Skip to content

Skip to table of contents

ਕੀ ਤੁਸੀਂ ਤਕਨਾਲੋਜੀ ਨੂੰ ਸਮਝਦਾਰੀ ਨਾਲ ਵਰਤਦੇ ਹੋ?

ਕੀ ਤੁਸੀਂ ਤਕਨਾਲੋਜੀ ਨੂੰ ਸਮਝਦਾਰੀ ਨਾਲ ਵਰਤਦੇ ਹੋ?

ਜੈਨੀ ਨੂੰ ਵੀਡੀਓ ਗੇਮ ਖੇਡਣ ਦਾ ਭੁੱਸ ਪੈ ਗਿਆ। ਉਹ ਕਹਿੰਦੀ ਹੈ: “ਮੈਂ ਦਿਨ ਵਿਚ ਅੱਠ ਘੰਟੇ ਗੇਮ ਖੇਡਦੀ ਹਾਂ ਜੋ ਕਿ ਮੇਰੇ ਲਈ ਵੱਡੀ ਮੁਸੀਬਤ ਬਣ ਗਈ ਹੈ।”

ਡੈਨਿੱਸ ਨੇ ਠਾਣਿਆ ਕਿ ਉਹ ਇਕ ਹਫ਼ਤੇ ਲਈ ਇੰਟਰਨੈੱਟ ਅਤੇ ਮੋਬਾਇਲ ਵਗੈਰਾ ਨਹੀਂ ਵਰਤੇਗਾ। ਪਰ ਉਹ ਸਿਰਫ਼ 40 ਘੰਟਿਆਂ ਲਈ ਹੀ ਆਪਣੇ-ਆਪ ਨੂੰ ਰੋਕ ਪਾਇਆ।

ਜੈਨੀ ਅਤੇ ਡੈਨਿੱਸ ਨੌਜਵਾਨ ਨਹੀਂ ਹਨ। ਜੈਨੀ 40 ਸਾਲਾਂ ਦੀ ਹੈ ਤੇ ਉਸ ਦੇ ਚਾਰ ਬੱਚੇ ਹਨ। ਡੈਨਿੱਸ 49 ਸਾਲਾਂ ਦਾ ਹੈ।

ਕੀ ਤੁਸੀਂ ਤਕਨਾਲੋਜੀ ਦਾ ਇਸਤੇਮਾਲ ਕਰਦੇ ਹੋ? ਬਹੁਤ ਸਾਰੇ ਹਾਂ ਵਿਚ ਜਵਾਬ ਦੇਣਗੇ। ਇਲੈਕਟ੍ਰਾਨਿਕ ਚੀਜ਼ਾਂ ਨੌਕਰੀ-ਪੇਸ਼ੇ, ਸਮਾਜ ਅਤੇ ਮਨੋਰੰਜਨ ਜਗਤ ਵਿਚ ਖ਼ਾਸ ਰੋਲ ਨਿਭਾਉਂਦੀਆਂ ਹਨ।

ਪਰ ਲੱਗਦਾ ਹੈ ਕਿ ਜੈਨੀ ਅਤੇ ਡੈਨਿੱਸ ਵਾਂਗ ਬਹੁਤ ਸਾਰੇ ਲੋਕ ਤਕਨਾਲੋਜੀ ਨਾਲ ਹੱਦੋਂ ਵਧ ਪਿਆਰ ਕਰਦੇ ਹਨ। ਮਿਸਾਲ ਲਈ, 20 ਸਾਲਾਂ ਦੀ ਨਿਕੋਲ ਕਹਿੰਦੀ ਹੈ: “ਮੈਨੂੰ ਇੱਦਾਂ ਕਹਿਣਾ ਚੰਗਾ ਨਹੀਂ ਲੱਗਦਾ, ਪਰ ਮੇਰਾ ਫ਼ੋਨ ਹੀ ਮੇਰਾ ਸਭ ਤੋਂ ਵਧੀਆ ਫ੍ਰੈਂਡ ਹੈ। ਮੈਂ ਹਰ ਵੇਲੇ ਇਸ ਨੂੰ ਆਪਣੇ ਕੋਲ ਰੱਖਦੀ ਹਾਂ। ਮੈਂ ਪਾਗਲ ਹੋ ਜਾਂਦੀ ਹਾਂ ਜਦੋਂ ਕਿਸੇ ਜਗ੍ਹਾ ’ਤੇ ਮੇਰੇ ਫ਼ੋਨ ’ਤੇ ਸਿਗਨਲ ਨਹੀਂ ਆਉਂਦਾ ਅਤੇ ਅੱਧੇ ਘੰਟੇ ਦੇ ਵਿਚ-ਵਿਚ ਮੈਨੂੰ ਬੇਚੈਨੀ ਹੋਣ ਲੱਗਦੀ ਹੈ ਕਿ ਮੈਂ ਆਪਣੇ ਮੈਸਿਜ ਨਹੀਂ ਦੇਖ ਸਕਦੀ। ਇਹ ਕਿੰਨੀ ਬੇਵਕੂਫ਼ੀ ਦੀ ਗੱਲ ਹੈ!”

ਕਈ ਲੋਕ ਸਾਰੀ-ਸਾਰੀ ਰਾਤ ਮੈਸਿਜ ਅਤੇ ਅਪਡੇਟਸ ਚੈੱਕ ਕਰਦੇ ਰਹਿੰਦੇ ਹਨ। ਜਦੋਂ ਉਹ ਆਪਣੇ ਮੋਬਾਇਲ ਜਾਂ ਟੈਬਲੇਟ ਨਹੀਂ ਵਰਤ ਸਕਦੇ, ਤਾਂ ਉਨ੍ਹਾਂ ਨੂੰ ਤਕਲੀਫ਼ ਹੁੰਦੀ ਹੈ। ਕੁਝ ਖੋਜਕਾਰਾਂ ਨੇ ਕਿਹਾ ਹੈ ਕਿ ਇਸ ਰਵੱਈਏ ਨੂੰ ਕਿਸੇ ਚੀਜ਼ ਦਾ ਭੁੱਸ ਪੈਣ ਦੇ ਬਰਾਬਰ ਮੰਨਿਆ ਜਾ ਸਕਦਾ ਹੈ। ਇਹ ਭੁੱਸ ਕਿਸੇ ਵੀ ਇਲੈਕਟ੍ਰਾਨਿਕ ਚੀਜ਼ ਨੂੰ ਵਰਤਣ ਦਾ ਹੋ ਸਕਦਾ ਹੈ। ਕੁਝ ਲੋਕ “ਭੁੱਸ ਪੈਣਾ” ਕਹਿਣ ਤੋਂ ਹਿਚਕਿਚਾਉਂਦੇ ਹਨ, ਪਰ ਉਹ ਕਹਿੰਦੇ ਹਨ ਕਿ ਅਜਿਹੇ ਰਵੱਈਏ ਕਰਕੇ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ ਜਾਂ ਇਹ ਇੰਨੀ ਗੰਭੀਰ ਗੱਲ ਨਹੀਂ ਹੈ।

ਭਾਵੇਂ ਜੋ ਮਰਜ਼ੀ ਕਿਹਾ ਜਾਵੇ, ਜੇਕਰ ਤਕਨਾਲੋਜੀ ਨੂੰ ਸਮਝਦਾਰੀ ਨਾਲ ਨਾ ਵਰਤਿਆ ਜਾਵੇ, ਤਾਂ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਤਕਨਾਲੋਜੀ ਕਰਕੇ ਕਈਆਂ ਦੇ ਰਿਸ਼ਤਿਆਂ ਵਿਚ ਦਰਾੜ ਪੈ ਚੁੱਕੀ ਹੈ। ਮਿਸਾਲ ਲਈ, 20 ਸਾਲਾਂ ਦੀ ਇਕ ਕੁੜੀ ਦੁਖੀ ਮਨ ਨਾਲ ਕਹਿੰਦੀ ਹੈ: “ਮੇਰੇ ਡੈਡੀ ਜੀ ਨੂੰ ਨਹੀਂ ਪਤਾ ਕਿ ਮੇਰੀ ਜ਼ਿੰਦਗੀ ਵਿਚ ਕੀ ਹੋ ਰਿਹਾ ਹੈ। ਮੇਰੇ ਨਾਲ ਗੱਲ ਕਰਦਿਆਂ ਉਹ ਈ-ਮੇਲਾਂ ਭੇਜਦੇ ਰਹਿੰਦੇ ਹਨ। ਉਹ ਹਰ ਵੇਲੇ ਫ਼ੋਨ ’ਤੇ ਲੱਗੇ ਰਹਿੰਦੇ ਹਨ। ਮੇਰੇ ਡੈਡੀ ਜੀ ਸ਼ਾਇਦ ਮੇਰੀ ਪਰਵਾਹ ਕਰਦੇ ਹੋਣ, ਪਰ ਕਈ ਵਾਰ ਲੱਗਦਾ ਹੈ ਕਿ ਉਨ੍ਹਾਂ ਨੂੰ ਮੇਰੀ ਕੋਈ ਪਰਵਾਹ ਨਹੀਂ।”

ਇਸ ਚੁੰਗਲ਼ ਤੋਂ ਆਜ਼ਾਦ ਹੋਣਾ

ਲੋਕ ਤਕਨਾਲੋਜੀ ਦਾ ਗ਼ਲਤ ਇਸਤੇਮਾਲ ਕਰਦੇ ਹਨ। ਇਸ ਕਰਕੇ ਕਈ ਦੇਸ਼ਾਂ, ਜਿਵੇਂ ਅਮਰੀਕਾ, ਚੀਨ, ਦੱਖਣੀ ਕੋਰੀਆ ਅਤੇ ਯੂਨਾਇਟਿਡ ਕਿੰਗਡਮ, ਵਿਚ ਅਜਿਹੇ ਸੈਂਟਰ ਬਣਾਏ ਗਏ ਹਨ ਜਿਨ੍ਹਾਂ ਨੂੰ “ਡਿਜੀਟਲ ਡੀਟਾਕਸ” ਸੈਂਟਰ ਕਿਹਾ ਜਾਂਦਾ ਹੈ। ਇੱਥੇ ਲੋਕਾਂ ਨੂੰ ਕਈ ਦਿਨਾਂ ਲਈ ਇੰਟਰਨੈੱਟ, ਮੋਬਾਇਲ ਜਾਂ ਟੈਬਲੇਟ ਵਰਤਣ ਤੋਂ ਮਨ੍ਹਾ ਕੀਤਾ ਜਾਂਦਾ ਹੈ। ਮਿਸਾਲ ਲਈ, 28 ਸਾਲਾਂ ਦਾ ਬ੍ਰੈੱਟ ਕਹਿੰਦਾ ਹੈ ਕਿ ਇਕ ਸਮੇਂ ’ਤੇ ਉਹ ਦਿਨ ਵਿਚ 16 ਘੰਟੇ ਆਨ-ਲਾਈਨ ਗੇਮ ਖੇਡਦਾ ਸੀ। ਉਹ ਦੱਸਦਾ ਹੈ: “ਜਦੋਂ ਵੀ ਮੈਂ ਆਨ-ਲਾਈਨ ਹੁੰਦਾ ਸੀ, ਤਾਂ ਮੈਨੂੰ ਇੱਦਾਂ ਲੱਗਦਾ ਸੀ ਜਿਵੇਂ ਮੈਨੂੰ ਬਹੁਤ ਜ਼ਿਆਦਾ ਨਸ਼ਾ ਚੜ੍ਹ ਗਿਆ ਹੋਵੇ।” ਜਦੋਂ ਬ੍ਰੈੱਟ ਸੈਂਟਰ ਵਿਚ ਦਾਖ਼ਲ ਹੋਇਆ, ਤਾਂ ਉਹ ਉਸ ਸਮੇਂ ਬੇਰੋਜ਼ਗਾਰ ਸੀ, ਉਹ ਆਪਣੀ ਸਾਫ਼-ਸਫ਼ਾਈ ਦਾ ਵੀ ਧਿਆਨ ਨਹੀਂ ਰੱਖਦਾ ਸੀ ਅਤੇ ਉਹ ਆਪਣੇ ਸਾਰੇ ਦੋਸਤ ਗੁਆ ਬੈਠਾ। ਤੁਸੀਂ ਕੀ ਕਰ ਸਕਦੇ ਹੋ ਤਾਂਕਿ ਤੁਹਾਡੇ ਨਾਲ ਇੱਦਾਂ ਨਾ ਹੋਵੇ?

ਤੁਸੀਂ ਤਕਨਾਲੋਜੀ ਦੀ ਕਿੰਨੀ ਕੁ ਵਰਤੋਂ ਕਰਦੇ ਹੋ? ਦੇਖੋ ਕਿ ਤਕਨਾਲੋਜੀ ਦਾ ਤੁਹਾਡੀ ਜ਼ਿੰਦਗੀ ’ਤੇ ਕੀ ਅਸਰ ਪੈ ਰਿਹਾ ਹੈ। ਆਪਣੇ-ਆਪ ਤੋਂ ਅਜਿਹੇ ਸਵਾਲ ਪੁੱਛੋ:

  • ਕੀ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹਾਂ ਜਾਂ ਗੁੱਸੇ ਵਿਚ ਭੜਕ ਜਾਂਦਾ ਹਾਂ ਜਦੋਂ ਮੈਂ ਇੰਟਰਨੈੱਟ ਜਾਂ ਕੋਈ ਇਲੈਕਟ੍ਰਾਨਿਕ ਚੀਜ਼ ਇਸਤੇਮਾਲ ਨਹੀਂ ਕਰ ਸਕਦਾ?

  • ਮੈਂ ਇੰਟਰਨੈੱਟ ਜਾਂ ਇਲੈਕਟ੍ਰਾਨਿਕ ਚੀਜ਼ਾਂ ਨੂੰ ਵਰਤਣ ਦਾ ਜਿੰਨਾ ਸਮਾਂ ਮਿਥਿਆ ਹੈ, ਕੀ ਉਸ ਤੋਂ ਬਾਅਦ ਵੀ ਮੈਂ ਇਨ੍ਹਾਂ ਦੀ ਵਰਤੋਂ ਕਰਦਾ ਰਹਿੰਦਾ ਹਾਂ?

  • ਕੀ ਮੈਸਿਜ ਚੈੱਕ ਕਰਦੇ ਰਹਿਣ ਕਰਕੇ ਮੈਂ ਰਾਤ ਨੂੰ ਵੀ ਨਹੀਂ ਸੌਂਦਾ?

  • ਕੀ ਤਕਨਾਲੋਜੀ ਵਰਤਣ ਦੇ ਚੱਕਰ ਵਿਚ ਮੈਂ ਆਪਣੇ ਪਰਿਵਾਰ ਨੂੰ ਨਜ਼ਰਅੰਦਾਜ਼ ਕਰ ਰਿਹਾ ਹਾਂ? ਕੀ ਮੇਰੇ ਜਵਾਬ ਨਾਲ ਮੇਰੇ ਪਰਿਵਾਰ ਦੇ ਮੈਂਬਰ ਸਹਿਮਤ ਹੋਣਗੇ?

ਜੇਕਰ ਤਕਨਾਲੋਜੀ ਕਰਕੇ ਤੁਸੀਂ “ਜ਼ਿਆਦਾ ਜ਼ਰੂਰੀ ਗੱਲਾਂ” ਜਿਵੇਂ ਆਪਣੇ ਪਰਿਵਾਰ ਅਤੇ ਹੋਰ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹੋ, ਤਾਂ ਹੁਣੇ ਹੀ ਆਪਣੇ-ਆਪ ਵਿਚ ਬਦਲਾਅ ਕਰਨ ਦਾ ਸਮਾਂ ਹੈ। (ਫ਼ਿਲਿੱਪੀਆਂ 1:10) ਉਹ ਕਿਵੇਂ?

ਸਮਾਂ ਤੈਅ ਕਰੋ। ਚਾਹੇ ਕੋਈ ਚੀਜ਼ ਕਿੰਨੀ ਹੀ ਚੰਗੀ ਕਿਉਂ ਨਾ ਹੋਵੇ, ਪਰ ਉਸ ਦੀ ਹੱਦੋਂ ਵਧ ਵਰਤੋਂ ਨੁਕਸਾਨਦੇਹ ਹੋ ਸਕਦੀ ਹੈ। ਸੋ ਭਾਵੇਂ ਤੁਸੀਂ ਬਿਜ਼ਨਿਸ ਜਾਂ ਮਨੋਰੰਜਨ ਲਈ ਤਕਨਾਲੋਜੀ ਵਰਤਦੇ ਹੋ, ਫਿਰ ਵੀ ਸਮਾਂ ਤੈਅ ਕਰੋ ਕਿ ਤੁਸੀਂ ਕਿੰਨੀ ਦੇਰ ਇਸ ਦੀ ਵਰਤੋਂ ਕਰੋਗੇ ਅਤੇ ਆਪਣੀ ਗੱਲ ’ਤੇ ਪੱਕੇ ਰਹੋ।

ਸੁਝਾਅ: ਕਿਉਂ ਨਾ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਜਾਂ ਦੋਸਤ ਤੋਂ ਮਦਦ ਲਓ? ਬਾਈਬਲ ਕਹਿੰਦੀ ਹੈ: “ਇੱਕ ਨਾਲੋਂ ਦੋ ਚੰਗੇ ਹਨ,. . . ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ।”ਉਪਦੇਸ਼ਕ ਦੀ ਪੋਥੀ 4:9, 10.

ਸ਼ੌਂਕ ਨੂੰ “ਕਮਜ਼ੋਰੀ” ਨਾ ਬਣਨ ਦਿਓ

ਨਵੀਆਂ-ਨਵੀਆਂ ਇਲੈਕਟ੍ਰਾਨਿਕ ਚੀਜ਼ਾਂ ਆਉਣ ਨਾਲ ਤੁਸੀਂ ਸੌਖਿਆਂ ਹੀ ਤੇ ਤੇਜ਼ੀ ਨਾਲ ਜਾਣਕਾਰੀ ਇੱਧਰ-ਉੱਧਰ ਭੇਜ ਸਕਦੇ ਹੋ ਅਤੇ ਬਿਨਾਂ ਸ਼ੱਕ ਇਸ ਨਾਲ ਤਕਨਾਲੋਜੀ ਦੀ ਗ਼ਲਤ ਵਰਤੋਂ ਦਾ ਖ਼ਤਰਾ ਵੀ ਵਧੇਗਾ। ਪਰ ਸ਼ੌਂਕ ਨੂੰ “ਕਮਜ਼ੋਰੀ” ਨਾ ਬਣਨ ਦਿਓ। ਤੁਸੀਂ ‘ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤ’ ਕੇ ਤਕਨਾਲੋਜੀ ਦਾ ਸਹੀ ਇਸਤੇਮਾਲ ਕਰ ਸਕੋਗੇ।ਅਫ਼ਸੀਆਂ 5:16. ▪ (g15-E 04)