂ ਦੇ ਪਾਪਾਂ ਕਰਕੇ ਅੰਨ੍ਹਾ ਪੈਦਾ ਨਹੀਂ ਹੋਇਆ। ਯਿਸੂ ਨੇ ਸਿਰਫ਼ ਅੰਨ੍ਹੇ ਆਦਮੀ ਨੂੰ ਠੀਕ ਹੀ ਨਹੀਂ ਕੀਤਾ, ਸਗੋਂ ਇਸ ਤਰ੍ਹਾਂ ਕਰ ਕੇ ਉਸ ਨੇ ਇਸ ਗ਼ਲਤ ਧਾਰਣਾ ਨੂੰ ਵੀ ਰੱਦ ਕੀਤਾ ਕਿ ਦੁੱਖ ਦੇ ਕੇ ਰੱਬ ਸਜ਼ਾ ਦਿੰਦਾ ਹੈ। (ਯੂਹੰਨਾ 9:6, 7) ਜਿਨ੍ਹਾਂ ਨੂੰ ਅੱਜ ਗੰਭੀਰ ਸਿਹਤ ਸਮੱਸਿਆਵਾਂ ਹਨ, ਉਹ ਇਸ ਗੱਲ ਤੋਂ ਤਸੱਲੀ ਪਾ ਸਕਦੇ ਹਨ ਕਿ ਉਨ੍ਹਾਂ ਦੀਆਂ ਦੁੱਖ-ਤਕਲੀਫ਼ਾਂ ਪਿੱਛੇ ਰੱਬ ਦਾ ਹੱਥ ਨਹੀਂ ਹੈ।

ਜੇ ਰੱਬ ਲੋਕਾਂ ਨੂੰ ਉਨ੍ਹਾਂ ਦੇ ਗ਼ਲਤ ਕੰਮਾਂ ਦੀ ਸਜ਼ਾ ਦੇ ਰਿਹਾ ਸੀ, ਤਾਂ ਫਿਰ ਯਿਸੂ ਨੇ ਬੀਮਾਰਾਂ ਨੂੰ ਠੀਕ ਕਿਉਂ ਕੀਤਾ?

ਬਾਈਬਲ ਸਾਨੂੰ ਤਸੱਲੀ ਦਿੰਦੀ ਹੈ

  • “ਨਾ ਤਾਂ ਕੋਈ ਬੁਰੇ ਇਰਾਦੇ ਨਾਲ ਪਰਮੇਸ਼ੁਰ ਦੀ ਪਰੀਖਿਆ ਲੈ ਸਕਦਾ ਹੈ ਅਤੇ ਨਾ ਹੀ ਪਰਮੇਸ਼ੁਰ ਆਪ ਇਸ ਇਰਾਦੇ ਨਾਲ ਕਿਸੇ ਦੀ ਪਰੀਖਿਆ ਲੈਂਦਾ ਹੈ।” (ਯਾਕੂਬ 1:13) ਦਰਅਸਲ, ਸਦੀਆਂ ਤੋਂ ਇਨਸਾਨਾਂ ਨੂੰ ਜਿਨ੍ਹਾਂ ਦੁੱਖਾਂ-ਤਕਲੀਫ਼ਾਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ, ਜਿਵੇਂ ਬੀਮਾਰੀਆਂ, ਦੁੱਖ-ਦਰਦ ਅਤੇ ਮੌਤ। ਇਨ੍ਹਾਂ ਦੁੱਖ-ਤਕਲੀਫ਼ਾਂ ਨੂੰ ਜਲਦੀ ਹੀ ਖ਼ਤਮ ਕੀਤਾ ਜਾਵੇਗਾ।

  • ਯਿਸੂ ਨੇ “ਸਾਰੇ ਬੀਮਾਰਾਂ ਨੂੰ ਚੰਗਾ ਕੀਤਾ।” (ਮੱਤੀ 8:16) ਪਰਮੇਸ਼ੁਰ ਦੇ ਪੁੱਤਰ ਨੇ ਆਪਣੇ ਕੋਲ ਆਏ ਲੋਕਾਂ ਨੂੰ ਚੰਗਾ ਕਰ ਕੇ ਦਿਖਾਇਆ ਕਿ ਪਰਮੇਸ਼ੁਰ ਦੇ ਰਾਜ ਵਿਚ ਪੂਰੀ ਦੁਨੀਆਂ ਦੇ ਲੋਕਾਂ ਨੂੰ ਠੀਕ ਕੀਤਾ ਜਾਵੇਗਾ।

  • “ਉਹ [ਰੱਬ] ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”​—ਪ੍ਰਕਾਸ਼ ਦੀ ਕਿਤਾਬ 21:3-5.

ਕੌਣ ਜ਼ਿੰਮੇਵਾਰ ਹੈ?

ਇਨਸਾਨਾਂ ਨੂੰ ਇੰਨੀਆਂ ਦੁੱਖ-ਤਕਲੀਫ਼ਾਂ ਕਿਉਂ ਸਹਿਣੀਆਂ ਪੈ ਰਹੀਆਂ ਹਨ? ਕਈ ਸਦੀਆਂ ਤੋਂ ਇਨਸਾਨ ਇਸ ਸਵਾਲ ਬਾਰੇ ਸੋਚਦੇ ਆਏ ਹਨ। ਜੇ ਰੱਬ ਜ਼ਿੰਮੇਵਾਰ ਨਹੀਂ ਹੈ, ਤਾਂ ਫਿਰ ਕੌਣ ਜ਼ਿੰਮੇਵਾਰ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅਗਲੇ ਲੇਖ ਵਿਚ ਦਿੱਤੇ ਜਾਣਗੇ।

^ ਪੈਰਾ 4 ਚਾਹੇ ਰੱਬ ਨੇ ਪੁਰਾਣੇ ਸਮੇਂ ਵਿਚ ਕਈ ਵਾਰ ਲੋਕਾਂ ਨੂੰ ਕਿਸੇ ਪਾਪ ਦੀ ਸਜ਼ਾ ਦਿੱਤੀ ਸੀ, ਪਰ ਬਾਈਬਲ ਇਹ ਨਹੀਂ ਦੱਸਦੀ ਕਿ ਯਹੋਵਾਹ ਹਾਲੇ ਵੀ ਬੀਮਾਰੀਆਂ ਜਾਂ ਦੁੱਖ-ਤਕਲੀਫ਼ਾਂ ਲਿਆ ਕੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿੰਦਾ ਹੈ।