Skip to content

Skip to table of contents

ਟੂਕਨ ਦੀ ਚੁੰਝ

ਟੂਕਨ ਦੀ ਚੁੰਝ

ਇਹ ਕਿਸ ਦਾ ਕਮਾਲ ਹੈ?

ਟੂਕਨ ਦੀ ਚੁੰਝ

◼ ਮੱਧ ਅਤੇ ਦੱਖਣੀ ਅਮਰੀਕਾ ਦਾ ਟੂਕਨ ਅੱਛੀ ਤਰ੍ਹਾਂ ਉੱਡ ਨਹੀਂ ਸਕਦਾ ਜਿਸ ਕਰਕੇ ਉਹ ਟਪੂਸੀਆਂ ਮਾਰ ਕੇ ਇਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ। ਕਈ ਕਿਸਮ ਦੇ ਟੂਕਨ ਡੱਡੂ ਨਾਲੋਂ ਵੀ ਉੱਚੀ ਆਵਾਜ਼ ਵਿਚ ਕੜਾਂ-ਕੜਾਂ ਕਰਦੇ ਹਨ। ਜੰਗਲਾਂ ਵਿਚ ਇਨ੍ਹਾਂ ਦੀ ਆਵਾਜ਼ ਇਕ ਕਿਲੋਮੀਟਰ ਦੀ ਦੂਰੀ ਤੇ ਵੀ ਸੁਣਾਈ ਦਿੰਦੀ ਹੈ। ਪਰ ਸ਼ਾਇਦ ਵਿਗਿਆਨੀ ਟੂਕਨ ਦੀ ਚੁੰਝ ਦੇਖ ਕੇ ਸਭ ਤੋਂ ਹੈਰਾਨ ਹੁੰਦੇ ਹਨ।

ਜ਼ਰਾ ਸੋਚੋ: ਕੁਝ ਟੂਕਨਾਂ ਦੀ ਚੁੰਝ ਉਸ ਦੀ ਲੰਬਾਈ ਦਾ ਇਕ ਤਿਹਾਈ ਹਿੱਸਾ ਹੁੰਦਾ ਹੈ। ਦੇਖਣ ਨੂੰ ਇਹ ਭਾਰੀ ਲੱਗਦੀ ਹੈ, ਪਰ ਅਸਲ ਵਿਚ ਇਹ ਹਲਕੀ ਹੈ। ਇਕ ਵਿਗਿਆਨੀ, ਮਾਰਕ ਮਇਰਜ਼, ਸਮਝਾਉਂਦਾ ਹੈ: “ਇਸ ਦਾ ਉਪਰਲਾ ਹਿੱਸਾ ਕੈਰਾਟਿਨ ਨਾਲ ਬਣਿਆ ਹੋਇਆ ਹੈ, ਮਤਲਬ ਉਹੀ ਚੀਜ਼ ਜਿਸ ਤੋਂ ਸਾਡੇ ਨਹੁੰ ਅਤੇ ਵਾਲ ਬਣੇ ਹੋਏ ਹਨ। . . . ਦਰਅਸਲ ਚੁੰਝ ਕਈ ਤਹਿਆਂ ਦੀਆਂ ਛੋਟੀਆਂ-ਛੋਟੀਆਂ ਛੇਕੋਣੀ ਪਲੇਟਾਂ ਦੀ ਬਣੀ ਹੋਈ ਹੈ ਜੋ ਛੱਤ ਦੀਆਂ ਟਾਈਲਾਂ ਵਾਂਗ ਇਕ-ਦੂਜੇ ਦੇ ਉੱਪਰ ਬੈਠਦੀਆਂ ਹਨ।”

ਟੂਕਨ ਦੀ ਚੁੰਝ ਇਕ ਸਖ਼ਤ ਸਪੰਜ ਵਰਗੀ ਹੈ। ਉਸ ਦੇ ਕੁਝ ਹਿੱਸੇ ਖੋਖਲੇ ਹਨ ਅਤੇ ਕੁਝ ਹਿੱਸੇ ਪਤਲੇ-ਪਤਲੇ ਸ਼ਤੀਰਾਂ ਅਤੇ ਝਿੱਲੀ ਦੇ ਬਣੇ ਹੋਏ ਹਨ। ਟੂਕਨ ਦੀ ਚੁੰਝ ਹਲਕੀ ਤਾਂ ਹੈ, ਪਰ ਹੈ ਬਹੁਤ ਮਜ਼ਬੂਤ। ਮਇਰਜ਼ ਦਾ ਕਹਿਣਾ ਹੈ: “ਇਸ ਤਰ੍ਹਾਂ ਲੱਗਦਾ ਹੈ ਕਿ ਟੂਕਨ ਨੂੰ ਇੰਜੀਨੀਅਰੀ ਦਾ ਬਹੁਤ ਗਿਆਨ ਹੈ।”

ਟੂਕਨ ਦੀ ਚੁੰਝ ਇੰਨੀ ਵਧੀਆ ਬਣੀ ਹੋਈ ਹੈ ਕਿ ਇਹ ਜ਼ੋਰਦਾਰ ਟੱਕਰਾਂ ਨੂੰ ਸਹਿ ਲੈਂਦੀ ਹੈ। ਸਾਇੰਸਦਾਨ ਮੰਨਦੇ ਹਨ ਕਿ ਟੂਕਨ ਦੀ ਚੁੰਝ ਦੀ ਬਣਤਰ ਹਵਾਈ ਜਹਾਜ਼ ਅਤੇ ਮੋਟਰਕਾਰ ਬਣਾਉਣ ਵਾਲੇ ਇੰਜੀਨੀਅਰਾਂ ਦੀ ਮਦਦ ਕਰ ਸਕਦੀ ਹੈ। ਮਇਰਜ਼ ਅੱਗੇ ਕਹਿੰਦਾ ਹੈ ਕਿ “ਜੇ ਮੋਟਰਕਾਰਾਂ ਦੀ ਬਾਡੀ ਟੂਕਨ ਦੀ ਚੁੰਝ ਵਾਂਗ ਬਣਾਈ ਜਾਵੇ, ਤਾਂ ਕਾਰਾਂ ਦਾ ਐਕਸੀਡੈਂਟ ਹੋਣ ਵੇਲੇ ਚਲਾਉਣ ਵਾਲਿਆਂ ਦਾ ਜ਼ਿਆਦਾ ਬਚਾਅ ਹੋ ਸਕਦਾ ਹੈ।”

ਤੁਹਾਡਾ ਕੀ ਖ਼ਿਆਲ ਹੈ? ਕੀ ਟੂਕਨ ਦੀ ਮਜ਼ਬੂਤ, ਪਰ ਹਲਕੀ ਚੁੰਝ ਆਪਣੇ ਆਪ ਹੀ ਬਣ ਗਈ? ਜਾਂ ਕੀ ਇਹ ਕਿਸੇ ਬੁੱਧੀਮਾਨ ਸਿਰਜਣਹਾਰ ਦੇ ਹੱਥਾਂ ਦਾ ਕਮਾਲ ਹੈ? (g09 01)

[ਸਫ਼ਾ 32 ਉੱਤੇ ਕੈਪਸ਼ਨ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਖੋਖਲਾ ਕੇਂਦਰ

ਸਪੰਜ ਵਰਗੀ ਬਣਾਵਟ