Skip to content

Skip to table of contents

ਹਿਜ਼ਕੀਏਲ ਨੇ ਖ਼ੁਸ਼ੀ-ਖ਼ੁਸ਼ੀ ਯਰੂਸ਼ਲਮ ਦੁਆਲੇ ਘੇਰਾ ਪਾਉਣ ਦਾ ਡਰਾਮਾ ਕੀਤਾ

ਖ਼ੁਸ਼ੀ ਨਾਲ ਸੇਵਾ ਕਰਨ ਵਾਲੇ ਨਬੀਆਂ ਦੀ ਰੀਸ ਕਰੋ

ਖ਼ੁਸ਼ੀ ਨਾਲ ਸੇਵਾ ਕਰਨ ਵਾਲੇ ਨਬੀਆਂ ਦੀ ਰੀਸ ਕਰੋ

ਕੀ ਤੁਹਾਡੇ ਅਤੇ ਪੁਰਾਣੇ ਨਬੀਆਂ ਵਿਚ ਕੋਈ ਗੱਲ ਮਿਲਦੀ-ਜੁਲਦੀ ਹੈ? ਨਵੀਂ ਦੁਨੀਆਂ ਅਨੁਵਾਦ ਵਿਚ “ਸ਼ਬਦਾਂ ਦਾ ਅਰਥ” ਵਿਚ ਨਬੀ ਸ਼ਬਦ ਦਾ ਮਤਲਬ ਸਮਝਾਇਆ ਗਿਆ ਹੈ: “ਉਹ ਇਨਸਾਨ ਜਿਨ੍ਹਾਂ ਰਾਹੀਂ ਪਰਮੇਸ਼ੁਰ ਆਪਣੀ ਇੱਛਾ ਤੇ ਮਕਸਦ ਬਾਰੇ ਦੱਸਦਾ ਹੈ। ਉਹ ਪਰਮੇਸ਼ੁਰ ਦੇ ਸੰਦੇਸ਼ ਸੁਣਾਉਂਦੇ ਹਨ ਅਤੇ ਕਦੇ-ਕਦੇ ਭਵਿੱਖਬਾਣੀਆਂ ਵੀ ਕਰਦੇ ਹਨ।” ਭਾਵੇਂ ਕਿ ਤੁਸੀਂ ਭਵਿੱਖਬਾਣੀਆਂ ਨਹੀਂ ਕਰਦੇ, ਪਰ ਤੁਸੀਂ ਪਰਮੇਸ਼ੁਰ ਲਈ ਬੋਲਦੇ ਹੋ ਅਤੇ ਬਾਈਬਲ ਵਿਚ ਲਿਖੇ ਸੰਦੇਸ਼ ਸੁਣਾਉਂਦੇ ਹੋ।​—ਮੱਤੀ 24:14.

ਸਾਡੇ ਲਈ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ ਕਿ ਅਸੀਂ ਦੂਸਰਿਆਂ ਨੂੰ ਯਹੋਵਾਹ ਪਰਮੇਸ਼ੁਰ ਅਤੇ ਇਨਸਾਨਾਂ ਲਈ ਰੱਖੇ ਉਸ ਦੇ ਮਕਸਦ ਬਾਰੇ ਦੱਸਦੇ ਹਾਂ। ਅਸੀਂ ‘ਆਕਾਸ਼ ਵਿਚ ਉੱਡਦੇ ਦੂਤ’ ਨਾਲ ਮਿਲ ਕੇ ਇਹ ਕੰਮ ਕਰਦੇ ਹਾਂ। (ਪ੍ਰਕਾ. 14:6) ਪਰ ਸ਼ਾਇਦ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਅਸੀਂ ਇਸ ਸ਼ਾਨਦਾਰ ਸਨਮਾਨ ਦੀ ਅਹਿਮੀਅਤ ਭੁੱਲ ਜਾਈਏ। ਪਰ ਕਿਹੜੀਆਂ ਕੁਝ ਮੁਸ਼ਕਲਾਂ ਹੋ ਸਕਦੀਆਂ ਹਨ? ਅਸੀਂ ਸ਼ਾਇਦ ਥੱਕੇ ਹੋਈਏ, ਨਿਰਾਸ਼ ਹੋਈਏ ਜਾਂ ਆਪਣੇ ਆਪ ਨੂੰ ਨਿਕੰਮੇ ਸਮਝੀਏ। ਪੁਰਾਣੇ ਸਮੇਂ ਦੇ ਵਫ਼ਾਦਾਰ ਨਬੀ ਸਾਡੇ ਵਰਗੇ ਹੀ ਸਨ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਨਾਲੇ ਯਹੋਵਾਹ ਨੇ ਜ਼ਿੰਮੇਵਾਰੀਆਂ ਨਿਭਾਉਣ ਵਿਚ ਉਨ੍ਹਾਂ ਦੀ ਮਦਦ ਕੀਤੀ। ਕੁਝ ਮਿਸਾਲਾਂ ’ਤੇ ਗੌਰ ਕਰ ਕੇ ਦੇਖੋ ਕਿ ਤੁਸੀਂ ਕਿਵੇਂ ਉਨ੍ਹਾਂ ਦੀ ਰੀਸ ਕਰ ਸਕਦੇ ਹੋ।

ਉਨ੍ਹਾਂ ਨੇ ਪੂਰੀ ਵਾਹ ਲਾ ਕੇ ਕੰਮ ਕੀਤਾ

ਕਈ ਵਾਰ ਰੋਜ਼ ਦੇ ਕੰਮਾਂ-ਕਾਰਾਂ ਕਰਕੇ ਸ਼ਾਇਦ ਅਸੀਂ ਥੱਕੇ ਹੋਏ ਹੋਈਏ ਅਤੇ ਸ਼ਾਇਦ ਸਾਡਾ ਪ੍ਰਚਾਰ ’ਤੇ ਜਾਣ ਨੂੰ ਦਿਲ ਨਾ ਕਰੇ। ਇਹ ਸੱਚ ਹੈ ਕਿ ਸਾਨੂੰ ਆਰਾਮ ਦੀ ਲੋੜ ਹੈ। ਯਿਸੂ ਤੇ ਉਸ ਦੇ ਚੇਲਿਆਂ ਨੇ ਵੀ ਆਰਾਮ ਕੀਤਾ ਸੀ। (ਮਰ. 6:31) ਪਰ ਜ਼ਰਾ ਹਿਜ਼ਕੀਏਲ ਅਤੇ ਉਸ ਦੇ ਕੰਮ ਬਾਰੇ ਸੋਚੋ ਜੋ ਬਾਬਲ ਵਿਚ ਬਾਕੀ ਇਜ਼ਰਾਈਲੀਆਂ ਨਾਲ ਗ਼ੁਲਾਮੀ ਵਿਚ ਸੀ। ਪਰਮੇਸ਼ੁਰ ਨੇ ਹਿਜ਼ਕੀਏਲ ਨੂੰ ਕਿਹਾ ਕਿ ਉਹ ਇਕ ਇੱਟ ’ਤੇ ਯਰੂਸ਼ਲਮ ਸ਼ਹਿਰ ਦਾ ਨਕਸ਼ਾ ਬਣਾਵੇ। ਫਿਰ ਇਸ ਛੋਟੇ ਜਿਹੇ ਸ਼ਹਿਰ ਦੇ ਆਲੇ-ਦੁਆਲੇ ਘੇਰਾ ਪਾਇਆ ਦਿਖਾਵੇ ਅਤੇ 390 ਦਿਨ ਆਪਣੇ ਖੱਬੇ ਪਾਸੇ ਅਤੇ ਫਿਰ 40 ਦਿਨ ਆਪਣੇ ਸੱਜੇ ਪਾਸੇ ਲੰਮਾ ਪਿਆ ਰਹੇ। ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: “ਵੇਖ, ਮੈਂ ਤੇਰੇ ਉੱਤੇ ਬੰਧਣ ਪਾਵਾਂਗਾ ਤਾਂ ਜੋ ਤੂੰ ਪਾਸਾ ਨਾ ਪਰਤ ਸੱਕੇਂ ਜਦੋਂ ਤੀਕ ਤੂੰ ਆਪਣੇ ਘੇਰੇ ਦੇ ਦਿਨਾਂ ਨੂੰ ਪੂਰਾ ਨਾ ਕਰ ਲਵੇਂ।” (ਹਿਜ਼. 4:1-8) ਇਸ ਨੇ ਜ਼ਰੂਰ ਇਜ਼ਰਾਈਲੀਆਂ ਦਾ ਧਿਆਨ ਖਿੱਚਿਆ ਹੋਣਾ। ਹਿਜ਼ਕੀਏਲ ਨੂੰ ਥਕਾਉਣ ਵਾਲਾ ਇਹ ਕੰਮ ਸਾਲ ਤੋਂ ਜ਼ਿਆਦਾ ਸਮੇਂ ਲਈ ਕਰਨਾ ਪੈਣਾ ਸੀ। ਉਹ ਇਹ ਕੰਮ ਕਿਵੇਂ ਪੂਰਾ ਕਰ ਸਕਦਾ ਸੀ?

ਹਿਜ਼ਕੀਏਲ ਨੂੰ ਪਤਾ ਸੀ ਕਿ ਉਸ ਨੂੰ ਨਬੀ ਵਜੋਂ ਕਿਉਂ ਭੇਜਿਆ ਗਿਆ ਸੀ। ਪਰਮੇਸ਼ੁਰ ਨੇ ਹਿਜ਼ਕੀਏਲ ਨਬੀ ਨੂੰ ਇਹ ਕਹਿ ਕੇ ਭੇਜਿਆ: “ਭਾਵੇਂ ਓਹ ਸੁਣਨ ਯਾ ਨਾ ਸੁਣਨ . . . ਪਰ ਓਹ ਜਾਣ ਲੈਣਗੇ ਕਿ ਉਨ੍ਹਾਂ ਦੇ ਵਿੱਚ ਇੱਕ ਨਬੀ ਹੋਇਆ ਹੈ।” (ਹਿਜ਼. 2:5) ਉਸ ਨੇ ਪਰਮੇਸ਼ੁਰ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਚੇਤੇ ਰੱਖਿਆ। ਇਸ ਲਈ ਉਸ ਨੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦਾ ਕਹਿਣਾ ਮੰਨਿਆ। ਉਹ ਸੱਚਾ ਨਬੀ ਸਾਬਤ ਹੋਇਆ। ਉਸ ਨੂੰ ਅਤੇ ਬਾਕੀ ਇਜ਼ਰਾਈਲੀਆਂ ਨੂੰ ਇਹ ਖ਼ਬਰ ਮਿਲੀ ਕਿ “ਸ਼ਹਿਰ ਮਾਰਿਆ ਗਿਆ ਹੈ!” ਜੀ ਹਾਂ, ਇਜ਼ਰਾਈਲੀਆਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਵਿਚ ਇਕ ਨਬੀ ਸੀ।​—ਹਿਜ਼. 33:21, 33.

ਅਸੀਂ ਅੱਜ ਲੋਕਾਂ ਨੂੰ ਸ਼ੈਤਾਨ ਦੀ ਦੁਨੀਆਂ ਦੇ ਨਾਸ਼ ਬਾਰੇ ਚੇਤਾਵਨੀ ਦਿੰਦੇ ਹਾਂ। ਭਾਵੇਂ ਕਿ ਅਸੀਂ ਥੱਕੇ ਹੋਈਏ, ਪਰ ਫਿਰ ਵੀ ਅਸੀਂ ਲੋਕਾਂ ਨੂੰ ਪਰਮੇਸ਼ੁਰ ਬਾਰੇ ਦੱਸਣ, ਦਿਲਚਸਪੀ ਰੱਖਣ ਵਾਲਿਆਂ ਨੂੰ ਦੁਬਾਰਾ ਮਿਲਣ ਅਤੇ ਬਾਈਬਲ ਸਟੱਡੀਆਂ ਕਰਾਉਣ ਵਿਚ ਆਪਣੀ ਤਾਕਤ ਲਾਉਂਦੇ ਹਾਂ। ਜਦੋਂ ਅਸੀਂ ਪੂਰੀਆਂ ਹੋ ਰਹੀਆਂ ਯੁਗ ਦੇ ਆਖ਼ਰੀ ਸਮੇਂ ਦੀਆਂ ਭਵਿੱਖਬਾਣੀਆਂ ਦਾ ਪ੍ਰਚਾਰ ਕਰਦੇ ਹਾਂ, ਤਾਂ ਸਾਨੂੰ ਮਾਣ ਹੁੰਦਾ ਹੈ ਕਿ ਅਸੀਂ ਉਨ੍ਹਾਂ ਵਿੱਚੋਂ ਹਾਂ ਜਿਨ੍ਹਾਂ ਰਾਹੀਂ “ਪਰਮੇਸ਼ੁਰ ਆਪਣੀ ਇੱਛਾ ਤੇ ਮਕਸਦ ਬਾਰੇ ਦੱਸਦਾ ਹੈ।”

ਉਨ੍ਹਾਂ ਨੇ ਨਿਰਾਸ਼ਾ ਦੇ ਬਾਵਜੂਦ ਦਿਲ ਨਹੀਂ ਛੱਡਿਆ

ਅਸੀਂ ਯਹੋਵਾਹ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਪੂਰੀ ਵਾਹ ਲਾ ਕੇ ਕੰਮ ਕਰਦੇ ਹਾਂ। ਪਰ ਸ਼ਾਇਦ ਅਸੀਂ ਕਈ ਵਾਰ ਨਿਰਾਸ਼ ਹੋਈਏ ਕਿਉਂਕਿ ਲੋਕ ਸਾਡੀ ਗੱਲ ਨਹੀਂ ਸੁਣਦੇ। ਯਿਰਮਿਯਾਹ ਦੀ ਮਿਸਾਲ ’ਤੇ ਗੌਰ ਕਰਨ ਨਾਲ ਫ਼ਾਇਦਾ ਹੋ ਸਕਦਾ ਹੈ। ਇਜ਼ਰਾਈਲੀਆਂ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾਉਣ ਕਰਕੇ ਉਸ ਦਾ ਮਜ਼ਾਕ ਉਡਾਇਆ ਗਿਆ ਅਤੇ ਉਸ ਦੀ ਬੇਇੱਜ਼ਤੀ ਕੀਤੀ ਗਈ। ਇਕ ਵਾਰ ਤਾਂ ਯਿਰਮਿਯਾਹ ਨੇ ਇਹ ਵੀ ਕਿਹਾ: “ਮੈਂ ਉਹ ਦਾ ਜ਼ਿਕਰ ਨਾ ਕਰਾਂਗਾ, ਨਾ ਉਹ ਦਾ ਨਾਮ ਲੈ ਕੇ ਅੱਗੇ ਨੂੰ ਗੱਲ ਕਰਾਂਗਾ।” ਯਿਰਮਿਯਾਹ ਸਾਡੇ ਵਰਗੀਆਂ ਭਾਵਨਾਵਾਂ ਵਾਲਾ ਇਨਸਾਨ ਸੀ। ਪਰ ਉਹ ਪਰਮੇਸ਼ੁਰ ਦਾ ਸੰਦੇਸ਼ ਸੁਣਾਉਂਦਾ ਰਿਹਾ। ਕਿਉਂ? ਯਿਰਮਿਯਾਹ ਨਬੀ ਨੇ ਅੱਗੇ ਕਿਹਾ: “ਉਹ ਮੇਰੇ ਦਿਲ ਵਿੱਚ ਬਲਦੀ ਅੱਗ ਵਾਂਙੁ ਹੁੰਦਾ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁਕੀ ਹੋਈ ਹੈ, ਮੈਂ ਏਹ ਨੂੰ ਰੱਖਦਾ ਰੱਖਦਾ ਥੱਕ ਗਿਆ ਹਾਂ, ਮੈਂ ਸਹਿ ਨਹੀਂ ਸੱਕਦਾ!”​—ਯਿਰ. 20:7-9.

ਇਸੇ ਤਰ੍ਹਾਂ, ਜੇ ਲੋਕ ਸਾਡੇ ਨਾਲ ਵੀ ਯਿਰਮਿਯਾਹ ਵਰਗਾ ਬੁਰਾ ਸਲੂਕ ਕਰਨ ਅਤੇ ਅਸੀਂ ਨਿਰਾਸ਼ ਹੋ ਜਾਈਏ, ਤਾਂ ਅਸੀਂ ਕੀ ਕਰ ਸਕਦੇ ਹਾਂ? ਸਾਨੂੰ ਉਸ ਸੰਦੇਸ਼ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਜੋ ਅਸੀਂ ਲੋਕਾਂ ਨੂੰ ਸੁਣਾਉਂਦੇ ਹਾਂ। ਇਹ ‘ਬਲਦੀ ਅੱਗ ਵਾਂਙੁ ਹੋ ਸਕਦਾ ਹੈ ਜੋ ਸਾਡੀਆਂ ਹੱਡੀਆਂ ਵਿੱਚ ਲੁਕਿਆ ਹੋਇਆ ਹੈ।’ ਰੋਜ਼ਾਨਾ ਬਾਈਬਲ ਪੜ੍ਹਨ ਦੀ ਆਦਤ ਪਾ ਕੇ ਅਸੀਂ ਇਸ ਅੱਗ ਨੂੰ ਆਪਣੇ ਅੰਦਰ ਬਲ਼ਦੀ ਰੱਖ ਸਕਦੇ ਹਾਂ।

ਉਨ੍ਹਾਂ ਨੇ ਆਪਣੇ ਦਿਲ ਵਿੱਚੋਂ ਹੌਸਲਾ ਢਾਹੁਣ ਵਾਲੀਆਂ ਗੱਲਾਂ ਕੱਢੀਆਂ

ਜ਼ਿੰਮੇਵਾਰੀਆਂ ਮਿਲਣ ਕਰਕੇ ਕੁਝ ਮਸੀਹੀ ਸ਼ਾਇਦ ਚਿੰਤਾ ਵਿਚ ਪੈ ਗਏ ਹੋਣ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੰਮ ਕਿਵੇਂ ਕਰਨਾ ਜਾਂ ਉਨ੍ਹਾਂ ਨੂੰ ਇਹ ਕੰਮ ਕਿਉਂ ਦਿੱਤਾ ਗਿਆ। ਸ਼ਾਇਦ ਹੋਸ਼ੇਆ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ ਹੋਣਾ। ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ: “ਜਾਹ, ਆਪਣੇ ਲਈ ਇੱਕ ਜ਼ਾਨੀ ਤੀਵੀਂ ਅਤੇ ਜ਼ਨਾਹ ਦੇ ਬੱਚੇ ਲੈ।” (ਹੋਸ਼ੇ. 1:2) ਜ਼ਰਾ ਕਲਪਨਾ ਕਰੋ ਕਿ ਤੁਹਾਨੂੰ ਕਿਵੇਂ ਲੱਗਦਾ ਜੇ ਪਰਮੇਸ਼ੁਰ ਤੁਹਾਨੂੰ ਉਸ ਔਰਤ ਨਾਲ ਵਿਆਹ ਕਰਾਉਣ ਲਈ ਕਹਿੰਦਾ ਜੋ ਵੇਸਵਾ ਸੀ। ਹੋਸ਼ੇਆ ਨੇ ਇਹ ਜ਼ਿੰਮੇਵਾਰੀ ਸਵੀਕਾਰ ਕਰ ਲਈ ਸੀ। ਉਸ ਨੇ ਗੋਮਰ ਨਾਲ ਵਿਆਹ ਕਰਾ ਲਿਆ ਜਿਸ ਤੋਂ ਇਕ ਪੁੱਤਰ ਹੋਇਆ। ਬਾਅਦ ਵਿਚ ਗੋਮਰ ਦੇ ਦੋ ਹੋਰ ਬੱਚੇ ਹੋਏ, ਜੋ ਸ਼ਾਇਦ ਨਾਜਾਇਜ਼ ਸਨ। ਯਹੋਵਾਹ ਨੇ ਹੋਸ਼ੇਆ ਨੂੰ ਪਹਿਲਾਂ ਹੀ ਕਿਹਾ ਸੀ ਕਿ ਉਸ ਦੀ ਹੋਣ ਵਾਲੀ ਪਤਨੀ “ਆਪਣੇ ਪ੍ਰੇਮੀਆਂ ਮਗਰ ਭੱਜੇਗੀ।” (ਹੋਸ਼ੇਆ 2:7, ERV) ਜ਼ਰਾ ਗੌਰ ਕਰੋ ਕਿ ਉਸ ਦੇ ਇਕ ਤੋਂ ਜ਼ਿਆਦਾ ‘ਪ੍ਰੇਮੀ’ ਸਨ। ਯਹੋਵਾਹ ਨੇ ਇਹ ਵੀ ਕਿਹਾ ਸੀ ਕਿ ਉਹ ਹੋਸ਼ੇਆ ਕੋਲ ਵਾਪਸ ਆਉਣਾ ਚਾਹੇਗੀ। ਸੋ ਜੇ ਤੁਸੀਂ ਹੋਸ਼ੇਆ ਦੀ ਜਗ੍ਹਾ ਹੁੰਦੇ, ਤਾਂ ਕੀ ਤੁਸੀਂ ਆਪਣੀ ਪਤਨੀ ਨੂੰ ਦੁਬਾਰਾ ਆਪਣੇ ਘਰ ਵਾੜਦੇ? ਯਹੋਵਾਹ ਨੇ ਉਸ ਨੂੰ ਬਿਲਕੁਲ ਇਹੀ ਕਰਨ ਨੂੰ ਕਿਹਾ। ਨਬੀ ਨੇ ਉਸ ਨੂੰ ਪੈਸੇ ਦੇ ਕੇ ਮੁੱਲ ਲਿਆ ਸੀ।​—ਹੋਸ਼ੇ. 2:7; 3:1-5.

ਹੋਸ਼ੇਆ ਨੇ ਸ਼ਾਇਦ ਸੋਚਿਆ ਹੋਵੇ ਕਿ ਇਹ ਕੰਮ ਕਰ ਕੇ ਉਸ ਨੂੰ ਕੀ ਫ਼ਾਇਦਾ ਹੋਣਾ ਸੀ। ਪਰ ਫਿਰ ਵੀ ਉਸ ਨੇ ਯਹੋਵਾਹ ਦਾ ਕਹਿਣਾ ਮੰਨਿਆ। ਹੋਸ਼ੇਆ ਦੀ ਜ਼ਿੰਦਗੀ ਤੋਂ ਸਾਡੀ ਇਹ ਸਮਝਣ ਵਿਚ ਮਦਦ ਹੋਈ ਕਿ ਯਹੋਵਾਹ ਨੂੰ ਕਿੰਨਾ ਦੁੱਖ ਲੱਗਾ ਹੋਣਾ ਜਦੋਂ ਇਜ਼ਰਾਈਲੀਆਂ ਨੇ ਉਸ ਨਾਲ ਬੇਵਫ਼ਾਈ ਕੀਤੀ। ਇਹ ਸੱਚ ਹੈ ਕਿ ਕੁਝ ਨੇਕਦਿਲ ਇਜ਼ਰਾਈਲੀ ਪਰਮੇਸ਼ੁਰ ਕੋਲ ਵਾਪਸ ਮੁੜੇ ਸਨ।

ਪਰਮੇਸ਼ੁਰ ਅੱਜ ਕਿਸੇ “ਜ਼ਾਨੀ ਤੀਵੀਂ” ਯਾਨੀ ਵੇਸਵਾ ਨਾਲ ਵਿਆਹ ਕਰਾਉਣ ਲਈ ਨਹੀਂ ਕਹਿੰਦਾ। ਪਰ ਕੀ ਅਸੀਂ ਹੋਸ਼ੇਆ ਤੋਂ ਕੋਈ ਸਬਕ ਸਿੱਖ ਸਕਦੇ ਹਾਂ ਜਿਸ ਨੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰਾ ਕੀਤਾ ਸੀ? ਇਕ ਸਬਕ ਹੈ ਕਿ ਸਾਨੂੰ ਖ਼ੁਸ਼ੀ-ਖ਼ੁਸ਼ੀ “ਖੁੱਲ੍ਹੇ-ਆਮ ਤੇ ਘਰ-ਘਰ ਜਾ ਕੇ” ਪ੍ਰਚਾਰ ਕਰਨਾ ਚਾਹੀਦਾ ਹੈ, ਭਾਵੇਂ ਸਾਨੂੰ ਇੱਦਾਂ ਕਰਨਾ ਔਖਾ ਲੱਗੇ। (ਰਸੂ. 20:20) ਸ਼ਾਇਦ ਪ੍ਰਚਾਰ ਕਰਨ ਦੇ ਕੁਝ ਤਰੀਕੇ ਤੁਹਾਨੂੰ ਔਖੇ ਲੱਗਣ। ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਟੱਡੀ ਕਰਨੀ ਚੰਗੀ ਲੱਗਦੀ ਹੈ, ਪਰ ਉਹ ਕਦੇ ਵੀ ਘਰ-ਘਰ ਜਾ ਕੇ ਪ੍ਰਚਾਰ ਨਹੀਂ ਕਰਨਗੇ। ਪਰ ਜਿਨ੍ਹਾਂ ਨੂੰ ਪਹਿਲਾਂ ਲੱਗਦਾ ਸੀ ਕਿ ਉਨ੍ਹਾਂ ਤੋਂ ਪ੍ਰਚਾਰ ਕਦੀ ਨਹੀਂ ਹੋਣਾ, ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਬਾਅਦ ਵਿਚ ਪ੍ਰਚਾਰ ਕਰਨ ਲੱਗ ਪਏ। ਕੀ ਤੁਸੀਂ ਇਸ ਤੋਂ ਕੋਈ ਸਬਕ ਸਿੱਖਿਆ?

ਅਸੀਂ ਹੋਸ਼ੇਆ ਤੋਂ ਇਕ ਹੋਰ ਸਬਕ ਸਿੱਖ ਸਕਦੇ ਹਾਂ ਜਿਸ ਨੇ ਖ਼ੁਸ਼ੀ-ਖ਼ੁਸ਼ੀ ਮੁਸ਼ਕਲ ਜ਼ਿੰਮੇਵਾਰੀ ਕਬੂਲ ਕੀਤੀ। ਯਹੋਵਾਹ ਨੇ ਹੋਸ਼ੇਆ ਨੂੰ ਜਿਸ ਤੀਵੀਂ ਨਾਲ ਵਿਆਹ ਕਰਾਉਣ ਲਈ ਕਿਹਾ ਸੀ, ਉਸ ਨਾਲ ਵਿਆਹ ਨਾ ਕਰਾਉਣ ਦੇ ਉਸ ਕੋਲ ਕਈ ਕਾਰਨ ਸਨ। ਜੇ ਹੋਸ਼ੇਆ ਇਸ ਬਿਰਤਾਂਤ ਨੂੰ ਨਾ ਲਿਖਦਾ, ਤਾਂ ਹੋਰ ਲੋਕਾਂ ਨੂੰ ਇਸ ਬਾਰੇ ਕਿਵੇਂ ਪਤਾ ਲੱਗਦਾ? ਸ਼ਾਇਦ ਸਾਨੂੰ ਕਿਸੇ ਨੂੰ ਯਹੋਵਾਹ ਬਾਰੇ ਦੱਸਣ ਦਾ ਮੌਕਾ ਮਿਲੇ ਅਤੇ ਹੋਰ ਕਿਸੇ ਨੂੰ ਇਸ ਬਾਰੇ ਪਤਾ ਨਾ ਲੱਗੇ। ਐਨਾ ਨਾਲ ਵੀ ਇਸੇ ਤਰ੍ਹਾਂ ਹੋਇਆ ਜੋ ਅਮਰੀਕਾ ਦੇ ਹਾਈ ਸਕੂਲ ਵਿਚ ਪੜ੍ਹਦੀ ਹੈ। ਉਸ ਦੀ ਅਧਿਆਪਕਾ ਨੇ ਵਿਦਿਆਰਥੀਆਂ ਨੂੰ ਆਪਣੇ ਮਨਪਸੰਦ ਵਿਸ਼ੇ ’ਤੇ ਇਕ ਲੇਖ ਲਿਖਣ ਨੂੰ ਕਿਹਾ। ਨਾਲੇ ਕਿਹਾ ਕਿ ਉਹ ਸਾਰੀ ਕਲਾਸ ਸਾਮ੍ਹਣੇ ਇਹ ਸਾਬਤ ਕਰਨ ਕਿ ਉਨ੍ਹਾਂ ਨੇ ਜੋ ਵੀ ਲਿਖਿਆ ਹੈ, ਉਹ ਸਹੀ ਹੈ। ਐਨਾ ਪ੍ਰਚਾਰ ਕਰਨ ਦਾ ਇਹ ਮੌਕਾ ਆਪਣੇ ਹੱਥੋਂ ਗੁਆ ਸਕਦੀ ਸੀ। ਪਰ ਉਸ ਨੇ ਸੋਚਿਆ ਕਿ ਇਹ ਮੌਕਾ ਯਹੋਵਾਹ ਵੱਲੋਂ ਸੀ। ਉਸ ਨੂੰ ਪਤਾ ਸੀ ਕਿ ਵਿਦਿਆਰਥੀ ਉਸ ਕੋਲੋਂ ਕੋਈ ਵੀ ਸਵਾਲ ਪੁੱਛ ਸਕਦੇ ਸਨ। ਇਸ ਲਈ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਜਿਸ ਕਰਕੇ ਉਸ ਨੇ ਇਸ ਮੌਕੇ ਦਾ ਪੂਰਾ-ਪੂਰਾ ਫ਼ਾਇਦਾ ਉਠਾਇਆ। ਉਸ ਨੇ ਇਕ ਲੇਖ ਲਿਖਿਆ ਜਿਸ ਦਾ ਵਿਸ਼ਾ ਸੀ, “ਵਿਕਾਸਵਾਦ: ਸੱਚ ਜਾਂ ਝੂਠ?”

ਸਾਡੇ ਨੌਜਵਾਨ ਦੂਜਿਆਂ ਨੂੰ ਯਹੋਵਾਹ ਬਾਰੇ ਦੱਸ ਕੇ ਨਿਰਸੁਆਰਥ ਨਬੀਆਂ ਦੀ ਰੀਸ ਕਰਦੇ ਹਨ

ਜਦੋਂ ਐਨਾ ਨੇ ਕਲਾਸ ਵਿਚ ਲੇਖ ਪੜ੍ਹ ਕੇ ਸੁਣਾਇਆ, ਤਾਂ ਵਿਕਾਸਵਾਦ ’ਤੇ ਵਿਸ਼ਵਾਸ ਕਰਨ ਵਾਲੀ ਇਕ ਕੁੜੀ ਨੇ ਉਸ ਨੂੰ ਗ਼ਲਤ ਸਾਬਤ ਕਰਨ ਲਈ ਬਹੁਤ ਸਾਰੇ ਸਵਾਲ ਪੁੱਛੇ। ਐਨਾ ਨੇ ਉਸ ਦੇ ਸਵਾਲਾਂ ਦੇ ਵਧੀਆ ਜਵਾਬ ਦਿੱਤੇ। ਉਸ ਦੀ ਅਧਿਆਪਕਾ ਬਹੁਤ ਪ੍ਰਭਾਵਿਤ ਹੋਈ ਅਤੇ ਉਸ ਨੇ ਐਨਾ ਨੂੰ ਇੰਨੇ ਵਧੀਆ ਤਰੀਕੇ ਨਾਲ ਲੇਖ ਲਿਖਣ ਦਾ ਇਨਾਮ ਦਿੱਤਾ। ਐਨਾ ਨੇ ਬਾਅਦ ਵਿਚ ਉਸ ਕੁੜੀ ਨਾਲ ਸ੍ਰਿਸ਼ਟੀ ਬਾਰੇ ਹੋਰ ਚਰਚਾ ਕੀਤੀ। ਐਨਾ ਕਹਿੰਦੀ ਹੈ ਕਿ ਯਹੋਵਾਹ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਕਬੂਲ ਕਰ ਕੇ “ਮੈਂ ਹੁਣ ਲੋਕਾਂ ਨੂੰ ਬਿਨਾਂ ਡਰੇ ਪ੍ਰਚਾਰ ਕਰ ਸਕਦੀ ਹਾਂ।”

ਭਾਵੇਂ ਕਿ ਅਸੀਂ ਪੂਰੀ ਤਰ੍ਹਾਂ ਨਬੀ ਨਹੀਂ ਹਾਂ, ਪਰ ਫਿਰ ਵੀ ਅਸੀਂ ਹਿਜ਼ਕੀਏਲ, ਯਿਰਮਿਯਾਹ ਅਤੇ ਹੋਸ਼ੇਆ ਵਾਂਗ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਇੱਛਾ ਪੂਰੀ ਕਰ ਸਕਦੇ ਹਾਂ। ਪਰਿਵਾਰਕ ਸਟੱਡੀ ਜਾਂ ਆਪਣੀ ਸਟੱਡੀ ਦੌਰਾਨ ਕਿਉਂ ਨਾ ਹੋਰ ਪੁਰਾਣੇ ਸਮੇਂ ਦੇ ਨਬੀਆਂ ਬਾਰੇ ਪੜ੍ਹੋ ਅਤੇ ਸੋਚ-ਵਿਚਾਰ ਕਰੋ ਕਿ ਤੁਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹੋ?