Skip to content

Skip to table of contents

ਮੁੱਖ ਪੰਨੇ ਤੋਂ | ਕੌਣ ਦੇ ਸਕਦਾ ਹੈ ਦਿਲਾਸਾ?

ਔਖੀਆਂ ਘੜੀਆਂ ਵਿਚ ਦਿਲਾਸੇ ਭਰੇ ਸ਼ਬਦ

ਔਖੀਆਂ ਘੜੀਆਂ ਵਿਚ ਦਿਲਾਸੇ ਭਰੇ ਸ਼ਬਦ

ਔਖੀਆਂ ਘੜੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ। ਇਸ ਲੇਖ ਵਿਚ ਅਸੀਂ ਹਰ ਔਖੀ ਘੜੀ ਬਾਰੇ ਗੱਲ ਨਹੀਂ ਕਰਾਂਗੇ। ਪਰ ਆਓ ਆਪਾਂ ਉਨ੍ਹਾਂ ਚਾਰ ਔਖੀਆਂ ਘੜੀਆਂ ’ਤੇ ਗੌਰ ਕਰੀਏ ਜਿਨ੍ਹਾਂ ਦਾ ਆਪਾਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ। ਧਿਆਨ ਦਿਓ ਕਿ ਵੱਖੋ-ਵੱਖਰੀਆਂ ਮੁਸ਼ਕਲਾਂ ਸਹਿਣ ਵਾਲੇ ਲੋਕਾਂ ਨੂੰ ਰੱਬ ਤੋਂ ਕਿਵੇਂ ਦਿਲਾਸਾ ਮਿਲਿਆ।

ਜਦੋਂ ਨੌਕਰੀ ਜਾਵੇ ਛੁੱਟ

“ਮੈਂ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਹੋਣਾ ਸਿੱਖਿਆ ਅਤੇ ਅਸੀਂ ਸਾਰੇ ਫ਼ਜ਼ੂਲ ਖ਼ਰਚੇ ਘਟਾ ਦਿੱਤੇ।”​—ਜੋਨਾਥਨ

ਸੇਥ * ਕਹਿੰਦਾ ਹੈ: “ਮੇਰੀ ਤੇ ਮੇਰੀ ਪਤਨੀ ਦੀ ਨੌਕਰੀ ਇੱਕੋ ਸਮੇਂ ਛੁੱਟ ਗਈ। ਦੋ ਸਾਲਾਂ ਤਕ ਅਸੀਂ ਘਰ ਦਾ ਗੁਜ਼ਾਰਾ ਪਰਿਵਾਰ ਦੀ ਮਦਦ ਨਾਲ ਤੇ ਛੋਟੇ-ਮੋਟੇ ਕੰਮ ਕਰ ਕੇ ਤੋਰਿਆ। ਇਸ ਕਰਕੇ ਮੇਰੀ ਪਤਨੀ ਪ੍ਰੀਸਿੱਲਾ ਬਹੁਤ ਨਿਰਾਸ਼ ਹੋ ਗਈ ਤੇ ਆਪਣੇ ਆਪ ਨੂੰ ਕਿਸੇ ਕੰਮ ਦੀ ਨਹੀਂ ਸੀ ਸਮਝਦੀ।

“ਅਸੀਂ ਇਸ ਔਖੀ ਘੜੀ ਦਾ ਕਿਵੇਂ ਸਾਮ੍ਹਣਾ ਕੀਤਾ? ਪ੍ਰੀਸਿੱਲਾ ਲਗਾਤਾਰ ਆਪਣੇ ਆਪ ਨੂੰ ਮੱਤੀ 6:34 ਵਿਚ ਦਰਜ ਯਿਸੂ ਦੇ ਸ਼ਬਦ ਯਾਦ ਕਰਾਉਂਦੀ ਰਹੀ। ਯਿਸੂ ਨੇ ਕਿਹਾ ਸੀ ਕਿ ਸਾਨੂੰ ਕਦੇ ਵੀ ਕੱਲ੍ਹ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿਉਂਕਿ ਹਰ ਦਿਨ ਦੀਆਂ ਆਪਣੀਆਂ ਚਿੰਤਾਵਾਂ ਹਨ। ਪ੍ਰੀਸਿੱਲਾ ਨੇ ਦਿਲੋਂ ਪ੍ਰਾਰਥਨਾਵਾਂ ਕੀਤੀਆਂ ਜਿਸ ਕਰਕੇ ਉਸ ਨੂੰ ਸਹਿਣ ਦੀ ਤਾਕਤ ਮਿਲੀ। ਮੈਨੂੰ ਜ਼ਬੂਰਾਂ ਦੀ ਪੋਥੀ 55:22 ਤੋਂ ਬਹੁਤ ਦਿਲਾਸਾ ਮਿਲਿਆ। ਜ਼ਬੂਰਾਂ ਦੀ ਪੋਥੀ ਦੇ ਲਿਖਾਰੀ ਵਾਂਗ ਮੈਂ ਆਪਣਾ ਸਾਰਾ ਭਾਰ ਯਹੋਵਾਹ ਉੱਤੇ ਸੁੱਟਿਆ ਅਤੇ ਉਸ ਨੇ ਸੱਚ-ਮੁੱਚ ਮੈਨੂੰ ਸੰਭਾਲਿਆ। ਅੱਜ ਭਾਵੇਂ ਮੇਰੇ ਕੋਲ ਨੌਕਰੀ ਹੈ, ਪਰ ਅਸੀਂ ਮੱਤੀ 6:20-22 ਵਿਚ ਦੱਸੀ ਯਿਸੂ ਦੀ ਸਲਾਹ ’ਤੇ ਚੱਲਦੇ ਹੋਏ ਆਪਣੀ ਜ਼ਿੰਦਗੀ ਸਾਦੀ ਕੀਤੀ ਹੈ। ਸਭ ਤੋਂ ਵਧੀਆ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੇ ਅਤੇ ਇਕ-ਦੂਜੇ ਦੇ ਹੋਰ ਨੇੜੇ ਆਏ ਹਾਂ।”

ਜੋਨਾਥਨ ਦੱਸਦਾ ਹੈ: “ਜਦੋਂ ਸਾਡਾ ਆਪਣਾ ਕਾਰੋਬਾਰ ਬੰਦ ਹੋ ਗਿਆ, ਤਾਂ ਮੈਨੂੰ ਭਵਿੱਖ ਦੀ ਚਿੰਤਾ ਸਤਾਉਣ ਲੱਗੀ। ਆਰਥਿਕ ਤੰਗੀ ਕਰਕੇ 20 ਸਾਲਾਂ ਦੀ ਕੀਤੀ-ਕਰਾਈ ਮਿਹਨਤ ਖੂਹ ਵਿਚ ਪੈ ਗਈ। ਪੈਸਿਆਂ ਕਰਕੇ ਅਸੀਂ ਦੋਵੇਂ ਪਤੀ-ਪਤਨੀ ਝਗੜਨ ਲੱਗ ਪਏ। ਅਸੀਂ ਕ੍ਰੈਡਿਟ ਕਾਰਡ ਰਾਹੀਂ ਵੀ ਚੀਜ਼ਾਂ ਨਹੀਂ ਖ਼ਰੀਦ ਸਕਦੇ ਸੀ ਕਿਉਂਕਿ ਸਾਨੂੰ ਡਰ ਸੀ ਕਿ ਕੰਪਨੀ ਸਾਡਾ ਕਾਰਡ ਰੱਦ ਨਾ ਕਰ ਦੇਵੇ।

“ਪਰ ਪਰਮੇਸ਼ੁਰ ਦੇ ਬਚਨ ਅਤੇ ਉਸ ਦੀ ਸ਼ਕਤੀ ਦੀ ਮਦਦ ਨਾਲ ਅਸੀਂ ਸਹੀ ਫ਼ੈਸਲੇ ਕੀਤੇ। ਮੈਂ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਹੋਣਾ ਸਿੱਖਿਆ ਅਤੇ ਅਸੀਂ ਸਾਰੇ ਫ਼ਜ਼ੂਲ ਖ਼ਰਚੇ ਘਟਾ ਦਿੱਤੇ। ਯਹੋਵਾਹ ਦੇ ਗਵਾਹ ਹੋਣ ਕਰਕੇ ਸਾਨੂੰ ਦੂਸਰੇ ਮਸੀਹੀ ਭੈਣ-ਭਰਾਵਾਂ ਤੋਂ ਵੀ ਮਦਦ ਮਿਲੀ। ਉਨ੍ਹਾਂ ਨੇ ਸਾਡਾ ਆਤਮ-ਵਿਸ਼ਵਾਸ ਵਧਾਇਆ ਅਤੇ ਔਖੀਆਂ ਘੜੀਆਂ ਵਿਚ ਸਾਡਾ ਸਾਥ ਦਿੱਤਾ।”

ਜਦੋਂ ਵਿਆਹੁਤਾ ਬੰਧਨ ਦੀ ਡੋਰ ਜਾਵੇ ਟੁੱਟ

ਰਾਕੇਲ ਦੱਸਦੀ ਹੈ: “ਜਦੋਂ ਮੇਰਾ ਪਤੀ ਅਚਾਨਕ ਮੈਨੂੰ ਛੱਡ ਕੇ ਚਲਾ ਗਿਆ, ਤਾਂ ਮੈਨੂੰ ਬਹੁਤ ਦੁੱਖ ਹੋਇਆ ਅਤੇ ਗੁੱਸਾ ਆਇਆ। ਉਦਾਸੀ ਨੇ ਮੈਨੂੰ ਬੁਰੀ ਤਰ੍ਹਾਂ ਘੇਰ ਲਿਆ। ਪਰ ਮੈਂ ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਗੂੜ੍ਹਾ ਕੀਤਾ ਅਤੇ ਉਸ ਨੇ ਮੈਨੂੰ ਦਿਲਾਸਾ ਦਿੱਤਾ। ਹਰ ਰੋਜ਼ ਸ਼ਾਂਤੀ ਦੇ ਪਰਮੇਸ਼ੁਰ ਨੂੰ ਦੁਆ ਕਰਨ ਨਾਲ ਮੇਰੇ ਦਿਲ ਨੂੰ ਸਕੂਨ ਮਿਲਿਆ। ਇਹ ਇੱਦਾਂ ਸੀ ਜਿਵੇਂ ਪਰਮੇਸ਼ੁਰ ਨੇ ਮੇਰੇ ਟੁੱਟੇ ਹੋਏ ਦਿਲ ਨੂੰ ਦੁਬਾਰਾ ਜੋੜ ਦਿੱਤਾ ਹੋਵੇ।

“ਉਸ ਦੇ ਬਚਨ ਬਾਈਬਲ ਦੀ ਮਦਦ ਨਾਲ ਮੈਂ ਆਪਣੇ ਗੁੱਸੇ ’ਤੇ ਕਾਬੂ ਪਾ ਲਿਆ। ਮੈਂ ਰੋਮੀਆਂ 12:21 ਵਿਚ ਦੱਸੇ ਪੌਲੁਸ ਰਸੂਲ ਦੇ ਸ਼ਬਦਾਂ ਨੂੰ ਮਨ ਵਿਚ ਰੱਖਿਆ: ‘ਬੁਰਾਈ ਤੋਂ ਹਾਰ ਨਾ ਮੰਨੋ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤੋ।’

“ਮੇਰੇ ਨਾਲ ਜੋ ਹੋਇਆ, ਉਸ ਨੂੰ ਭੁਲਾ ਦੇਣ ਵਿਚ ਹੀ ਅਕਲਮੰਦੀ ਹੈ। ਮੈਂ ਆਪਣਾ ਧਿਆਨ ਉਨ੍ਹਾਂ ਕੰਮਾਂ ’ਤੇ ਲਾਇਆ ਜਿਨ੍ਹਾਂ ਨੂੰ ਕਰ ਕੇ ਮੈਨੂੰ ਖ਼ੁਸ਼ੀ ਮਿਲਦੀ ਹੈ।”​—ਰਾਕੇਲ

“ਮੇਰੇ ਇਕ ਚੰਗੇ ਦੋਸਤ ਨੇ ਮੇਰੀ ਇਹ ਜਾਣਨ ਵਿਚ ਮਦਦ ਕੀਤੀ ਕਿ ਮੈਨੂੰ ਪਿਛਲਾ ਸਭ ਭੁਲਾ ਕੇ ਅੱਗੇ ਵਧਣਾ ਚਾਹੀਦਾ ਹੈ। ਉਸ ਨੇ ਮੈਨੂੰ ਉਪਦੇਸ਼ਕ ਦੀ ਪੋਥੀ 3:6 (ERV) ਦਿਖਾਇਆ ਅਤੇ ਪਿਆਰ ਨਾਲ ਕਿਹਾ ਕਿ ਇਕ ‘ਨੁਕਸਾਨ ਨੂੰ ਕਬੂਲਣ ਦਾ ਸਮਾਂ ਹੈ’ ਯਾਨੀ ਮੇਰੇ ਨਾਲ ਜੋ ਹੋਇਆ, ਉਸ ਨੂੰ ਭੁਲਾ ਦੇਣ ਵਿਚ ਹੀ ਅਕਲਮੰਦੀ ਹੈ। ਇਹ ਸਲਾਹ ਔਖੀ ਸੀ, ਪਰ ਮੈਨੂੰ ਇਸੇ ਸਲਾਹ ਦੀ ਲੋੜ ਸੀ। ਇਸ ਲਈ ਮੈਂ ਉਨ੍ਹਾਂ ਕੰਮਾਂ ’ਤੇ ਧਿਆਨ ਲਾਇਆ ਜਿਨ੍ਹਾਂ ਨੂੰ ਕਰ ਕੇ ਮੈਨੂੰ ਖ਼ੁਸ਼ੀ ਮਿਲਦੀ ਹੈ।”

ਇਲਿਜ਼ਬਥ ਦੱਸਦੀ ਹੈ: “ਵਿਆਹ ਟੁੱਟ ਜਾਣ ਤੇ ਤੁਹਾਨੂੰ ਸਹਾਰੇ ਦੀ ਲੋੜ ਹੁੰਦੀ ਹੈ। ਮੇਰੀ ਇਕ ਪੱਕੀ ਸਹੇਲੀ ਨੇ ਮੈਨੂੰ ਹਰ ਰੋਜ਼ ਸਹਾਰਾ ਦਿੱਤਾ। ਉਹ ਮੇਰੇ ਦੁੱਖ ਵਿਚ ਸ਼ਰੀਕ ਹੋ ਕੇ ਮੇਰੇ ਨਾਲ ਰੋਂਦੀ ਸੀ, ਮੈਨੂੰ ਦਿਲਾਸਾ ਦਿੰਦੀ ਸੀ ਤੇ ਉਸ ਨੇ ਮੈਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਇਆ। ਮੈਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਨੇ ਉਸ ਦੇ ਜ਼ਰੀਏ ਮੇਰੇ ਦਿਲ ਦੇ ਜ਼ਖ਼ਮਾਂ ’ਤੇ ਦਿਲਾਸੇ ਦੀ ਮਲ੍ਹਮ ਲਾਈ।”

ਜਦੋਂ ਬੀਮਾਰੀ ਜਾਂ ਬੁਢਾਪਾ ਆ ਘੇਰੇ

“ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਆਪਣੀ ਪਵਿੱਤਰ ਸ਼ਕਤੀ ਰਾਹੀਂ ਤਾਕਤ ਬਖ਼ਸ਼ਦਾ ਹੈ।”​—ਲੂਈਸ

ਇਸ ਲੇਖ-ਲੜੀ ਦੇ ਪਹਿਲੇ ਲੇਖ ਵਿਚ ਲੂਈਸ ਬਾਰੇ ਗੱਲ ਕੀਤੀ ਗਈ ਸੀ ਜਿਸ ਨੂੰ ਦਿਲ ਦੀ ਗੰਭੀਰ ਬੀਮਾਰੀ ਹੈ। ਉਹ ਦੋ ਵਾਰ ਮਸਾਂ ਮਰਨੋਂ ਬਚਿਆ। ਉਸ ਨੂੰ ਰੋਜ਼ 16 ਘੰਟੇ ਆਕਸੀਜਨ ਤੇ ਰਹਿਣਾ ਪੈਂਦਾ ਹੈ। ਉਹ ਕਹਿੰਦਾ ਹੈ: “ਮੈਂ ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹਾਂ। ਰੱਬ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਆਪਣੀ ਪਵਿੱਤਰ ਸ਼ਕਤੀ ਰਾਹੀਂ ਤਾਕਤ ਬਖ਼ਸ਼ਦਾ ਹੈ। ਪ੍ਰਾਰਥਨਾ ਕਰਨ ਨਾਲ ਮੈਨੂੰ ਜੀਉਣ ਦੀ ਤਾਕਤ ਮਿਲਦੀ ਹੈ ਕਿਉਂਕਿ ਮੈਨੂੰ ਉਸ ’ਤੇ ਪੂਰਾ ਵਿਸ਼ਵਾਸ ਹੈ ਤੇ ਮੈਂ ਜਾਣਦਾ ਹਾਂ ਕਿ ਉਹ ਮੇਰੀ ਪਰਵਾਹ ਕਰਦਾ ਹੈ।”

80 ਸਾਲਾਂ ਦੀ ਪੇਟਰਾ ਦੱਸਦੀ ਹੈ: “ਮੈਂ ਬਹੁਤ ਕੁਝ ਕਰਨਾ ਚਾਹੁੰਦੀ ਹਾਂ, ਪਰ ਕਰ ਨਹੀਂ ਪਾਉਂਦੀ। ਖ਼ੁਦ ਨੂੰ ਕਮਜ਼ੋਰ ਹੁੰਦੇ ਦੇਖਣਾ ਬਹੁਤ ਔਖਾ ਹੈ। ਮੈਂ ਬਹੁਤ ਥੱਕ ਜਾਂਦੀ ਹਾਂ ਤੇ ਦਵਾਈਆਂ ਦੇ ਸਹਾਰੇ ਜੀਉਂਦੀ ਹਾਂ। ਮੈਂ ਅਕਸਰ ਯਿਸੂ ਦੀ ਉਸ ਗੱਲ ਬਾਰੇ ਸੋਚਦੀ ਹਾਂ ਜਦੋਂ ਉਸ ਨੇ ਰੱਬ ਨੂੰ ਕਿਹਾ ਸੀ ਕਿ ਜੇ ਹੋ ਸਕੇ, ਤਾਂ ਉਹ ਉਸ ਦੀ ਮੁਸ਼ਕਲ ਨੂੰ ਦੂਰ ਕਰ ਦੇਵੇ। ਪਰ ਯਹੋਵਾਹ ਨੇ ਯਿਸੂ ਨੂੰ ਸਹਿਣ ਦੀ ਤਾਕਤ ਦਿੱਤੀ ਤੇ ਉਹ ਮੈਨੂੰ ਵੀ ਦਿੰਦਾ ਹੈ। ਰੋਜ਼ ਪ੍ਰਾਰਥਨਾ ਕਰਨੀ ਮੇਰੇ ਲਈ ਸਭ ਤੋਂ ਵਧੀਆ ਇਲਾਜ ਹੈ। ਰੱਬ ਨਾਲ ਗੱਲ ਕਰਨ ਤੋਂ ਬਾਅਦ ਮੇਰੇ ਵਿਚ ਜਾਨ ਪੈ ਜਾਂਦੀ ਹੈ।”​—ਮੱਤੀ 26:39.

ਹੂਲੀਯਾਨ ਪਿਛਲੇ 30 ਸਾਲਾਂ ਤੋਂ ਮਲਟਿਪਲ ਸਕਲਿਰੋਸਿਸ (ਨਸਾਂ ਦਾ ਕਮਜ਼ੋਰ ਹੋ ਜਾਣਾ) ਨਾਂ ਦੀ ਬੀਮਾਰੀ ਨਾਲ ਜੂਝ ਰਿਹਾ ਹੈ। ਉਹ ਦੱਸਦਾ ਹੈ: “ਇਕ ਸਮਾਂ ਸੀ ਜਦੋਂ ਮੈਂ ਮੈਨੇਜਰ ਦੀ ਕੁਰਸੀ ’ਤੇ ਬੈਠਦਾ ਸੀ, ਪਰ ਅਪਾਹਜ ਹੋਣ ਕਰਕੇ ਹੁਣ ਮੈਂ ਵ੍ਹੀਲ-ਚੇਅਰ ਦਾ ਮੁਥਾਜ ਹੋ ਕੇ ਰਹਿ ਗਿਆ ਹਾਂ। ਪਰ ਮੇਰੀ ਜ਼ਿੰਦਗੀ ਬੇਕਾਰ ਨਹੀਂ ਹੈ ਕਿਉਂਕਿ ਮੈਂ ਇਸ ਨੂੰ ਦੂਸਰਿਆਂ ਦੀ ਸੇਵਾ ਕਰਨ ਵਿਚ ਲਾਉਂਦਾ ਹਾਂ। ਇਸ ਨਾਲ ਮੇਰਾ ਦੁੱਖ ਘੱਟ ਜਾਂਦਾ ਹੈ। ਵਾਕਈ ਯਹੋਵਾਹ ਮੁਸ਼ਕਲ ਘੜੀਆਂ ਵਿਚ ਸਾਨੂੰ ਤਾਕਤ ਦੇਣ ਦਾ ਆਪਣਾ ਵਾਅਦਾ ਪੂਰਾ ਕਰਦਾ ਹੈ। ਪੌਲੁਸ ਰਸੂਲ ਵਾਂਗ ਮੈਂ ਵੀ ਕਹਿ ਸਕਦਾ ਹਾਂ: ‘ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।’”​—ਫ਼ਿਲਿੱਪੀਆਂ 4:13.

ਜਦੋਂ ਆਪਣਾ ਕੋਈ ਗੁਜ਼ਰ ਜਾਵੇ

ਐਨਟੋਨਿਓ ਕਹਿੰਦਾ ਹੈ: “ਜਦੋਂ ਮੇਰੇ ਪਿਤਾ ਦੀ ਕਾਰ ਹਾਦਸੇ ਵਿਚ ਮੌਤ ਹੋ ਗਈ, ਤਾਂ ਪਹਿਲਾਂ ਤਾਂ ਮੈਨੂੰ ਯਕੀਨ ਹੀ ਨਹੀਂ ਹੋਇਆ। ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਕਿਉਂਕਿ ਉਹ ਤਾਂ ਫੁਟਪਾਥ ’ਤੇ ਤੁਰ ਰਹੇ ਸਨ। ਪਰ ਮੈਂ ਕੁਝ ਨਹੀਂ ਕਰ ਪਾਇਆ। ਉਹ ਆਪਣੀ ਮੌਤ ਤੋਂ ਪੰਜ ਦਿਨ ਪਹਿਲਾਂ ਕੋਮਾ ਵਿਚ ਰਹੇ। ਮੈਂ ਆਪਣੀ ਮੰਮੀ ਅੱਗੇ ਆਪਣੇ ਹੰਝੂ ਰੋਕ ਲੈਂਦਾ ਸੀ, ਪਰ ਇਕੱਲਾ ਹੋਣ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਦਰਿਆ ਵਗ ਪੈਂਦਾ ਸੀ। ਮੈਂ ਖ਼ੁਦ ਨੂੰ ਪੁੱਛਦਾ ਰਿਹਾ: ‘ਇੱਦਾਂ ਕਿਉਂ ਹੋਇਆ? ਕਿਉਂ?’

“ਉਨ੍ਹਾਂ ਦੁੱਖਾਂ ਭਰੇ ਦਿਨਾਂ ਵਿਚ ਮੈਂ ਯਹੋਵਾਹ ਅੱਗੇ ਤਰਲੇ ਕਰਦਾ ਰਿਹਾ ਕਿ ਉਹ ਭਾਵਨਾਵਾਂ ਨੂੰ ਕਾਬੂ ਕਰਨ ਵਿਚ ਮੇਰੀ ਮਦਦ ਕਰੇ ਅਤੇ ਮੈਨੂੰ ਮਨ ਦੀ ਸ਼ਾਂਤੀ ਦੇਵੇ ਤੇ ਹੌਲੀ-ਹੌਲੀ ਮੈਨੂੰ ਇਹ ਸ਼ਾਂਤੀ ਮਿਲੀ। ਮੈਨੂੰ ਬਾਈਬਲ ਦੀ ਇਹ ਗੱਲ ਯਾਦ ਸੀ ਕਿ ‘ਬੁਰਾ ਸਮਾਂ’ ਸਾਡੇ ਵਿੱਚੋਂ ਕਿਸੇ ਉੱਤੇ ਵੀ ਆ ਸਕਦਾ ਹੈ। ਰੱਬ ਝੂਠ ਨਹੀਂ ਬੋਲ ਸਕਦਾ, ਇਸ ਲਈ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਆਪਣੇ ਪਿਤਾ ਨੂੰ ਦੁਬਾਰਾ ਦੇਖਾਂਗਾ ਜਦੋਂ ਰੱਬ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।”​—ਉਪਦੇਸ਼ਕ 9:11, CL; ਯੂਹੰਨਾ 11:25; ਤੀਤੁਸ 1:2.

“ਹਵਾਈ ਜਹਾਜ਼ ਹਾਦਸੇ ਵਿਚ ਸਾਡੇ ਪੁੱਤਰ ਦੀ ਜਾਨ ਚਲੀ ਗਈ, ਪਰ ਹਾਲੇ ਵੀ ਸਾਡੇ ਕੋਲ ਉਸ ਨਾਲ ਬਿਤਾਏ ਪਲਾਂ ਦੀਆਂ ਮਿੱਠੀਆਂ ਯਾਦਾਂ ਤਾਜ਼ਾ ਹਨ।”​—ਰੌਬਰਟ

ਪਹਿਲੇ ਲੇਖ ਵਿਚ ਜ਼ਿਕਰ ਕੀਤਾ ਰੌਬਰਟ ਵੀ ਇਸੇ ਤਰ੍ਹਾਂ ਸੋਚਦਾ ਹੈ। ਉਹ ਕਹਿੰਦਾ ਹੈ: “ਮੈਂ ਤੇ ਮੇਰੀ ਪਤਨੀ ਨੇ ਫ਼ਿਲਿੱਪੀਆਂ 4:6, 7 ਵਿਚ ਜ਼ਿਕਰ ਕੀਤੀ ਮਨ ਦੀ ਸ਼ਾਂਤੀ ਮਹਿਸੂਸ ਕੀਤੀ। ਇਹ ਸ਼ਾਂਤੀ ਸਾਨੂੰ ਯਹੋਵਾਹ ਨੂੰ ਦੁਆਵਾਂ ਕਰ ਕੇ ਮਿਲੀ। ਇਸ ਸ਼ਾਂਤੀ ਸਦਕਾ ਹੀ ਅਸੀਂ ਨਿਊਜ਼ ਰਿਪੋਰਟਰਾਂ ਨੂੰ ਆਪਣੀ ਇਸ ਉਮੀਦ ਬਾਰੇ ਦੱਸ ਸਕੇ ਕਿ ਰੱਬ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ। ਭਾਵੇਂ ਕਿ ਉਸ ਹਵਾਈ ਜਹਾਜ਼ ਹਾਦਸੇ ਵਿਚ ਸਾਡੇ ਪੁੱਤਰ ਦੀ ਜਾਨ ਚਲੀ ਗਈ, ਪਰ ਹਾਲੇ ਵੀ ਸਾਡੇ ਕੋਲ ਉਸ ਨਾਲ ਬਿਤਾਏ ਪਲਾਂ ਦੀਆਂ ਮਿੱਠੀਆਂ ਯਾਦਾਂ ਤਾਜ਼ਾ ਹਨ। ਅਸੀਂ ਇਨ੍ਹਾਂ ਮਿੱਠੀਆਂ ਯਾਦਾਂ ’ਤੇ ਧਿਆਨ ਲਾਈ ਰੱਖਣ ਦੀ ਕੋਸ਼ਿਸ਼ ਕਰਦੇ ਹਾਂ।

“ਜਦੋਂ ਸਾਡੇ ਮਸੀਹੀ ਭੈਣਾਂ-ਭਰਾਵਾਂ ਨੇ ਸਾਨੂੰ ਦੱਸਿਆ ਕਿ ਅਸੀਂ ਟੈਲੀਵਿਯਨ ’ਤੇ ਕਿੰਨੀ ਸ਼ਾਂਤੀ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੱਸ ਰਹੇ ਸੀ, ਤਾਂ ਅਸੀਂ ਕਿਹਾ ਕਿ ਬਿਨਾਂ ਸ਼ੱਕ ਇਹ ਤੁਹਾਡੀਆਂ ਪ੍ਰਾਰਥਨਾਵਾਂ ਕਰਕੇ ਹੀ ਸੰਭਵ ਹੋਇਆ। ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਇਨ੍ਹਾਂ ਮਸੀਹੀ ਭੈਣਾਂ-ਭਰਾਵਾਂ ਦੇ ਜ਼ਰੀਏ ਸਾਨੂੰ ਸਹਾਰਾ ਦੇ ਰਿਹਾ ਸੀ ਜਿਨ੍ਹਾਂ ਨੇ ਸਾਨੂੰ ਦਿਲਾਸੇ ਭਰੇ ਬਹੁਤ ਸਾਰੇ ਸੁਨੇਹੇ ਭੇਜੇ ਸਨ।”

ਇਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਰੱਬ ਹਰ ਤਰ੍ਹਾਂ ਦੀਆਂ ਮੁਸ਼ਕਲ ਘੜੀਆਂ ਵਿਚ ਆਪਣੇ ਲੋਕਾਂ ਨੂੰ ਦਿਲਾਸਾ ਦੇ ਸਕਦਾ ਹੈ। ਤੁਹਾਡੇ ਬਾਰੇ ਕੀ? ਤੁਹਾਨੂੰ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਿਉਂ ਨਾ ਕਰਨਾ ਪਵੇ, ਤੁਹਾਨੂੰ ਦਿਲਾਸਾ ਮਿਲ ਸਕਦਾ ਹੈ। * ਫਿਰ ਕਿਉਂ ਨਾ ਤੁਸੀਂ ਯਹੋਵਾਹ ਤੋਂ ਮਦਦ ਮੰਗੋ? ਉਹ “ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ।”​—2 ਕੁਰਿੰਥੀਆਂ 1:3. ▪ (wp16-E No. 5)

^ ਪੈਰਾ 5 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

^ ਪੈਰਾ 23 ਜੇ ਤੁਸੀਂ ਰੱਬ ਨਾਲ ਨਜ਼ਦੀਕੀ ਰਿਸ਼ਤਾ ਜੋੜਨਾ ਚਾਹੁੰਦੇ ਅਤੇ ਉਸ ਤੋਂ ਦਿਲਾਸਾ ਪਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰ ਕੇ ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਨੂੰ ਮਿਲੋ ਜਾਂ ਆਪਣੇ ਨੇੜੇ ਦੇ ਸ਼ਾਖ਼ਾ ਦਫ਼ਤਰ ਨੂੰ ਲਿਖੋ।