Skip to content

Skip to table of contents

ਅਸੀਂ ਭੈਣ-ਭਰਾ ਆਪਸ ਵਿਚ ਲੜਦੇ ਕਿਉਂ ਰਹਿੰਦੇ ਹਾਂ?

ਅਸੀਂ ਭੈਣ-ਭਰਾ ਆਪਸ ਵਿਚ ਲੜਦੇ ਕਿਉਂ ਰਹਿੰਦੇ ਹਾਂ?

ਨੌਜਵਾਨ ਪੁੱਛਦੇ ਹਨ

ਅਸੀਂ ਭੈਣ-ਭਰਾ ਆਪਸ ਵਿਚ ਲੜਦੇ ਕਿਉਂ ਰਹਿੰਦੇ ਹਾਂ?

ਜੇ ਕੋਈ ਤੁਹਾਨੂੰ ਪੁੱਛੇ, ਕੀ ਤੁਹਾਡੀ ਆਪਣੇ ਭੈਣਾਂ-ਭਰਾਵਾਂ ਨਾਲ ਬਣਦੀ ਹੈ, ਤਾਂ ਤੁਸੀਂ ਕਿਹੜਾ ਜਵਾਬ ਦਿਓਗੇ?

․․․․․ ਅਸੀਂ ਤਾਂ ਪੱਕੇ ਦੋਸਤ ਹਾਂ

․․․․․ ਸਾਡੀ ਅਕਸਰ ਬਣੀ ਰਹਿੰਦੀ ਹੈ

․․․․․ ਅਸੀਂ ਇਕ-ਦੂਜੇ ਨੂੰ ਸਹਿ ਲੈਂਦੇ ਹਾਂ

․․․․․ ਅਸੀਂ ਹਮੇਸ਼ਾ ਲੜਦੇ ਰਹਿੰਦੇ ਹਾਂ

ਕਈ ਭੈਣਾਂ-ਭਰਾਵਾਂ ਦਾ ਆਪਸ ਵਿਚ ਬਹੁਤ ਪਿਆਰ ਹੁੰਦਾ ਹੈ। ਮਿਸਾਲ ਲਈ, 19 ਸਾਲਾਂ ਦੀ ਫਲੀਸ਼ੀਆ ਕਹਿੰਦੀ ਹੈ ਕਿ “ਮੇਰੀ ਭੈਣ ਆਇਰੀਨਾ 16 ਸਾਲਾਂ ਦੀ ਹੈ। ਉਹ ਮੇਰੀ ਭੈਣ ਹੀ ਨਹੀਂ, ਸਗੋਂ ਮੇਰੀ ਪੱਕੀ ਸਹੇਲੀ ਵੀ ਹੈ।” * ਕਲਪਨਾ ਜੋ 17 ਸਾਲਾਂ ਦੀ ਹੈ ਆਪਣੇ 20 ਸਾਲਾਂ ਦੇ ਭਰਾ ਅਰੂਣ ਬਾਰੇ ਕਹਿੰਦੀ ਹੈ: “ਸਾਡੀ ਤਾਂ ਬਹੁਤ ਬਣਦੀ ਹੈ। ਅਸੀਂ ਕਦੇ ਲੜਦੇ ਨਹੀਂ।”

ਦੂਸਰੇ ਪਾਸੇ ਕਈ ਭੈਣਾਂ-ਭਰਾਵਾਂ ਦਾ ਆਪਸੀ ਰਿਸ਼ਤਾ ਲੀਨਾ ਅਤੇ ਮਾਲਾ ਵਰਗਾ ਹੈ। ਲੀਨਾ ਕਹਿੰਦੀ ਹੈ: “ਗੱਲ ਭਾਵੇਂ ਕੁਝ ਵੀ ਨਾ ਹੋਵੇ, ਪਰ ਅਸੀਂ 24 ਘੰਟੇ ਲੜਦੀਆਂ ਰਹਿੰਦੀਆਂ ਹਾਂ।” ਸ਼ਾਇਦ ਤੁਸੀਂ 12 ਸਾਲਾਂ ਦੀ ਐਲਿਸ ਨਾਲ ਸਹਿਮਤ ਹੋਵੋ ਜਿਸ ਦਾ ਭਰਾ ਡੈਿਨੱਸ 14 ਸਾਲਾਂ ਦਾ ਹੈ। ਉਹ ਦੱਸਦੀ ਹੈ: “ਮੇਰੇ ਭਰਾ ਨੇ ਮੇਰੀ ਨੱਕ ਵਿਚ ਦਮ ਕੀਤਾ ਹੋਇਆ ਹੈ। ਉਹ ਬਿਨਾਂ ਮੇਰੀ ਇਜਾਜ਼ਤ ਤੋਂ ਮੇਰੀਆਂ ਚੀਜ਼ਾਂ ਮੇਰੇ ਕਮਰੇ ਵਿੱਚੋਂ ਚੁੱਕ ਕੇ ਲੈ ਜਾਂਦਾ ਹੈ। ਉਹ ਬੱਚਿਆਂ ਵਾਲੀਆਂ ਹਰਕਤਾਂ ਕਰਦਾ ਹੈ!”

ਕੀ ਤੁਹਾਡਾ ਵੀ ਕੋਈ ਭੈਣ-ਭਰਾ ਹੈ ਜੋ ਤੁਹਾਨੂੰ ਇਸੇ ਤਰ੍ਹਾਂ ਤੰਗ ਕਰਦਾ ਹੈ? ਇਹ ਸੱਚ ਹੈ ਕਿ ਤੁਹਾਡੇ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਘਰ ਵਿਚ ਸ਼ਾਂਤੀ ਬਣਾਈ ਰੱਖਣ। ਪਰ ਇਕ-ਨਾ-ਇਕ ਦਿਨ ਤੁਹਾਨੂੰ ਦੂਸਰਿਆਂ ਨਾਲ ਚੰਗਾ ਰਿਸ਼ਤਾ ਬਣਾਉਣਾ ਸਿੱਖਣਾ ਪੈਣਾ ਹੈ। ਇਸ ਦੀ ਸ਼ੁਰੂਆਤ ਤੁਸੀਂ ਘਰ ਤੋਂ ਹੀ ਕਰ ਸਕਦੇ ਹੋ।

ਇਸ ਬਾਰੇ ਸੋਚੋ ਕਿ ਤੁਸੀਂ ਆਪਣੇ ਭੈਣ ਜਾਂ ਭਰਾ ਨਾਲ ਕਿਹੜੀ ਗੱਲ ਤੋਂ ਲੜਦੇ ਰਹਿੰਦੇ ਹੋ। ਤੁਹਾਨੂੰ ਕਿਹੜੀ ਗੱਲ ਤੋਂ ਜ਼ਿਆਦਾ ਗੁੱਸਾ ਆਉਂਦਾ ਹੈ? ਹੇਠਾਂ ਦਿੱਤੀ ਲਿਸਟ ਦੇਖੋ ਤੇ ਉਨ੍ਹਾਂ ਡੱਬੀਆਂ ਉੱਤੇ ✔ ਨਿਸ਼ਾਨ ਲਾਓ ਜੋ ਤੁਹਾਡੇ ’ਤੇ ਲਾਗੂ ਹੁੰਦੀਆਂ ਹਨ। ਜਾਂ ਉਸ ਘਟਨਾ ਬਾਰੇ ਲਿਖੋ ਜਿਸ ਕਰਕੇ ਤੁਹਾਨੂੰ ਪਾਰਾ ਚੜ੍ਹਦਾ ਹੈ!

ਆਪਣੀਆਂ ਚੀਜ਼ਾਂ ਕਰਕੇ। ਉਹ ਬਿਨਾਂ ਪੁੱਛੇ ਮੇਰੀਆਂ ਚੀਜ਼ਾਂ ਲੈ ਜਾਂਦਾ ਹੈ।

ਸੁਭਾਅ ਵੱਖਰੇ ਹੋਣ ਕਰਕੇ। ਉਹ ਆਪਣੇ ਬਾਰੇ ਹੀ ਸੋਚਦਾ ਹੈ, ਉਸ ਨੂੰ ਹੋਰ ਕਿਸੇ ਦੀ ਪਰਵਾਹ ਨਹੀਂ, ਉਹ ਮੈਨੂੰ ਕੰਟ੍ਰੋਲ ਕਰਨਾ ਚਾਹੁੰਦਾ ਹੈ।

ਹਰ ਗੱਲ ਵਿਚ ਦਖ਼ਲਅੰਦਾਜ਼ੀ ਕਰਕੇ। ਉਹ ਬਿਨ-ਬੁਲਾਏ ਮੇਰੇ ਕਮਰੇ ਵਿਚ ਆ ਜਾਂਦਾ ਹੈ, ਮੇਰੇ ਈ-ਮੇਲ ਜਾਂ ਐੱਸ.ਐੱਮ.ਐੱਸ. ਪੜ੍ਹਦਾ ਹੈ।

ਹੋਰ। ․․․․․

ਜੇ ਤੁਹਾਡੀ ਭੈਣ ਜਾਂ ਤੁਹਾਡਾ ਭਰਾ ਤੁਹਾਨੂੰ ਖਿਝਾਉਂਦਾ ਰਹਿੰਦਾ ਹੈ ਜਾਂ ਤੁਹਾਨੂੰ ਕੰਟ੍ਰੋਲ ਕਰਦਾ ਹੈ ਜਾਂ ਹਰ ਗੱਲ ਵਿਚ ਟੋਕਾ-ਟਾਕੀ ਕਰਦਾ ਰਹਿੰਦਾ ਹੈ, ਤਾਂ ਤੁਹਾਡਾ ਗੁੱਸਾ ਵਧ ਸਕਦਾ ਹੈ। ਬਾਈਬਲ ਦੀ ਇਕ ਕਹਾਵਤ ਹੈ: “ਨੱਕ ਮਰੋੜਨ ਨਾਲ ਲਹੂ ਨਿੱਕਲਦਾ ਹੈ, ਅਤੇ ਕ੍ਰੋਧ ਭੜਕਾਉਣ ਨਾਲ ਲੜਾਈ ਉੱਠਦੀ ਹੈ।” (ਕਹਾਉਤਾਂ 30:33) ਜੇ ਤੁਸੀਂ ਮਨ ਹੀ ਮਨ ਕੁੜ੍ਹਦੇ ਰਹਿੰਦੇ ਹੋ, ਤਾਂ ਇਕ ਦਿਨ ਤੁਹਾਡਾ ਗੁੱਸਾ ਭੜਕ ਪਵੇਗਾ ਉਸੇ ਤਰ੍ਹਾਂ ਜਿਸ ਤਰ੍ਹਾਂ ਨੱਕ ਮਰੋੜਨ ਨਾਲ ਖ਼ੂਨ ਨਿਕਲਦਾ ਹੈ। ਫਿਰ ਗੱਲ ਹੋਰ ਅੱਗੇ ਵਧ ਸਕਦੀ ਹੈ। (ਕਹਾਉਤਾਂ 26:21) ਤੁਸੀਂ ਇਕ ਛੋਟੀ ਜਿਹੀ ਗੱਲ ਨੂੰ ਰਾਈ ਦਾ ਪਹਾੜ ਬਣਾਉਣ ਤੋਂ ਕਿਵੇਂ ਰੋਕ ਸਕਦੇ ਹੋ? ਸਭ ਤੋਂ ਪਹਿਲਾਂ, ਸਮੱਸਿਆ ਦੀ ਜੜ੍ਹ ਨੂੰ ਜਾਣਨ ਦੀ ਕੋਸ਼ਿਸ਼ ਕਰੋ।

ਸਮੱਸਿਆ ਦੀ ਜੜ੍ਹ

ਅਸੀਂ ਕਹਿ ਸਕਦੇ ਹਾਂ ਕਿ ਭੈਣਾਂ-ਭਰਾਵਾਂ ਵਿਚ ਅਣਬਣ ਹੋਣੀ ਚਿਹਰੇ ’ਤੇ ਨਿਕਲਣ ਵਾਲੇ ਪਿੰਪਲ ਵਰਗੀ ਹੈ। ਪਿੰਪਲ ਹੋਣ ਦਾ ਅਸਲੀ ਕਾਰਨ ਇਨਫ਼ੈਕਸ਼ਨ ਹੁੰਦਾ ਹੈ। ਇਸੇ ਤਰ੍ਹਾਂ ਜਦ ਭੈਣਾਂ-ਭਰਾਵਾਂ ਵਿਚ ਅਣਬਣ ਹੁੰਦੀ ਹੈ, ਤਾਂ ਇਸ ਦੇ ਪਿੱਛੇ ਕੋਈ-ਨਾ-ਕੋਈ ਕਾਰਨ ਜ਼ਰੂਰ ਹੁੰਦਾ ਹੈ।

ਤੁਸੀਂ ਪਿੰਪਲ ਨੂੰ ਫਹਿ ਸਕਦੇ ਹੋ, ਪਰ ਇਹ ਸਮੱਸਿਆ ਦਾ ਹੱਲ ਨਹੀਂ ਹੈ। ਇੱਦਾਂ ਕਰ ਕੇ ਇਨਫ਼ੈਕਸ਼ਨ ਵਧ ਸਕਦਾ ਹੈ ਜਾਂ ਚਿਹਰੇ ’ਤੇ ਦਾਗ਼ ਪੈ ਸਕਦਾ ਹੈ। ਬਿਹਤਰ ਹੋਵੇਗਾ ਕਿ ਪਿੰਪਲਸ ਨੂੰ ਰੋਕਣ ਵਾਸਤੇ ਤੁਸੀਂ ਇਨਫ਼ੈਕਸ਼ਨ ਦਾ ਇਲਾਜ ਕਰੋ। ਇਸੇ ਤਰ੍ਹਾਂ ਜਦ ਤੁਹਾਡੀ ਆਪਣੇ ਭੈਣਾਂ-ਭਰਾਵਾਂ ਨਾਲ ਅਣਬਣ ਹੁੰਦੀ ਹੈ, ਤਾਂ ਤੁਹਾਨੂੰ ਸਮੱਸਿਆ ਦੀ ਜੜ੍ਹ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਸੀਂ ਸੁਲੇਮਾਨ ਦੀ ਦਿੱਤੀ ਸਲਾਹ ਉੱਤੇ ਵੀ ਚੱਲ ਸਕੋਗੇ ਜਿਸ ਨੇ ਲਿਖਿਆ: “ਸਮਝਦਾਰ ਛੇਤੀ ਭੜਕਦਾ ਨਹੀਂ।”—ਕਹਾਉਤਾਂ 19:11, CL.

ਮਿਸਾਲ ਲਈ, ਐਲਿਸ ਨੇ ਆਪਣੇ ਭਰਾ ਡੈਿਨੱਸ ਬਾਰੇ ਕਿਹਾ ਸੀ: “ਉਹ ਬਿਨਾਂ ਮੇਰੀ ਇਜਾਜ਼ਤ ਤੋਂ ਮੇਰੀਆਂ ਚੀਜ਼ਾਂ ਮੇਰੇ ਕਮਰੇ ਵਿੱਚੋਂ ਚੁੱਕ ਕੇ ਲੈ ਜਾਂਦਾ ਹੈ।” ਪਰ ਤੁਹਾਡਾ ਕੀ ਖ਼ਿਆਲ ਹੈ? ਅਜਿਹਾ ਕਰਨ ਦੇ ਪਿੱਛੇ ਕਾਰਨ ਕੀ ਹੈ? ਇੱਥੇ ਗੱਲ ਸ਼ਾਇਦ ਇਕ-ਦੂਜੇ ਦੀ ਇੱਜ਼ਤ ਕਰਨ ਦੀ ਆਉਂਦੀ ਹੈ। *

ਐਲਿਸ ਡੈਿਨੱਸ ਨੂੰ ਕਹਿ ਸਕਦੀ ਹੈ ਕਿ ਉਹ ਦੁਬਾਰਾ ਉਸ ਦੇ ਕਮਰੇ ਵਿਚ ਕਦੇ ਨਾ ਵੜੇ ਜਾਂ ਉਸ ਦੀਆਂ ਚੀਜ਼ਾਂ ਨੂੰ ਹੱਥ ਨਾ ਲਾਵੇ। ਪਰ ਇਹ ਸਮੱਸਿਆ ਦਾ ਹੱਲ ਨਹੀਂ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਗੱਲ ਅੱਗੇ ਵਧ ਸਕਦੀ ਹੈ। ਪਰ ਜੇ ਐਲਿਸ ਡੈਿਨੱਸ ਨੂੰ ਪਿਆਰ ਨਾਲ ਇਹ ਸਮਝਾਵੇ ਕਿ ਜਦੋਂ ਉਹ ਬਿਨਾਂ ਪੁੱਛੇ ਉਸ ਦੇ ਕਮਰੇ ਵਿਚ ਆਉਂਦਾ ਹੈ ਜਾਂ ਉਸ ਦੀਆਂ ਚੀਜ਼ਾਂ ਲੈ ਜਾਂਦਾ ਹੈ, ਤਾਂ ਐਲਿਸ ਨੂੰ ਲੱਗਦਾ ਹੈ ਕਿ ਡੈਨਿਸ ਉਸ ਦੀ ਇੱਜ਼ਤ ਨਹੀਂ ਕਰ ਰਿਹਾ। ਜੇ ਪਿਆਰ ਨਾਲ ਕੋਈ ਗੱਲ ਸਮਝਾਈ ਜਾਵੇ, ਤਾਂ ਘੱਟ ਲੜਾਈ ਹੋਵੇਗੀ।

ਸੁਲ੍ਹਾ ਕਰਨੀ ਸਿੱਖੋ

ਸਮੱਸਿਆ ਦੀ ਜੜ੍ਹ ਨੂੰ ਪਛਾਣਨਾ ਹੀ ਕਾਫ਼ੀ ਨਹੀਂ। ਸਮੱਸਿਆ ਨੂੰ ਹੱਲ ਕਰਨ ਵਿਚ ਆਪਣੀ ਪੂਰੀ ਵਾਹ ਲਾਓ ਅਤੇ ਕੋਸ਼ਿਸ਼ ਕਰੋ ਕਿ ਅੱਗੇ ਤੋਂ ਤੁਹਾਡਾ ਆਪਸ ਵਿਚ ਕਿਸੇ ਵੀ ਗੱਲ ’ਤੇ ਝਗੜਾ ਨਾ ਹੋਵੇ। ਹੇਠਾਂ ਦਿੱਤੀਆਂ ਛੇ ਗੱਲਾਂ ਅਜ਼ਮਾਓ:

1. ਅਸੂਲ ਬਣਾਓ। ਰਾਜਾ ਸੁਲੇਮਾਨ ਨੇ ਲਿਖਿਆ: “ਬਿਨਾਂ ਸਲਾਹ ਲਿਆ ਯੋਜਨਾਵਾਂ ਅਸਫਲ ਹੋ ਜਾਂਦੀਆਂ ਹਨ।” (ਕਹਾਉਤਾਂ 15:22, CL) ਕੁੜ੍ਹਨ ਦੀ ਬਜਾਇ ਸ਼ੁਰੂ ਵਿਚ ਦਿੱਤੀ ਲਿਸਟ ਦੇਖੋ ਕਿ ਕਿਹੜੀ ਗੱਲ ’ਤੇ ਤੁਹਾਡੀ ਲੜਾਈ ਹੁੰਦੀ ਹੈ। ਦੋਵੇਂ ਬੈਠ ਕੇ ਸਲਾਹ ਕਰੋ ਅਤੇ ਕੁਝ ਅਸੂਲ ਬਣਾਓ ਜੋ ਸਮੱਸਿਆ ਦਾ ਹੱਲ ਲੱਭਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਮਿਸਾਲ ਲਈ, ਜੇ ਤੁਹਾਡੀ ਲੜਾਈ ਚੀਜ਼ਾਂ ਕਰਕੇ ਹੁੰਦੀ ਹੈ, ਤਾਂ ਪਹਿਲਾ ਅਸੂਲ ਇਹ ਹੋ ਸਕਦਾ ਹੈ: “ਕਿਸੇ ਦੀ ਚੀਜ਼ ਲੈਣ ਤੋਂ ਪਹਿਲਾਂ, ਉਸ ਨੂੰ ਪੁੱਛੋ।” ਦੂਜਾ ਅਸੂਲ ਹੋ ਸਕਦਾ ਹੈ: “ਜੇ ਤੁਹਾਡਾ ਭਰਾ ਜਾਂ ਭੈਣ ਕੋਈ ਚੀਜ਼ ਦੇਣ ਤੋਂ ਮਨ੍ਹਾ ਕਰਦਾ ਹੈ, ਤਾਂ ਉਸ ਦੀ ਗੱਲ ਮੰਨੋ।” ਕੋਈ ਵੀ ਅਸੂਲ ਬਣਾਉਣ ਵੇਲੇ ਯਿਸੂ ਦਾ ਹੁਕਮ ਯਾਦ ਰੱਖੋ ਕਿ “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਇਸ ਤਰ੍ਹਾਂ ਕਰਨ ਨਾਲ ਤੁਹਾਡੇ ਦੋਹਾਂ ਦਾ ਫ਼ਾਇਦਾ ਹੋਵੇਗਾ। ਫਿਰ ਆਪਣੇ ਮਾਪਿਆਂ ਤੋਂ ਸਲਾਹ ਲਓ ਅਤੇ ਦੇਖੋ ਕਿ ਉਹ ਤੁਹਾਡੇ ਫ਼ੈਸਲੇ ਤੋਂ ਸਹਿਮਤ ਹਨ ਜਾਂ ਨਹੀਂ।—ਅਫ਼ਸੀਆਂ 6:1.

2. ਅਸੂਲਾਂ ’ਤੇ ਟਿਕੇ ਰਹੋ। ਪੌਲੁਸ ਰਸੂਲ ਨੇ ਲਿਖਿਆ: “ਤੂੰ ਜਿਹੜਾ ਦੂਏ ਨੂੰ ਸਿਖਾਲਦਾ ਹੈਂ ਕੀ ਆਪਣੇ ਆਪ ਨੂੰ ਨਹੀਂ ਸਿਖਾਲਦਾ? ਤੂੰ ਜਿਹੜਾ ਉਪਦੇਸ਼ ਕਰਦਾ ਹੈਂ ਭਈ ਚੋਰੀ ਨਾ ਕਰਨੀ ਕੀ ਆਪ ਹੀ ਚੋਰੀ ਕਰਦਾ ਹੈਂ?” (ਰੋਮੀਆਂ 2:21) ਤੁਸੀਂ ਪੌਲੁਸ ਦੀ ਗੱਲ ਉੱਤੇ ਕਿਵੇਂ ਚੱਲ ਸਕਦੇ ਹੋ? ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਭੈਣ-ਭਰਾ ਤੁਹਾਡੀ ਜ਼ਿੰਦਗੀ ਵਿਚ ਦਖ਼ਲ ਨਾ ਦੇਣ, ਤਾਂ ਤੁਹਾਨੂੰ ਵੀ ਉਨ੍ਹਾਂ ਦੀ ਜ਼ਿੰਦਗੀ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ। ਮਿਸਾਲ ਲਈ, ਉਨ੍ਹਾਂ ਦੇ ਕਮਰੇ ਵਿਚ ਵੜਨ ਤੋਂ ਪਹਿਲਾਂ ਤੁਹਾਨੂੰ ਦਰਵਾਜ਼ਾ ਖਟਖਟਾਉਣਾ ਚਾਹੀਦਾ ਹੈ ਜਾਂ ਫਿਰ ਬਿਨਾਂ ਇਜਾਜ਼ਤ ਦੇ ਉਨ੍ਹਾਂ ਦੇ ਈ-ਮੇਲ ਜਾਂ ਐੱਸ.ਐੱਮ.ਐੱਸ. ਨਹੀਂ ਪੜ੍ਹਨੇ ਚਾਹੀਦੇ।

3. ਛੇਤੀ ਗੁੱਸਾ ਨਾ ਕਰੋ। ਇਹ ਚੰਗੀ ਸਲਾਹ ਕਿਉਂ ਹੈ? ਕਿਉਂਕਿ ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਗੁੱਸਾ ਮੂਰਖਤਾ ਦੀ ਨਿਸ਼ਾਨੀ ਹੈ।” (ਉਪਦੇਸ਼ਕ 7:9, ERV) ਜੇ ਤੁਸੀਂ ਛੇਤੀ ਗੁੱਸੇ ਹੋ ਜਾਂਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਦੁਖੀ ਕਰਦੇ ਹੋ। ਜੀ ਹਾਂ, ਤੁਹਾਡੇ ਭੈਣ-ਭਰਾ ਅਜਿਹਾ ਕੁਝ ਕਹਿ ਸਕਦੇ ਜਾਂ ਕਰ ਸਕਦੇ ਹਨ ਜਿਸ ਨਾਲ ਤੁਸੀਂ ਨਾਰਾਜ਼ ਹੋ ਸਕਦੇ ਹੋ। ਪਰ ਆਪਣੇ ਆਪ ਨੂੰ ਪੁੱਛੋ, ‘ਕੀ ਮੈਂ ਵੀ ਕਦੀ ਉਨ੍ਹਾਂ ਨੂੰ ਨਾਰਾਜ਼ ਕੀਤਾ ਹੈ?’ (ਮੱਤੀ 7:1-5) ਜੈਨੀ ਕਹਿੰਦੀ ਹੈ: “ਜਦ ਮੈਂ 13 ਸਾਲਾਂ ਦੀ ਸੀ, ਮੈਨੂੰ ਲੱਗਦਾ ਸੀ ਕਿ ਮੈਂ ਹੀ ਸਹੀ ਹਾਂ ਅਤੇ ਸਾਰਿਆਂ ਨੂੰ ਮੇਰੀ ਸੁਣਨੀ ਚਾਹੀਦੀ ਹੈ। ਹੁਣ ਮੇਰੀ ਛੋਟੀ ਭੈਣ ਵੀ ਇਸੇ ਤਰ੍ਹਾਂ ਸੋਚਦੀ ਹੈ। ਇਸ ਲਈ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉਸ ਦੀਆਂ ਗੱਲਾਂ ਦਾ ਗੁੱਸਾ ਨਾ ਕਰਾਂ।”

4. ਮਾਫ਼ ਕਰੋ ਤੇ ਭੁੱਲ ਜਾਓ। ਵੱਡੀਆਂ ਮੁਸ਼ਕਲਾਂ ਬਾਰੇ ਗੱਲ ਕਰ ਕੇ ਉਨ੍ਹਾਂ ਨੂੰ ਸੁਲਝਾਇਆ ਜਾਣਾ ਚਾਹੀਦਾ ਹੈ। ਪਰ ਕੀ ਤੁਹਾਨੂੰ ਆਪਣੇ ਭੈਣ ਜਾਂ ਭਰਾ ਦੀ ਹਰ ਗ਼ਲਤੀ ਬਾਰੇ ਬਹਿਸ ਕਰਨ ਦੀ ਲੋੜ ਹੈ? ਯਹੋਵਾਹ ਪਰਮੇਸ਼ੁਰ ਖ਼ੁਸ਼ ਹੁੰਦਾ ਹੈ ਜਦ ਤੁਸੀਂ ‘ਦੂਜਿਆਂ ਨੂੰ ਮਾਫ਼ ਕਰ ਦਿੰਦੇ ਹੋ।’ (ਕਹਾਉਤਾਂ 19:11, CL) 19 ਸਾਲਾਂ ਦੀ ਐਲੀਸਨ ਦੱਸਦੀ ਹੈ: “ਆਮ ਤੌਰ ਤੇ ਮੈਂ ਤੇ ਮੇਰੀ ਭੈਣ ਰੇਚਲ ਸੁਲ੍ਹਾ ਕਰ ਕੇ ਛੇਤੀ ਇਕ-ਦੂਜੇ ਤੋਂ ਮਾਫ਼ੀ ਮੰਗ ਲੈਂਦੀਆਂ ਹਾਂ। ਫਿਰ ਅਸੀਂ ਸੋਚਦੀਆਂ ਹਾਂ ਕਿ ਕਿਸ ਗੱਲ ਕਰਕੇ ਸਾਡੀ ਲੜਾਈ ਹੋਈ ਸੀ। ਕਈ ਵਾਰ ਮੈਂ ਗੱਲ ਕਰਨ ਵਿਚ ਕਾਹਲੀ ਨਹੀਂ ਕਰਦੀ ਅਤੇ ਅਗਲੇ ਦਿਨ ਮੈਨੂੰ ਗੱਲ ਇੰਨੀ ਵੱਡੀ ਨਹੀਂ ਲੱਗਦੀ।”

5. ਸੁਲ੍ਹਾ ਕਰਾਉਣ ਵਿਚ ਆਪਣੇ ਮਾਪਿਆਂ ਦੀ ਮਦਦ ਲਓ। ਜੇ ਤੁਹਾਨੂੰ ਸੁਲ੍ਹਾ ਕਰਨੀ ਔਖੀ ਲੱਗਦੀ ਹੈ, ਤਾਂ ਆਪਣੇ ਮੰਮੀ-ਡੈਡੀ ਦੀ ਮਦਦ ਲਓ। (ਰੋਮੀਆਂ 14:19) ਪਰ ਇਹ ਵੀ ਯਾਦ ਰੱਖੋ ਕਿ ਆਪਣੇ ਮਾਪਿਆਂ ਦੀ ਮਦਦ ਤੋਂ ਬਿਨਾਂ ਸੁਲ੍ਹਾ ਕਰਨੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਤੁਸੀਂ ਸਿਆਣੇ ਬਣ ਰਹੇ ਹੋ।

6. ਆਪਣੇ ਭੈਣ ਜਾਂ ਭਰਾ ਦੇ ਚੰਗੇ ਗੁਣਾਂ ਬਾਰੇ ਸੋਚੋ। ਤੁਹਾਡੇ ਭੈਣਾਂ-ਭਰਾਵਾਂ ਵਿਚ ਜ਼ਰੂਰ ਕੋਈ-ਨਾ-ਕੋਈ ਖੂਬੀ ਤਾਂ ਹੋਵੇਗੀ। ਹੇਠਾਂ ਇਕ ਗੱਲ ਲਿਖੋ ਜੋ ਤੁਹਾਨੂੰ ਉਨ੍ਹਾਂ ਬਾਰੇ ਚੰਗੀ ਲੱਗਦੀ ਹੈ।

ਨਾਂ ਖੂਬੀ

․․․․․ ․․․․․

ਉਨ੍ਹਾਂ ਵਿਚ ਹਮੇਸ਼ਾ ਨੁਕਸ ਕੱਢਣ ਦੀ ਬਜਾਇ ਕਿਉਂ ਨਾ ਮੌਕਾ ਮਿਲਦੇ ਹੀ ਉਨ੍ਹਾਂ ਨੂੰ ਦੱਸੋ ਕਿ ਤੁਹਾਨੂੰ ਉਨ੍ਹਾਂ ਦੀ ਕਿਹੜੀ ਗੱਲ ਪਸੰਦ ਹੈ?—ਜ਼ਬੂਰਾਂ ਦੀ ਪੋਥੀ 130:3; ਕਹਾਉਤਾਂ 15:23.

ਅਸਲੀਅਤ: ਜਦੋਂ ਤੁਸੀਂ ਘਰ ਛੱਡ ਕੇ ਜਾਓਗੇ, ਤਾਂ ਤੁਹਾਨੂੰ ਅਜਿਹੇ ਲੋਕ ਮਿਲਣਗੇ ਜੋ ਰੁੱਖੇ ਸੁਭਾਅ ਦੇ ਹਨ, ਮਤਲਬੀ ਹਨ ਤੇ ਹੋ ਸਕਦਾ ਹੈ ਕਿ ਉਹ ਤੁਹਾਡੀ ਨਾ ਸੁਣਨ। ਘਰ ਰਹਿੰਦੇ ਹੋਏ ਹੀ ਤੁਸੀਂ ਅਜਿਹੇ ਲੋਕਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣਾ ਸਿੱਖ ਸਕਦੇ ਹੋ। ਜੇ ਤੁਹਾਡੀ ਆਪਣੇ ਭੈਣ-ਭਰਾ ਨਾਲ ਨਹੀਂ ਬਣਦੀ, ਤਾਂ ਹਿੰਮਤ ਨਾ ਹਾਰੋ! ਤੁਸੀਂ ਉਨ੍ਹਾਂ ਤੋਂ ਬਹੁਤ ਕੁਝ ਸਿੱਖ ਸਕਦੇ ਹੋ।

ਬਾਈਬਲ ਇਹ ਗੱਲ ਮੰਨਦੀ ਹੈ ਕਿ ਭੈਣ ਜਾਂ ਭਰਾ ਨਾਲੋਂ ਕੋਈ ਹੋਰ ਤੁਹਾਡੇ ਜ਼ਿਆਦਾ ਨਜ਼ਦੀਕ ਹੋ ਸਕਦਾ ਹੈ। (ਕਹਾਉਤਾਂ 18:24) ਫਿਰ ਵੀ ਤੁਹਾਡਾ ਆਪਣੇ ਭੈਣਾਂ-ਭਰਾਵਾਂ ਨਾਲ ਰਿਸ਼ਤਾ ਵਧੀਆ ਬਣ ਸਕਦਾ ਹੈ ਜੇ ਤੁਸੀਂ “ਇੱਕ ਦੂਏ ਦੀ ਸਹਿ” ਲੈਂਦੇ ਹੋ, ਉਦੋਂ ਵੀ ਜਦੋਂ ਤੁਹਾਡੇ ਕੋਲ ‘ਗਿਲਾ ਰੱਖਣ’ ਦਾ ਕੋਈ ਕਾਰਨ ਹੋਵੇ। (ਕੁਲੁੱਸੀਆਂ 3:13) ਇੱਦਾਂ ਕਰਨ ਨਾਲ ਤੁਹਾਨੂੰ ਉਨ੍ਹਾਂ ਤੋਂ ਛੇਤੀ ਖਿਝ ਨਹੀਂ ਆਵੇਗੀ ਤੇ ਤੁਸੀਂ ਵੀ ਉਨ੍ਹਾਂ ਨੂੰ ਘੱਟ ਖਿਝਾਓਗੇ! (g10-E 08)

“ਨੌਜਵਾਨ ਪੁੱਛਦੇ ਹਨ” ਲੇਖਾਂ ਦੀ ਲੜੀ ਦੇ ਹੋਰ ਲੇਖ ਇਸ ਵੈੱਬ-ਸਾਈਟ ’ਤੇ ਦਿੱਤੇ ਗਏ ਹਨ: www.watchtower.org/ype

[ਫੁਟਨੋਟ]

^ ਪੈਰਾ 8 ਕੁਝ ਨਾਂ ਬਦਲੇ ਗਏ ਹਨ।

^ ਪੈਰਾ 20 ਹੋਰ ਜਾਣਕਾਰੀ ਲਈ  ਹੇਠਾਂ ਦਿੱਤੀ ਡੱਬੀ ਪੜ੍ਹੋ।

ਇਸ ਬਾਰੇ ਸੋਚੋ

● ਸਮੱਸਿਆ ਦੀ ਜੜ੍ਹ ਲੱਭਣੀ ਜ਼ਰੂਰੀ ਕਿਉਂ ਹੈ?

● ਉਪਰਲੀਆਂ ਛੇ ਗੱਲਾਂ ਵਿੱਚੋਂ ਤੁਹਾਨੂੰ ਕਿਹੜੀ ਗੱਲ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ?

[ਸਫ਼ਾ 27 ਉੱਤੇ ਡੱਬੀ]

 ਸਮੱਸਿਆ ਦੀ ਜੜ੍ਹ ਨੂੰ ਪਛਾਣੋ

ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਭੈਣ-ਭਰਾਵਾਂ ਵਿਚਕਾਰ ਅਣਬਣ ਕਿਉਂ ਹੁੰਦੀ ਹੈ? ਜੇ ਹਾਂ, ਤਾਂ ਯਿਸੂ ਦੁਆਰਾ ਦੱਸੇ ਉਸ ਮੁੰਡੇ ਦੀ ਕਹਾਣੀ ਨੂੰ ਪੜ੍ਹੋ ਜਿਸ ਨੇ ਘਰ ਛੱਡ ਦਿੱਤਾ ਸੀ ਤੇ ਆਪਣੇ ਪਿਉ ਦੀ ਦਿੱਤੀ ਸਾਰੀ ਕਮਾਈ ਉਡਾ ਦਿੱਤੀ ਸੀ।—ਲੂਕਾ 15:11-32.

ਧਿਆਨ ਨਾਲ ਪੜ੍ਹੋ ਕਿ ਜਦ ਛੋਟਾ ਭਰਾ ਘਰ ਵਾਪਸ ਆਉਂਦਾ ਹੈ, ਤਾਂ ਵੱਡੇ ਭਰਾ ਨੂੰ ਕਿੱਦਾਂ ਦਾ ਲੱਗਦਾ ਹੈ। ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ।

ਵੱਡਾ ਭਰਾ ਇਸ ਤਰ੍ਹਾਂ ਕਿਉਂ ਕਰਦਾ ਹੈ?

ਅਸਲੀ ਸਮੱਸਿਆ ਕੀ ਸੀ?

ਪਿਤਾ ਨੇ ਇਸ ਸਮੱਸਿਆ ਦਾ ਹੱਲ ਲੱਭਣ ਦੀ ਕਿਵੇਂ ਕੋਸ਼ਿਸ਼ ਕੀਤੀ?

ਵੱਡੇ ਭਰਾ ਨੂੰ ਕੀ ਕਰਨ ਦੀ ਲੋੜ ਸੀ?

ਹੁਣ ਸੋਚੋ ਕਿ ਪਿਛਲੀ ਵਾਰੀ ਤੁਹਾਡੀ ਆਪਣੇ ਭੈਣ ਜਾਂ ਭਰਾ ਨਾਲ ਕਦੋਂ ਲੜਾਈ ਹੋਈ ਸੀ। ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਲਿਖੋ।

ਬਹਿਸ ਕਿਸ ਗੱਲ ਕਰਕੇ ਹੋਈ?

ਤੁਹਾਡੇ ਖ਼ਿਆਲ ਵਿਚ ਸਮੱਸਿਆ ਦੀ ਅਸਲੀ ਜੜ੍ਹ ਕੀ ਸੀ?

ਤੁਸੀਂ ਭੈਣਾਂ-ਭਰਾਵਾਂ ਨਾਲ ਮਿਲ ਕੇ ਕਿਹੜੇ ਅਸੂਲ ਬਣਾਓਗੇ ਤਾਂਕਿ ਤੁਹਾਡੀ ਉਨ੍ਹਾਂ ਨਾਲ ਅੱਗੇ ਤੋਂ ਲੜਾਈ ਨਾ ਹੋਵੇ?

[ਸਫ਼ਾ 28 ਉੱਤੇ ਡੱਬੀ/ਤਸਵੀਰਾਂ]

ਤੁਹਾਡੇ ਹਾਣੀ ਕੀ ਕਹਿੰਦੇ ਹਨ

“ਮੈਂ ਚਾਹੁੰਦੀ ਹਾਂ ਕਿ ਅਸੀਂ ਭੈਣਾਂ ਉਮਰ ਭਰ ਸਹੇਲੀਆਂ ਬਣੀਆਂ ਰਹੀਏ। ਤਾਂ ਫਿਰ ਕਿਉਂ ਨਾ ਮੈਂ ਹੁਣ ਤੋਂ ਉਨ੍ਹਾਂ ਨਾਲ ਚੰਗਾ ਰਿਸ਼ਤਾ ਬਣਾਈ ਰੱਖਾਂ?”

“ਅਸੀਂ ਸਾਰੇ ਮਿਲ ਕੇ ਕੰਮ ਕਰਦੇ ਹਾਂ ਜਿਸ ਕਰਕੇ ਸਾਡੀ ਏਕਤਾ ਬਣੀ ਰਹਿੰਦੀ ਹੈ। ਅਸੀਂ ਪਹਿਲਾਂ ਵਾਂਗ ਲੜਦੇ ਨਹੀਂ।”

“ਸਾਡੇ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਫਿਰ ਵੀ ਮੇਰੀ ਭੈਣ ਵਰਗਾ ਕੋਈ ਨਹੀਂ। ਉਹ ਮੇਰੀ ਪਿਆਰੀ ਭੈਣ ਹੈ।”

“ਭੈਣ-ਭਰਾਵਾਂ ਤੋਂ ਬਿਨਾਂ ਮੇਰੀ ਜ਼ਿੰਦਗੀ ਸੁੰਨੀ ਰਹਿੰਦੀ। ਜਿਨ੍ਹਾਂ ਦੇ ਭੈਣ-ਭਰਾ ਹਨ ਉਨ੍ਹਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ‘ਆਪਣੇ ਭੈਣਾਂ-ਭਰਾਵਾਂ ਦੀ ਕਦਰ ਕਰੋ।’”

[ਤਸਵੀਰਾਂ]

ਟੀਯਾ

ਬਿਆਂਕਾ

ਸਮੇਂਥਾ

ਮੇਰਲਿਨ

[ਸਫ਼ਾ 27 ਉੱਤੇ ਤਸਵੀਰ]

ਭੈਣਾਂ-ਭਰਾਵਾਂ ਵਿਚ ਅਣਬਣ ਹੋਣੀ ਪਿੰਪਲ ਵਰਗੀ ਹੈ। ਪਿੰਪਲਸ ਨੂੰ ਰੋਕਣ ਵਾਸਤੇ ਇਨਫ਼ੈਕਸ਼ਨ ਦਾ ਇਲਾਜ ਕਰਨਾ ਜ਼ਰੂਰੀ ਹੈ