Skip to content

Skip to table of contents

ਫ਼ਰਿਸ਼ਤੇ ਸਾਡੇ ਵਿਚ ਕਿਵੇਂ ਦਿਲਚਸਪੀ ਲੈਂਦੇ ਹਨ

ਫ਼ਰਿਸ਼ਤੇ ਸਾਡੇ ਵਿਚ ਕਿਵੇਂ ਦਿਲਚਸਪੀ ਲੈਂਦੇ ਹਨ

ਯਿਸੂ ਤੋਂ ਸਿੱਖੋ

ਫ਼ਰਿਸ਼ਤੇ ਸਾਡੇ ਵਿਚ ਕਿਵੇਂ ਦਿਲਚਸਪੀ ਲੈਂਦੇ ਹਨ

ਯਿਸੂ ਇਸ “ਜਗਤ ਦੇ ਹੋਣ ਤੋਂ ਅੱਗੇ” ਆਪਣੇ ਪਿਤਾ ਯਹੋਵਾਹ ਨਾਲ ਸਵਰਗ ਵਿਚ ਰਹਿੰਦਾ ਸੀ। (ਯੂਹੰਨਾ 17:5) ਇਸ ਕਰਕੇ ਉਹ ਹੀ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇਣ ਲਈ ਸਭ ਤੋਂ ਕਾਬਲ ਹੈ।

ਕੀ ਫ਼ਰਿਸ਼ਤੇ ਸਾਡੇ ਵਿਚ ਦਿਲਚਸਪੀ ਲੈਂਦੇ ਹਨ?

▪ ਯਿਸੂ ਦੱਸਦਾ ਹੈ ਕਿ ਫ਼ਰਿਸ਼ਤੇ ਲੋਕਾਂ ਵਿਚ ਬਹੁਤ ਦਿਲਚਸਪੀ ਲੈਂਦੇ ਹਨ। ਉਸ ਨੇ ਕਿਹਾ: “ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ।”—ਲੂਕਾ 15:10.

ਯਿਸੂ ਨੇ ਕਿਹਾ ਕਿ ਪਰਮੇਸ਼ੁਰ ਨੇ ਆਪਣੇ ਦੂਤਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਕਿ ਉਹ ਉਸ ਦੇ ਭਗਤਾਂ ਦੀ ਨਿਹਚਾ ਮਜ਼ਬੂਤ ਕਰਨ। ਤਾਹੀਓਂ ਯਿਸੂ ਨੇ ਇਹ ਕਹਿੰਦਿਆਂ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਦੂਸਰਿਆਂ ਨੂੰ ਕਦੇ ਵੀ ਠੋਕਰ ਨਾ ਖੁਆਉਣ: “ਖ਼ਬਰਦਾਰ! ਤੁਸੀਂ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਰਗ ਵਿੱਚ ਉਨ੍ਹਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸੁਰਗ ਵਿੱਚ ਹੈ ਮੂੰਹ ਸਦਾ ਵੇਖਦੇ ਹਨ।” (ਮੱਤੀ 18:10) ਕੀ ਯਿਸੂ ਦਾ ਇਹ ਮਤਲਬ ਸੀ ਕਿ ਉਸ ਦੇ ਹਰ ਸੇਵਕ ਦਾ ਆਪੋ-ਆਪਣਾ ਦੂਤ ਹੁੰਦਾ ਹੈ ਜੋ ਉਸ ਦੀ ਰੱਖਿਆ ਕਰਦਾ ਹੈ? ਅਸੀਂ ਪੱਕਾ ਨਹੀਂ ਕਹਿ ਸਕਦੇ। ਪਰ ਯਿਸੂ ਨੇ ਇੰਨਾ ਜ਼ਰੂਰ ਦੱਸਿਆ ਕਿ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਦੂਤ ਸੱਚੇ ਮਸੀਹੀਆਂ ਵਿਚ ਦਿਲਚਸਪੀ ਲੈਂਦੇ ਹਨ।

ਸ਼ਤਾਨ ਸਾਡਾ ਨੁਕਸਾਨ ਕਿੱਦਾਂ ਕਰ ਸਕਦਾ ਹੈ?

▪ ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਸ਼ਤਾਨ ਲੋਕਾਂ ਨੂੰ ਪਰਮੇਸ਼ੁਰ ਬਾਰੇ ਗਿਆਨ ਲੈਣ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਯਿਸੂ ਨੇ ਕਿਹਾ ਕਿ “ਹਰ ਕੋਈ ਜੋ ਰਾਜ ਦਾ ਬਚਨ ਸੁਣਦਾ ਹੈ ਪਰ ਨਹੀਂ ਸਮਝਦਾ ਸੋ ਉਹ ਦੇ ਮਨ ਵਿੱਚ ਜੋ ਕੁਝ ਬੀਜਿਆ ਹੋਇਆ ਹੈ ਦੁਸ਼ਟ ਆਣ ਕੇ ਉਹ ਨੂੰ ਖੋਹ ਲੈਂਦਾ ਹੈ।”—ਮੱਤੀ 13:19.

ਯਿਸੂ ਨੇ ਦੱਸਿਆ ਕਿ ਸ਼ਤਾਨ ਲੋਕਾਂ ਨੂੰ ਬੜੀ ਚਲਾਕੀ ਨਾਲ ਧੋਖਾ ਦਿੰਦਾ ਹੈ। ਇਕ ਵਾਰ ਉਸ ਨੇ ਇਕ ਬੀ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਦਿੱਤਾ। ਇਸ ਦ੍ਰਿਸ਼ਟਾਂਤ ਵਿਚ ਬੀ ਬੀਜਣ ਵਾਲਾ ਯਿਸੂ ਹੈ ਅਤੇ ਕਣਕ ਸੱਚੇ ਮਸੀਹੀ ਹਨ ਜੋ ਉਸ ਨਾਲ ਸਵਰਗ ਵਿਚ ਰਾਜ ਕਰਨਗੇ। ਪਰ ਯਿਸੂ ਨੇ ਕਿਹਾ ਕਿ ਇਕ “ਵੈਰੀ ਆਇਆ ਅਰ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ।” ਜੰਗਲੀ ਬੂਟੀ ਝੂਠੇ ਮਸੀਹੀ ਹਨ। “ਜਿਸ ਵੈਰੀ ਨੇ ਉਹ ਨੂੰ ਬੀਜਿਆ ਉਹ ਸ਼ਤਾਨ ਹੈ।” (ਮੱਤੀ 13:25, 39) ਜਿਵੇਂ ਦੇਖਣ ਨੂੰ ਜੰਗਲੀ ਬੂਟੀ ਕਣਕ ਵਰਗੀ ਲੱਗਦੀ ਹੈ ਉਵੇਂ ਹੀ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਕਈ ਲੋਕ ਸੱਚੇ ਮਸੀਹੀ ਲੱਗ ਸਕਦੇ ਹਨ। ਗ਼ਲਤ ਸਿੱਖਿਆਵਾਂ ਦੇਣ ਵਾਲੇ ਧਰਮ ਲੋਕਾਂ ਨੂੰ ਧੋਖਾ ਦੇ ਕੇ ਉਨ੍ਹਾਂ ਤੋਂ ਗ਼ਲਤ ਕੰਮ ਕਰਾਉਂਦੇ ਹਨ। ਸ਼ਤਾਨ ਅਜਿਹੇ ਧਰਮਾਂ ਰਾਹੀਂ ਲੋਕਾਂ ਨੂੰ ਯਹੋਵਾਹ ਦੀ ਭਗਤੀ ਨਹੀਂ ਕਰਨ ਦਿੰਦਾ।

ਅਸੀਂ ਸ਼ਤਾਨ ਤੋਂ ਕਿਵੇਂ ਬਚ ਸਕਦੇ ਹਾਂ?

▪ ਯਿਸੂ ਨੇ ਸ਼ਤਾਨ ਨੂੰ ਇਸ “ਜਗਤ ਦਾ ਸਰਦਾਰ” ਕਿਹਾ ਸੀ। (ਯੂਹੰਨਾ 14:30) ਯਿਸੂ ਨੇ ਪ੍ਰਾਰਥਨਾ ਵਿਚ ਦੱਸਿਆ ਕਿ ਅਸੀਂ ਸ਼ਤਾਨ ਤੋਂ ਕਿਵੇਂ ਬਚ ਸਕਦੇ ਹਾਂ। ਯਿਸੂ ਨੇ ਆਪਣੇ ਚੇਲਿਆਂ ਬਾਰੇ ਆਪਣੇ ਪਿਤਾ ਨੂੰ ਬੇਨਤੀ ਕੀਤੀ: ‘ਤੂੰ ਦੁਸ਼ਟ ਤੋਂ ਓਹਨਾਂ ਦੀ ਰੱਛਿਆ ਕਰ। ਉਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ। ਉਹਨਾਂ ਨੂੰ ਸਚਿਆਈ ਨਾਲ ਪਵਿੱਤ੍ਰ ਕਰ। ਤੇਰਾ ਬਚਨ ਸਚਿਆਈ ਹੈ।’ (ਯੂਹੰਨਾ 17:15-17) ਬਾਈਬਲ ਦਾ ਗਿਆਨ ਸਾਨੂੰ ਸ਼ਤਾਨ ਦੀ ਦੁਨੀਆਂ ਦੇ ਮਾੜੇ ਅਸਰਾਂ ਤੋਂ ਬਚਾ ਸਕਦਾ ਹੈ।

ਅੱਜ ਫ਼ਰਿਸ਼ਤੇ ਸਾਡੇ ਵਿਚ ਕਿੱਦਾਂ ਦਿਲਚਸਪੀ ਲੈਂਦੇ ਹਨ?

▪ ਯਿਸੂ ਨੇ ਕਿਹਾ ਸੀ ਕਿ ‘ਜੁਗ ਦੇ ਅੰਤ ਦੇ ਸਮੇ ਦੂਤ ਨਿੱਕਲ ਆਉਣਗੇ ਅਤੇ ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ।’ (ਮੱਤੀ 13:49) ਅਸੀਂ ਹੁਣ “ਜੁਗ ਦੇ ਅੰਤ ਦੇ ਸਮੇ” ਵਿਚ ਰਹਿ ਰਹੇ ਹਾਂ ਤੇ ਲੱਖਾਂ ਹੀ ਲੋਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣ ਰਹੇ ਹਨ।—ਮੱਤੀ 24:3, 14.

ਪਰ ਬਾਈਬਲ ਦੀ ਸਟੱਡੀ ਸ਼ੁਰੂ ਕਰਨ ਵਾਲੇ ਸਾਰੇ ਲੋਕਾਂ ’ਤੇ ਪਰਮੇਸ਼ੁਰ ਦੀ ਮਿਹਰ ਨਹੀਂ। ਦੂਤ ਯਹੋਵਾਹ ਦੇ ਸੇਵਕਾਂ ਦੀ ਅਗਵਾਈ ਕਰਦੇ ਹਨ ਅਤੇ ਜੋ ਲੋਕ ਪਰਮੇਸ਼ੁਰ ਨੂੰ ਦਿਲੋਂ ਪਿਆਰ ਕਰਦੇ ਹਨ ਉਹ ਉਨ੍ਹਾਂ ਲੋਕਾਂ ਤੋਂ ਵੱਖਰੇ ਕੀਤੇ ਜਾਂਦੇ ਹਨ ਜੋ ਸਿੱਖੀਆਂ ਗੱਲਾਂ ’ਤੇ ਨਹੀਂ ਚੱਲਣਾ ਚਾਹੁੰਦੇ। ਪਰਮੇਸ਼ੁਰ ਦੀ ਮਿਹਰ ਪਾਉਣ ਵਾਲੇ ਲੋਕਾਂ ਬਾਰੇ ਯਿਸੂ ਨੇ ਕਿਹਾ: “ਜੋ [ਬੀ] ਚੰਗੀ ਜਮੀਨ ਵਿੱਚ ਕਿਰਿਆ ਸੋ ਓਹ ਹਨ ਜਿਹੜੇ ਸੁਣ ਕੇ ਬਚਨ ਨੂੰ ਚੰਗੇ ਅਤੇ ਖਰੇ ਦਿਨ ਵਿੱਚ ਸਾਂਭੀ ਰੱਖਦੇ ਹਨ ਅਰ ਧੀਰਜ ਨਾਲ ਫਲ ਦਿੰਦੇ ਹਨ।”—ਲੂਕਾ 8:15. (w10-E 11/01)

ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਇਸ ਕਿਤਾਬ, ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?, ਦਾ 10ਵਾਂ ਅਧਿਆਇ ਦੇਖੋ।

[ਸਫ਼ਾ 24 ਉੱਤੇ ਤਸਵੀਰ]

ਨੇਕ ਲੋਕਾਂ ਨੂੰ ਸੱਚਾਈ ਵੱਲ ਖਿੱਚਣ ਲਈ ਫ਼ਰਿਸ਼ਤੇ ਮਦਦ ਕਰਦੇ ਹਨ