Skip to content

Skip to table of contents

ਮਸੂੜਿਆਂ ਦੀ ਬੀਮਾਰੀ​—⁠ਕਿਤੇ ਤੁਹਾਨੂੰ ਤਾਂ ਨਹੀਂ?

ਮਸੂੜਿਆਂ ਦੀ ਬੀਮਾਰੀ​—⁠ਕਿਤੇ ਤੁਹਾਨੂੰ ਤਾਂ ਨਹੀਂ?

ਇਹ ਦੁਨੀਆਂ ਵਿਚ ਫੈਲੀ ਮੂੰਹ ਦੀ ਇਕ ਆਮ ਬੀਮਾਰੀ ਹੈ। ਹੋ ਸਕਦਾ ਹੈ ਕਿ ਸ਼ੁਰੂ-ਸ਼ੁਰੂ ਵਿਚ ਇਸ ਬੀਮਾਰੀ ਦੇ ਕੋਈ ਲੱਛਣ ਨਜ਼ਰ ਨਾ ਆਉਣ, ਪਰ ਇਹ ਇਕ ਗੰਭੀਰ ਬੀਮਾਰੀ ਹੈ। ਇਕ ਡੈਂਟਲ ਰਸਾਲਾ ਕਹਿੰਦਾ ਹੈ ਕਿ ‘ਬਹੁਤ ਸਾਰੇ ਲੋਕ ਮਸੂੜਿਆਂ ਦੀ ਬੀਮਾਰੀ ਦੇ ਸ਼ਿਕਾਰ ਹੁੰਦੇ ਹਨ।’ ਨਾਲੇ ਮੂੰਹ ਦੀਆਂ ਬੀਮਾਰੀਆਂ ਕਰਕੇ ਇਕ ਵਿਅਕਤੀ ਨੂੰ ਬਹੁਤ ਪੀੜ ਸਹਿਣੀ ਪੈਂਦੀ ਹੈ ਅਤੇ ਉਹ ਜ਼ਿੰਦਗੀ ਦਾ ਮਜ਼ਾ ਨਹੀਂ ਲੈ ਸਕਦਾ। ਦੁਨੀਆਂ ਵਿਚ ਫੈਲੇ ਇਸ ਰੋਗ ਬਾਰੇ ਜਾਣ ਕੇ ਸ਼ਾਇਦ ਤੁਸੀਂ ਵੀ ਇਸ ਤੋਂ ਆਪਣਾ ਬਚਾਅ ਕਰ ਸਕੋਗੇ।

ਮਸੂੜਿਆਂ ਬਾਰੇ ਗੱਲਾਂ

ਮਸੂੜਿਆਂ ਦੀ ਬੀਮਾਰੀ ਦੇ ਵੱਖ-ਵੱਖ ਪੜਾਅ ਹਨ। ਸ਼ੁਰੂ-ਸ਼ੁਰੂ ਵਿਚ ਮਸੂੜਿਆਂ ਵਿਚ ਸੋਜ ਪੈ ਜਾਂਦੀ ਹੈ ਜਿਸ ਨੂੰ ਜਿੰਜੀਵਾਈਟਸ ਕਿਹਾ ਜਾਂਦਾ ਹੈ। ਮਸੂੜਿਆਂ ਵਿਚ ਖ਼ੂਨ ਦਾ ਵਗਣਾ ਸ਼ਾਇਦ ਇਸ ਬੀਮਾਰੀ ਦੀ ਨਿਸ਼ਾਨੀ ਹੋ ਸਕਦੀ ਹੈ। ਇਹ ਸ਼ਾਇਦ ਬੁਰਸ਼ ਜਾਂ ਫਲਾਸ (ਦੰਦਾਂ ਵਿਚਲੀ ਸਫ਼ਾਈ ਕਰਨ ਲਈ ਪਲਾਸਟਿਕ ਦਾ ਧਾਗਾ) ਕਰਨ ਵੇਲੇ ਜਾਂ ਕਿਸੇ ਹੋਰ ਕਾਰਨ ਵਗ ਸਕਦਾ ਹੈ। ਨਾਲੇ ਜੇ ਚੈੱਕਅਪ ਦੌਰਾਨ ਤੁਹਾਡੇ ਮਸੂੜਿਆਂ ਤੋਂ ਖ਼ੂਨ ਵਗਦਾ ਹੈ, ਤਾਂ ਸ਼ਾਇਦ ਤੁਹਾਨੂੰ ਜਿੰਜੀਵਾਈਟਸ ਹੈ।

ਜੇ ਬੀਮਾਰੀ ਇਸ ਤੋਂ ਵੀ ਜ਼ਿਆਦਾ ਵਧ ਜਾਂਦੀ ਹੈ, ਤਾਂ ਇਸ ਨੂੰ ਪਿਰੀਓਡੋਂਟਾਈਟਸ ਕਹਿੰਦੇ ਹਨ। ਇਸ ਨਾਲ ਮੂੰਹ ਦਾ ਢਾਂਚਾ ਜਿਵੇਂ ਕਿ ਹੱਡੀ ਅਤੇ ਮਸੂੜਿਆਂ ਦੇ ਟਿਸ਼ੂ ਖ਼ਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਕਿ ਇਹ ਬੀਮਾਰੀ ਦੇ ਲੱਛਣ ਨਜ਼ਰ ਆਉਣ ਤਦ ਤਕ ਇਹ ਬੀਮਾਰੀ ਗੰਭੀਰ ਹੋ ਚੁੱਕੀ ਹੁੰਦੀ ਹੈ। ਪਿਰੀਓਡੋਂਟਾਈਟਸ ਦੀਆਂ ਇਹ ਨਿਸ਼ਾਨੀਆਂ ਹਨ ਜਿਵੇਂ ਕਿ ਦੰਦਾਂ ਦਾ ਹਿਲਣਾ, ਦੰਦਾਂ ਵਿਚਕਾਰ ਵਿੱਥ ਪੈਣੀ, ਬਦਬੂ ਆਉਣੀ, ਮਸੂੜਿਆਂ ਵਿਚ ਖ਼ੂਨ ਵਗਣਾ। ਨਾਲੇ ਮਸੂੜੇ ਦੰਦਾਂ ਤੋਂ ਥੱਲੇ ਆ ਜਾਂਦੇ ਹਨ ਜਿਸ ਨਾਲ ਦੰਦ ਦੇਖਣ ਨੂੰ ਲੰਬੇ ਲੱਗਦੇ ਹਨ।

ਕਾਰਨ ਅਤੇ ਅਸਰ

ਬਹੁਤ ਸਾਰੇ ਕਾਰਨਾਂ ਕਰਕੇ ਸਾਨੂੰ ਇਹ ਬੀਮਾਰੀ ਲੱਗਣ ਦਾ ਖ਼ਤਰਾ ਵਧ ਸਕਦਾ ਹੈ। ਇਸ ਦਾ ਖ਼ਾਸ ਕਾਰਨ ਹੈ ਪੀਲੀ ਪਰਤ (ਪਲੇਕ) ਦਾ ਜੰਮਣਾ। ਇਹ ਬੈਕਟੀਰੀਆ ਦੀ ਪਤਲੀ ਪਰਤ ਕੁਦਰਤੀ ਸਾਡੇ ਦੰਦਾਂ ’ਤੇ ਲਗਾਤਾਰ ਜਮ੍ਹਾ ਹੁੰਦੀ ਜਾਂਦੀ ਹੈ। ਜੇ ਪਲੇਕ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾਂਦਾ, ਤਾਂ ਬੈਕਟੀਰੀਆ ਕਾਰਨ ਮਸੂੜਿਆਂ ਵਿਚ ਸੋਜ ਪੈ ਸਕਦੀ ਹੈ। ਬੈਕਟੀਰੀਆ ਤੇ ਸੋਜ ਵਧਣ ਕਾਰਨ ਮਸੂੜੇ ਦੰਦਾਂ ਨੂੰ ਛੱਡਣਾ ਸ਼ੁਰੂ ਕਰ ਦਿੰਦੇ ਹਨ ਅਤੇ ਮਸੂੜਿਆਂ ਅਤੇ ਦੰਦਾਂ ਦੇ ਜੋੜਾਂ ਥੱਲੇ ਬੈਕਟੀਰੀਆ ਨਾਲ ਭਰੀ ਪਲੇਕ ਵਧਦੀ-ਫੁੱਲਦੀ ਰਹਿੰਦੀ ਹੈ। ਜਦ ਬੈਕਟੀਰੀਆ ਇਸ ਹੱਦ ਤਕ ਫੈਲ ਜਾਂਦਾ ਹੈ, ਤਾਂ ਸੋਜ ਇੰਨੀ ਜ਼ਿਆਦਾ ਵਧ ਜਾਂਦੀ ਹੈ ਕਿ ਇਹ ਹੱਡੀ ਅਤੇ ਮਸੂੜਿਆਂ ਨੂੰ ਖ਼ਰਾਬ ਕਰ ਦਿੰਦੀ ਹੈ। ਫਿਰ ਪਲੇਕ ਮਸੂੜਿਆਂ ਅਤੇ ਦੰਦਾਂ ਦੇ ਜੋੜਾਂ ਦੇ ਉੱਤੇ-ਥੱਲੇ ਜੰਮ ਜਾਂਦੀ ਹੈ, ਪਰ ਜਦੋਂ ਇਹ ਪਰਤ ਹੌਲੀ-ਹੌਲੀ ਸਖ਼ਤ ਹੋ ਕੇ ਪੱਥਰ ਵਰਗੀ ਬਣ ਜਾਂਦੀ ਹੈ, ਤਾਂ ਇਸ ਨੂੰ ਕਰੇੜਾ ਕਿਹਾ ਜਾਂਦਾ ਹੈ। ਇਹ ਕਰੇੜਾ ਬੈਕਟੀਰੀਆ ਨਾਲ ਭਰਿਆ ਹੁੰਦਾ ਹੈ ਅਤੇ ਸਖ਼ਤ ਹੋਣ ਕਾਰਨ ਇਹ ਦੰਦਾਂ ਨਾਲ ਚਿਪਕ ਜਾਂਦਾ ਹੈ ਜਿਸ ਕਰਕੇ ਇਸ ਨੂੰ ਪਲੇਕ ਵਾਂਗ ਆਸਾਨੀ ਨਾਲ ਦੰਦਾਂ ਤੋਂ ਕੱਢਿਆ ਨਹੀਂ ਜਾ ਸਕਦਾ। ਇਸ ਲਈ ਜੇ ਤੁਸੀਂ ਸਫ਼ਾਈ ਨਹੀਂ ਰੱਖਦੇ, ਤਾਂ ਬੈਕਟੀਰੀਆ ਮਸੂੜਿਆਂ ਨੂੰ ਖ਼ਰਾਬ ਕਰਦੇ ਰਹਿਣਗੇ।

ਕੁਝ ਹੋਰ ਵੀ ਕਾਰਨ ਹਨ ਜਿਨ੍ਹਾਂ ਕਰਕੇ ਮਸੂੜਿਆਂ ਦੀ ਬੀਮਾਰੀ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜਿਵੇਂ ਕਿ ਦੰਦਾਂ ਦੀ ਸਫ਼ਾਈ ਨਾ ਕਰਨੀ, ਕੁਝ ਦਵਾਈਆਂ ਕਰਕੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਘਟਣੀ, ਵਾਇਰਲ ਇਨਫ਼ੈਕਸ਼ਨ, ਟੈਨਸ਼ਨ, ਸ਼ੂਗਰ ਦੀ ਬੀਮਾਰੀ ਦਾ ਕਾਬੂ ਵਿਚ ਨਾ ਹੋਣਾ, ਹੱਦੋਂ ਵਧ ਸ਼ਰਾਬ ਪੀਣੀ, ਤਮਾਖੂਨੋਸ਼ੀ ਅਤੇ ਗਰਭ ਦੌਰਾਨ ਹਾਰਮੋਨ ਵਿਚ ਹੋਣ ਵਾਲੀਆਂ ਤਬਦੀਲੀਆਂ।

ਮਸੂੜਿਆਂ ਦੀ ਬੀਮਾਰੀ ਦੇ ਹੋਰ ਵੀ ਮਾੜੇ ਅਸਰ ਹੋ ਸਕਦੇ ਹਨ। ਜਿਵੇਂ ਕਿ ਮੂੰਹ ਵਿਚ ਦਰਦ ਹੋਣਾ ਜਾਂ ਦੰਦਾਂ ਦਾ ਟੁੱਟਣਾ ਜਿਸ ਕਰਕੇ ਤੁਸੀਂ ਨਾ ਤਾਂ ਖਾਣਾ ਚੰਗੀ ਤਰ੍ਹਾਂ ਚਬਾ ਸਕੋਗੇ ਅਤੇ ਨਾ ਹੀ ਇਸ ਦਾ ਸੁਆਦ ਲੈ ਸਕੋਗੇ। ਨਾਲੇ ਤੁਸੀਂ ਸ਼ਾਇਦ ਠੀਕ ਤਰ੍ਹਾਂ ਬੋਲ ਨਹੀਂ ਸਕੋਗੇ ਅਤੇ ਤੁਸੀਂ ਦੇਖਣ ਵਿਚ ਸੋਹਣੇ ਨਹੀਂ ਲੱਗੋਗੇ। ਇਸ ਤੋਂ ਇਲਾਵਾ ਰੀਸਰਚ ਤੋਂ ਪਤਾ ਲੱਗਦਾ ਹੈ ਕਿ ਜੇ ਤੁਸੀਂ ਆਪਣੇ ਮੂੰਹ ਅਤੇ ਦੰਦਾਂ ਦੀ ਸਫ਼ਾਈ ਨਹੀਂ ਰੱਖਦੇ, ਤਾਂ ਇਸ ਦਾ ਤੁਹਾਡੀ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ।

ਪਛਾਣ ਅਤੇ ਇਲਾਜ

ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਨੂੰ ਮਸੂੜਿਆਂ ਦੀ ਬੀਮਾਰੀ ਹੈ ਜਾਂ ਨਹੀਂ? ਤੁਸੀਂ ਸ਼ਾਇਦ ਇਸ ਲੇਖ ਵਿਚ ਦੱਸੇ ਲੱਛਣਾਂ ਨੂੰ ਆਪਣੇ ਵਿਚ ਦੇਖਿਆ ਹੋਵੇ। ਤਾਂ ਫਿਰ ਚੰਗਾ ਹੋਵੇਗਾ ਕਿ ਤੁਸੀਂ ਦੰਦਾਂ ਦੇ ਮਾਹਰ ਡਾਕਟਰ ਨੂੰ ਮਿਲੋ ਜੋ ਤੁਹਾਡੇ ਮਸੂੜਿਆਂ ਦਾ ਚੈੱਕਅਪ ਕਰੇਗਾ।

ਕੀ ਇਸ ਬੀਮਾਰੀ ਦਾ ਇਲਾਜ ਹੈ? ਹਾਂ, ਸ਼ੁਰੂ-ਸ਼ੁਰੂ ਵਿਚ ਇਸ ਬੀਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ। ਜੇ ਮਸੂੜਿਆਂ ਦੀ ਬੀਮਾਰੀ ਪਿਰੀਓਡੋਂਟਾਈਟਸ ਵਿਚ ਬਦਲ ਜਾਵੇ, ਤਾਂ ਇਸ ਤੋਂ ਪਹਿਲਾਂ ਕਿ ਦੰਦ ਦੇ ਆਲੇ-ਦੁਆਲੇ ਦੀ ਹੱਡੀ ਅਤੇ ਮਾਸ ਹੋਰ ਖ਼ਰਾਬ ਹੋਵੇ ਡਾਕਟਰ ਇਸ ਬੀਮਾਰੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਦੰਦਾਂ ਦੇ ਮਾਹਰ ਡਾਕਟਰ ਖ਼ਾਸ ਔਜ਼ਾਰ ਵਰਤ ਕੇ ਤੁਹਾਡੇ ਦੰਦਾਂ ਤੋਂ ਪਲੇਕ ਅਤੇ ਕਰੇੜਾ ਸਾਫ਼ ਕਰਦੇ ਹਨ ਜੋ ਤੁਹਾਡੇ ਮਸੂੜਿਆਂ ਦੇ ਉੱਤੇ-ਥੱਲੇ ਜੰਮਿਆ ਹੁੰਦਾ ਹੈ।

ਜੇ ਤੁਹਾਡੇ ਲਈ ਇਲਾਜ ਕਰਵਾਉਣਾ ਮਹਿੰਗਾ ਹੈ ਜਾਂ ਤੁਹਾਡੇ ਨੇੜੇ-ਤੇੜੇ ਕੋਈ ਦੰਦਾਂ ਦਾ ਡਾਕਟਰ ਨਹੀਂ ਹੈ, ਤਾਂ ਵੀ ਇਸ ਬੀਮਾਰੀ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਮਸੂੜਿਆਂ ਦੀ ਬੀਮਾਰੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਸਹੀ ਤਰੀਕੇ ਨਾਲ ਰੋਜ਼ਾਨਾ ਆਪਣੇ ਮੂੰਹ ਦੀ ਸਫ਼ਾਈ ਰੱਖੋ। ▪ (g14 06-E)