Skip to content

Skip to table of contents

ਰਫਿਊਜੀ ਕੈਂਪ ਵਿਚ ਜ਼ਿੰਦਗੀ

ਰਫਿਊਜੀ ਕੈਂਪ ਵਿਚ ਜ਼ਿੰਦਗੀ

ਰਫਿਊਜੀ ਕੈਂਪ ਵਿਚ ਜ਼ਿੰਦਗੀ

ਜਦੋਂ ਤੁਸੀਂ “ਰਫਿਊਜੀ ਕੈਂਪ” ਸ਼ਬਦ ਸੁਣਦੇ ਹੋ, ਤਾਂ ਤੁਹਾਡੇ ਮਨ ਵਿਚ ਕਿਹੜੀ ਤਸਵੀਰ ਆਉਂਦੀ ਹੈ? ਕੀ ਤੁਸੀਂ ਕਦੇ ਕਿਸੇ ਰਫਿਊਜੀ ਕੈਂਪ ਵਿਚ ਗਏ ਹੋ? ਇਹ ਦੇਖਣ ਨੂੰ ਕਿੱਦਾਂ ਦੇ ਲੱਗਦੇ ਹਨ?

ਅਪ੍ਰੈਲ 2002 ਤਕ ਤਨਜ਼ਾਨੀਆ ਦੇ ਪੱਛਮੀ ਹਿੱਸੇ ਵਿਚ 13 ਵੱਖੋ-ਵੱਖਰੇ ਰਫਿਊਜੀ ਕੈਂਪ ਸਥਾਪਿਤ ਹੋ ਚੁੱਕੇ ਸਨ। ਅਫ਼ਰੀਕਾ ਦੇ ਕਈ ਦੇਸ਼ਾਂ ਵਿਚ ਘਰੇਲੂ ਯੁੱਧਾਂ ਦੇ ਕਾਰਨ ਲਗਭਗ 5 ਲੱਖ ਲੋਕ ਬੇਘਰ ਹੋਏ ਹਨ। ਤਨਜ਼ਾਨੀਆ ਦੀ ਸਰਕਾਰ ਰਫਿਊਜੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ (UNHCR) ਦੀ ਸਹਾਇਤਾ ਨਾਲ ਇਨ੍ਹਾਂ ਸ਼ਰਨਾਰਥੀਆਂ ਦੀ ਮਦਦ ਕਰ ਰਹੀ ਹੈ। ਰਫਿਊਜੀ ਕੈਂਪ ਵਿਚ ਜ਼ਿੰਦਗੀ ਕਿੱਦਾਂ ਗੁਜ਼ਰਦੀ ਹੈ?

ਕੈਂਪ ਦੇ ਅੰਦਰ

ਕਨਡੀਡਾ ਨਾਂ ਦੀ ਇਕ ਕੁੜੀ ਸਾਨੂੰ ਦੱਸਦੀ ਹੈ ਕਿ ਜਦੋਂ ਕੁਝ ਸਾਲ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਕੈਂਪ ਵਿਚ ਆਈ ਸੀ, ਤਾਂ ਕੀ ਹੋਇਆ ਸੀ: “ਸਾਨੂੰ ਇਕ ਰਾਸ਼ਨ ਕਾਰਡ ਦਿੱਤਾ ਗਿਆ ਜਿਸ ਉੱਤੇ ਇਕ ਆਈ. ਡੀ. ਨੰਬਰ ਸੀ ਅਤੇ ਸਾਡੇ ਪਰਿਵਾਰ ਨੂੰ ਨੀਆਰੁਗੁਸੁ ਰਫਿਊਜੀ ਕੈਂਪ ਵਿਚ ਰਹਿਣ ਲਈ ਭੇਜਿਆ ਗਿਆ। ਉੱਥੇ ਸਾਨੂੰ ਇਕ ਪਲਾਟ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਇਹ ਕਿਸ ਗਲੀ ਵਿਚ ਸੀ। ਸਾਨੂੰ ਦਿਖਾਇਆ ਗਿਆ ਕਿ ਅਸੀਂ ਆਪਣੇ ਲਈ ਇਕ ਛੋਟਾ ਜਿਹਾ ਘਰ ਬਣਾਉਣ ਵਾਸਤੇ ਲੱਕੜਾਂ ਕਿੱਥੋਂ ਕੱਟ ਸਕਦੇ ਸੀ ਅਤੇ ਘਾਹ ਕਿੱਥੋਂ ਇਕੱਠਾ ਕਰ ਸਕਦੇ ਸੀ। ਅਸੀਂ ਮਿੱਟੀ ਦੀਆਂ ਇੱਟਾਂ ਬਣਾਈਆਂ। ਹਾਈ ਕਮਿਸ਼ਨਰ (UNHCR) ਨੇ ਸਾਨੂੰ ਘਰ ਦੀ ਛੱਤ ਢੱਕਣ ਲਈ ਪਲਾਸਟਿਕ ਦੀ ਇਕ ਚਾਦਰ ਦਿੱਤੀ। ਘਰ ਉਸਾਰਨਾ ਬਹੁਤ ਹੀ ਔਖਾ ਸੀ, ਪਰ ਜਦੋਂ ਸਾਡਾ ਸਾਦਾ ਜਿਹਾ ਘਰ ਤਿਆਰ ਹੋ ਗਿਆ, ਤਾਂ ਅਸੀਂ ਬਹੁਤ ਹੀ ਖ਼ੁਸ਼ ਹੋਏ।”

ਅਸੀਂ ਹਰ ਦੂਸਰੇ ਬੁੱਧਵਾਰ ਰਾਸ਼ਨ ਕਾਰਡ ਇਸਤੇਮਾਲ ਕਰਦੇ ਹਾਂ। ਕਨਡੀਡਾ ਅੱਗੇ ਦੱਸਦੀ ਹੈ: “ਕੈਂਟੀਨ ਵਿਚ ਹਾਈ ਕਮਿਸ਼ਨਰ ਵੱਲੋਂ ਵੰਡਿਆ ਜਾਂਦਾ ਰਾਸ਼ਨ ਲੈਣ ਲਈ ਸਾਨੂੰ ਲਾਈਨ ਵਿਚ ਖੜ੍ਹਨਾ ਪੈਂਦਾ ਹੈ।”

ਇਕ ਵਿਅਕਤੀ ਨੂੰ ਇਕ ਦਿਨ ਲਈ ਕਿੰਨਾ ਕੁ ਰਾਸ਼ਨ ਮਿਲਦਾ ਹੈ?

“ਸਾਨੂੰ ਹਰ ਇਕ ਨੂੰ 3 ਕੱਪ ਮੱਕੀ ਦਾ ਆਟਾ, ਇਕ ਕੱਪ ਮਟਰ, 20 ਗ੍ਰਾਮ ਸੋਇਆਬੀਨ ਦਾ ਆਟਾ, ਖਾਣਾ ਪਕਾਉਣ ਲਈ ਤੇਲ ਦੇ 2 ਚਮਚੇ ਅਤੇ 1 ਚਮਚਾ ਲੂਣ ਮਿਲਦਾ ਹੈ। ਕਦੇ-ਕਦੇ ਸਾਨੂੰ ਸਾਬਣ ਦੀ ਇਕ ਟਿੱਕੀ ਵੀ ਮਿਲਦੀ ਹੈ ਅਤੇ ਇਸ ਨਾਲ ਸਾਨੂੰ ਪੂਰਾ ਮਹੀਨਾ ਕੰਮ ਚਲਾਉਣਾ ਪੈਂਦਾ ਹੈ।”

ਕੀ ਕੈਂਪ ਵਿਚ ਸਾਫ਼ ਪਾਣੀ ਮਿਲਦਾ ਹੈ? ਰੀਜ਼ੀਕੀ ਨਾਂ ਦੀ ਇਕ ਮੁਟਿਆਰ ਕਹਿੰਦੀ ਹੈ: “ਜੀ ਹਾਂ, ਨੇੜੇ-ਤੇੜੇ ਦੀਆਂ ਨਦੀਆਂ ਤੋਂ ਪਾਣੀ ਨੂੰ ਪਾਈਪਾਂ ਦੁਆਰਾ ਵੱਡੇ-ਵੱਡੇ ਤਲਾਵਾਂ ਵਿਚ ਪੰਪ ਕੀਤਾ ਜਾਂਦਾ ਹੈ। ਫਿਰ ਪਾਣੀ ਵਿਚ ਕਲੋਰੀਨ ਮਿਲਾ ਕੇ ਇਸ ਨੂੰ ਸਾਫ਼ ਕੀਤਾ ਜਾਂਦਾ ਹੈ ਤੇ ਲੋਕ ਇਸ ਨੂੰ ਹਰ ਕੈਂਪ ਵਿਚ ਲੱਗੀਆਂ ਟੂਟੀਆਂ ਤੋਂ ਵਰਤ ਸਕਦੇ ਹਨ। ਫਿਰ ਵੀ ਅਸੀਂ ਬੀਮਾਰੀਆਂ ਤੋਂ ਬਚਣ ਲਈ ਪੀਣ ਵਾਸਤੇ ਪਾਣੀ ਨੂੰ ਉਬਾਲਣ ਦੀ ਕੋਸ਼ਿਸ਼ ਕਰਦੇ ਹਾਂ। ਅਕਸਰ ਸਵੇਰ ਤੋਂ ਸ਼ਾਮ ਤਕ ਸਾਡਾ ਸਾਰਾ ਦਿਨ ਪਾਣੀ ਭਰਨ ਅਤੇ ਕੱਪੜੇ ਧੋਣ ਵਿਚ ਹੀ ਨਿਕਲ ਜਾਂਦਾ ਹੈ। ਸਾਨੂੰ ਇਕ ਦਿਨ ਵਿਚ ਪਾਣੀ ਦੀ ਸਿਰਫ਼ ਡੇਢ ਬਾਲਟੀ ਮਿਲਦੀ ਹੈ।”

ਰਫਿਊਜੀ ਕੈਂਪ ਦੀ ਸੈਰ ਕਰਦੇ ਸਮੇਂ ਤੁਸੀਂ ਕਈ ਬਾਲਵਾੜੀਆਂ ਅਤੇ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਦੇਖੋਗੇ। ਕੁਝ ਕੈਂਪਾਂ ਵਿਚ ਬਾਲਗਾਂ ਨੂੰ ਸਿੱਖਿਆ ਦੇਣ ਦਾ ਵੀ ਪ੍ਰਬੰਧ ਹੁੰਦਾ ਹੈ। ਕੈਂਪ ਨੂੰ ਸੁਰੱਖਿਅਤ ਰੱਖਣ ਲਈ ਕੈਂਪ ਦੇ ਬਾਹਰ ਪੁਲਸ ਦੀ ਚੌਂਕੀ ਅਤੇ ਇਕ ਸਰਕਾਰੀ ਦਫ਼ਤਰ ਹੈ। ਤੁਸੀਂ ਸ਼ਾਇਦ ਇਕ ਵੱਡਾ ਬਾਜ਼ਾਰ ਵੀ ਦੇਖੋਗੇ ਜਿੱਥੇ ਕਈ ਛੋਟੀਆਂ-ਛੋਟੀਆਂ ਦੁਕਾਨਾਂ ਹਨ। ਸ਼ਰਨਾਰਥੀ ਇਨ੍ਹਾਂ ਦੁਕਾਨਾਂ ਤੋਂ ਸਬਜ਼ੀਆਂ, ਫਲ, ਮੱਛੀ, ਮੁਰਗੀਆਂ ਅਤੇ ਕਈ ਹੋਰ ਚੀਜ਼ਾਂ ਖ਼ਰੀਦ ਸਕਦੇ ਹਨ। ਸ਼ਹਿਰ ਦੇ ਕੁਝ ਲੋਕ ਚੀਜ਼ਾਂ ਵੇਚਣ ਲਈ ਇਸ ਬਾਜ਼ਾਰ ਵਿਚ ਆਉਂਦੇ ਹਨ। ਪਰ ਸ਼ਰਨਾਰਥੀਆਂ ਨੂੰ ਸਾਮਾਨ ਖ਼ਰੀਦਣ ਲਈ ਪੈਸੇ ਕਿੱਥੋਂ ਮਿਲਦੇ ਹਨ? ਕੁਝ ਸ਼ਰਨਾਰਥੀ ਆਪਣੇ ਛੋਟੇ ਜਿਹੇ ਬਗ਼ੀਚੇ ਵਿਚ ਸਬਜ਼ੀਆਂ ਉਗਾਉਂਦੇ ਹਨ ਅਤੇ ਫਿਰ ਇਨ੍ਹਾਂ ਨੂੰ ਬਾਜ਼ਾਰ ਵਿਚ ਵੇਚਦੇ ਹਨ। ਦੂਸਰੇ ਸ਼ਰਨਾਰਥੀ ਆਪਣੇ ਰਾਸ਼ਨ ਵਿੱਚੋਂ ਕੁਝ ਆਟਾ ਜਾਂ ਮਟਰ ਵੇਚ ਕੇ ਕੁਝ ਮੀਟ ਜਾਂ ਫਲ ਖ਼ਰੀਦ ਲੈਂਦੇ ਹਨ। ਕੈਂਪ ਦੇਖਣ ਵਿਚ ਸ਼ਾਇਦ ਇਕ ਰਫਿਊਜੀ ਕੈਂਪ ਦੀ ਬਜਾਇ ਇਕ ਵੱਡਾ ਪਿੰਡ ਲੱਗੇ। ਤੁਸੀਂ ਬਾਜ਼ਾਰ ਵਿਚ ਅਕਸਰ ਲੋਕਾਂ ਨੂੰ ਗੱਪਾਂ ਮਾਰਦੇ ਅਤੇ ਹੱਸਦੇ ਦੇਖੋਗੇ, ਜਿਵੇਂ ਕਿ ਉਹ ਆਪਣੇ ਹੀ ਜੱਦੀ ਪਿੰਡ ਵਿਚ ਹੋਣ।

ਹਸਪਤਾਲ ਦੀ ਸੈਰ ਕਰਦੇ ਹੋਏ ਇਕ ਡਾਕਟਰ ਸ਼ਾਇਦ ਤੁਹਾਨੂੰ ਦੱਸੇ ਕਿ ਕੈਂਪ ਵਿਚ ਕੁਝ ਕਲੀਨਿਕਾਂ ਵੀ ਹਨ ਜਿੱਥੇ ਛੋਟੀਆਂ-ਮੋਟੀਆਂ ਬੀਮਾਰੀਆਂ ਜਾਂ ਸੱਟਾਂ-ਚੋਟਾਂ ਦਾ ਇਲਾਜ ਕੀਤਾ ਜਾਂਦਾ ਹੈ। ਜੇ ਮਰੀਜ਼ ਦੀ ਹਾਲਤ ਗੰਭੀਰ ਹੋਵੇ, ਤਾਂ ਉਸ ਨੂੰ ਹਸਪਤਾਲ ਲਿਆਇਆ ਜਾਂਦਾ ਹੈ। ਹਸਪਤਾਲ ਦਾ ਮਟਰਨਿਟੀ ਵਾਰਡ ਅਤੇ ਡਿਲਿਵਰੀ ਰੂਮ ਵੀ ਬਹੁਤ ਹੀ ਅਹਿਮ ਹਨ ਕਿਉਂਕਿ ਕੈਂਪ ਵਿਚ 48,000 ਸ਼ਰਨਾਰਥੀ ਹੋਣ ਕਰਕੇ ਇੱਕੋ ਮਹੀਨੇ ਵਿਚ ਲਗਭਗ 250 ਬੱਚੇ ਪੈਦਾ ਹੋ ਸਕਦੇ ਹਨ।

ਅਧਿਆਤਮਿਕ ਭੋਜਨ ਦੀ ਕੋਈ ਘਾਟ ਨਹੀਂ

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਇਹ ਜਾਣਨਾ ਚਾਹੁਣਗੇ ਕਿ ਤਨਜ਼ਾਨੀਆ ਦੇ ਰਫਿਊਜੀ ਕੈਂਪਾਂ ਵਿਚ ਉਨ੍ਹਾਂ ਦੇ ਭੈਣਾਂ-ਭਰਾਵਾਂ ਦਾ ਕੀ ਹਾਲ ਹੈ। ਇਨ੍ਹਾਂ ਕੈਂਪਾਂ ਵਿਚ 14 ਕਲੀਸਿਯਾਵਾਂ ਅਤੇ 3 ਗਰੁੱਪਾਂ ਵਿਚ ਕੁੱਲ ਮਿਲਾ ਕੇ ਯਹੋਵਾਹ ਦੇ ਲਗਭਗ 1,200 ਗਵਾਹ ਹਨ। ਉਹ ਆਪਣੀਆਂ ਹਾਲਤਾਂ ਨਾਲ ਕਿੱਦਾਂ ਨਜਿੱਠ ਰਹੇ ਹਨ?

ਇਹ ਵਫ਼ਾਦਾਰ ਮਸੀਹੀ ਭੈਣ-ਭਰਾ ਜਦੋਂ ਕੈਂਪ ਵਿਚ ਆਏ ਸਨ, ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿੰਗਡਮ ਹਾਲ ਬਣਾਉਣ ਲਈ ਜ਼ਮੀਨ ਦੀ ਫ਼ਰਮਾਇਸ਼ ਕੀਤੀ ਸੀ। ਕਿੰਗਡਮ ਹਾਲ ਹੋਣ ਕਰਕੇ ਦੂਸਰੇ ਰਫਿਊਜੀਆਂ ਲਈ ਯਹੋਵਾਹ ਦੇ ਗਵਾਹਾਂ ਨੂੰ ਲੱਭਣਾ ਅਤੇ ਹਰ ਹਫ਼ਤੇ ਉਨ੍ਹਾਂ ਦੀਆਂ ਸਭਾਵਾਂ ਵਿਚ ਆਉਣਾ ਆਸਾਨ ਹੋ ਜਾਂਦਾ ਹੈ। ਲੂਗੂਫ਼ੂ ਕੈਂਪ ਵਿਚ 7 ਕਲੀਸਿਯਾਵਾਂ ਹਨ ਅਤੇ ਇਨ੍ਹਾਂ ਵਿਚ 659 ਸਰਗਰਮ ਮਸੀਹੀ ਹਨ। ਆਮ ਤੌਰ ਤੇ ਇਨ੍ਹਾਂ 7 ਕਲੀਸਿਯਾਵਾਂ ਦੀਆਂ ਐਤਵਾਰ ਦੀਆਂ ਸਭਾਵਾਂ ਵਿਚ ਕੁੱਲ 1,700 ਲੋਕ ਆਉਂਦੇ ਹਨ।

ਇਨ੍ਹਾਂ ਸਾਰੇ ਕੈਂਪਾਂ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹ ਵੱਡੇ ਤੇ ਛੋਟੇ ਸੰਮੇਲਨਾਂ ਤੋਂ ਵੀ ਲਾਭ ਹਾਸਲ ਕਰਦੇ ਹਨ। ਜਦੋਂ ਲੂਗੂਫ਼ੂ ਕੈਂਪ ਵਿਚ ਪਹਿਲਾ ਵੱਡਾ ਸੰਮੇਲਨ ਕੀਤਾ ਗਿਆ ਸੀ, ਤਾਂ ਉਸ ਵਿਚ 2,363 ਲੋਕ ਆਏ ਸਨ। ਬਪਤਿਸਮਾ ਦੇਣ ਲਈ ਗਵਾਹਾਂ ਨੇ ਸੰਮੇਲਨ ਦੀ ਥਾਂ ਦੇ ਲਾਗੇ ਇਕ ਤਲਾ ਬਣਾਇਆ। ਉਨ੍ਹਾਂ ਨੇ ਜ਼ਮੀਨ ਵਿਚ ਇਕ ਵੱਡਾ ਸਾਰਾ ਟੋਆ ਪੁੱਟਿਆ ਅਤੇ ਇਸ ਵਿਚ ਪਲਾਸਟਿਕ ਦੀ ਚਾਦਰ ਵਿਛਾ ਕੇ ਤਲਾ ਤਿਆਰ ਕੀਤਾ। ਇਸ ਨੂੰ ਪਾਣੀ ਨਾਲ ਭਰਨ ਲਈ ਕਈ ਭਰਾਵਾਂ ਨੇ ਸਾਈਕਲਾਂ ਉੱਤੇ ਦੋ ਕਿਲੋਮੀਟਰ ਦੂਰ ਇਕ ਨਦੀ ਤੋਂ ਪਾਣੀ ਲਿਆਂਦਾ। ਇਕ ਫੇਰੀ ਵਿਚ ਸਿਰਫ਼ 20 ਲੀਟਰ ਪਾਣੀ ਲਿਆਉਣ ਕਰਕੇ ਉਨ੍ਹਾਂ ਨੂੰ ਕਈ ਚੱਕਰ ਕੱਟਣੇ ਪਏ। ਬਪਤਿਸਮਾ ਲੈਣ ਵਾਲੇ ਲੋਕ ਢੁਕਵੇਂ ਕੱਪੜੇ ਪਾ ਕੇ ਲਾਈਨ ਵਿਚ ਖੜ੍ਹੇ ਸਨ। ਕੁੱਲ ਮਿਲਾ ਕੇ 56 ਲੋਕਾਂ ਨੇ ਬਪਤਿਸਮਾ ਲਿਆ। ਸੰਮੇਲਨ ਵਿਚ ਇਕ ਪੂਰੇ ਸਮੇਂ ਦੇ ਪ੍ਰਚਾਰਕ ਦੀ ਇੰਟਰਵਿਊ ਲਈ ਗਈ ਸੀ ਜਿਸ ਨੇ ਦੱਸਿਆ ਕਿ ਉਹ 40 ਲੋਕਾਂ ਨਾਲ ਬਾਈਬਲ ਸਟੱਡੀ ਕਰਦਾ ਸੀ। ਉਨ੍ਹਾਂ ਵਿੱਚੋਂ ਚਾਰ ਜਣਿਆਂ ਨੇ ਉਸੇ ਸੰਮੇਲਨ ਵਿਚ ਬਪਤਿਸਮਾ ਲਿਆ ਸੀ।

ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੇ ਇਨ੍ਹਾਂ ਕਲੀਸਿਯਾਵਾਂ ਦਾ ਨਿਯਮਿਤ ਤੌਰ ਤੇ ਦੌਰਾ ਕਰਨ ਵਾਸਤੇ ਸਫ਼ਰੀ ਨਿਗਾਹਬਾਨਾਂ ਦਾ ਪ੍ਰਬੰਧ ਕੀਤਾ ਹੈ। ਇਕ ਸਫ਼ਰੀ ਨਿਗਾਹਬਾਨ ਕਹਿੰਦਾ ਹੈ: “ਸਾਡੇ ਭਰਾ ਬੜੇ ਜੋਸ਼ ਨਾਲ ਪ੍ਰਚਾਰ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਲੋਕਾਂ ਦੀ ਕੋਈ ਘਾਟ ਨਹੀਂ ਹੈ ਅਤੇ ਇਕ ਕਲੀਸਿਯਾ ਵਿਚ ਹਰ ਗਵਾਹ ਮਹੀਨੇ ਵਿਚ 34 ਘੰਟੇ ਪ੍ਰਚਾਰ ਕਰਦਾ ਹੈ। ਕਈ ਭੈਣ-ਭਰਾ ਪੰਜ ਜਾਂ ਇਸ ਤੋਂ ਵੀ ਜ਼ਿਆਦਾ ਲੋਕਾਂ ਨੂੰ ਬਾਈਬਲ ਸਟੱਡੀ ਕਰਾਉਂਦੇ ਹਨ। ਇਕ ਪਾਇਨੀਅਰ ਭੈਣ ਨੇ ਕਿਹਾ ਕਿ ਉਹ ਇੱਥੇ ਪ੍ਰਚਾਰ ਕਰਨਾ ਬਹੁਤ ਹੀ ਪਸੰਦ ਕਰਦੀ ਹੈ। ਕੈਂਪਾਂ ਵਿਚ ਰਹਿਣ ਵਾਲੇ ਲੋਕ ਸਾਡੀਆਂ ਕਿਤਾਬਾਂ ਤੇ ਰਸਾਲਿਆਂ ਦੀ ਬਹੁਤ ਕਦਰ ਕਰਦੇ ਹਨ।”

ਇਨ੍ਹਾਂ ਕੈਂਪਾਂ ਵਿਚ ਸਾਡੀਆਂ ਕਿਤਾਬਾਂ ਤੇ ਰਸਾਲੇ ਕਿਵੇਂ ਪਹੁੰਚਾਏ ਜਾਂਦੇ ਹਨ? ਬ੍ਰਾਂਚ ਆਫ਼ਿਸ ਟ੍ਰੇਨ ਰਾਹੀਂ ਕੀਗੋਮਾ (ਟਾਂਗਾਨੀਕਾ ਝੀਲ ਦੇ ਪੂਰਬੀ ਤਟ ਉੱਤੇ ਸਥਿਤ ਇਕ ਕਸਬਾ) ਨੂੰ ਇਹ ਸਾਹਿੱਤ ਭੇਜਦਾ ਹੈ ਜਿੱਥੇ ਭਰਾ ਇਸ ਸਾਹਿੱਤ ਨੂੰ ਅੱਗੋਂ ਕਲੀਸਿਯਾਵਾਂ ਤਕ ਪਹੁੰਚਾਉਂਦੇ ਹਨ। ਕਦੇ-ਕਦੇ ਉਹ ਕਿਰਾਏ ਤੇ ਛੋਟੇ ਜਿਹੇ ਟਰੱਕ ਲੈ ਕੇ ਖ਼ੁਦ ਸਾਹਿੱਤ ਕੈਂਪਾਂ ਵਿਚ ਪਹੁੰਚਾਉਂਦੇ ਹਨ। ਕੱਚੀਆਂ ਸੜਕਾਂ ਕਰਕੇ ਸਾਹਿੱਤ ਨੂੰ ਕੈਂਪਾਂ ਵਿਚ ਪਹੁੰਚਾਉਣ ਲਈ ਤਿੰਨ-ਚਾਰ ਦਿਨ ਲੱਗ ਜਾਂਦੇ ਹਨ।

ਲੋੜਾਂ ਦੀ ਪੂਰਤੀ

ਖ਼ਾਸ ਕਰਕੇ ਸਵਿਟਜ਼ਰਲੈਂਡ, ਫਰਾਂਸ ਅਤੇ ਬੈਲਜੀਅਮ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹਾਂ ਨੇ ਇਨ੍ਹਾਂ ਕੈਂਪਾਂ ਦੇ ਸ਼ਰਨਾਰਥੀਆਂ ਦੀ ਬਹੁਤ ਮਦਦ ਕੀਤੀ ਹੈ। ਯਹੋਵਾਹ ਦੇ ਕਈਆਂ ਗਵਾਹਾਂ ਨੇ ਤਨਜ਼ਾਨੀਆ ਦੀ ਸਰਕਾਰ ਅਤੇ ਹਾਈ ਕਮਿਸ਼ਨਰ ਦੀ ਇਜਾਜ਼ਤ ਨਾਲ ਇਨ੍ਹਾਂ ਕੈਂਪਾਂ ਦਾ ਦੌਰਾ ਕੀਤਾ ਹੈ। ਯੂਰਪ ਵਿਚ ਰਹਿਣ ਵਾਲੇ ਗਵਾਹਾਂ ਨੇ ਸੋਇਆਬੀਨ ਦਾ ਦੁੱਧ, ਕੱਪੜੇ, ਜੁੱਤੀਆਂ, ਸਕੂਲ ਦੀਆਂ ਕਿਤਾਬਾਂ ਅਤੇ ਸਾਬਣ ਦੇ ਕਈ ਟਨ ਇਕੱਠੇ ਕੀਤੇ ਹਨ। ਇਹ ਸਭ ਕੁਝ ਸਾਰੇ ਸ਼ਰਨਾਰਥੀਆਂ ਲਈ ਘੱਲਿਆ ਗਿਆ। ਇਸ ਤਰ੍ਹਾਂ ਕਰ ਕੇ ਉਹ ਬਾਈਬਲ ਦੇ ਇਸ ਅਸੂਲ ਉੱਤੇ ਚੱਲ ਰਹੇ ਹਨ: “ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।”—ਗਲਾਤੀਆਂ 6:10.

ਇਨ੍ਹਾਂ ਨੇਕ ਕੰਮਾਂ ਦੇ ਬਹੁਤ ਚੰਗੇ ਨਤੀਜੇ ਨਿਕਲੇ ਹਨ ਅਤੇ ਬਹੁਤ ਸਾਰੇ ਸ਼ਰਨਾਰਥੀਆਂ ਨੂੰ ਇਨ੍ਹਾਂ ਤੋਂ ਮਦਦ ਮਿਲੀ ਹੈ। ਇਕ ਕੈਂਪ ਦੀ ਰਫਿਊਜੀ ਕਮਊਨਿਟੀ ਕਮੇਟੀ ਨੇ ਇਨ੍ਹਾਂ ਸ਼ਬਦਾਂ ਵਿਚ ਗਵਾਹਾਂ ਦਾ ਧੰਨਵਾਦ ਕੀਤਾ: “ਸ਼ਰਨਾਰਥੀਆਂ ਦੇ ਪੂਰੇ ਤਬਕੇ ਵੱਲੋਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਸੰਗਠਨ ਨੇ ਸਾਡੇ ਉੱਤੇ ਦਇਆ ਕਰਦੇ ਹੋਏ ਤਿੰਨ ਵਾਰ ਸਾਡੀ ਮਦਦ ਕੀਤੀ . . . ਤੁਹਾਡੇ ਵੱਲੋਂ ਦਾਨ ਕੀਤੇ ਗਏ ਕੱਪੜੇ 12,654 ਲੋੜਵੰਦ ਆਦਮੀਆਂ, ਔਰਤਾਂ, ਬੱਚਿਆਂ ਅਤੇ ਨਵ-ਜੰਮੇ ਨਿਆਣਿਆਂ ਨੂੰ ਵੰਡੇ ਗਏ . . . ਇਸ ਵੇਲੇ ਮੂਯੋਵੋਜ਼ੀ ਰਫਿਊਜੀ ਕੈਂਪ ਵਿਚ 37,000 ਸ਼ਰਨਾਰਥੀ ਰਹਿ ਰਹੇ ਹਨ। ਕੁੱਲ ਮਿਲਾ ਕੇ ਤੁਸੀਂ 12,654 ਲੋਕਾਂ ਯਾਨੀ ਇਸ ਕੈਂਪ ਦੀ ਪੂਰੀ ਆਬਾਦੀ ਵਿੱਚੋਂ 34.2 ਪ੍ਰਤਿਸ਼ਤ ਲੋਕਾਂ ਦੀ ਮਦਦ ਕੀਤੀ ਹੈ।”

ਇਕ ਹੋਰ ਕੈਂਪ ਵਿਚ 12,382 ਸ਼ਰਨਾਰਥੀਆਂ ਵਿੱਚੋਂ ਹਰ ਇਕ ਨੂੰ ਤਿੰਨ-ਤਿੰਨ ਕੱਪੜੇ ਦਿੱਤੇ ਗਏ ਸਨ। ਇਕ ਦੂਸਰੇ ਕੈਂਪ ਨੂੰ ਸੈਕੰਡਰੀ ਤੇ ਪ੍ਰਾਇਮਰੀ ਸਕੂਲ ਅਤੇ ਬਾਲਵਾੜੀਆਂ ਦੀਆਂ ਕਈ ਹਜ਼ਾਰ ਕਿਤਾਬਾਂ ਦਾਨ ਕੀਤੀਆਂ ਗਈਆਂ। ਇਕ ਇਲਾਕੇ ਤੋਂ ਹਾਈ ਕਮਿਸ਼ਨਰ ਦੇ ਇਕ ਅਫ਼ਸਰ ਨੇ ਟਿੱਪਣੀ ਕੀਤੀ: “ਅਸੀਂ ਤੁਹਾਡੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਰਫਿਊਜੀ ਕੈਂਪਾਂ ਦੇ ਵਸਨੀਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਗਵਾਹਾਂ ਨੇ ਹਾਲ ਹੀ ਵਿਚ ਕਿਤਾਬਾਂ ਨਾਲ ਭਰੇ 5 ਵੱਡੇ ਡੱਬੇ ਭੇਜੇ। ਸਾਡੇ ਰਫਿਊਜੀ ਸੇਵਾ ਵਿਭਾਗ ਨੇ ਇਨ੍ਹਾਂ ਕਿਤਾਬਾਂ ਨੂੰ ਪੂਰੇ ਕੈਂਪ ਵਿਚ ਵੰਡ ਦਿੱਤਾ ਹੈ। . . . ਤੁਹਾਡਾ ਬਹੁਤ-ਬਹੁਤ ਧੰਨਵਾਦ।”

ਗਵਾਹਾਂ ਵੱਲੋਂ ਦਿੱਤੀ ਗਈ ਮਦਦ ਬਾਰੇ ਸਥਾਨਕ ਅਖ਼ਬਾਰਾਂ ਵਿਚ ਵੀ ਖ਼ਬਰਾਂ ਛਪੀਆਂ ਹਨ। ਸੰਡੇ ਨਿਊਜ਼ ਦੇ 20 ਮਈ 2001 ਦੇ ਅੰਕ ਵਿਚ ਇਹ ਸੁਰਖੀ ਛਪੀ ਸੀ: “ਆ ਰਹੇ ਹਨ ਤਨਜ਼ਾਨੀਆ ਦੇ ਰਫਿਊਜੀਆਂ ਲਈ ਕੱਪੜੇ।” ਇਸ ਅਖ਼ਬਾਰ ਦੇ 10 ਫਰਵਰੀ 2002 ਦੇ ਅੰਕ ਵਿਚ ਇਹ ਟਿੱਪਣੀ ਕੀਤੀ ਗਈ ਸੀ: “ਸ਼ਰਨਾਰਥੀ ਇਸ ਦਾਨ ਲਈ ਬਹੁਤ ਹੀ ਸ਼ੁਕਰਗੁਜ਼ਾਰ ਹਨ ਕਿਉਂਕਿ ਕੁਝ ਬੱਚੇ ਜੋ ਕੱਪੜੇ ਨਾ ਹੋਣ ਕਰਕੇ ਸਕੂਲ ਨਹੀਂ ਜਾ ਸਕਦੇ ਸਨ, ਹੁਣ ਬਾਕਾਇਦਾ ਸਕੂਲ ਜਾ ਰਹੇ ਹਨ।”

ਕਸ਼ਟ ਵਿਚ ਹਨ, ਪਰ ਹੱਦੋਂ ਵੱਧ ਨਹੀਂ

ਜ਼ਿਆਦਾਤਰ ਸ਼ਰਨਾਰਥੀਆਂ ਨੂੰ ਕੈਂਪ ਦੀ ਜ਼ਿੰਦਗੀ ਦੇ ਆਦੀ ਬਣਨ ਲਈ ਲਗਭਗ ਇਕ ਸਾਲ ਲੱਗ ਜਾਂਦਾ ਹੈ। ਉਹ ਸਾਦੀ ਜ਼ਿੰਦਗੀ ਬਤੀਤ ਕਰਦੇ ਹਨ। ਇਨ੍ਹਾਂ ਕੈਂਪਾਂ ਵਿਚ ਯਹੋਵਾਹ ਦੇ ਗਵਾਹ ਆਪਣਾ ਕਾਫ਼ੀ ਸਮਾਂ ਆਪਣੇ ਗੁਆਂਢੀਆਂ ਨੂੰ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਖ਼ੁਸ਼ ਖ਼ਬਰੀ ਸੁਣਾਉਣ ਵਿਚ ਲਗਾਉਂਦੇ ਹਨ। ਉਹ ਲੋਕਾਂ ਨੂੰ ਇਕ ਨਵੀਂ ਦੁਨੀਆਂ ਬਾਰੇ ਦੱਸਦੇ ਹਨ ਜਿਸ ਵਿਚ ਸਾਰੇ ਲੋਕ “ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਲੜਾਈ ਫੇਰ ਕਦੀ ਨਾ ਸਿੱਖਣਗੇ।” ਉਦੋਂ ਸਾਰੇ ਲੋਕ “ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦਾ ਮੁਖ ਵਾਕ ਹੈ।” ਇਹ ਅਜਿਹੀ ਦੁਨੀਆਂ ਹੋਵੇਗੀ ਜਿਸ ਵਿਚ ਪਰਮੇਸ਼ੁਰ ਦੀ ਕਿਰਪਾ ਨਾਲ ਕਿਸੇ ਵੀ ਰਫਿਊਜੀ ਕੈਂਪ ਦੀ ਲੋੜ ਨਹੀਂ ਹੋਵੇਗੀ।—ਮੀਕਾਹ 4:3, 4; ਜ਼ਬੂਰਾਂ ਦੀ ਪੋਥੀ 46:9.

[ਸਫ਼ੇ 8 ਉੱਤੇ ਤਸਵੀਰ]

ਨਡੂਟਾ ਕੈਂਪ ਦੇ ਘਰ

[ਸਫ਼ੇ 10 ਉੱਤੇ ਤਸਵੀਰਾਂ]

ਲੂਕੋਲੇ ਵਿਚ ਕਿੰਗਡਮ ਹਾਲ (ਸੱਜੇ) ਲੂਗੂਫ਼ੂ ਵਿਚ ਬਪਤਿਸਮਾ ਲੈ ਰਹੇ ਭੈਣ-ਭਰਾ (ਹੇਠਾਂ)

[ਸਫ਼ੇ 10 ਉੱਤੇ ਤਸਵੀਰ]

ਲੂਗੂਫ਼ੂ ਕੈਂਪ ਵਿਚ ਵੱਡਾ ਸੰਮੇਲਨ