Skip to content

Skip to table of contents

ਅਰਿਮਥੀਆ ਦੇ ਯੂਸੁਫ਼ ਨੇ ਕਦਮ ਚੁੱਕਿਆ

ਅਰਿਮਥੀਆ ਦੇ ਯੂਸੁਫ਼ ਨੇ ਕਦਮ ਚੁੱਕਿਆ

ਅਰਿਮਥੀਆ ਦੇ ਯੂਸੁਫ਼ ਨੂੰ ਨਹੀਂ ਲੱਗਦਾ ਸੀ ਕਿ ਉਸ ਵਿਚ ਇੰਨੀ ਹਿੰਮਤ ਹੈ ਕਿ ਉਹ ਰੋਮੀ ਰਾਜਪਾਲ ਨਾਲ ਗੱਲ ਕਰ ਸਕੇ। ਪੁੰਤੀਅਸ ਪਿਲਾਤੁਸ ਬਹੁਤ ਅੜਬ ਸੁਭਾਅ ਵਾਲਾ ਸੀ। ਪਰ ਜੇ ਲੋਕ ਚਾਹੁੰਦੇ ਸਨ ਕਿ ਯਿਸੂ ਦੀ ਲਾਸ਼ ਆਦਰਮਈ ਤਰੀਕੇ ਨਾਲ ਦਫ਼ਨਾਈ ਜਾਵੇ, ਤਾਂ ਕਿਸੇ ਨੂੰ ਪੁੰਤੀਅਸ ਕੋਲੋਂ ਯਿਸੂ ਦੀ ਲਾਸ਼ ਮੰਗਣੀ ਪੈਣੀ ਸੀ। ਪਰ ਯੂਸੁਫ਼ ਲਈ ਪਿਲਾਤੁਸ ਨਾਲ ਆਮ੍ਹੋ-ਸਾਮ੍ਹਣੇ ਗੱਲ ਕਰਨੀ ਇੰਨੀ ਔਖੀ ਨਹੀਂ ਸੀ ਜਿੰਨੀ ਉਸ ਨੇ ਸੋਚੀ ਸੀ। ਯਿਸੂ ਦੀ ਮੌਤ ਦੀ ਖ਼ਬਰ ਲੈਣ ਲਈ ਪਿਲਾਤੁਸ ਨੇ ਫ਼ੌਜੀ ਅਫ਼ਸਰ ਨੂੰ ਬੁਲਾਇਆ। ਜਦੋਂ ਉਸ ਨੂੰ ਪਤਾ ਲੱਗਾ ਕਿ ਯਿਸੂ ਮਰ ਗਿਆ ਸੀ, ਤਾਂ ਪਿਲਾਤੁਸ ਨੇ ਯੂਸੁਫ਼ ਦੀ ਬੇਨਤੀ ਮੰਨ ਲਈ। ਯੂਸੁਫ਼ ਦਾ ਦਿਲ ਹਾਲੇ ਵੀ ਬਹੁਤ ਦੁਖੀ ਸੀ। ਪਰ ਉਹ ਭੱਜਾ-ਭੱਜਾ ਉਸ ਥਾਂ ਨੂੰ ਵਾਪਸ ਗਿਆ ਜਿੱਥੇ ਯਿਸੂ ਨੂੰ ਸੂਲ਼ੀ ਟੰਗਿਆ ਗਿਆ ਸੀ।​—ਮਰ. 15:42-45.

  • ਅਰਿਮਥੀਆ ਦਾ ਯੂਸੁਫ਼ ਕੌਣ ਸੀ?

  • ਯਿਸੂ ਨਾਲ ਉਸ ਦਾ ਕੀ ਰਿਸ਼ਤਾ ਸੀ?

  • ਸਾਨੂੰ ਉਸ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

ਮਹਾਸਭਾ ਦਾ ਮੈਂਬਰ

ਮਰਕੁਸ ਨੇ ਆਪਣੀ ਇੰਜੀਲ ਵਿਚ ਲਿਖਿਆ ਕਿ “ਯੂਸੁਫ਼ ਮਹਾਸਭਾ ਦਾ ਇਕ ਇੱਜ਼ਤਦਾਰ ਮੈਂਬਰ ਸੀ।” ਇਹ ਮਹਾਸਭਾ ਯਹੂਦੀਆਂ ਦੀ ਸਭ ਤੋਂ ਉੱਚ ਅਦਾਲਤ ਹੁੰਦੀ ਸੀ ਅਤੇ ਸਮਾਜ, ਧਰਮ ਅਤੇ ਸਰਕਾਰ ਇਸ ਮਹਾਸਭਾ ਦੇ ਅਧੀਨ ਸਨ। (ਮਰ. 15:1, 43) ਮਹਾਸਭਾ ਦਾ ਮੈਂਬਰ ਹੋਣ ਕਰਕੇ ਯੂਸੁਫ਼ ਕੋਲ ਰੋਮੀ ਰਾਜਪਾਲ ਨਾਲ ਗੱਲ ਕਰਨ ਦੀ ਪਹੁੰਚ ਸੀ। ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯੂਸੁਫ਼ ਬਹੁਤ ਅਮੀਰ ਆਦਮੀ ਸੀ।​—ਮੱਤੀ 27:57.

ਕੀ ਤੁਹਾਡੇ ਵਿਚ ਦੂਜਿਆਂ ਸਾਮ੍ਹਣੇ ਯਿਸੂ ਨੂੰ ਰਾਜਾ ਕਬੂਲ ਕਰਨ ਦੀ ਹਿੰਮਤ ਹੈ?

ਪੂਰੀ ਮਹਾਸਭਾ ਯਿਸੂ ਤੋਂ ਨਫ਼ਰਤ ਕਰਦੀ ਸੀ। ਉਸ ਦੇ ਮੈਂਬਰਾਂ ਨੇ ਯਿਸੂ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ। ਪਰ ਯੂਸੁਫ਼ “ਚੰਗਾ ਤੇ ਨੇਕ ਇਨਸਾਨ ਸੀ।” (ਲੂਕਾ 23:50) ਉਹ ਮਹਾਸਭਾ ਦੇ ਜ਼ਿਆਦਾਤਰ ਮੈਂਬਰਾਂ ਵਾਂਗ ਨਹੀਂ ਸੀ। ਉਹ ਈਮਾਨਦਾਰ ਅਤੇ ਚੰਗੇ ਚਾਲ-ਚਲਣ ਵਾਲਾ ਸੀ। ਉਹ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰਦਾ ਸੀ। “ਉਹ ਵੀ ਪਰਮੇਸ਼ੁਰ ਦੇ ਰਾਜ ਦਾ ਇੰਤਜ਼ਾਰ ਕਰ ਰਿਹਾ ਸੀ।” ਸ਼ਾਇਦ ਇਸ ਕਾਰਨ ਕਰਕੇ ਉਹ ਯਿਸੂ ਦਾ ਚੇਲਾ ਬਣਿਆ। (ਮਰ. 15:43; ਮੱਤੀ 27:57) ਸ਼ਾਇਦ ਉਹ ਯਿਸੂ ਦੇ ਸੰਦੇਸ਼ ਵੱਲ ਇਸ ਲਈ ਖਿੱਚਿਆ ਗਿਆ ਕਿਉਂਕਿ ਉਹ ਸੱਚਾਈ ਅਤੇ ਨਿਆਂ ਨੂੰ ਪਸੰਦ ਸੀ।

ਚੇਲੇ ਹੋਣ ਦੀ ਗੱਲ ਲੁਕਾਈ

ਯੂਹੰਨਾ 19:38 ਵਿਚ ਦੱਸਿਆ ਗਿਆ ਹੈ ਕਿ “ਯੂਸੁਫ਼ ਯਿਸੂ ਦਾ ਚੇਲਾ ਸੀ, ਪਰ ਉਸ ਨੇ ਯਹੂਦੀ ਆਗੂਆਂ ਤੋਂ ਡਰਦੇ ਮਾਰੇ ਇਹ ਗੱਲ ਲੁਕੋ ਕੇ ਰੱਖੀ ਸੀ।” ਯੂਸੁਫ਼ ਨੂੰ ਕਿਸ ਗੱਲ ਦਾ ਡਰ ਸੀ? ਉਹ ਜਾਣਦਾ ਸੀ ਕਿ ਯਹੂਦੀ ਯਿਸੂ ਨਾਲ ਕਿੰਨੀ ਨਫ਼ਰਤ ਕਰਦੇ ਸਨ ਅਤੇ ਯਿਸੂ ’ਤੇ ਨਿਹਚਾ ਕਰਨ ਵਾਲਿਆਂ ਨੂੰ ਮਹਾਸਭਾ ਵਿੱਚੋਂ ਕੱਢ ਦਿੰਦੇ ਸਨ। (ਯੂਹੰ. 7:45-49; 9:22) ਮਹਾਸਭਾ ਵਿੱਚੋਂ ਕੱਢੇ ਜਾਣ ਦਾ ਮਤਲਬ ਸੀ ਕਿ ਲੋਕ ਤੁਹਾਡੇ ਨਾਲ ਘਿਰਣਾ ਕਰਨਗੇ, ਤੁਹਾਡੇ ਤੋਂ ਦੂਰ-ਦੂਰ ਰਹਿਣਗੇ ਅਤੇ ਤੁਹਾਡੇ ਨਾਲ ਸਮਾਜ ਵਿੱਚੋਂ ਛੇਕੇ ਗਏ ਵਾਂਗ ਪੇਸ਼ ਆਉਣਗੇ। ਇਸ ਕਰਕੇ ਯੂਸੁਫ਼ ਨੇ ਇਹ ਗੱਲ ਲੁਕੋ ਕੇ ਰੱਖੀ ਕਿ ਉਹ ਯਿਸੂ ਦਾ ਚੇਲਾ ਸੀ। ਇਹ ਗੱਲ ਜ਼ਾਹਰ ਕਰਨ ਦਾ ਮਤਲਬ ਸੀ, ਆਪਣੇ ਰੁਤਬੇ ਅਤੇ ਇੱਜ਼ਤ-ਮਾਣ ਤੋਂ ਹੱਥ ਧੋਣਾ।

ਯੂਸੁਫ਼ ਇਕੱਲਾ ਨਹੀਂ ਸੀ ਜਿਸ ਨੇ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਮ੍ਹਣਾ ਕੀਤਾ। ਯੂਹੰਨਾ 12:42 ਮੁਤਾਬਕ “ਯਹੂਦੀਆਂ ਦੇ ਬਹੁਤ ਸਾਰੇ ਆਗੂ [ਯਿਸੂ] ਉੱਤੇ ਨਿਹਚਾ ਕਰਨ ਲੱਗ ਪਏ ਸਨ, ਪਰ ਫ਼ਰੀਸੀਆਂ ਦੇ ਡਰ ਕਰਕੇ ਆਪਣੀ ਨਿਹਚਾ ਦਾ ਇਜ਼ਹਾਰ ਨਹੀਂ ਕਰਦੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਸਭਾ ਘਰ ਵਿੱਚੋਂ ਉਨ੍ਹਾਂ ਨੂੰ ਛੇਕਿਆ ਜਾਵੇ।” ਮਹਾਸਭਾ ਦੇ ਇਕ ਹੋਰ ਮੈਂਬਰ ਨਿਕੁਦੇਮੁਸ ਨੇ ਵੀ ਇੱਦਾਂ ਦੇ ਹਾਲਾਤਾਂ ਦਾ ਸਾਮ੍ਹਣਾ ਕੀਤਾ।​—ਯੂਹੰ. 3:1-10; 7:50-52.

ਚਾਹੇ ਯੂਸੁਫ਼ ਯਿਸੂ ਦਾ ਚੇਲਾ ਸੀ, ਪਰ ਫਿਰ ਵੀ ਉਸ ਨੇ ਖੁੱਲ੍ਹ ਕੇ ਇਸ ਦਾ ਇਜ਼ਹਾਰ ਨਹੀਂ ਸੀ ਕੀਤਾ। ਇਹ ਬਹੁਤ ਗੰਭੀਰ ਗੱਲ ਸੀ ਕਿਉਂਕਿ ਯਿਸੂ ਨੇ ਪਹਿਲਾਂ ਦੱਸਿਆ ਸੀ ਕਿ “ਹਰ ਕੋਈ ਜੋ ਮੈਨੂੰ ਇਨਸਾਨਾਂ ਸਾਮ੍ਹਣੇ ਕਬੂਲ ਕਰਦਾ ਹੈ, ਮੈਂ ਵੀ ਉਸ ਨੂੰ ਆਪਣੇ ਸਵਰਗੀ ਪਿਤਾ ਦੇ ਸਾਮ੍ਹਣੇ ਕਬੂਲ ਕਰਾਂਗਾ, ਪਰ ਜੋ ਮੈਨੂੰ ਇਨਸਾਨਾਂ ਸਾਮ੍ਹਣੇ ਕਬੂਲ ਨਹੀਂ ਕਰਦਾ, ਮੈਂ ਵੀ ਉਸ ਨੂੰ ਆਪਣੇ ਸਵਰਗੀ ਪਿਤਾ ਦੇ ਸਾਮ੍ਹਣੇ ਕਬੂਲ ਨਹੀਂ ਕਰਾਂਗਾ।” (ਮੱਤੀ 10:32, 33) ਚਾਹੇ ਯੂਸੁਫ਼ ਯਿਸੂ ਦਾ ਚੇਲਾ ਹੋਣ ਤੋਂ ਇਨਕਾਰ ਨਹੀਂ ਸੀ ਕਰਦਾ, ਪਰ ਉਹ ਸਾਰਿਆਂ ਸਾਮ੍ਹਣੇ ਯਿਸੂ ਦੇ ਚੇਲੇ ਵਜੋਂ ਆਪਣੀ ਪਛਾਣ ਵੀ ਨਹੀਂ ਸੀ ਕਰਾਉਂਦਾ। ਕੀ ਤੁਸੀਂ ਵੀ ਇੱਦਾਂ ਹੀ ਕਰਦੇ ਹੋ?

ਪਰ ਯੂਸੁਫ਼ ਤਾਰੀਫ਼ ਦੇ ਲਾਇਕ ਸੀ ਕਿਉਂਕਿ ਬਾਈਬਲ ਦੱਸਦੀ ਹੈ ਕਿ ਉਸ ਨੇ ਯਿਸੂ ਨੂੰ ਮਾਰਨ ਦੀ ਸਾਜ਼ਸ਼ ਵਿਚ ਮਹਾਸਭਾ ਦਾ ਸਾਥ ਨਹੀਂ ਦਿੱਤਾ। (ਲੂਕਾ 23:51) ਕੁਝ ਲੋਕ ਕਹਿੰਦੇ ਹਨ ਕਿ ਸ਼ਾਇਦ ਯੂਸੁਫ਼ ਯਿਸੂ ਦੇ ਮੁਕੱਦਮੇ ਦੌਰਾਨ ਮੌਜੂਦ ਨਹੀਂ ਸੀ। ਜੋ ਵੀ ਸੀ ਯਿਸੂ ਨਾਲ ਹੁੰਦੇ ਅਨਿਆਂ ਨੂੰ ਦੇਖ ਕੇ ਯੂਸੁਫ਼ ਦਾ ਦਿਲ ਜ਼ਰੂਰ ਤੜਫ਼ਿਆ ਹੋਣਾ। ਪਰ ਉਹ ਚਾਅ ਕੇ ਕੁਝ ਨਹੀਂ ਕਰ ਸਕਦਾ ਸੀ।

ਆਪਣੇ ਡਰ ’ਤੇ ਕਾਬੂ ਪਾਇਆ

ਲੱਗਦਾ ਹੈ ਕਿ ਯੂਸੁਫ਼ ਨੇ ਯਿਸੂ ਦੀ ਮੌਤ ਤੋਂ ਬਾਅਦ ਆਪਣੇ ਡਰ ’ਤੇ ਕਾਬੂ ਪਾ ਲਿਆ ਸੀ ਅਤੇ ਯਿਸੂ ਦੇ ਚੇਲਿਆਂ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ। ਇਸ ਫ਼ੈਸਲੇ ਬਾਰੇ ਮਰਕੁਸ 15:43 ਵਿਚ ਲਿਖਿਆ ਹੈ ਕਿ “ਉਹ ਹਿੰਮਤ ਕਰ ਕੇ ਪਿਲਾਤੁਸ ਕੋਲ ਗਿਆ ਅਤੇ ਉਸ ਤੋਂ ਯਿਸੂ ਦੀ ਲਾਸ਼ ਮੰਗੀ।”

ਲੱਗਦਾ ਹੈ ਕਿ ਯਿਸੂ ਦੀ ਮੌਤ ਵੇਲੇ ਯੂਸੁਫ਼ ਉੱਥੇ ਹੀ ਸੀ। ਉੱਥੇ ਹੋਣ ਕਰਕੇ ਉਸ ਨੂੰ ਯਿਸੂ ਦੀ ਮੌਤ ਬਾਰੇ ਪਿਲਾਤੁਸ ਤੋਂ ਪਹਿਲਾਂ ਹੀ ਪਤਾ ਸੀ। ਇਸ ਲਈ ਜਦੋਂ ਉਸ ਨੇ ਰਾਜਪਾਲ ਕੋਲੋਂ ਯਿਸੂ ਦੀ ਲਾਸ਼ ਮੰਗੀ, ਤਾਂ ਰਾਜਪਾਲ ਬਹੁਤ ਹੈਰਾਨ ਹੋਇਆ ਕਿ “ਯਿਸੂ ਦੀ ਮੌਤ ਇੰਨੀ ਜਲਦੀ ਹੋ ਗਈ।” (ਮਰ. 15:44) ਯੂਸੁਫ਼ ਨੇ ਯਿਸੂ ਨੂੰ ਤੜਫ਼-ਤੜਫ਼ ਕੇ ਮਰਦੇ ਦੇਖਿਆ। ਕੀ ਇਹ ਦਰਦਨਾਕ ਘਟਨਾ ਦੇਖ ਕੇ ਉਹ ਆਪਣੀ ਜਾਂਚ ਕਰਨ ਲਈ ਮਜਬੂਰ ਨਹੀਂ ਹੋ ਗਿਆ ਹੋਣਾ? ਕੀ ਹੁਣ ਉਸ ਵਿਚ ਹਿੰਮਤ ਸੀ ਕਿ ਉਹ ਸਾਰਿਆਂ ਦੇ ਸਾਮ੍ਹਣੇ ਇਸ ਗੱਲ ਦਾ ਇਜ਼ਹਾਰ ਕਰੇ ਕਿ ਉਹ ਯਿਸੂ ਦਾ ਚੇਲਾ ਸੀ? ਕਾਰਨ ਭਾਵੇਂ ਜੋ ਵੀ ਸੀ, ਉਸ ਦੇ ਅਗਲੇ ਕਦਮ ਤੋਂ ਜ਼ਾਹਰ ਹੋ ਗਿਆ ਕਿ ਉਹ ਯਿਸੂ ਦਾ ਗੁਮਨਾਮ ਚੇਲਾ ਨਹੀਂ ਸੀ ਰਿਹਾ।

ਯੂਸੁਫ਼ ਨੇ ਯਿਸੂ ਨੂੰ ਦਫ਼ਨਾਇਆ

ਯਹੂਦੀ ਕਾਨੂੰਨ ਦੇ ਮੁਤਾਬਕ ਅਪਰਾਧੀ ਨੂੰ ਮੌਤ ਦੀ ਸਜ਼ਾ ਦੇਣ ਤੋਂ ਬਾਅਦ ਉਸ ਦੀ ਲਾਸ਼ ਨੂੰ ਸੂਰਜ ਡੁੱਬਣ ਤੋਂ ਪਹਿਲਾਂ-ਪਹਿਲਾਂ ਦਫ਼ਨਾਇਆ ਜਾਣਾ ਚਾਹੀਦਾ ਸੀ। (ਬਿਵ. 21:22, 23) ਪਰ ਰੋਮੀ ਲੋਕ ਅਪਰਾਧੀਆਂ ਦੀਆਂ ਲਾਸ਼ਾਂ ਨੂੰ ਸੜਨ ਲਈ ਸੂਲ਼ੀ ’ਤੇ ਟੰਗਿਆ ਰਹਿਣ ਦਿੰਦੇ ਸਨ ਜਾਂ ਇਕ ਆਮ ਕਬਰ ਵਿਚ ਸੁੱਟ ਦਿੰਦੇ ਸਨ। ਪਰ ਯੂਸੁਫ਼ ਨਹੀਂ ਚਾਹੁੰਦਾ ਸੀ ਕਿ ਯਿਸੂ ਦੀ ਲਾਸ਼ ਨਾਲ ਇਸ ਤਰ੍ਹਾਂ ਕੀਤਾ ਜਾਵੇ। ਜਿੱਥੇ ਯਿਸੂ ਨੂੰ ਮਾਰਿਆ ਗਿਆ ਸੀ, ਉੱਥੇ ਨੇੜੇ ਹੀ ਯੂਸੁਫ਼ ਨੇ ਆਪਣੇ ਲਈ ਇਕ ਨਵੀਂ ਕਬਰ ਖ਼ਰੀਦ ਕੇ ਰੱਖੀ ਸੀ। ਇਹ ਕਬਰ ਚਟਾਨ ਵਿਚ ਤਰਾਸ਼ ਕੇ ਬਣਾਈ ਗਈ ਸੀ। ਇਸ ਵਿਚ ਪਹਿਲਾਂ ਕਦੇ ਕਿਸੇ ਦੀ ਲਾਸ਼ ਨਹੀਂ ਸੀ ਰੱਖੀ ਗਈ। ਇਸ ਤੋਂ ਪਤਾ ਲੱਗਦਾ ਹੈ ਕਿ ਯੂਸੁਫ਼ ਨੂੰ ਅਰਿਮਥੀਆ * ਤੋਂ ਯਰੂਸ਼ਲਮ ਆਏ ਕੁਝ ਹੀ ਸਮਾਂ ਹੋਇਆ ਸੀ ਅਤੇ ਉਸ ਨੇ ਇਹ ਕਬਰ ਆਪਣੇ ਪਰਿਵਾਰ ਲਈ ਰੱਖੀ ਸੀ। (ਲੂਕਾ 23:53; ਯੂਹੰ. 19:41) ਯਿਸੂ ਨੂੰ ਆਪਣੇ ਲਈ ਖ਼ਰੀਦੀ ਕਬਰ ਵਿਚ ਦਫ਼ਨਾ ਕੇ ਯੂਸੁਫ਼ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਇਸ ਨਾਲ ਇਹ ਭਵਿੱਖਬਾਣੀ ਵੀ ਪੂਰੀ ਹੋਈ ਕਿ ਮਸੀਹ “ਧਨੀ ਨਾਲ” ਦਫ਼ਨਾਇਆ ਜਾਵੇਗਾ।​—ਯਸਾ. 53:5, 8, 9.

ਕੀ ਤੁਹਾਡੀ ਜ਼ਿੰਦਗੀ ਵਿਚ ਯਹੋਵਾਹ ਸਭ ਤੋਂ ਜ਼ਿਆਦਾ ਅਹਿਮ ਹੈ ਜਾਂ ਕੋਈ ਹੋਰ ਚੀਜ਼?

ਚਾਰ ਇੰਜੀਲਾਂ ਵਿਚ ਲਿਖਿਆ ਹੈ ਕਿ ਯਿਸੂ ਦੀ ਲਾਸ਼ ਨੂੰ ਸੂਲ਼ੀ ਤੋਂ ਲਾਹੁਣ ਤੋਂ ਬਾਅਦ, ਯੂਸੁਫ਼ ਨੇ ਲਾਸ਼ ਨੂੰ ਵਧੀਆ ਕੱਪੜੇ ਵਿਚ ਲਪੇਟ ਕੇ ਆਪਣੀ ਕਬਰ ਵਿਚ ਰੱਖ ਦਿੱਤਾ। (ਮੱਤੀ 27:59-61; ਮਰ. 15:46, 47; ਲੂਕਾ 23:53, 55; ਯੂਹੰ. 19:38-40) ਸ਼ਾਇਦ ਹੋਰ ਵੀ ਲੋਕਾਂ ਨੇ ਯੂਸੁਫ਼ ਦੀ ਮਦਦ ਕੀਤੀ ਹੋਣੀ। ਪਰ ਬਾਈਬਲ ਵਿਚ ਸਿਰਫ਼ ਨਿਕੁਦੇਮੁਸ ਦਾ ਨਾਂ ਦਿੱਤਾ ਗਿਆ ਹੈ, ਜੋ ਲਾਸ਼ ਨੂੰ ਲਗਾਉਣ ਲਈ ਮਸਾਲੇ ਲੈ ਕੇ ਆਇਆ ਸੀ। ਇਹ ਦੋ ਆਦਮੀ ਉੱਚੇ ਦਰਜੇ ਵਾਲੇ ਸਨ। ਇਸ ਲਈ ਨਹੀਂ ਲੱਗਦਾ ਕਿ ਇਨ੍ਹਾਂ ਨੇ ਖ਼ੁਦ ਲਾਸ਼ ਨੂੰ ਚੁੱਕਿਆ ਹੋਣਾ। ਹੋ ਸਕਦਾ ਹੈ ਕਿ ਇਨ੍ਹਾਂ ਨੇ ਇਹ ਕੰਮ ਆਪਣੇ ਨੌਕਰਾਂ ਤੋਂ ਕਰਵਾਇਆ ਹੋਵੇ। ਜੇ ਇਨ੍ਹਾਂ ਨੇ ਨੌਕਰਾਂ ਤੋਂ ਕੰਮ ਕਰਵਾਇਆ ਵੀ ਹੋਣਾ, ਫਿਰ ਵੀ ਇਸ ਕੰਮ ਵਿਚ ਹੱਥ ਵਟਾਉਣਾ ਕੋਈ ਮਾੜੀ-ਮੋਟੀ ਗੱਲ ਨਹੀਂ ਸੀ। ਕਾਨੂੰਨ ਮੁਤਾਬਕ ਜੇ ਕਈ ਲਾਸ਼ ਨੂੰ ਹੱਥ ਲਾਉਂਦਾ ਸੀ, ਤਾਂ ਉਹ ਸੱਤ ਦਿਨਾਂ ਲਈ ਅਸ਼ੁੱਧ ਰਹਿੰਦਾ ਸੀ। ਉਹ ਜਿਹੜੀ ਵੀ ਚੀਜ਼ ਨੂੰ ਛੂੰਹਦਾ ਸੀ ਉਹ ਵੀ ਅਸ਼ੁੱਧ ਮੰਨੀ ਜਾਂਦੀ ਸੀ। (ਗਿਣ. 19:11; ਹੱਜ. 2:13) ਅਸ਼ੁੱਧ ਹੋਣ ਕਰਕੇ ਪਸਾਹ ਦੇ ਤਿਉਹਾਰ ਦੇ ਹਫ਼ਤੇ ਦੌਰਾਨ ਉਸ ਵਿਅਕਤੀ ਨੂੰ ਲੋਕਾਂ ਤੋਂ ਦੂਰ ਰਹਿਣਾ ਪੈਂਦਾ ਸੀ, ਉਹ ਤਿਉਹਾਰ ਨਹੀਂ ਮਨਾ ਸਕਦਾ ਸੀ ਅਤੇ ਤਿਉਹਾਰ ਵਿਚ ਮਿਲਦੀਆਂ ਸਾਰੀਆਂ ਖ਼ੁਸ਼ੀਆਂ ਤੋਂ ਵੀ ਵਾਂਝਾ ਰਹਿ ਜਾਂਦਾ ਸੀ। (ਗਿਣ. 9:6) ਯਿਸੂ ਨੂੰ ਦਫ਼ਨਾਉਣ ਦਾ ਸਾਰਾ ਪ੍ਰਬੰਧ ਕਰਨ ਕਰਕੇ ਯੂਸੁਫ਼ ਨੂੰ ਸ਼ਾਇਦ ਮਹਾਸਭਾ ਦੇ ਤਾਅਨੇ-ਮਿਹਣੇ ਸਹਿਣੇ ਪਏ ਹੋਣੇ। ਪਰ ਹੁਣ ਉਸ ਨੂੰ ਇਨ੍ਹਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਸੀ ਅਤੇ ਜੋ ਵੀ ਬੁਰੇ ਨਤੀਜੇ ਨਿਕਲ ਸਕਦੇ ਸਨ ਉਹ ਬਰਦਾਸ਼ਤ ਕਰਨ ਲਈ ਤਿਆਰ ਸੀ। ਉਹ ਯਿਸੂ ਦੀ ਲਾਸ਼ ਨੂੰ ਆਦਰਮਈ ਤਰੀਕੇ ਨਾਲ ਦਫ਼ਨਾਉਣਾ ਚਾਹੁੰਦਾ ਸੀ ਅਤੇ ਯਿਸੂ ਦੇ ਚੇਲੇ ਵਜੋਂ ਆਪਣੀ ਪਛਾਣ ਕਰਵਾਉਣ ਲਈ ਵੀ ਤਿਆਰ ਸੀ।

ਯੂਸੁਫ਼ ਦੀ ਕਹਾਣੀ ਦਾ ਅੰਤ

ਯਿਸੂ ਨੂੰ ਦਫ਼ਨਾਉਣ ਤੋਂ ਬਾਅਦ ਬਾਈਬਲ ਵਿਚ ਅਰਿਮਥੀਆ ਦੇ ਯੂਸੁਫ਼ ਦਾ ਕਿਤੇ ਵੀ ਕੋਈ ਜ਼ਿਕਰ ਨਹੀਂ ਆਉਂਦਾ। ਇਸ ਕਰਕੇ ਇਹ ਸਵਾਲ ਖੜ੍ਹਾ ਹੁੰਦਾ ਹੈ: ਉਸ ਦਾ ਕੀ ਬਣਿਆ? ਸੱਚ ਤਾਂ ਇਹ ਹੈ ਕਿ ਸਾਨੂੰ ਨਹੀਂ ਪਤਾ। ਪਰ ਅਸੀਂ ਜੋ ਗੱਲਾਂ ਕੀਤੀਆਂ ਹਨ ਇਨ੍ਹਾਂ ਤੋਂ ਅਸੀਂ ਕਾਫ਼ੀ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਉਸ ਨੇ ਜ਼ਰੂਰ ਸਾਰਿਆਂ ਸਾਮ੍ਹਣੇ ਆਪਣੀ ਪਛਾਣ ਇਕ ਮਸੀਹੀ ਵਜੋਂ ਕਰਾਈ ਹੋਣੀ। ਇਸ ਪਰੀਖਿਆ ਅਤੇ ਔਖੀ ਘੜੀ ਦੌਰਾਨ ਉਸ ਦੀ ਨਿਹਚਾ ਅਤੇ ਦਲੇਰੀ ਘਟਣ ਦੀ ਬਜਾਇ ਵਧੀ। ਇਹ ਵਧੀਆ ਗੱਲ ਸੀ।

ਇਹ ਬਿਰਤਾਂਤ ਸਾਨੂੰ ਇਕ ਅਹਿਮ ਗੱਲ ’ਤੇ ਸੋਚਣ ਲਈ ਮਜਬੂਰ ਕਰਦਾ ਹੈ। ਯੂਸੁਫ਼ ਵਾਂਗ ਸਾਡਾ ਵੀ ਯਹੋਵਾਹ ਨਾਲ ਰਿਸ਼ਤਾ ਹੈ। ਪਰ ਕੀ ਅਸੀਂ ਇਸ ਰਿਸ਼ਤੇ ਨੂੰ ਪਿੱਛੇ ਛੱਡ ਕੇ ਹੋਰ ਚੀਜ਼ਾਂ ਨੂੰ ਜ਼ਿਆਦਾ ਅਹਿਮੀਅਤ ਤਾਂ ਨਹੀਂ ਦੇ ਰਹੇ, ਜਿਵੇਂ ਕਿ ਆਪਣੇ ਰੁਤਬੇ, ਨੌਕਰੀ, ਚੀਜ਼ਾਂ, ਪਰਿਵਾਰ ਜਾਂ ਆਪਣੀ ਆਜ਼ਾਦੀ ਨੂੰ?

^ ਪੈਰਾ 18 ਅਰਿਮਥੀਆ ਨੂੰ ਰਾਮਾਹ ਵੀ ਕਿਹਾ ਜਾਂਦਾ ਸੀ। ਇਸ ਨੂੰ ਅੱਜ ਰੇਂਟਿਸ (ਰਾਂਟਿਸ) ਕਿਹਾ ਜਾਂਦਾ ਹੈ। ਸਮੂਏਲ ਨਬੀ ਇਸੇ ਸ਼ਹਿਰ ਵਿਚ ਰਹਿੰਦਾ ਸੀ। ਇਹ ਯਰੂਸ਼ਲਮ ਦੇ ਉੱਤਰ-ਪੱਛਮ ਤੋਂ ਲਗਭਗ 35 ਕਿਲੋਮੀਟਰ (22 ਮੀਲ) ਦੂਰ ਸੀ।​—1 ਸਮੂ. 1:19, 20.