Skip to content

Skip to table of contents

ਜਵਾਨੀ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਤਿਆਰੀ

ਜਵਾਨੀ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਤਿਆਰੀ

ਜਵਾਨੀ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੀ ਤਿਆਰੀ

ਕਲਪਨਾ ਕਰੋ ਕਿ ਤੁਸੀਂ ਗਰਮ ਦੇਸ਼ ਤੋਂ ਠੰਢੇ ਦੇਸ਼ ਜਾਂਦੇ ਹੋ। ਜਦੋਂ ਤੁਸੀਂ ਜਹਾਜ਼ ਤੋਂ ਬਾਹਰ ਆਉਂਦੇ ਹੋ, ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਕਿੰਨੀ ਠੰਢ ਹੈ। ਕੀ ਤੁਸੀਂ ਇੱਥੇ ਰਹਿ ਸਕੋਗੇ? ਹਾਂ, ਪਰ ਤੁਹਾਨੂੰ ਕੁਝ ਤਬਦੀਲੀਆਂ ਕਰਨੀਆਂ ਪੈਣਗੀਆਂ।

ਇਸੇ ਤਰ੍ਹਾਂ ਦੇ ਹਾਲਾਤ ਤੁਹਾਡੇ ਵੀ ਹੋ ਸਕਦੇ ਹਨ ਜਦੋਂ ਤੁਹਾਡੇ ਬੱਚੇ ਜਵਾਨ ਹੋ ਜਾਂਦੇ ਹਨ। ਇੱਦਾਂ ਲੱਗਦਾ ਹੈ ਕਿ ਰਾਤੋ-ਰਾਤ ਸਭ ਕੁਝ ਬਦਲ ਗਿਆ। ਤੁਹਾਡਾ ਮੁੰਡਾ ਹੁਣ ਤੁਹਾਡੇ ਨਾਲੋਂ ਜ਼ਿਆਦਾ ਆਪਣੇ ਦੋਸਤਾਂ ਨਾਲ ਰਹਿਣਾ ਚਾਹੁੰਦਾ ਹੈ। ਤੁਹਾਡੀ ਕੁੜੀ ਜਿਹੜੀ ਤੁਹਾਨੂੰ ਕੋਈ ਗੱਲ ਦੱਸਣ ਦਾ ਇੰਤਜ਼ਾਰ ਨਹੀਂ ਸੀ ਕਰ ਸਕਦੀ ਹੁਣ ਸਿਰਫ਼ ਉਹੀ ਜਵਾਬ ਦਿੰਦੀ ਹੈ ਜੋ ਤੁਸੀਂ ਪੁੱਛਦੇ ਹੋ।

ਤੁਸੀਂ ਪੁੱਛਦੇ ਹੋ: “ਸਕੂਲ ਕਿੱਦਾਂ ਰਿਹਾ?”

ਜਵਾਬ ਆਉਂਦਾ ਹੈ, “ਠੀਕ ਸੀ।”

ਫਿਰ ਖ਼ਾਮੋਸ਼ੀ।

“ਕੀ ਗੱਲ ਹੈ?” ਤੁਸੀਂ ਪੁੱਛਦੇ ਹੋ।

“ਕੁਝ ਨਹੀਂ,” ਉਹ ਜਵਾਬ ਦਿੰਦੀ ਹੈ।

ਫਿਰ ਤੋਂ ਖ਼ਾਮੋਸ਼ੀ।

ਇਹ ਅਚਾਨਕ ਕੀ ਹੋ ਗਿਆ ਹੈ? ਥੋੜ੍ਹੀ ਦੇਰ ਪਹਿਲਾਂ ਤੁਹਾਡਾ ਬੱਚਾ ਤੁਹਾਨੂੰ ਸਾਰਾ ਕੁਝ ਦੱਸਦਾ ਸੀ, ਪਰ ਹੁਣ ਲੱਗਦਾ ਹੈ ਕਿ ਉਹ ਤੁਹਾਨੂੰ ਕੁਝ ਗੱਲਾਂ ਹੀ ਦੱਸਦਾ ਹੈ। ਕਈ ਵਾਰ ਉਹ ਸ਼ਾਇਦ ਦੂਸਰਿਆਂ ਨੂੰ ਅਜਿਹੀ ਗੱਲ ਦੱਸਣੀ ਪਸੰਦ ਕਰੇ ਜੋ ਉਹ ਤੁਹਾਨੂੰ ਨਹੀਂ ਦੱਸਣੀ ਚਾਹੁੰਦਾ। ਤੁਹਾਨੂੰ ਇੱਦਾਂ ਲੱਗ ਸਕਦਾ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਜਵਾਨ ਹੁੰਦਾ ਦੇਖ ਸਕਦੇ ਹੋ, ਪਰ ਉਸ ਦੀ ਮਦਦ ਨਹੀਂ ਕਰ ਸਕਦੇ।

ਕੀ ਜਵਾਨੀ ਦੌਰਾਨ ਤੁਹਾਡੇ ਲਈ ਆਪਣੇ ਬੱਚਿਆਂ ਦੇ ਨੇੜੇ ਰਹਿਣਾ ਮੁਮਕਿਨ ਹੈ? ਬਿਲਕੁਲ। ਤੁਸੀਂ ਆਪਣੇ ਜਵਾਨ ਹੁੰਦੇ ਬੱਚਿਆਂ ਦੇ ਨੇੜੇ ਰਹਿ ਸਕਦੇ ਹੋ। ਪਰ ਪਹਿਲਾਂ ਤੁਹਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਉਨ੍ਹਾਂ ’ਤੇ ਜਵਾਨੀ ਦਾ ਕੀ ਅਸਰ ਪੈਂਦਾ ਹੈ।

ਬਚਪਨ ਤੋਂ ਜਵਾਨੀ ਤਕ

ਖੋਜਕਾਰ ਪਹਿਲਾਂ ਮੰਨਦੇ ਸਨ ਕਿ ਪੰਜ ਸਾਲ ਦੀ ਉਮਰ ਵਿਚ ਨਿਆਣੇ ਦਾ ਦਿਮਾਗ਼ ਪੂਰੀ ਤਰ੍ਹਾਂ ਵਿਕਸਿਤ ਹੋ ਜਾਂਦਾ ਹੈ। ਹੁਣ ਉਹ ਮੰਨਦੇ ਹਨ ਕਿ ਇਸ ਉਮਰ ਤੋਂ ਬਾਅਦ ਦਿਮਾਗ਼ ਦਾ ਸਾਈਜ਼ ਘੱਟ ਹੀ ਬਦਲਦਾ ਹੈ, ਪਰ ਇਸ ਦੇ ਕੰਮ ਕਰਨ ਦੇ ਢੰਗ ਤੇ ਸੋਚਣ-ਸਮਝਣ ਦੀ ਕਾਬਲੀਅਤ ਵਿਚ ਬਹੁਤ ਤਬਦੀਲੀ ਆਉਂਦੀ ਹੈ। ਜਦੋਂ ਨਿਆਣੇ ਜਵਾਨੀ ਵਿਚ ਪੈਰ ਰੱਖਦੇ ਹਨ ਤੇ ਉਨ੍ਹਾਂ ਵਿਚ ਤਬਦੀਲੀਆਂ ਹੋਣ ਲੱਗਦੀਆਂ ਹਨ, ਤਾਂ ਹਾਰਮੋਨਲ ਤਬਦੀਲੀਆਂ ਕਰਕੇ ਉਨ੍ਹਾਂ ਦੇ ਸੋਚਣ ਦੇ ਢੰਗ ਵਿਚ ਬਦਲਾਅ ਆਉਂਦਾ ਹੈ। ਮਿਸਾਲ ਲਈ, ਨਿਆਣਿਆਂ ਲਈ ਸਭ ਕੁਝ ਸਹੀ ਜਾਂ ਗ਼ਲਤ ਹੁੰਦਾ ਹੈ, ਪਰ ਨੌਜਵਾਨ ਗੱਲਾਂ ਬਾਰੇ ਜ਼ਿਆਦਾ ਡੂੰਘੀ ਤਰ੍ਹਾਂ ਸੋਚਦੇ ਹਨ। (1 ਕੁਰਿੰਥੀਆਂ 13:11) ਉਹ ਆਪਣੇ ਵਿਚਾਰਾਂ ’ਤੇ ਪੱਕੇ ਰਹਿੰਦੇ ਹਨ ਤੇ ਦੂਜਿਆਂ ਸਾਮ੍ਹਣੇ ਇਨ੍ਹਾਂ ਨੂੰ ਦੱਸਣ ਤੋਂ ਸ਼ਰਮਾਉਂਦੇ ਨਹੀਂ ਹਨ।

ਪਾਓਲੋ, ਜੋ ਇਟਲੀ ਤੋਂ ਹੈ, ਦੱਸਦਾ ਹੈ ਕਿ ਉਸ ਨੇ ਆਪਣੇ ਮੁੰਡੇ ਵਿਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਦੇਖੀਆਂ ਹਨ। ਉਹ ਕਹਿੰਦਾ ਹੈ: “ਜਦ ਮੈਂ ਆਪਣੇ ਜਵਾਨ ਪੁੱਤ ਵੱਲ ਦੇਖਦਾ ਹਾਂ, ਤਾਂ ਲੱਗਦਾ ਹੈ ਕਿ ਮੇਰੇ ਸਾਮ੍ਹਣੇ ਮੇਰਾ ਮੁੰਡਾ ਨਹੀਂ, ਸਗੋਂ ਇਕ ਛੋਟਾ ਆਦਮੀ ਖੜ੍ਹਾ ਹੈ। ਇਹ ਸਿਰਫ਼ ਇਸ ਕਰਕੇ ਨਹੀਂ ਕਿ ਉਸ ਦੇ ਸਰੀਰ ਵਿਚ ਤਬਦੀਲੀਆਂ ਆਈਆਂ ਹਨ, ਪਰ ਮੈਂ ਉਸ ਦੇ ਸੋਚਣ ਦੇ ਢੰਗ ਤੋਂ ਹੈਰਾਨ ਰਹਿ ਜਾਂਦਾ ਹਾਂ। ਉਹ ਆਪਣੇ ਵਿਚਾਰ ਦੱਸਣ ਤੋਂ ਜ਼ਰਾ ਵੀ ਨਹੀਂ ਡਰਦਾ ਤੇ ਆਪਣੀ ਗੱਲ ’ਤੇ ਪੱਕਾ ਰਹਿੰਦਾ ਹੈ।”

ਕੀ ਤੁਸੀਂ ਆਪਣੇ ਜਵਾਨ ਬੱਚੇ ਵਿਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਦੇਖੀਆਂ ਹਨ? ਜਦੋਂ ਉਹ ਨਿਆਣਾ ਸੀ, ਤਾਂ ਸ਼ਾਇਦ ਉਹ ਤੁਹਾਡੇ ਹੁਕਮਾਂ ਨੂੰ ਬਿਨਾਂ ਕੁਝ ਪੁੱਛੇ ਮੰਨ ਲੈਂਦਾ ਸੀ। ਸਿਰਫ਼ ਉਸ ਨੂੰ ਇਹ ਦੱਸਣ ਦੀ ਜ਼ਰੂਰਤ ਸੀ, “ਬਸ, ਮੈਂ ਕਹਿ ਦਿੱਤਾ।” ਹੁਣ ਜਵਾਨ ਹੋ ਕੇ ਉਹ ਤੁਹਾਡੇ ਤੋਂ ਕਾਰਨ ਜਾਣਨੇ ਚਾਹੁੰਦਾ ਹੈ ਤੇ ਸ਼ਾਇਦ ਉਹ ਉਨ੍ਹਾਂ ਅਸੂਲਾਂ ’ਤੇ ਵੀ ਸਵਾਲ ਖੜ੍ਹੇ ਕਰੇ ਜਿਨ੍ਹਾਂ ਨੂੰ ਤੁਹਾਡਾ ਪਰਿਵਾਰ ਮੰਨਦਾ ਹੈ। ਕਈ ਵਾਰ ਲੱਗ ਸਕਦਾ ਹੈ ਕਿ ਉਹ ਤੁਹਾਡੇ ਖ਼ਿਲਾਫ਼ ਜਾਣਾ ਚਾਹੁੰਦਾ ਹੈ।

ਇਹ ਨਾ ਸੋਚੋ ਕਿ ਤੁਹਾਡਾ ਜਵਾਨ ਧੀ-ਪੁੱਤ ਘਰ ਦੇ ਅਸੂਲ ਤੋੜਨ ’ਤੇ ਤੁਲਿਆ ਹੋਇਆ ਹੈ। ਸ਼ਾਇਦ ਉਸ ਨੂੰ ਤੁਹਾਡੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣਾ ਔਖਾ ਲੱਗੇ। ਫ਼ਰਜ਼ ਕਰੋ ਕਿ ਤੁਸੀਂ ਨਵੇਂ ਘਰ ਜਾ ਰਹੇ ਹੋ ਤੇ ਆਪਣਾ ਫਰਨੀਚਰ ਨਾਲ ਲੈ ਕੇ ਜਾ ਰਹੇ ਹੋ। ਕੀ ਤੁਸੀਂ ਸੌਖਿਆਂ ਹੀ ਆਪਣੇ ਨਵੇਂ ਘਰ ਵਿਚ ਸਾਰੀਆਂ ਚੀਜ਼ਾਂ ਟਿਕਾ ਸਕੋਗੇ? ਸ਼ਾਇਦ ਨਹੀਂ। ਪਰ ਇਕ ਗੱਲ ਪੱਕੀ ਹੈ ਕਿ ਤੁਸੀਂ ਕੋਈ ਵੀ ਆਪਣੀ ਅਨਮੋਲ ਚੀਜ਼ ਬਾਹਰ ਨਹੀਂ ਸੁੱਟੋਗੇ।

ਤੁਹਾਡਾ ਨੌਜਵਾਨ ਉਸ ਦਿਨ ਦੀ ਤਿਆਰੀ ਕਰ ਰਿਹਾ ਹੈ ਜਦ ਉਹ “ਆਪਣੇ ਮਾਪੇ ਛੱਡਕੇ” ਆਪਣਾ ਘਰ ਵਸਾਵੇਗਾ। (ਉਤਪਤ 2:24) ਇਹ ਸੱਚ ਹੈ ਕਿ ਸ਼ਾਇਦ ਅਜੇ ਉਹ ਦਿਨ ਦੂਰ ਹੈ ਕਿਉਂਕਿ ਤੁਹਾਡਾ ਨੌਜਵਾਨ ਬੱਚਾ ਅਜੇ ਨਹੀਂ ਬਣਿਆ। ਪਰ ਉਹ ਘਰੋਂ ਜਾਣ ਦੀ ਤਿਆਰੀ ਕਰ ਰਿਹਾ ਹੈ। ਆਪਣੀ ਜਵਾਨੀ ਦੇ ਦਿਨਾਂ ਵਿਚ ਉਹ ਉਨ੍ਹਾਂ ਅਸੂਲਾਂ ਦੀ ਜਾਂਚ ਕਰੇਗਾ ਜਿਨ੍ਹਾਂ ਨੂੰ ਮੰਨ ਕੇ ਉਹ ਵੱਡਾ ਹੋਇਆ ਹੈ। ਉਹ ਇਹ ਫ਼ੈਸਲਾ ਕਰ ਰਿਹਾ ਹੈ ਕਿ ਉਹ ਕਿਨ੍ਹਾਂ ਅਸੂਲਾਂ ਨੂੰ ਆਪਣੀ ਪੂਰੀ ਜ਼ਿੰਦਗੀ ਮੰਨੇਗਾ ਤੇ ਕਿਨ੍ਹਾਂ ਨੂੰ ਨਹੀਂ। *

ਤੁਹਾਨੂੰ ਸ਼ਾਇਦ ਇਹ ਡਰ ਲੱਗੇ ਕਿ ਤੁਹਾਡਾ ਬੱਚਾ ਸਹੀ ਫ਼ੈਸਲਾ ਕਰੇਗਾ ਕਿ ਨਹੀਂ। ਪਰ ਇਕ ਗੱਲ ਪੱਕੀ ਹੈ: ਜਦੋਂ ਉਹ ਬਣੇਗਾ, ਤਾਂ ਉਹ ਸਿਰਫ਼ ਉਨ੍ਹਾਂ ਅਸੂਲਾਂ ’ਤੇ ਹੀ ਚੱਲੇਗਾ ਜਿਨ੍ਹਾਂ ਨੂੰ ਉਹ ਵਧੀਆ ਸਮਝਦਾ ਹੈ। ਇਸ ਲਈ ਜਿੰਨਾ ਚਿਰ ਤੁਹਾਡਾ ਨੌਜਵਾਨ ਬੱਚਾ ਤੁਹਾਡੇ ਨਾਲ ਰਹਿੰਦਾ ਹੈ ਉੱਨਾ ਚਿਰ ਉਸ ਕੋਲ ਸਮਾਂ ਹੈ ਕਿ ਉਹ ਉਨ੍ਹਾਂ ਅਸੂਲਾਂ ਦੀ ਜਾਂਚ ਕਰੇ ਜਿਨ੍ਹਾਂ ’ਤੇ ਉਹ ਸਾਰੀ ਜ਼ਿੰਦਗੀ ਚੱਲੇਗਾ।—ਰਸੂਲਾਂ ਦੇ ਕਰਤੱਬ 17:11.

ਇਹ ਜ਼ਰੂਰੀ ਹੈ ਕਿ ਤੁਹਾਡਾ ਨੌਜਵਾਨ ਬੱਚਾ ਇਸ ਤਰ੍ਹਾਂ ਕਰੇ। ਜੇ ਉਹ ਤੁਹਾਡੇ ਅਸੂਲਾਂ ਨੂੰ ਬਿਨਾਂ ਸਵਾਲ ਪੁੱਛੇ ਅਪਣਾਉਂਦਾ ਹੈ, ਤਾਂ ਬਾਅਦ ਵਿਚ ਉਹ ਸ਼ਾਇਦ ਦੂਜਿਆਂ ਦੇ ਅਸੂਲਾਂ ਨੂੰ ਵੀ ਬਿਨਾਂ ਸੋਚੇ-ਸਮਝੇ ਅਪਣਾ ਲਵੇਗਾ। (ਕੂਚ 23:2) ਬਾਈਬਲ ਇਸ ਤਰ੍ਹਾਂ ਦੇ ਨੌਜਵਾਨ ਨੂੰ “ਨਿਰਬੁੱਧ” ਕਹਿੰਦੀ ਹੈ ਜੋ ਆਸਾਨੀ ਨਾਲ ਕਿਸੇ ਦੇ ਵੀ ਮਗਰ ਲੱਗ ਜਾਂਦਾ ਹੈ। ਇਸ ਸ਼ਬਦ ਦਾ ਇਕ ਮਤਲਬ ਇਹ ਹੈ ਕਿ ਸਮਝਦਾਰੀ ਦੀ ਘਾਟ ਹੋਣੀ। (ਕਹਾਉਤਾਂ 7:7) ਅਜਿਹਾ ਨੌਜਵਾਨ “ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦਾ ਫਿਰੇਗਾ।’—ਅਫ਼ਸੀਆਂ 4:14.

ਤੁਸੀਂ ਆਪਣੇ ਬੱਚੇ ਨੂੰ ਇਸ ਤਰ੍ਹਾਂ ਦੇ ਅਸਰ ਤੋਂ ਕਿਵੇਂ ਬਚਾ ਸਕਦੇ ਹੋ? ਉਸ ਵਿਚ ਥੱਲੇ ਦਿੱਤੇ ਤਿੰਨ ਗੁਣ ਪੈਦਾ ਕਰੋ।

1 ਸੋਚਣ-ਸਮਝਣ ਦੀ ਕਾਬਲੀਅਤ

ਪੌਲੁਸ ਰਸੂਲ ਨੇ ਲਿਖਿਆ: ‘ਸਿਆਣਿਆਂ ਦੀਆਂ ਗਿਆਨ ਇੰਦਰੀਆਂ ਭਲੇ ਬੁਰੇ ਦੀ ਜਾਚ ਕਰਨ ਨੂੰ ਅਭਿਆਸ ਨਾਲ ਸਾਧੀਆਂ ਹੋਈਆਂ ਹਨ।’ (ਇਬਰਾਨੀਆਂ 5:14) ਤੁਸੀਂ ਸ਼ਾਇਦ ਕਹੋ: ‘ਮੈਂ ਆਪਣੇ ਬੱਚੇ ਨੂੰ ਬਹੁਤ ਚਿਰ ਪਹਿਲਾਂ ਸਿਖਾਇਆ ਸੀ ਕਿ ਕੀ ਸਹੀ ਹੈ ਤੇ ਕੀ ਗ਼ਲਤ।’ ਬਿਨਾਂ ਸ਼ੱਕ ਉਸ ਸਿੱਖਿਆ ਨੇ ਉਸ ਦੀ ਮਦਦ ਕੀਤੀ ਤੇ ਉਸ ਨੂੰ ਜਵਾਨੀ ਵਿਚ ਪੈਰ ਰੱਖਣ ਲਈ ਤਿਆਰ ਕੀਤਾ। (2 ਤਿਮੋਥਿਉਸ 3:14) ਪੌਲੁਸ ਨੇ ਕਿਹਾ ਕਿ ਲੋਕਾਂ ਨੂੰ ਬੁਰੇ-ਭਲੇ ਦੀ ਜਾਂਚ ਸੋਚ-ਸਮਝ ਕੇ ਕਰਨੀ ਚਾਹੀਦੀ ਹੈ। ਜਦਕਿ ਛੋਟੇ ਬੱਚੇ ਸਹੀ-ਗ਼ਲਤ ਬਾਰੇ ਜਾਣਦੇ ਹਨ, ਪਰ ਨੌਜਵਾਨਾਂ ਨੂੰ “ਬੁੱਧ ਵਿੱਚ ਸਿਆਣੇ” ਬਣਨ ਦੀ ਲੋੜ ਹੈ। (1 ਕੁਰਿੰਥੀਆਂ 14:20; ਕਹਾਉਤਾਂ 1:4; 2:11) ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਬਿਨਾਂ ਸੋਚੇ-ਸਮਝੇ ਕਹਿਣਾ ਨਾ ਮੰਨੇ, ਪਰ ਉਹ ਸੋਚ-ਸਮਝ ਕੇ ਫ਼ੈਸਲਾ ਕਰਨ। (ਰੋਮੀਆਂ 12:1, 2) ਤੁਸੀਂ ਇੱਦਾਂ ਕਰਨ ਵਿਚ ਉਨ੍ਹਾਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੇ ਹੋ?

ਇਕ ਤਰੀਕਾ ਇਹ ਹੈ ਕਿ ਤੁਸੀਂ ਉਸ ਨੂੰ ਆਪਣੀ ਗੱਲ ਕਹਿਣ ਦਿਓ। ਨਾ ਉਸ ਦੀ ਗੱਲ ਨੂੰ ਟੋਕੋ ਤੇ ਨਾ ਹੀ ਗੁੱਸੇ ਹੋਵੋ। ਭਾਵੇਂ ਤੁਹਾਡਾ ਨੌਜਵਾਨ ਬੱਚਾ ਉਹ ਗੱਲ ਕਹਿੰਦਾ ਹੈ ਜਿਹੜੀ ਤੁਹਾਨੂੰ ਪਸੰਦ ਨਹੀਂ ਹੈ। ਬਾਈਬਲ ਕਹਿੰਦੀ ਹੈ: “ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ।” (ਯਾਕੂਬ 1:19; ਕਹਾਉਤਾਂ 18:13) ਯਿਸੂ ਨੇ ਵੀ ਕਿਹਾ ਸੀ ਕਿ “ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ।” (ਮੱਤੀ 12:34) ਜੇ ਤੁਸੀਂ ਉਸ ਦੀ ਗੱਲ ਸੁਣੋਗੇ, ਤਾਂ ਤੁਸੀਂ ਆਪਣੇ ਨੌਜਵਾਨ ਦੇ ਦਿਲ ਦੀ ਗੱਲ ਜਾਣ ਸਕੋਗੇ।

ਜਦੋਂ ਤੁਸੀਂ ਗੱਲ ਕਰਦੇ ਹੋ, ਤਾਂ ਬੱਚੇ ਦੀ ਗੱਲ ਟੋਕਣ ਦੀ ਬਜਾਇ ਸਵਾਲ ਪੁੱਛਣ ਦੀ ਕੋਸ਼ਿਸ਼ ਕਰੋ। ਯਿਸੂ ਨੇ ਕਈ ਵਾਰ ਇਹ ਸਵਾਲ ਪੁੱਛਿਆ ਕਿ “ਤੁਸੀਂ ਕੀ ਸਮਝਦੇ ਹੋ?” ਇਸ ਤਰ੍ਹਾਂ ਉਸ ਨੇ ਨਾ ਸਿਰਫ਼ ਆਪਣੇ ਚੇਲਿਆਂ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕੀਤੀ, ਸਗੋਂ ਉਨ੍ਹਾਂ ਲੋਕਾਂ ਦੀ ਵੀ ਜੋ ਜ਼ਿੱਦੀ ਸਨ। (ਮੱਤੀ 21:23, 28) ਤੁਸੀਂ ਵੀ ਆਪਣੇ ਨੌਜਵਾਨ ਬੱਚਿਆਂ ਨਾਲ ਇਸ ਤਰ੍ਹਾਂ ਕਰ ਸਕਦੇ ਹੋ ਭਾਵੇਂ ਉਹ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਨ। ਮਿਸਾਲ ਲਈ:

ਜੇ ਤੁਹਾਡਾ ਨੌਜਵਾਨ ਕਹੇ: “ਮੈਨੂੰ ਪਤਾ ਨਹੀਂ ਕਿ ਮੈਂ ਰੱਬ ਵਿਚ ਵਿਸ਼ਵਾਸ ਕਰਦਾ ਹਾਂ ਕਿ ਨਹੀਂ।”

ਇਸ ਤਰ੍ਹਾਂ ਕਹਿਣ ਦੀ ਬਜਾਇ: “ਅਸੀਂ ਤੈਨੂੰ ਇਹੀ ਸਿਖਾਇਆ ਸੀ। ਇਹ ਕੀ ਗੱਲ ਕਿ ਤੂੰ ਰੱਬ ਵਿਚ ਵਿਸ਼ਵਾਸ ਨਹੀਂ ਕਰਦਾ?”

ਤੁਸੀਂ ਕਹਿ ਸਕਦੇ ਹੋ: “ਤੈਨੂੰ ਇੱਦਾਂ ਕਿਉਂ ਲੱਗਦਾ ਹੈ?”

ਤੁਹਾਨੂੰ ਆਪਣੇ ਨੌਜਵਾਨ ਦੇ ਦਿਲ ਦੀ ਗੱਲ ਕਿਉਂ ਕੱਢਵਾਉਣੀ ਚਾਹੀਦੀ ਹੈ? ਭਾਵੇਂ ਕਿ ਤੁਹਾਨੂੰ ਪਤਾ ਹੈ ਕਿ ਉਹ ਕੀ ਕਹਿ ਰਿਹਾ ਹੈ, ਪਰ ਤੁਹਾਨੂੰ ਜਾਣਨ ਦੀ ਲੋੜ ਹੈ ਕਿ ਉਹ ਦੇ ਦਿਲ ਵਿਚ ਕੀ ਹੈ। (ਕਹਾਉਤਾਂ 20:5) ਸ਼ਾਇਦ ਉਸ ਦੀ ਗੱਲ ਰੱਬ ਦੇ ਅਸੂਲਾਂ ਬਾਰੇ ਹੈ ਨਾ ਕਿ ਰੱਬ ਦੀ ਹੋਂਦ ਬਾਰੇ।

ਮਿਸਾਲ ਲਈ, ਇਕ ਨੌਜਵਾਨ ਰੱਬ ਦੇ ਅਸੂਲਾਂ ਨੂੰ ਤੋੜਨ ਦਾ ਦਬਾਅ ਮਹਿਸੂਸ ਕਰਦਾ ਹੋਵੇ। ਇਸ ਲਈ ਉਹ ਸ਼ਾਇਦ ਰੱਬ ’ਤੇ ਵਿਸ਼ਵਾਸ ਨਾ ਕਰਨ ਦਾ ਫ਼ੈਸਲਾ ਕਰੇ। (ਜ਼ਬੂਰਾਂ ਦੀ ਪੋਥੀ 14:1) ਸ਼ਾਇਦ ਉਹ ਸੋਚ ਰਿਹਾ ਹੋਵੇ, ‘ਜੇ ਰੱਬ ਹੈ ਹੀ ਨਹੀਂ, ਤਾਂ ਮੈਨੂੰ ਉਸ ਦੇ ਅਸੂਲਾਂ ਮੁਤਾਬਕ ਰਹਿਣ ਦੀ ਕੀ ਲੋੜ ਹੈ।’

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਨੌਜਵਾਨ ਇਸ ਤਰ੍ਹਾਂ ਸੋਚ ਰਿਹਾ ਹੈ, ਤਾਂ ਸ਼ਾਇਦ ਉਸ ਨੂੰ ਇਸ ਸਵਾਲ ’ਤੇ ਵਿਚਾਰ ਕਰਨ ਦੀ ਲੋੜ ਹੈ, ਕੀ ਮੈਂ ਸੱਚੀਂ ਮੰਨਦਾ ਹਾਂ ਕਿ ਰੱਬ ਦੇ ਅਸੂਲ ਮੇਰੇ ਫ਼ਾਇਦੇ ਲਈ ਹਨ? (ਯਸਾਯਾਹ 48:17, 18) ਜੇ ਉਹ ਮੰਨਦਾ ਹੈ ਕਿ ਇਹ ਉਸ ਦੇ ਫ਼ਾਇਦੇ ਲਈ ਹਨ, ਤਾਂ ਉਸ ਨੂੰ ਸਮਝਾਓ ਕਿ ਇਨ੍ਹਾਂ ’ਤੇ ਚੱਲਣ ਨਾਲ ਉਸ ਦਾ ਹੀ ਭਲਾ ਹੋਵੇਗਾ।—ਗਲਾਤੀਆਂ 5:1.

ਜੇ ਤੁਹਾਡਾ ਨੌਜਵਾਨ ਕਹੇ: “ਜੇ ਤੁਹਾਡਾ ਇਹ ਧਰਮ ਹੈ, ਤਾਂ ਜ਼ਰੂਰੀ ਨਹੀਂ ਕਿ ਮੇਰਾ ਵੀ ਹੋਵੇ।”

ਇਸ ਤਰ੍ਹਾਂ ਕਹਿਣ ਦੀ ਬਜਾਇ: “ਇਹ ਸਾਡਾ ਸਾਰਿਆਂ ਦਾ ਧਰਮ ਹੈ ਤੇ ਤੂੰ ਉਹੀ ਮੰਨਣਾ ਹੈ ਜੋ ਅਸੀਂ ਮੰਨਦੇ ਹਾਂ।”

ਤੁਸੀਂ ਕਹਿ ਸਕਦੇ ਹੋ: “ਲੱਗਦਾ ਹੈ ਕਿ ਤੂੰ ਆਪਣਾ ਫ਼ੈਸਲਾ ਕਰ ਹੀ ਲਿਆ ਹੈ। ਪਰ ਜੇ ਤੂੰ ਮੇਰੇ ਧਰਮ ਨੂੰ ਨਹੀਂ ਮੰਨਦਾ, ਤਾਂ ਤੂੰ ਕੋਈ ਹੋਰ ਧਰਮ ਨੂੰ ਮੰਨਦਾ ਹੋਵੇਗਾ? ਸੋ ਤੂੰ ਕਿਸ ’ਤੇ ਵਿਸ਼ਵਾਸ ਕਰਦਾ ਹੈ? ਤੇਰੇ ਖ਼ਿਆਲ ਅਨੁਸਾਰ ਜੀਉਣ ਲਈ ਕਿਹੜੇ ਮਿਆਰ ਸਹੀ ਹਨ?”

ਤੁਹਾਨੂੰ ਆਪਣੇ ਨੌਜਵਾਨ ਦੇ ਦਿਲ ਦੀ ਗੱਲ ਕਿਉਂ ਕੱਢਵਾਉਣੀ ਚਾਹੀਦੀ ਹੈ? ਆਪਣੇ ਨੌਜਵਾਨ ਨਾਲ ਇਸ ਤਰ੍ਹਾਂ ਗੱਲ ਕਰਨ ਨਾਲ ਉਸ ਦੀ ਮਦਦ ਹੋ ਸਕਦੀ ਹੈ ਕਿ ਉਹ ਆਪਣੀ ਸੋਚਣੀ ਦੀ ਜਾਂਚ ਕਰੇ। ਉਹ ਸ਼ਾਇਦ ਹੈਰਾਨ ਹੋਵੇ ਕਿ ਉਸ ਦੇ ਅਸੂਲ ਤੁਹਾਡੇ ਵਰਗੇ ਹਨ, ਪਰ ਉਸ ਦੇ ਕਹਿਣ ਦਾ ਕੁਝ ਹੋਰ ਮਤਲਬ ਸੀ।

ਮਿਸਾਲ ਲਈ, ਸ਼ਾਇਦ ਤੁਹਾਡੇ ਨੌਜਵਾਨ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੂਸਰਿਆਂ ਨੂੰ ਦੱਸਣਾ ਨਾ ਆਵੇ। (ਕੁਲੁੱਸੀਆਂ 4:6; 1 ਪਤਰਸ 3:15) ਜਾਂ ਸ਼ਾਇਦ ਉਹ ਕਿਸੇ ਕੁੜੀ ਜਾਂ ਮੁੰਡੇ ਨੂੰ ਪਸੰਦ ਕਰਦਾ ਹੋਵੇ ਜੋ ਉਸ ਦੇ ਵਿਸ਼ਵਾਸਾਂ ਨੂੰ ਨਹੀਂ ਮੰਨਦਾ। ਸਮੱਸਿਆ ਦੀ ਜੜ੍ਹ ਤਕ ਜਾਓ ਤੇ ਆਪਣੇ ਨੌਜਵਾਨ ਦੀ ਵੀ ਇਸ ਸਮੱਸਿਆ ਦੀ ਜੜ੍ਹ ਨੂੰ ਸਮਝਣ ਵਿਚ ਮਦਦ ਕਰੋ। ਜਿੰਨਾ ਜ਼ਿਆਦਾ ਉਹ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਨੂੰ ਵਰਤੇਗਾ, ਉੱਨਾ ਜ਼ਿਆਦਾ ਹੀ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਲਈ ਤਿਆਰ ਹੋਵੇਗਾ।

2 ਵੱਡਿਆਂ ਦੀ ਸਲਾਹ

ਕੁਝ ਸਭਿਆਚਾਰਾਂ ਵਿਚ ਨੌਜਵਾਨਾਂ ਦੀ ਜ਼ਿੰਦਗੀ ਵਿਚ ਉਹ ਉਥਲ-ਪੁਥਲ ਨਹੀਂ ਹੁੰਦੀ ਜੋ ਨੌਜਵਾਨਾਂ ਵਿਚ ਆਮ ਦੇਖੀ ਜਾਂਦੀ ਹੈ। ਖੋਜਕਾਰ ਮੰਨਦੇ ਹਨ ਕਿ ਇਨ੍ਹਾਂ ਸਭਿਆਚਾਰਾਂ ਵਿਚ ਨੌਜਵਾਨ ਵੱਡਿਆਂ ਨਾਲ ਸਮਾਂ ਗੁਜ਼ਾਰਦੇ ਹਨ। ਉਹ ਵੱਡਿਆਂ ਨਾਲ ਕੰਮ ਕਰਦੇ ਹਨ, ਉਨ੍ਹਾਂ ਨਾਲ ਮਿਲਦੇ-ਵਰਤਦੇ ਹਨ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲਦੀਆਂ ਹਨ। ਉਹ ਵੱਡਿਆਂ ਤੋਂ ਦੂਰ-ਦੂਰ ਨਹੀਂ ਰਹਿੰਦੇ ਤੇ ਜੁਰਮ ਦੀ ਦੁਨੀਆਂ ਵਿਚ ਨਹੀਂ ਜਾਂਦੇ।

ਇਸ ਦੇ ਉਲਟ, ਕਈ ਸਕੂਲਾਂ ਵਿਚ ਬਹੁਤ ਸਾਰੇ ਵਿਦਿਆਰਥੀ ਪੜ੍ਹਦੇ ਹਨ ਤੇ ਨੌਜਵਾਨਾਂ ਨੂੰ ਆਪਣੇ ਅਧਿਆਪਕਾਂ ਨਾਲ ਗੱਲ ਕਰਨ ਮੌਕਾ ਹੀ ਨਹੀਂ ਮਿਲਦਾ। ਜਦੋਂ ਉਹ ਘਰ ਆਉਂਦੇ ਹਨ, ਤਾਂ ਘਰ ਖਾਲੀ ਹੁੰਦਾ ਹੈ। ਮਾਂ-ਬਾਪ ਦੋਨੋਂ ਕੰਮ ਕਰਦੇ ਹਨ। ਰਿਸ਼ਤੇਦਾਰ ਦੂਰ ਰਹਿੰਦੇ ਹਨ। ਉਹ ਜਿਨ੍ਹਾਂ ਨੂੰ ਆਸਾਨੀ ਨਾਲ ਮਿਲ ਸਕਦੇ ਹਨ ਉਹ ਉਨ੍ਹਾਂ ਦੇ ਹਾਣੀ ਹਨ। * ਕੀ ਤੁਸੀਂ ਇਸ ਵਿਚ ਕੋਈ ਖ਼ਤਰਾ ਦੇਖਦੇ ਹੋ? ਇਹ ਸਿਰਫ਼ ਗ਼ਲਤ ਲੋਕਾਂ ਨਾਲ ਦੋਸਤੀ ਕਰਨ ਦੀ ਗੱਲ ਨਹੀਂ ਹੈ। ਖੋਜਕਾਰ ਮੰਨਦੇ ਹਨ ਕਿ ਜ਼ਿੰਮੇਵਾਰ ਨੌਜਵਾਨ ਗ਼ੈਰ-ਜ਼ਿੰਮੇਵਾਰ ਬਣਨ ਦੇ ਝੁਕਾਅ ਵਿਚ ਫਸ ਸਕਦੇ ਹਨ ਜੇ ਉਹ ਵੱਡਿਆਂ ਤੋਂ ਦੂਰ ਰਹਿਣ।

ਪ੍ਰਾਚੀਨ ਇਸਰਾਏਲ ਵਿਚ ਨੌਜਵਾਨ ਵੱਡਿਆਂ ਤੋਂ ਅਲੱਗ ਨਹੀਂ ਰਹਿੰਦੇ ਸਨ। * ਮਿਸਾਲ ਲਈ, ਬਾਈਬਲ ਦੱਸਦੀ ਹੈ ਕਿ ਉਜ਼ੀਯਾਹ ਜਦੋਂ ਯਹੂਦਾਹ ਦਾ ਰਾਜਾ ਬਣਿਆ, ਤਾਂ ਉਹ ਅਜੇ ਨੌਜਵਾਨ ਸੀ। ਕਿਸ ਗੱਲ ਨੇ ਉਜ਼ੀਯਾਹ ਦੀ ਇੰਨੀ ਭਾਰੀ ਜ਼ਿੰਮੇਵਾਰੀ ਨਿਭਾਉਣ ਵਿਚ ਮਦਦ ਕੀਤੀ? ਬਾਈਬਲ ਦੱਸਦੀ ਹੈ ਕਿ ਜ਼ਕਰਯਾਹ ਨਾਂ ਦੇ ਬੰਦੇ ਨੇ ਉਸ ਨੂੰ ‘ਪਰਮੇਸ਼ੁਰ ਦਾ ਹੁਕਮ ਮੰਨਣਾ ਤੇ ਇੱਜ਼ਤ ਕਰਨੀ ਸਿਖਾਈ।’—2 ਇਤਹਾਸ 26:5, ERV.

ਕੀ ਤੁਹਾਡੇ ਨੌਜਵਾਨ ਦੇ ਵੱਡੀ ਉਮਰ ਦੇ ਦੋਸਤ ਹਨ ਜਿਨ੍ਹਾਂ ਦੇ ਅਸੂਲ ਤੁਹਾਡੇ ਵਰਗੇ ਹਨ? ਜੇ ਇੱਦਾਂ ਹੈ, ਤਾਂ ਉਨ੍ਹਾਂ ਨਾਲ ਈਰਖਾ ਨਾ ਕਰੋ ਜੋ ਤੁਹਾਡੇ ਨੌਜਵਾਨ ’ਤੇ ਚੰਗਾ ਅਸਰ ਪਾਉਂਦੇ ਹਨ। ਉਨ੍ਹਾਂ ਦੇ ਦੋਸਤ ਸਹੀ ਕੰਮ ਕਰਨ ਵਿਚ ਤੁਹਾਡੇ ਨੌਜਵਾਨ ਦੀ ਮਦਦ ਕਰ ਸਕਦੇ ਹਨ। ਬਾਈਬਲ ਕਹਿੰਦੀ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ।”—ਕਹਾਉਤਾਂ 13:20.

3 ਜ਼ਿੰਮੇਵਾਰੀਆਂ ਚੁੱਕਣ ਦੇ ਕਾਬਲ

ਕਈ ਦੇਸ਼ਾਂ ਵਿਚ ਕਾਨੂੰਨ ਹੈ ਕਿ ਨੌਜਵਾਨ ਹਫ਼ਤੇ ਵਿਚ ਸਿਰਫ਼ ਕੁਝ ਘੰਟੇ ਹੀ ਕੰਮ ਕਰ ਸਕਦੇ ਹਨ ਤੇ ਇਸ ਕਾਨੂੰਨ ਅਨੁਸਾਰ ਉਹ ਕਈ ਕੰਮ ਨਹੀਂ ਕਰ ਸਕਦੇ ਹਨ। ਅਜਿਹੇ ਕਾਨੂੰਨ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਬਣਾਏ ਗਏ ਸਨ ਖ਼ਾਸ ਕਰਕੇ 18ਵੀਂ ਤੇ 19ਵੀਂ ਸਦੀ ਵਿਚ ਜਦੋਂ ਬਹੁਤ ਸਾਰੀਆਂ ਫੈਕਟਰੀਆਂ ਲਾਈਆਂ ਜਾਣ ਲੱਗੀਆਂ।

ਭਾਵੇਂ ਕਿ ਇਹ ਕਾਨੂੰਨ ਨੌਜਵਾਨਾਂ ਨੂੰ ਖ਼ਤਰਿਆਂ ਤੋਂ ਬਚਾਉਂਦਾ ਹੈ, ਪਰ ਕੁਝ ਮਾਹਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਕਰਕੇ ਨੌਜਵਾਨ ਜ਼ਿੰਮੇਵਾਰ ਨਹੀਂ ਬਣਦੇ। ਇਕ ਕਿਤਾਬ ਕਹਿੰਦੀ ਹੈ ਕਿ ਇਸ ਦਾ ਨਤੀਜਾ ਇਹ ਹੈ ਕਿ “ਉਹ ਸੋਚਦੇ ਹਨ ਕਿ ਇਹ ਉਨ੍ਹਾਂ ਦਾ ਹੱਕ ਬਣਦਾ ਹੈ ਕਿ ਉਨ੍ਹਾਂ ਨੂੰ ਸਾਰੀਆਂ ਚੀਜ਼ਾਂ ਦਿੱਤੀਆਂ ਜਾਣ ਤੇ ਉਹ ਆਪ ਕੋਈ ਮਿਹਨਤ ਨਾ ਕਰਨ।” ਕਿਤਾਬ ਅੱਗੇ ਕਹਿੰਦੀ ਹੈ ਇਸ ਤਰ੍ਹਾਂ ਦਾ ਰਵੱਈਆ “ਨੌਜਵਾਨਾਂ ਵਿਚ ਆਮ ਪਾਇਆ ਜਾਂਦਾ ਹੈ ਕਿਉਂਕਿ ਉਹ ਸੋਚਦੇ ਹਨ ਕਿ ਉਨ੍ਹਾਂ ਤੋਂ ਕੁਝ ਲੈਣ ਦੀ ਬਜਾਇ ਉਨ੍ਹਾਂ ਨੂੰ ਸਭ ਕੁਝ ਦਿੱਤਾ ਜਾਣਾ ਚਾਹੀਦਾ ਹੈ।”

ਇਸ ਦੇ ਉਲਟ, ਬਾਈਬਲ ਉਨ੍ਹਾਂ ਨੌਜਵਾਨਾਂ ਬਾਰੇ ਦੱਸਦੀ ਹੈ ਜਿਨ੍ਹਾਂ ਨੇ ਛੋਟੀ ਉਮਰ ਵਿਚ ਹੀ ਵੱਡੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਤਿਮੋਥਿਉਸ ਦੀ ਮਿਸਾਲ ਵੱਲ ਧਿਆਨ ਦਿਓ। ਉਹ ਪੌਲੁਸ ਨੂੰ ਉਦੋਂ ਮਿਲਿਆ ਜਦੋਂ ਉਹ ਅਜੇ ਜਵਾਨ ਸੀ। ਪੌਲੁਸ ਨੇ ਉਸ ਉੱਤੇ ਬਹੁਤ ਪ੍ਰਭਾਵ ਪਾਇਆ। ਇਕ ਵਾਰੀ ਪੌਲੁਸ ਨੇ ਤਿਮੋਥਿਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਉਸ ਦਾਤ ਨੂੰ ਪੂਰੇ ਜੋਸ਼ ਨਾਲ ਇਸਤੇਮਾਲ ਕਰੇ ਜੋ ਪਰਮੇਸ਼ੁਰ ਵੱਲੋਂ ਉਸ ਨੂੰ ਮਿਲੀ ਸੀ। (2 ਤਿਮੋਥਿਉਸ 1:6) ਸ਼ਾਇਦ 19-20 ਸਾਲ ਦੀ ਉਮਰ ਵਿਚ ਤਿਮੋਥਿਉਸ ਆਪਣਾ ਘਰ ਛੱਡ ਕੇ ਪੌਲੁਸ ਨਾਲ ਗਿਆ ਤੇ ਉਸ ਨੇ ਕਲੀਸਿਯਾਵਾਂ ਬਣਾਉਣ ਤੇ ਭੈਣਾਂ-ਭਰਾਵਾਂ ਦੇ ਆਪਸੀ ਪਿਆਰ ਨੂੰ ਵਧਾਉਣ ਵਿਚ ਮਦਦ ਕੀਤੀ। ਤਿਮੋਥਿਉਸ ਨਾਲ ਦਸ ਕੁ ਸਾਲ ਕੰਮ ਕਰਨ ਤੋਂ ਬਾਅਦ ਪੌਲੁਸ ਫ਼ਿਲਿੱਪੈ ਦੇ ਭੈਣਾਂ-ਭਰਾਵਾਂ ਨੂੰ ਕਹਿ ਸਕਿਆ: “ਉਹ ਦੇ ਸਮਾਨ ਮੇਰੇ ਕੋਲ ਹੋਰ ਕੋਈ ਨਹੀਂ ਜੋ ਸੱਚੇ ਦਿਲ ਨਾਲ ਤੁਹਾਡੇ ਲਈ ਚਿੰਤਾ ਕਰੇ।”—ਫ਼ਿਲਿੱਪੀਆਂ 2:20.

ਨੌਜਵਾਨ ਅਕਸਰ ਉਦੋਂ ਜ਼ਿੰਮੇਵਾਰੀਆਂ ਲੈਣ ਲਈ ਉਤਸੁਕ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕੰਮ ਕਰਨ ਨਾਲ ਫ਼ਾਇਦਾ ਹੋਵੇਗਾ। ਇਹ ਨਾ ਸਿਰਫ਼ ਉਨ੍ਹਾਂ ਨੂੰ ਜ਼ਿੰਮੇਵਾਰ ਇਨਸਾਨ ਬਣਨ ਵਿਚ ਮਦਦ ਦਿੰਦਾ ਹੈ, ਸਗੋਂ ਅੱਜ ਵੀ ਉਨ੍ਹਾਂ ਲਈ ਫ਼ਾਇਦੇਮੰਦ ਹੁੰਦਾ ਹੈ।

ਨਵੇਂ “ਮਾਹੌਲ” ਅਨੁਸਾਰ ਢਲਣਾ

ਜਿਸ ਤਰ੍ਹਾਂ ਲੇਖ ਦੇ ਸ਼ੁਰੂ ਵਿਚ ਕਿਹਾ ਸੀ ਕਿ ਜੇ ਤੁਸੀਂ ਨੌਜਵਾਨ ਬੱਚੇ ਦੇ ਮਾਤਾ-ਪਿਤਾ ਹੋ, ਤਾਂ ਤੁਹਾਨੂੰ ਲੱਗ ਸਕਦਾ ਹੈ ਕਿ ਹੁਣ ਤੁਸੀਂ ਅਲੱਗ ਮਾਹੌਲ ਵਿਚ ਹੋ। ਪਰ ਯਕੀਨ ਕਰੋ ਕਿ ਤੁਸੀਂ ਇਸ ਮਾਹੌਲ ਅਨੁਸਾਰ ਢਲ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਹੁਣ ਤਕ ਕਰਦੇ ਆਏ ਹੋ।

ਆਪਣੇ ਬੱਚੇ ਦੀ ਜਵਾਨੀ ਦੌਰਾਨ (1) ਉਸ ਵਿਚ ਸੋਚਣ-ਸਮਝਣ ਦੀ ਕਾਬਲੀਅਤ ਪੈਦਾ ਕਰੋ, (2) ਉਸ ਨੂੰ ਸਲਾਹ ਦਿਓ ਤੇ (3) ਜ਼ਿੰਮੇਵਾਰੀਆਂ ਚੁੱਕਣ ਦੇ ਕਾਬਲ ਬਣਾਓ। ਇਸ ਤਰ੍ਹਾਂ ਕਰ ਕੇ ਤੁਸੀਂ ਉਸ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਵਿਚ ਮਦਦ ਕਰ ਰਹੇ ਹੋਵੋਗੇ। (g11-E 10)

[ਫੁਟਨੋਟ]

^ ਪੈਰਾ 17 ਇਕ ਕਿਤਾਬ ਨੇ ਕਿਹਾ ਕਿ ਜਵਾਨੀ ਦਾ ਸਮਾਂ ਮਾਪਿਆਂ ਤੋਂ ‘ਜੁਦਾਈ ਲਈ ਤਿਆਰ ਹੋਣ ਦਾ ਸਮਾਂ’ ਹੈ। ਹੋਰ ਜਾਣਕਾਰੀ ਲਈ ਪਹਿਰਾਬੁਰਜ ਅਕਤੂਬਰ-ਦਸੰਬਰ 2009, ਸਫ਼ੇ 10-12 ਦੇਖੋ। ਇਹ ਰਸਾਲਾ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

^ ਪੈਰਾ 38 ਜਿਹੜਾ ਮਨੋਰੰਜਨ ਨੌਜਵਾਨਾਂ ਲਈ ਤਿਆਰ ਕੀਤਾ ਜਾਂਦਾ ਹੈ ਉਹ ਇਸ ਗੱਲ ਦੀ ਹੱਲਾਸ਼ੇਰੀ ਦਿੰਦਾ ਹੈ ਕਿ ਉਹ ਸਿਰਫ਼ ਆਪਣੇ ਹਾਣੀਆਂ ਦੀ ਸੰਗਤੀ ਕਰਨ ਕਿਉਂਕਿ ਉਹੀ ਇਕ-ਦੂਜੇ ਨੂੰ ਸਮਝਦੇ ਹਨ ਅਤੇ ਵੱਡੇ ਨਾ ਤਾਂ ਉਨ੍ਹਾਂ ਨੂੰ ਸਮਝ ਸਕਦੇ ਹਨ ਤੇ ਨਾ ਹੀ ਉਨ੍ਹਾਂ ਨਾਲ ਘੁਲ-ਮਿਲ ਸਕਦੇ ਹਨ।

^ ਪੈਰਾ 39 “ਕਿਸ਼ੋਰ” ਸ਼ਬਦ ਬਾਈਬਲ ਵਿਚ ਨਹੀਂ ਪਾਇਆ ਜਾਂਦਾ। ਪੁਰਾਣੇ ਜ਼ਮਾਨੇ ਵਿਚ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਸਨ। ਅੱਜ ਵੀ ਬਹੁਤ ਸਾਰੇ ਸਭਿਆਚਾਰਾਂ ਵਿਚ ਇਸ ਤਰ੍ਹਾਂ ਹੁੰਦਾ ਹੈ।

[ਸਫ਼ਾ 20 ਉੱਤੇ ਡੱਬੀ/ਤਸਵੀਰ]

“ਮੇਰੇ ਮਾਪਿਆਂ ਨਾਲੋਂ ਵਧੀਆ ਮਾਪੇ ਹੋ ਹੀ ਨਹੀਂ ਸਕਦੇ”

ਮਾਪੇ, ਜੋ ਯਹੋਵਾਹ ਦੇ ਗਵਾਹ ਹਨ, ਆਪਣੀ ਕਹਿਣੀ ਅਤੇ ਕਰਨੀ ਰਾਹੀਂ ਆਪਣੇ ਬੱਚਿਆਂ ਨੂੰ ਬਾਈਬਲ ਦੇ ਅਸੂਲਾਂ ਮੁਤਾਬਕ ਜੀਣਾ ਸਿਖਾਉਂਦੇ ਹਨ। (ਅਫ਼ਸੀਆਂ 6:4) ਪਰ ਉਹ ਇਸ ਤਰ੍ਹਾਂ ਕਰਨ ਲਈ ਉਨ੍ਹਾਂ ਉੱਤੇ ਦਬਾਅ ਨਹੀਂ ਪਾਉਂਦੇ। ਉਹ ਜਾਣਦੇ ਹਨ ਕਿ ਜਦੋਂ ਉਨ੍ਹਾਂ ਦਾ ਧੀ-ਪੁੱਤ ਫ਼ੈਸਲਾ ਕਰਨ ਦੇ ਕਾਬਲ ਹੋ ਜਾਵੇਗਾ, ਤਾਂ ਉਨ੍ਹਾਂ ਨੂੰ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕਿਨ੍ਹਾਂ ਅਸੂਲਾਂ ਅਨੁਸਾਰ ਜ਼ਿੰਦਗੀ ਜੀਣਗੇ।

18 ਸਾਲਾਂ ਦੀ ਐਸ਼ਲਿਨ ਉਨ੍ਹਾਂ ਅਸੂਲਾਂ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਦੀ ਹੈ ਜਿਨ੍ਹਾਂ ਨਾਲ ਉਹ ਵੱਡੀ ਹੋਈ ਹੈ। ਉਹ ਕਹਿੰਦੀ ਹੈ: “ਮੈਂ ਆਪਣੇ ਧਰਮ ਮੁਤਾਬਕ ਹਫ਼ਤੇ ਵਿਚ ਸਿਰਫ਼ ਇਕ ਦਿਨ ਹੀ ਨਹੀਂ ਚੱਲਦੀ। ਇਸ ਦਾ ਅਸਰ ਮੇਰੀ ਪੂਰੀ ਜ਼ਿੰਦਗੀ ’ਤੇ ਪੈਂਦਾ ਹੈ। ਇਹ ਮੇਰੇ ਸਾਰੇ ਫ਼ੈਸਲਿਆਂ ’ਤੇ ਵੀ ਅਸਰ ਪਾਉਂਦਾ ਹੈ। ਮਿਸਾਲ ਲਈ, ਮੈਂ ਕਿਹੜੇ ਦੋਸਤ ਚੁਣਾਂਗੀ, ਕਿਹੜੀ ਪੜ੍ਹਾਈ ਕਰਾਂਗੀ ਤੇ ਕਿਹੜੀਆਂ ਕਿਤਾਬਾਂ ਪੜ੍ਹਾਂਗੀ।”

ਐਸ਼ਲਿਨ ਇਸ ਗੱਲ ਤੋਂ ਬਹੁਤ ਖ਼ੁਸ਼ ਹੈ ਕਿ ਉਸ ਦੇ ਮਾਪਿਆਂ ਨੇ ਉਸ ਦੀ ਇੰਨੀ ਚੰਗੀ ਪਰਵਰਿਸ਼ ਕੀਤੀ ਹੈ। ਉਹ ਕਹਿੰਦੀ ਹੈ: “ਮੇਰੇ ਮਾਪਿਆਂ ਨਾਲੋਂ ਵਧੀਆ ਮਾਪੇ ਹੋ ਹੀ ਨਹੀਂ ਸਕਦੇ। ਮੈਂ ਬਹੁਤ ਖ਼ੁਸ਼ ਹਾਂ ਕਿ ਉਨ੍ਹਾਂ ਨੇ ਮੇਰੇ ਮਨ ਵਿਚ ਯਹੋਵਾਹ ਦੀ ਗਵਾਹ ਬਣਨ ਦੀ ਇੱਛਾ ਪਾਈ। ਮੈਂ ਆਪਣੀ ਪੂਰੀ ਜ਼ਿੰਦਗੀ ਉਨ੍ਹਾਂ ਦੇ ਅਹਿਸਾਨਮੰਦ ਰਹਾਂਗੀ।”

[ਸਫ਼ਾ 17 ਉੱਤੇ ਤਸਵੀਰ]

ਆਪਣੇ ਨੌਜਵਾਨ ਨੂੰ ਗੱਲ ਕਰਨ ਦਿਓ

[ਸਫ਼ਾ 18 ਉੱਤੇ ਤਸਵੀਰ]

ਇਕ ਵੱਡੀ ਉਮਰ ਦਾ ਦੋਸਤ ਤੁਹਾਡੇ ਬੱਚੇ ’ਤੇ ਚੰਗਾ ਅਸਰ ਪਾ ਸਕਦਾ ਹੈ

[ਸਫ਼ਾ 19 ਉੱਤੇ ਤਸਵੀਰ]

ਫ਼ਾਇਦੇਮੰਦ ਕੰਮ ਤੁਹਾਡੇ ਨੌਜਵਾਨ ਨੂੰ ਜ਼ਿੰਮੇਵਾਰੀਆਂ ਚੁੱਕਣ ਵਿਚ ਮਦਦ ਕਰਦਾ ਹੈ