Skip to content

Skip to table of contents

ਮਾਵਾਂ ਦੀ ਅਹਿਮ ਭੂਮਿਕਾ

ਮਾਵਾਂ ਦੀ ਅਹਿਮ ਭੂਮਿਕਾ

ਮਾਵਾਂ ਦੀ ਅਹਿਮ ਭੂਮਿਕਾ

ਸੰਸਾਰ ਭਰ ਵਿਚ ਨੌਕਰੀ-ਪੇਸ਼ਾ ਔਰਤਾਂ ਦੀ ਗਿਣਤੀ ਵਧ ਰਹੀ ਹੈ। ਅਮੀਰ ਦੇਸ਼ਾਂ ਵਿਚ ਕੰਮਕਾਜੀ ਔਰਤਾਂ ਅਤੇ ਮਰਦਾਂ ਦੀ ਗਿਣਤੀ ਲਗਭਗ ਬਰਾਬਰ ਹੈ। ਗ਼ਰੀਬ ਦੇਸ਼ਾਂ ਵਿਚ ਤੀਵੀਆਂ ਆਪਣੇ ਪਰਿਵਾਰ ਦਾ ਢਿੱਡ ਪਾਲਣ ਲਈ ਦਿਨ ਭਰ ਖੇਤਾਂ ਵਿਚ ਮਿਹਨਤ ਕਰਦੀਆਂ ਹਨ।

ਕਈ ਔਰਤਾਂ ਨਾ ਕੇਵਲ ਨੌਕਰੀ-ਪੇਸ਼ਾ ਕਰਦੀਆਂ ਹਨ, ਸਗੋਂ ਘਰ ਦਾ ਸਾਰਾ ਕੰਮ ਵੀ ਕਰਦੀਆਂ ਹਨ। ਆਪਣੀ ਮਿਹਨਤ ਦੀ ਕਮਾਈ ਨਾਲ ਉਹ ਘਰਦਿਆਂ ਲਈ ਰਾਸ਼ਨ-ਪਾਣੀ ਜੁਟਾਉਂਦੀਆਂ ਹਨ, ਕੱਪੜੇ-ਲੀੜੇ ਖ਼ਰੀਦਦੀਆਂ ਹਨ ਅਤੇ ਮਕਾਨ ਦਾ ਕਿਰਾਇਆ ਦਿੰਦੀਆਂ ਹਨ। ਇਸ ਤੋਂ ਇਲਾਵਾ, ਉਹ ਭੋਜਨ ਪਕਾਉਂਦੀਆਂ, ਕੱਪੜੇ ਧੋਂਦੀਆਂ, ਭਾਂਡੇ ਮਾਂਜਦੀਆਂ ਤੇ ਘਰ ਦੀ ਸਫ਼ਾਈ ਵਗੈਰਾ ਵੀ ਕਰਦੀਆਂ ਹਨ।

ਜਿਹੜੀਆਂ ਮਾਵਾਂ ਯਹੋਵਾਹ ਦੀਆਂ ਗਵਾਹਾਂ ਹਨ, ਉਨ੍ਹਾਂ ਦੀ ਇਕ ਹੋਰ ਜ਼ਿੰਮੇਵਾਰੀ ਇਹ ਵੀ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ। ਦੋ ਕੁੜੀਆਂ ਦੀ ਮਾਂ ਕ੍ਰਿਸਟੀਨਾ ਕਹਿੰਦੀ ਹੈ ਕਿ “ਸੱਚ ਪੁੱਛੋ ਤਾਂ ਛੋਟੇ ਬੱਚਿਆਂ ਦੇ ਹੁੰਦਿਆਂ ਨੌਕਰੀ ਕਰਨੀ ਅਤੇ ਨਾਲ ਹੀ ਘਰ ਦਾ ਸਾਰਾ ਕੰਮਕਾਜ ਕਰਨਾ ਬਹੁਤ ਔਖਾ ਹੈ। ਮੈਂ ਬੱਚਿਆਂ ਵੱਲ ਉੱਨਾ ਧਿਆਨ ਨਹੀਂ ਦੇ ਪਾਉਂਦੀ ਜਿੰਨੇ ਦੀ ਉਨ੍ਹਾਂ ਨੂੰ ਲੋੜ ਹੈ।”

ਕਿਉਂ ਇੰਨੀਆਂ ਸਾਰੀਆਂ ਮਾਵਾਂ ਕੰਮ ਕਰਨ ਲੱਗ ਪਈਆਂ ਹਨ? ਨੌਕਰੀਸ਼ੁਦਾ ਮਾਵਾਂ ਨੂੰ ਕਿਨ੍ਹਾਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? ਕੀ ਆਪਣੀ ਵੱਖਰੀ ਪਛਾਣ ਬਣਾਉਣ ਲਈ ਨੌਕਰੀ ਕਰਨੀ ਜ਼ਰੂਰੀ ਹੈ?

ਮਾਵਾਂ ਕਿਉਂ ਨੌਕਰੀ-ਪੇਸ਼ਾ ਕਰਦੀਆਂ ਹਨ

ਕਈ ਮਾਵਾਂ ਕੋਲ ਨੌਕਰੀ ਕਰਨ ਤੋਂ ਸਿਵਾਇ ਹੋਰ ਕੋਈ ਚਾਰਾ ਨਹੀਂ ਹੁੰਦਾ। ਕਈ ਵਿਧਵਾ ਹੁੰਦੀਆਂ ਹਨ ਤੇ ਕਈਆਂ ਦੇ ਪਤੀ ਉਨ੍ਹਾਂ ਨੂੰ ਛੱਡ ਗਏ ਹੁੰਦੇ ਹਨ। ਸੋ ਘਰ ਦਾ ਸਾਰਾ ਬੋਝ ਉਨ੍ਹਾਂ ਦੇ ਸਿਰ ਹੁੰਦਾ ਹੈ। ਦੂਜੇ ਪਾਸੇ, ਕਈ ਪਤਨੀਆਂ ਇਸ ਲਈ ਨੌਕਰੀ ਕਰਨ ਦਾ ਫ਼ੈਸਲਾ ਕਰਦੀਆਂ ਹਨ ਕਿਉਂਕਿ ਵਧਦੀ ਮਹਿੰਗਾਈ ਦੇ ਜ਼ਮਾਨੇ ਵਿਚ ਇਕ ਜਣੇ ਦੀ ਆਮਦਨੀ ਵਿਚ ਗੁਜ਼ਾਰਾ ਕਰਨਾ ਔਖਾ ਹੁੰਦਾ ਜਾ ਰਿਹਾ ਹੈ।

ਪਰ ਸਾਰੀਆਂ ਮਾਵਾਂ ਆਰਥਿਕ ਤੰਗੀ ਕਰਕੇ ਨੌਕਰੀ ਨਹੀਂ ਕਰਦੀਆਂ ਹਨ। ਕਈ ਮਾਵਾਂ ਆਪਣੀ ਇਕ ਵੱਖਰੀ ਪਛਾਣ ਬਣਾਉਣ ਲਈ ਕੰਮ ਕਰਦੀਆਂ ਹਨ। ਕਈ ਇਸ ਲਈ ਕੰਮ ਕਰਦੀਆਂ ਹਨ ਕਿ ਉਨ੍ਹਾਂ ਨੂੰ ਆਪਣੇ ਜੇਬ-ਖ਼ਰਚ ਲਈ ਆਪਣੇ ਪਤੀ ਅੱਗੇ ਹੱਥ ਨਾ ਅੱਡਣੇ ਪੈਣ ਜਾਂ ਉਹ ਆਪਣੇ ਪਸੰਦ ਦੀਆਂ ਚੀਜ਼ਾਂ ਖ਼ਰੀਦ ਸਕਣ। ਕਈ ਮਾਵਾਂ ਇਸ ਲਈ ਵੀ ਕੰਮ ਕਰਦੀਆਂ ਹਨ ਕਿ ਉਨ੍ਹਾਂ ਨੂੰ ਕੰਮ ਕਰ ਕੇ ਖ਼ੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ।

ਕੁਝ ਮਾਵਾਂ ਦੂਸਰਿਆਂ ਦੇ ਦਬਾਅ ਹੇਠ ਆ ਕੇ ਕੰਮ ਕਰਨ ਲੱਗ ਪੈਂਦੀਆਂ ਹਨ। ਹਾਲਾਂਕਿ ਲੋਕ ਮੰਨਦੇ ਹਨ ਕਿ ਕੰਮਕਾਜੀ ਮਾਵਾਂ ਦੋਹਰੀਆਂ ਜ਼ਿੰਮੇਵਾਰੀਆਂ ਨਿਭਾਉਣ ਕਰਕੇ ਅਕਸਰ ਤਣਾਅ ਵਿਚ ਰਹਿੰਦੀਆਂ ਤੇ ਥੱਕ-ਟੁੱਟ ਜਾਂਦੀਆਂ ਹਨ, ਪਰ ਇਹੋ ਲੋਕ ਉਨ੍ਹਾਂ ਸੁਆਣੀਆਂ ਦੀ ਨਿੰਦਿਆ ਕਰਦੇ ਹਨ ਜੋ ਘਰ ਰਹਿ ਕੇ ਗ੍ਰਹਿਸਥੀ ਸੰਭਾਲਣ ਦਾ ਫ਼ੈਸਲਾ ਕਰਦੀਆਂ ਹਨ। ਜਿਵੇਂ ਇਕ ਤੀਵੀਂ ਨੇ ਕਿਹਾ: “ਜਦੋਂ ਮੈਂ ਦੂਸਰਿਆਂ ਨੂੰ ਦੱਸਦੀ ਹਾਂ ਕਿ ਮੈਂ ਕੇਵਲ ਇਕ ‘ਸੁਆਣੀ’ ਹਾਂ, ਤਾਂ ਉਹ ਕਹਿੰਦੇ ਹਨ ਕਿ ਮੈਂ ਆਪਣੀ ਜ਼ਿੰਦਗੀ ਜ਼ਾਇਆ ਕਰ ਰਹੀ ਹਾਂ। ਜੇਕਰ ਉਹ ਕੁਝ ਨਾ ਵੀ ਕਹਿਣ, ਫਿਰ ਵੀ ਉਨ੍ਹਾਂ ਦੇ ਚਿਹਰਿਆਂ ਦੇ ਹਾਵਾਂ-ਭਾਵਾਂ ਤੋਂ ਉਨ੍ਹਾਂ ਦੇ ਵਿਚਾਰ ਸਾਫ਼ ਜ਼ਾਹਰ ਹੋ ਜਾਂਦੇ ਹਨ।” ਰਬੈਕਾ, ਜਿਸ ਦੀ ਦੋ ਸਾਲ ਦੀ ਧੀ ਹੈ, ਕਹਿੰਦੀ ਹੈ: “ਭਾਵੇਂ ਕਿ ਸਾਡਾ ਸਮਾਜ ਮੰਨਦਾ ਹੈ ਕਿ ਔਰਤਾਂ ਨੂੰ ਬੱਚਿਆਂ ਦੀ ਚੰਗੀ ਦੇਖ-ਭਾਲ ਕਰਨੀ ਚਾਹੀਦੀ ਹੈ, ਪਰ ਫਿਰ ਵੀ ਘਰੇਲੂ ਔਰਤਾਂ ਨੂੰ ਉੱਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਜਿੰਨੀ ਕਿ ਨੌਕਰੀ-ਪੇਸ਼ਾ ਔਰਤਾਂ ਨੂੰ ਦਿੱਤੀ ਜਾਂਦੀ ਹੈ।”

ਅਸਲੀਅਤ ਕੀ ਹੈ

ਦੁਨੀਆਂ ਦੇ ਕਈ ਹਿੱਸਿਆਂ ਵਿਚ ਫ਼ਿਲਮਾਂ ਵਿਚ ਅਕਸਰ ਦਿਖਾਇਆ ਜਾਂਦਾ ਹੈ ਕਿ “ਕਾਮਯਾਬ ਔਰਤ” ਉਹ ਹੈ ਜੋ ਨੌਕਰੀ-ਪੇਸ਼ਾ ਕਰਦੀ ਹੈ, ਚੰਗਾ ਕਮਾਉਂਦੀ ਹੈ, ਟਿਪ-ਟਾਪ ਕੱਪੜੇ ਪਾਉਂਦੀ ਹੈ ਅਤੇ ਪੂਰੇ ਵਿਸ਼ਵਾਸ ਨਾਲ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੀ ਹੈ। ਪੂਰਾ ਦਿਨ ਕੰਮ ਕਰ ਕੇ ਵੀ ਉਹ ਕਦੇ ਥੱਕਦੀ ਨਹੀਂ, ਸਗੋਂ ਘਰ ਆ ਕੇ ਉਹ ਫੁਰਤੀ ਨਾਲ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੀ, ਪਤੀ ਦੀਆਂ ਗ਼ਲਤੀਆਂ ਨੂੰ ਸੁਧਾਰਦੀ ਅਤੇ ਹੋਰ ਘਰੇਲੂ ਮਸਲਿਆਂ ਨਾਲ ਖਿੜੇ ਮੱਥੇ ਨਜਿੱਠਦੀ ਹੈ। ਪਰ ਇਹ ਸਭ ਸਿਰਫ਼ ਫ਼ਿਲਮਾਂ ਵਿਚ ਹੀ ਹੁੰਦਾ ਹੈ, ਅਸਲੀ ਜੀਵਨ ਵਿਚ ਨਹੀਂ।

ਅਸਲੀਅਤ ਤਾਂ ਇਹ ਹੈ ਕਿ ਕਈ ਔਰਤਾਂ ਦਾ ਕੰਮ ਅਕਾਊ ਹੁੰਦਾ ਹੈ ਅਤੇ ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਬਹੁਤ ਘੱਟ ਤਨਖ਼ਾਹ ਮਿਲਦੀ ਹੈ। ਇਸ ਤੋਂ ਇਲਾਵਾ, ਕਈ ਕੰਮਕਾਜੀ ਮਾਵਾਂ ਇਸ ਗੱਲੋਂ ਨਿਰਾਸ਼ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਆਪਣੀਆਂ ਕਾਬਲੀਅਤਾਂ ਦੇ ਮੁਤਾਬਕ ਕੰਮ ਨਹੀਂ ਮਿਲਦਾ। ਸਮਾਜ ਦੀ ਸੋਚ ਉੱਤੇ ਛਾਪੀ ਗਈ ਇਕ ਕਿਤਾਬ ਨੇ ਕਿਹਾ: “ਅੱਜ-ਕੱਲ੍ਹ ਔਰਤਾਂ ਹਰ ਖੇਤਰ ਵਿਚ ਮਰਦਾਂ ਨਾਲ ਡੱਟ ਕੇ ਮੁਕਾਬਲਾ ਕਰ ਰਹੀਆਂ ਹਨ। ਪਰ ਫਿਰ ਵੀ ਪੁਰਸ਼ਾਂ ਦੇ ਮੁਕਾਬਲੇ ਉਨ੍ਹਾਂ ਨੂੰ ਘੱਟ ਦਰਜੇ ਦਾ ਕੰਮ ਅਤੇ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ। ਸੋ ਜਿਹੜੀਆਂ ਔਰਤਾਂ ਨੌਕਰੀ-ਪੇਸ਼ਾ ਕਰ ਕੇ ਕੁਝ ਬਣਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।” ਸਪੇਨ ਦੀ ਇਕ ਅਖ਼ਬਾਰ ਐੱਲ ਪਾਈਸ ਮੁਤਾਬਕ, “ਮਰਦਾਂ ਦੇ ਮੁਕਾਬਲੇ ਔਰਤਾਂ ਤਿੰਨ ਗੁਣਾ ਜ਼ਿਆਦਾ ਚਿੰਤਾ-ਰੋਗ ਦੀਆਂ ਸ਼ਿਕਾਰ ਹੁੰਦੀਆਂ ਹਨ ਕਿਉਂਕਿ ਜ਼ਿਆਦਾਤਰ ਔਰਤਾਂ ਦੋਹਰੀਆਂ ਜ਼ਿੰਮੇਵਾਰੀਆਂ ਦੀ ਪੰਡ ਦਾ ਬੋਝ ਢੋਂਹਦੀਆਂ ਹਨ। ਉਹ ਨੌਕਰੀ ਕਰਨ ਦੇ ਨਾਲ-ਨਾਲ ਘਰ ਦਾ ਵੀ ਸਾਰਾ ਕੰਮ ਕਰਦੀਆਂ ਹਨ।”

ਪਤੀਓ, ਹੱਥ ਵਟਾਓ

ਮਾਵਾਂ ਨੂੰ ਨੌਕਰੀ ਕਰਨੀ ਚਾਹੀਦੀ ਹੈ ਜਾਂ ਨਹੀਂ, ਇਹ ਉਨ੍ਹਾਂ ਦਾ ਨਿੱਜੀ ਫ਼ੈਸਲਾ ਹੈ। ਵਿਆਹੁਤਾ ਤੀਵੀਆਂ ਨੂੰ ਕੰਮ ਕਰਨ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਨਫ਼ੇ-ਨੁਕਸਾਨ ਬਾਰੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਪਤੀ ਦੀ ਵੀ ਰਾਇ ਲੈਣੀ ਚਾਹੀਦੀ ਹੈ।​—⁠ਕਹਾਉਤਾਂ 14:⁠15.

ਕਈ ਵਾਰ ਆਰਥਿਕ ਤੰਗੀ ਕਾਰਨ ਪਤੀ-ਪਤਨੀ ਲਈ ਕੰਮ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ। ਇਸ ਹਾਲਤ ਵਿਚ ਪਤੀ ਨੂੰ ਬਾਈਬਲ ਦੀ ਇਹ ਸਲਾਹ ਚੇਤੇ ਰੱਖਣੀ ਚਾਹੀਦੀ ਹੈ: ‘ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਅਤੇ ਇਹ ਭੀ ਭਈ ਤੁਸੀਂ ਦੋਵੇਂ ਜੀਵਨ ਦੀ ਬਖ਼ਸ਼ੀਸ਼ ਦੇ ਸਾਂਝੇ ਅਧਕਾਰੀ ਹੋ ਉਹ ਦਾ ਆਦਰ ਕਰੋ।’ (1 ਪਤਰਸ 3:7) ਪਤੀ ਆਪਣੀ ਪਤਨੀ ਦਾ ਆਦਰ ਕਿਵੇਂ ਕਰ ਸਕਦਾ ਹੈ? ਉਸ ਦੀਆਂ ਸਰੀਰਕ ਤੇ ਭਾਵਾਤਮਕ ਲੋੜਾਂ ਨੂੰ ਧਿਆਨ ਵਿਚ ਰੱਖ ਕੇ। ਮੌਕਾ ਮਿਲਣ ਤੇ ਪਤੀ ਘਰ ਦੇ ਕੰਮਾਂ-ਕਾਰਾਂ ਵਿਚ ਪਤਨੀ ਦਾ ਹੱਥ ਵਟਾ ਸਕਦਾ ਹੈ। ਯਿਸੂ ਵਾਂਗ ਪਤੀ ਵੀ ਛੋਟੇ-ਮੋਟੇ ਕੰਮ ਕਰਨ ਵਿਚ ਸ਼ਰਮ ਮਹਿਸੂਸ ਨਹੀਂ ਕਰੇਗਾ, ਸਗੋਂ ਆਪਣੀ ਮਿਹਨਤੀ ਬੀਵੀ ਦੀ ਮਦਦ ਕਰ ਕੇ ਆਪਣੇ ਪਿਆਰ ਦਾ ਸਬੂਤ ਦੇਵੇਗਾ। (ਯੂਹੰਨਾ 13:​12-15) ਇੱਦਾਂ ਕਰਨ ਨਾਲ ਪਤਨੀ ਦੀ ਨਜ਼ਰ ਵਿਚ ਪਤੀ ਦੀ ਇੱਜ਼ਤ ਹੋਰ ਵਧ ਜਾਂਦੀ ਹੈ।​—⁠ਅਫ਼ਸੀਆਂ 5:​25, 28, 29.

ਜਦੋਂ ਪਤੀ-ਪਤਨੀ ਦੋਨੋਂ ਨੌਕਰੀ ਕਰਦੇ ਹਨ, ਤਾਂ ਘਰ ਵਿਚ ਉਨ੍ਹਾਂ ਦਾ ਆਪਸੀ ਸਹਿਯੋਗ ਹੋਣਾ ਬੇਹੱਦ ਜ਼ਰੂਰੀ ਹੈ। ਸਪੇਨ ਦੀ ਏ. ਬੀ. ਸੀ. ਅਖ਼ਬਾਰ ਵਿਚ ਛਪੀ ਇਕ ਰਿਪੋਰਟ ਵਿਚ ਇਸੇ ਗੱਲ ਤੇ ਜ਼ੋਰ ਦਿੱਤਾ ਗਿਆ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਗ੍ਰਹਿਸਥ ਜੀਵਨ ਉੱਤੇ ਕੀਤੇ ਗਏ ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਸਪੇਨ ਵਿਚ ਤਲਾਕ ਦੀ ਉੱਚੀ ਦਰ ਦਾ ਕਾਰਨ ਸਿਰਫ਼ “ਧਾਰਮਿਕ ਤੇ ਨੈਤਿਕ ਕਦਰਾਂ-ਕੀਮਤਾਂ ਦਾ ਪਤਨ” ਹੀ ਨਹੀਂ ਹੈ। ਕਈ ਪਰਿਵਾਰ ਇਸ ਕਰਕੇ ਵੀ ਟੁੱਟ ਜਾਂਦੇ ਹਨ ਕਿ ‘ਬੀਵੀਆਂ ਘਰੋਂ ਬਾਹਰ ਕੰਮ ਕਰਨ ਲੱਗ ਪਈਆਂ ਹਨ, ਪਰ ਉਨ੍ਹਾਂ ਦੇ ਮਰਦ ਘਰ ਦੇ ਕੰਮਕਾਜ ਵਿਚ ਉਨ੍ਹਾਂ ਦਾ ਹੱਥ ਨਹੀਂ ਵਟਾਉਂਦੇ।’

ਮਸੀਹੀ ਮਾਵਾਂ ਦੀ ਅਹਿਮ ਭੂਮਿਕਾ

ਯਹੋਵਾਹ ਪਰਮੇਸ਼ੁਰ ਨੇ ਬੱਚਿਆਂ ਨੂੰ ਸਹੀ ਸਿਖਲਾਈ ਦੇਣ ਦੀ ਮੁੱਖ ਜ਼ਿੰਮੇਵਾਰੀ ਪਿਤਾ ਨੂੰ ਦਿੱਤੀ ਹੈ। ਪਰ ਮਸੀਹੀ ਮਾਵਾਂ ਜਾਣਦੀਆਂ ਹਨ ਕਿ ਬੱਚਿਆਂ ਦੀ ਪਰਵਰਿਸ਼ ਵਿਚ ਉਨ੍ਹਾਂ ਦਾ ਵੀ ਵੱਡਾ ਹੱਥ ਹੈ, ਖ਼ਾਸਕਰ ਜਦੋਂ ਬੱਚੇ ਅਜੇ ਛੋਟੇ ਹੁੰਦੇ ਹਨ। (ਕਹਾਉਤਾਂ 1:8; ਅਫ਼ਸੀਆਂ 6:4) ਯਹੋਵਾਹ ਨੇ ਮਾਤਾ-ਪਿਤਾ ਦੋਨਾਂ ਨੂੰ ਹਿਦਾਇਤ ਦਿੱਤੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਪਰਮੇਸ਼ੁਰੀ ਮਿਆਰ ਸਿਖਾਉਣ। ਪਰਮੇਸ਼ੁਰ ਜਾਣਦਾ ਸੀ ਕਿ ਨਿਆਣਿਆਂ ਨੂੰ ਸਿਖਾਉਣ ਲਈ ਧੀਰਜ ਅਤੇ ਸਮੇਂ ਦੀ ਲੋੜ ਹੁੰਦੀ ਹੈ। ਸੋ ਉਸ ਨੇ ਮਾਪਿਆਂ ਨੂੰ ਕਿਹਾ ਕਿ ਉਹ ਘਰ ਵਿਚ ਬੈਠਿਆਂ, ਰਾਹ ਵਿਚ ਤੁਰਦਿਆਂ ਤੇ ਉੱਠਦੇ-ਲੇਟਦਿਆਂ ਆਪਣੇ ਬੱਚਿਆਂ ਨੂੰ ਸਹੀ ਤਾਲੀਮ ਦੇਣ।​—⁠ਬਿਵਸਥਾ ਸਾਰ 6:​4-7.

ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਮਾਵਾਂ ਦੀ ਅਹਿਮ ਅਤੇ ਆਦਰਯੋਗ ਭੂਮਿਕਾ ਦੱਸੀ ਗਈ ਹੈ। ਇਸ ਵਿਚ ਬੱਚਿਆਂ ਨੂੰ ਹੁਕਮ ਕੀਤਾ ਗਿਆ ਹੈ: ‘ਤੂੰ ਆਪਣੀ ਮਾਤਾ ਦੀ ਤਾਲੀਮ ਨੂੰ ਨਾ ਛੱਡ।’ (ਕਹਾਉਤਾਂ 6:20) ਇਸ ਆਇਤ ਵਿਚ “ਤਾਲੀਮ” ਅਨੁਵਾਦ ਕੀਤੇ ਗਏ ਮੂਲ ਇਬਰਾਨੀ ਸ਼ਬਦ ਦਾ ਅਸਲੀ ਮਤਲਬ ਹੈ “ਕਾਨੂੰਨ।” ਇਸ ਤੋਂ ਪਤਾ ਲੱਗਦਾ ਹੈ ਕਿ ਮਾਵਾਂ ਨੂੰ ਆਪਣੇ ਬੱਚਿਆਂ ਲਈ ਕਾਇਦੇ-ਕਾਨੂੰਨ ਬਣਾਉਣ ਦਾ ਹੱਕ ਹੈ। ਪਰ ਇਕ ਸਮਝਦਾਰ ਮਾਂ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਆਪਣੇ ਪਤੀ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰੇਗੀ। ਜਦੋਂ ਮਾਵਾਂ ਬੱਚਿਆਂ ਨੂੰ ਪਰਮੇਸ਼ੁਰ ਦਾ ਗਿਆਨ ਦਿੰਦੀਆਂ ਅਤੇ ਨੈਤਿਕ ਅਸੂਲ ਸਿਖਾਉਂਦੀਆਂ ਹਨ, ਤਾਂ ਉਨ੍ਹਾਂ ਦੀ ਸਿੱਖਿਆ ਉੱਤੇ ਚੱਲ ਕੇ ਬੱਚੇ ਬਹੁਤ ਲਾਭ ਹਾਸਲ ਕਰਦੇ ਹਨ। (ਕਹਾਉਤਾਂ 6:​21, 22) ਦੋ ਮੁੰਡਿਆਂ ਦੀ ਮਾਂ ਟਰੀਜ਼ਾ ਸਮਝਾਉਂਦੀ ਹੈ ਕਿ ਉਹ ਨੌਕਰੀ ਕਿਉਂ ਨਹੀਂ ਕਰਦੀ। ਉਹ ਕਹਿੰਦੀ ਹੈ: “ਪਰਮੇਸ਼ੁਰ ਦੇ ਦੱਸੇ ਰਾਹ ਅਨੁਸਾਰ ਬੱਚਿਆਂ ਦੀ ਸਹੀ ਪਰਵਰਿਸ਼ ਕਰਨੀ ਮੇਰਾ ਸਭ ਤੋਂ ਵੱਡਾ ਫ਼ਰਜ਼ ਹੈ। ਤੇ ਮੈਂ ਇਸ ਫ਼ਰਜ਼ ਨੂੰ ਬਾਖੂਬੀ ਨਿਭਾਉਣਾ ਚਾਹੁੰਦੀ ਹਾਂ।”

ਚੰਗੀਆਂ ਮਾਵਾਂ

ਪ੍ਰਾਚੀਨ ਇਸਰਾਏਲ ਦੇ ਰਾਜਾ ਲਮੂਏਲ ਨੂੰ ਉਸ ਦੀ ਮਾਤਾ ਦੀ ਚੰਗੀ ਸਿੱਖਿਆ ਤੋਂ ਬਹੁਤ ਲਾਭ ਹੋਇਆ। ਇਸ ਮਾਤਾ ਦੀ “ਸਿੱਖਿਆ” ਅਤੇ “ਸਿਆਣਿਆਂ ਕਹਾਉਤਾਂ” ਅੱਜ ਪਰਮੇਸ਼ੁਰ ਦੇ ਬਚਨ ਬਾਈਬਲ ਦਾ ਅਹਿਮ ਹਿੱਸਾ ਹਨ। (ਕਹਾਉਤਾਂ 31:​1, ERV; 2 ਤਿਮੋਥਿਉਸ 3:16) ਰਾਜਾ ਲਮੂਏਲ ਦੀ ਮਾਤਾ ਨੇ ਪਤਵੰਤੀ ਇਸਤ੍ਰੀ ਦੇ ਕਈ ਸਦਗੁਣ ਦੱਸੇ ਜਿਨ੍ਹਾਂ ਨੂੰ ਧਿਆਨ ਵਿਚ ਰੱਖ ਕੇ ਅੱਜ ਵੀ ਮੁੰਡੇ ਆਪਣੇ ਲਈ ਚੰਗੀ ਜੀਵਨ-ਸਾਥਣ ਲੱਭ ਸਕਦੇ ਹਨ। ਲਮੂਏਲ ਦੀ ਮਾਂ ਨੇ ਆਪਣੇ ਪੁੱਤ ਨੂੰ ਅਨੈਤਿਕਤਾ ਅਤੇ ਸ਼ਰਾਬਖੋਰੀ ਤੋਂ ਖ਼ਬਰਦਾਰ ਕੀਤਾ ਸੀ। ਦੁਨੀਆਂ ਦੇ ਵਿਗੜਦੇ ਚਾਲ-ਚਲਣ ਨੂੰ ਦੇਖਦਿਆਂ ਅੱਜ ਸਾਡੇ ਲਈ ਇਸ ਸਲਾਹ ਨੂੰ ਮੰਨਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ।​—⁠ਕਹਾਉਤਾਂ 31:​3-5, 10-31.

ਪਹਿਲੀ ਸਦੀ ਵਿਚ ਯਿਸੂ ਦੇ ਚੇਲੇ ਪੌਲੁਸ ਨੇ ਯੂਨੀਕਾ ਨਾਂ ਦੀ ਇਕ ਮਾਂ ਦੀ ਬਹੁਤ ਤਾਰੀਫ਼ ਕੀਤੀ ਸੀ ਕਿਉਂਕਿ ਉਸ ਨੇ ਆਪਣੇ ਮੁੰਡੇ ਤਿਮੋਥਿਉਸ ਨੂੰ ਵਧੀਆ ਸਿੱਖਿਆ ਦਿੱਤੀ ਸੀ। ਸੰਭਵ ਹੈ ਕਿ ਯੂਨੀਕਾ ਦਾ ਪਤੀ ਯੂਨਾਨੀ ਦੇਵੀ-ਦੇਵਤਿਆਂ ਨੂੰ ਮੰਨਦਾ ਸੀ। ਸੋ ਯੂਨੀਕਾ ਨੇ “ਪਵਿੱਤਰ ਲਿਖਤਾਂ” ਵਿੱਚੋਂ ਤਿਮੋਥਿਉਸ ਨੂੰ ਸੱਚੇ ਪਰਮੇਸ਼ੁਰ ਬਾਰੇ ਸਿਖਾਉਣ ਲਈ ਕਾਫ਼ੀ ਮਿਹਨਤ ਕੀਤੀ ਹੋਣੀ। ਉਸ ਨੇ ਤਿਮੋਥਿਉਸ ਨੂੰ ਕਦੋਂ ਸਿਖਾਉਣਾ ਸ਼ੁਰੂ ਕੀਤਾ? ਬਾਈਬਲ ਕਹਿੰਦੀ ਹੈ ਕਿ ਤਿਮੋਥਿਉਸ ਨੇ “ਬਾਲ ਅਵਸਥਾ” ਤੋਂ ਪਰਮੇਸ਼ੁਰ ਦਾ ਗਿਆਨ ਲਿਆ। (2 ਤਿਮੋਥਿਉਸ 1:5; 3:​14, 15) ਆਪਣੀ ਮਾਂ ਦੀ ਚੰਗੀ ਤਾਲੀਮ, ਉਸ ਦੀ ਵਧੀਆ ਮਿਸਾਲ ਅਤੇ ਪਰਮੇਸ਼ੁਰ ਵਿਚ ਪੱਕੀ ਨਿਹਚਾ ਦੇਖ ਕੇ ਤਿਮੋਥਿਉਸ ਵੀ ਵੱਡਾ ਹੋ ਕੇ ਯਹੋਵਾਹ ਦਾ ਜੋਸ਼ੀਲਾ ਭਗਤ ਬਣਿਆ।​—⁠ਫ਼ਿਲਿੱਪੀਆਂ 2:​19-22.

ਬਾਈਬਲ ਵਿਚ ਉਨ੍ਹਾਂ ਮਾਵਾਂ ਦਾ ਵੀ ਜ਼ਿਕਰ ਹੈ ਜਿਨ੍ਹਾਂ ਦੀ ਮਹਿਮਾਨਨਿਵਾਜ਼ੀ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਪਰਮੇਸ਼ੁਰ ਦੇ ਵਫ਼ਾਦਾਰ ਭਗਤਾਂ ਨਾਲ ਮਿਲਣ-ਗਿਲਣ ਅਤੇ ਉਨ੍ਹਾਂ ਦੀਆਂ ਮਿਸਾਲਾਂ ਤੋਂ ਸਿੱਖਣ ਦਾ ਮੌਕਾ ਮਿਲਿਆ। ਉਦਾਹਰਣ ਲਈ, ਸ਼ੂਨੇਮ ਦੀ ਰਹਿਣ ਵਾਲੀ ਇਕ ਤੀਵੀਂ ਬਾਕਾਇਦਾ ਤੌਰ ਤੇ ਅਲੀਸ਼ਾ ਨਬੀ ਨੂੰ ਆਪਣੇ ਘਰ ਠਹਿਰਾਉਂਦੀ ਸੀ। ਬਾਈਬਲ ਦੱਸਦੀ ਹੈ ਕਿ ਜਦੋਂ ਉਸ ਦਾ ਮੁੰਡਾ ਬੀਮਾਰ ਹੋ ਕੇ ਮਰ ਗਿਆ, ਤਾਂ ਅਲੀਸ਼ਾ ਨਬੀ ਨੇ ਉਸ ਨੂੰ ਜੀ ਉਠਾਇਆ ਸੀ। ਇਸ ਮੁੰਡੇ ਨੇ ਵੀ ਅਲੀਸ਼ਾ ਨਬੀ ਤੋਂ ਬਹੁਤ ਕੁਝ ਸਿੱਖਿਆ ਹੋਣਾ। (2 ਰਾਜਿਆਂ 4:8-10, 32-37) ਇਸ ਤੋਂ ਇਲਾਵਾ, ਮਰਿਯਮ ਦੀ ਉਦਾਹਰਣ ਉੱਤੇ ਵੀ ਗੌਰ ਕਰੋ ਜਿਸ ਦੇ ਮੁੰਡੇ ਮਰਕੁਸ ਨੂੰ ਬਾਅਦ ਵਿਚ ਬਾਈਬਲ ਦਾ ਕੁਝ ਹਿੱਸਾ ਲਿਖਣ ਦਾ ਸਨਮਾਨ ਮਿਲਿਆ ਸੀ। ਮਰਿਯਮ ਯਰੂਸ਼ਲਮ ਵਿਚ ਰਹਿੰਦੀ ਸੀ ਅਤੇ ਉਸ ਦੇ ਘਰ ਦੇ ਦਰਵਾਜ਼ੇ ਯਿਸੂ ਦੇ ਚੇਲਿਆਂ ਲਈ ਖੁੱਲ੍ਹੇ ਸਨ ਤਾਂਕਿ ਉਹ ਉੱਥੇ ਸਭਾਵਾਂ ਕਰ ਸਕਣ। (ਰਸੂਲਾਂ ਦੇ ਕਰਤੱਬ 12:12) ਆਪਣੇ ਘਰ ਇਕੱਠੇ ਹੋਏ ਵਫ਼ਾਦਾਰ ਮਸੀਹੀਆਂ ਦੀ ਸੰਗਤ ਕਰ ਕੇ ਯਕੀਨਨ ਮਰਕੁਸ ਨੂੰ ਬਹੁਤ ਫ਼ਾਇਦਾ ਹੋਇਆ ਹੋਣਾ।

ਯਹੋਵਾਹ ਇਨ੍ਹਾਂ ਵਫ਼ਾਦਾਰ ਤੀਵੀਆਂ ਦੀ ਬਹੁਤ ਕਦਰ ਕਰਦਾ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦਾ ਗਿਆਨ ਦੇਣ ਵਿਚ ਸਖ਼ਤ ਮਿਹਨਤ ਕੀਤੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਦੇ ਦਿਲ ਵਿਚ ਉਨ੍ਹਾਂ ਲਈ ਖ਼ਾਸ ਜਗ੍ਹਾ ਹੈ।​—⁠2 ਸਮੂਏਲ 22:26; ਕਹਾਉਤਾਂ 14:⁠1.

ਤਸੱਲੀਬਖ਼ਸ਼ ਫ਼ੈਸਲਾ

ਉੱਪਰ ਦੱਸੀਆਂ ਉਦਾਹਰਣਾਂ ਤੋਂ ਅਸੀਂ ਦੇਖਦੇ ਹਾਂ ਕਿ ਆਪਣੇ ਬੱਚਿਆਂ ਦੀਆਂ ਸਰੀਰਕ, ਰੂਹਾਨੀ ਤੇ ਭਾਵਾਤਮਕ ਲੋੜਾਂ ਪੂਰੀਆਂ ਕਰਨ ਨਾਲ ਮਾਵਾਂ ਨੂੰ ਦਿਲੀ ਖ਼ੁਸ਼ੀ ਤੇ ਤਸੱਲੀ ਮਿਲਦੀ ਹੈ। ਪਰ ਮਾਂ ਦੀ ਭੂਮਿਕਾ ਸੌਖੀ ਨਹੀਂ ਹੈ। ਮਾਵਾਂ ਦਾ ਕੰਮ ਅਕਸਰ ਦਫ਼ਤਰ ਵਿਚ ਕੰਮ ਕਰਨ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੁੰਦਾ ਹੈ।

ਜੇਕਰ ਕੋਈ ਮਾਂ ਆਪਣੇ ਪਤੀ ਦੀ ਰਜ਼ਾਮੰਦੀ ਨਾਲ ਨੌਕਰੀ ਛੱਡਣ ਦਾ ਫ਼ੈਸਲਾ ਕਰਦੀ ਹੈ, ਤਾਂ ਹੋ ਸਕਦਾ ਹੈ ਕਿ ਆਮਦਨ ਘੱਟ ਹੋਣ ਕਰਕੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਵਾਂਗ ਠਾਠ-ਬਾਠ ਦੀ ਜ਼ਿੰਦਗੀ ਨਾ ਜੀ ਸਕੇ। ਨਤੀਜੇ ਵਜੋਂ ਦੂਸਰੇ ਸ਼ਾਇਦ ਉਸ ਨੂੰ ਅਕਲ ਦੀ ਮਾਰੀ ਕਹਿ ਕੇ ਤਾਅਨੇ ਮਾਰਨ। ਪਰ ਆਪਣੇ ਬੱਚਿਆਂ ਵੱਲ ਜ਼ਰੂਰੀ ਧਿਆਨ ਦੇਣ ਦੇ ਜੋ ਫ਼ਾਇਦੇ ਹੁੰਦੇ ਹਨ, ਉਹ ਇਕ ਮਾਂ ਲਈ ਕਿਤੇ ਜ਼ਿਆਦਾ ਅਹਿਮੀਅਤ ਰੱਖਦੇ ਹਨ। ਪੈਕੀਅ ਤਿੰਨ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਦੇ ਨਾਲ-ਨਾਲ ਪਾਰਟ-ਟਾਈਮ ਕੰਮ ਵੀ ਕਰਦੀ ਹੈ। ਉਹ ਕਹਿੰਦੀ ਹੈ: “ਮੈਂ ਚਾਹੁੰਦੀ ਹਾਂ ਕਿ ਜਦੋਂ ਬੱਚੇ ਸਕੂਲੋਂ ਘਰ ਆਉਣ, ਤਾਂ ਉਨ੍ਹਾਂ ਨਾਲ ਗੱਲ ਕਰਨ ਲਈ ਮੈਂ ਘਰ ਹੋਵਾਂ। ” ਉਹ ਦੇ ਘਰ ਰਹਿਣ ਨਾਲ ਬੱਚਿਆਂ ਨੂੰ ਕੀ ਲਾਭ ਹੋਇਆ ਹੈ? ਪੈਕੀਅ ਦੱਸਦੀ ਹੈ: “ਮੈਂ ਰੋਜ਼ ਉਨ੍ਹਾਂ ਨੂੰ ਹੋਮਵਰਕ ਕਰਾਉਂਦੀ ਹਾਂ ਅਤੇ ਜੇ ਕੋਈ ਮੁਸ਼ਕਲ ਆ ਜਾਵੇ, ਤਾਂ ਉਸ ਨੂੰ ਹੱਲ ਕਰਨ ਵਿਚ ਮੈਂ ਉਨ੍ਹਾਂ ਦੀ ਮਦਦ ਕਰਦੀ ਹਾਂ। ਬੱਚਿਆਂ ਨਾਲ ਰੋਜ਼ ਸਮਾਂ ਬਿਤਾਉਣ ਦਾ ਇਹ ਫ਼ਾਇਦਾ ਹੋਇਆ ਹੈ ਕਿ ਉਹ ਵੀ ਖੁੱਲ੍ਹ ਕੇ ਮੇਰੇ ਨਾਲ ਗੱਲਾਂ ਕਰਦੇ ਹਨ। ਬੱਚਿਆਂ ਨਾਲ ਬਿਤਾਇਆ ਇਹ ਸਮਾਂ ਮੇਰੇ ਲਈ ਇੰਨਾ ਕੀਮਤੀ ਹੈ ਕਿ ਮੈਂ ਫੁਲ-ਟਾਈਮ ਕੰਮ ਲੈਣ ਤੋਂ ਇਨਕਾਰ ਕਰ ਦਿੱਤਾ।”

ਕਈ ਮਾਵਾਂ ਨੇ ਦੇਖਿਆ ਹੈ ਕਿ ਫੁਲ-ਟਾਈਮ ਕੰਮ ਛੱਡਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਫ਼ਾਇਦਾ ਹੋਇਆ ਹੈ। ਪਹਿਲਾਂ ਜ਼ਿਕਰ ਕੀਤੀ ਗਈ ਕ੍ਰਿਸਟੀਨਾ ਕਹਿੰਦੀ ਹੈ: “ਮੇਰੇ ਨੌਕਰੀ ਛੱਡਣ ਨਾਲ ਸਾਡੇ ਘਰ ਦੇ ਮਾਹੌਲ ਵਿਚ ਵੱਡਾ ਸੁਧਾਰ ਆਇਆ। ਹੁਣ ਮੇਰੇ ਕੋਲ ਬੱਚਿਆਂ ਨਾਲ ਗੱਲ ਕਰਨ ਅਤੇ ਲੋੜ ਪੈਣ ਤੇ ਆਪਣੇ ਪਤੀ ਦੀ ਮਦਦ ਕਰਨ ਦਾ ਵੀ ਸਮਾਂ ਹੈ। ਆਪਣੀਆਂ ਕੁੜੀਆਂ ਨੂੰ ਪੜ੍ਹਾਉਣ ਵਿਚ ਮੈਨੂੰ ਬਹੁਤ ਮਜ਼ਾ ਆਉਂਦਾ ਹੈ।” ਕ੍ਰਿਸਟੀਨਾ ਖ਼ਾਸਕਰ ਉਸ ਸਮੇਂ ਨੂੰ ਯਾਦ ਕਰਦੀ ਹੈ ਜਦੋਂ ਉਸ ਦੀ ਛੋਟੀ ਧੀ ਨੇ ਤੁਰਨਾ ਸਿੱਖਿਆ ਸੀ। ਉਹ ਕਹਿੰਦੀ ਹੈ: “ਮੇਰੀ ਵੱਡੀ ਕੁੜੀ ਨੇ ਡੇ-ਕੇਅਰ ਸੈਂਟਰ ਵਿਚ ਤੁਰਨਾ ਸਿੱਖਿਆ ਜਿੱਥੇ ਮੈਂ ਉਸ ਨੂੰ ਕੰਮ ਤੇ ਜਾਣ ਵੇਲੇ ਛੱਡ ਜਾਂਦੀ ਸੀ। ਪਰ ਆਪਣੀ ਦੂਜੀ ਕੁੜੀ ਨੂੰ ਮੈਂ ਆਪ ਘਰੇ ਤੁਰਨਾ ਸਿਖਾਇਆ। ਮੈਨੂੰ ਉਹ ਪਲ ਕਦੇ ਨਹੀਂ ਭੁੱਲੇਗਾ ਜਦੋਂ ਉਸ ਨੇ ਿਨੱਕੇ-ਿਨੱਕੇ ਕਦਮ ਪੁੱਟੇ ਅਤੇ ਲੜਖੜਾ ਕੇ ਮੇਰੀਆਂ ਬਾਹਾਂ ਵਿਚ ਆ ਡਿੱਗੀ!”

ਕਈ ਲੋਕ ਸੋਚਦੇ ਹਨ ਕਿ ਮਾਂ ਦੇ ਕੰਮ ਨਾ ਕਰਨ ਨਾਲ ਘਰ ਦੀ ਆਰਥਿਕ ਹਾਲਤ ਵਿਗੜ ਜਾਵੇਗੀ। ਪਰ ਅਕਸਰ ਇੱਦਾਂ ਨਹੀਂ ਹੁੰਦਾ ਹੈ। ਕ੍ਰਿਸਟੀਨਾ ਦੱਸਦੀ ਹੈ: “ਜਦੋਂ ਮੈਂ ਕੰਮ ਕਰਦੀ ਸੀ, ਤਾਂ ਮੇਰੀ ਜ਼ਿਆਦਾਤਰ ਤਨਖ਼ਾਹ ਆਪਣੀ ਧੀ ਦੇ ਡੇ-ਕੇਅਰ ਸੈਂਟਰ ਦੀ ਫ਼ੀਸ ਭਰਨ ਅਤੇ ਦਫ਼ਤਰ ਆਉਣ-ਜਾਣ ਵਿਚ ਹੀ ਚਲੀ ਜਾਂਦੀ ਸੀ। ਸੋ ਜਦੋਂ ਅਸੀਂ ਬੈਠ ਕੇ ਹਿਸਾਬ-ਕਿਤਾਬ ਲਾਇਆ, ਤਾਂ ਅਸੀਂ ਦੇਖਿਆ ਕਿ ਮੇਰੇ ਨੌਕਰੀ ਨਾ ਕਰਨ ਨਾਲ ਕੁਝ ਜ਼ਿਆਦਾ ਫ਼ਰਕ ਨਹੀਂ ਸੀ ਪੈਣ ਵਾਲਾ।”

ਕਈ ਵਿਆਹੁਤਾ ਜੋੜਿਆਂ ਨੇ ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਹੈ ਕਿ ਬੀਵੀ ਦਾ ਘਰ ਵਿਚ ਰਹਿ ਕੇ ਬੱਚਿਆਂ ਵੱਲ ਜ਼ਿਆਦਾ ਧਿਆਨ ਦੇਣਾ ਬਿਹਤਰ ਹੋਵੇਗਾ, ਭਾਵੇਂ ਕਿ ਉਨ੍ਹਾਂ ਨੂੰ ਪੈਸੇ-ਧੇਲੇ ਪੱਖੋਂ ਥੋੜ੍ਹੀ-ਬਹੁਤ ਤੰਗੀ ਸਹਿਣੀ ਪਵੇ। ਕ੍ਰਿਸਟੀਨਾ ਦਾ ਪਤੀ ਪੌਲ ਕਹਿੰਦਾ ਹੈ: “ਮੈਨੂੰ ਇਸ ਗੱਲ ਦੀ ਬੇਹੱਦ ਖ਼ੁਸ਼ੀ ਹੈ ਕਿ ਸਾਡੀਆਂ ਦੋ ਬੱਚੀਆਂ ਦੀ ਦੇਖ-ਭਾਲ ਕਰਨ ਲਈ ਉਨ੍ਹਾਂ ਦੀ ਮਾਂ ਉਨ੍ਹਾਂ ਨਾਲ ਹੈ। ਜਦੋਂ ਅਸੀਂ ਦੋਨੋਂ ਬਾਹਰ ਕੰਮ ਕਰਦੇ ਸਾਂ, ਤਾਂ ਘਰ ਵਿਚ ਅਕਸਰ ਤਣਾਅ ਰਹਿੰਦਾ ਸੀ।” ਤੇ ਮਾਂ ਦਾ ਘਰ ਰਹਿਣ ਨਾਲ ਦੋਨਾਂ ਕੁੜੀਆਂ ਤੇ ਕੀ ਅਸਰ ਪਿਆ ਹੈ? ਪੌਲ ਅੱਗੇ ਦੱਸਦਾ ਹੈ: “ਉਮਰ ਦੇ ਮੁਢਲੇ ਵਰ੍ਹਿਆਂ ਵਿਚ ਬੱਚਿਆਂ ਦੇ ਕੋਮਲ ਮਨਾਂ ਉੱਤੇ ਗ਼ਲਤ ਪ੍ਰਭਾਵ ਝੱਟ ਪੈ ਜਾਂਦੇ ਹਨ। ਸੋ ਮਾਂ ਦੇ ਘਰ ਰਹਿਣ ਨਾਲ ਸਾਡੀਆਂ ਕੁੜੀਆਂ ਨਾ ਕੇਵਲ ਬੁਰੇ ਪ੍ਰਭਾਵਾਂ ਤੋਂ ਬਚੀਆਂ ਰਹਿੰਦੀਆਂ ਹਨ, ਸਗੋਂ ਉਹ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੀਆਂ ਹਨ।” ਕ੍ਰਿਸਟੀਨਾ ਤੇ ਪੌਲ ਕਿਉਂ ਸੋਚਦੇ ਹਨ ਕਿ ਆਪਣੀਆਂ ਧੀਆਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣਾ ਜ਼ਰੂਰੀ ਹੈ? ਪੌਲ ਜਵਾਬ ਦਿੰਦਾ ਹੈ: “ਬੱਚਿਆਂ ਦੇ ਕੋਮਲ ਮਨ ਕੋਰੇ ਕਾਗਜ਼ ਵਰਗੇ ਹੁੰਦੇ ਹਨ। ਮੈਂ ਸੋਚਦਾ ਹਾਂ ਕਿ ਜੇ ਅਸੀਂ ਆਪਣੇ ਬੱਚਿਆਂ ਦੇ ਕਾਗਜ਼ ਰੂਪੀ ਮਨਾਂ ਉੱਤੇ ਸਹੀ ਗੱਲਾਂ ਨਹੀਂ ਲਿਖਾਂਗੇ, ਤਾਂ ਕੋਈ ਹੋਰ ਆ ਕੇ ਉਨ੍ਹਾਂ ਉੱਤੇ ਗ਼ਲਤ ਚੀਜ਼ਾਂ ਲਿਖ ਦੇਵੇਗਾ।”

ਮੁਕਦੀ ਗੱਲ ਇਹ ਹੈ ਕਿ ਇਹ ਹਰ ਪਤੀ-ਪਤਨੀ ਦਾ ਨਿੱਜੀ ਫ਼ੈਸਲਾ ਹੈ ਕਿ ਪਤਨੀ ਨੌਕਰੀ ਕਰੇਗੀ ਜਾਂ ਨਹੀਂ। ਕਿਸੇ ਨੂੰ ਉਨ੍ਹਾਂ ਦੇ ਫ਼ੈਸਲਿਆਂ ਦੀ ਨਿਖੇਧੀ ਨਹੀਂ ਕਰਨੀ ਚਾਹੀਦੀ। (ਰੋਮੀਆਂ 14:4; 1 ਥੱਸਲੁਨੀਕੀਆਂ 4:11) ਪਰ ਫ਼ੈਸਲਾ ਕਰਨ ਤੋਂ ਪਹਿਲਾਂ ਪਤੀ-ਪਤਨੀ ਨੂੰ ਇਸ ਬਾਰੇ ਜ਼ਰੂਰ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਮਾਂ ਦੇ ਘਰ ਰਹਿਣ ਨਾਲ ਬੱਚਿਆਂ ਨੂੰ ਕੀ ਫ਼ਾਇਦੇ ਹੋਣਗੇ। ਇਸ ਬਾਰੇ ਆਪਣੇ ਵਿਚਾਰ ਦੱਸਦੀ ਹੋਈ ਟਰੀਜ਼ਾ ਕਹਿੰਦੀ ਹੈ: “ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਅਤੇ ਉਨ੍ਹਾਂ ਨੂੰ ਚੰਗੇ ਸੰਸਕਾਰ ਸਿਖਾਉਣ ਵਿਚ ਜਿੰਨੀ ਖ਼ੁਸ਼ੀ ਮਿਲਦੀ ਹੈ, ਉਹ ਹੋਰ ਕਿਸੇ ਚੀਜ਼ ਤੋਂ ਨਹੀਂ ਮਿਲ ਸਕਦੀ।”​—⁠ਜ਼ਬੂਰਾਂ ਦੀ ਪੋਥੀ 127:⁠3. (w08 2/1)

[ਸਫ਼ਾ 21 ਉੱਤੇ ਤਸਵੀਰ]

ਮਸੀਹੀ ਮਾਵਾਂ ਆਪਣੇ ਬੱਚਿਆਂ ਨੂੰ ਜ਼ਰੂਰੀ ਸਿੱਖਿਆ ਦਿੰਦੀਆਂ ਹਨ