Skip to content

Skip to table of contents

ਬਾਈਬਲ ਬਦਲਦੀ ਹੈ ਜ਼ਿੰਦਗੀਆਂ

“ਮੈਂ ਬਹੁਤ ਹੀ ਭੈੜਾ ਇਨਸਾਨ ਸੀ”

“ਮੈਂ ਬਹੁਤ ਹੀ ਭੈੜਾ ਇਨਸਾਨ ਸੀ”
  • ਜਨਮ: 1960

  • ਦੇਸ਼: ਫਿਨਲੈਂਡ

  • ਅਤੀਤ: ਰਾਕ ਸੰਗੀਤਕਾਰ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਮੇਰਾ ਪਾਲਣ-ਪੋਸ਼ਣ ਬੰਦਰਗਾਹ ਸ਼ਹਿਰ ਟੂਰਕੂ ਵਿਚ ਹੋਇਆ ਜਿੱਥੇ ਲੋਕ ਨਾ ਤਾਂ ਜ਼ਿਆਦਾ ਅਮੀਰ ਸਨ ਅਤੇ ਨਾ ਹੀ ਗ਼ਰੀਬ। ਮੇਰੇ ਪਿਤਾ ਜੀ ਬਾਕਸਿੰਗ ਚੈਂਪੀਅਨ ਸਨ ਅਤੇ ਮੈਂ ਤੇ ਮੇਰਾ ਛੋਟਾ ਭਰਾ ਵੀ ਬਾਕਸਿੰਗ ਕਰਦੇ ਸੀ। ਸਕੂਲ ਵਿਚ ਮੈਨੂੰ ਅਕਸਰ ਲੜਾਈ ਕਰਨ ਲਈ ਕਿਹਾ ਜਾਂਦਾ ਸੀ ਅਤੇ ਮੈਂ ਵੀ ਲੜਨ ਤੋਂ ਪਿੱਛੇ ਨਹੀਂ ਹਟਦਾ ਸੀ। ਜਦੋਂ ਮੈਂ ਨੌਜਵਾਨ ਸੀ, ਤਾਂ ਮੈਂ ਇਕ ਮਸ਼ਹੂਰ ਗੈਂਗ ਦਾ ਮੈਂਬਰ ਬਣ ਗਿਆ। ਇਸ ਗੈਂਗ ਦਾ ਮੈਂਬਰ ਬਣਨ ਕਰਕੇ ਮੈਂ ਹੋਰ ਲੜਾਈਆਂ ਵਿਚ ਪੈ ਗਿਆ। ਮੈਂ ਰਾਕ ਮਿਊਜ਼ਿਕ ਵੀ ਸੁਣਨ ਲੱਗ ਪਿਆ ਤੇ ਰਾਕ ਸਟਾਰ ਬਣਨ ਦੇ ਸੁਪਨੇ ਲੈਣ ਲੱਗਾ।

ਮੈਂ ਕੁਝ ਡਰੰਮਜ਼ ਖ਼ਰੀਦੇ ਅਤੇ ਆਪਣਾ ਇਕ ਬੈਂਡ ਬਣਾ ਲਿਆ। ਜਲਦੀ ਹੀ ਮੈਂ ਬੈਂਡ ਵਿਚ ਲੀਡ ਸਿੰਗਰ ਵਜੋਂ ਗਾਉਣ ਲੱਗ ਪਿਆ। ਸਟੇਜ ’ਤੇ ਸਾਡੇ ਵਿਚ ਇੰਨਾ ਜੋਸ਼ ਆ ਜਾਂਦਾ ਸੀ ਕਿ ਅਸੀਂ ਪਾਗਲਾਂ ਵਾਂਗ ਨੱਚਦੇ-ਟੱਪਦੇ ਹੁੰਦੇ ਸੀ ਤੇ ਸਾਡਾ ਹੁਲੀਆ ਵੀ ਜੰਗਲੀਆਂ ਵਰਗਾ ਸੀ। ਹੌਲੀ-ਹੌਲੀ ਸਾਡਾ ਬੈਂਡ ਮਸ਼ਹੂਰ ਹੋਣ ਲੱਗ ਪਿਆ ਤੇ ਲੋਕ ਸਾਨੂੰ ਪਸੰਦ ਕਰਨ ਲੱਗ ਪਏ। ਅਸੀਂ ਬਹੁਤ ਸਾਰੇ ਲੋਕਾਂ ਅੱਗੇ ਗਾਉਣਾ ਸ਼ੁਰੂ ਕਰ ਦਿੱਤਾ। ਅਸੀਂ ਕੁਝ ਰਿਕਾਰਡਿੰਗਜ਼ ਵੀ ਕੀਤੀਆਂ ਤੇ ਸਾਡੀ ਅਖ਼ੀਰਲੀ ਰਿਕਾਰਡਿੰਗ ਲੋਕਾਂ ਨੂੰ ਬਹੁਤ ਪਸੰਦ ਆਈ। ਅਸੀਂ ਆਪਣੇ ਬੈਂਡ ਦੀ ਮਸ਼ਹੂਰੀ ਕਰਨ ਲਈ 1980 ਦੇ ਦਹਾਕੇ ਦੇ ਅਖ਼ੀਰ ਵਿਚ ਅਮਰੀਕਾ ਗਏ। ਸਾਡੇ ਬੈਂਡ ਨੇ ਕੁਝ ਪ੍ਰੋਗ੍ਰਾਮ ਨਿਊਯਾਰਕ ਅਤੇ ਲਾਸ ਏਂਜਲੀਜ਼ ਵਿਚ ਕੀਤੇ ਅਤੇ ਫਿਨਲੈਂਡ ਵਾਪਸ ਆਉਣ ਤੋਂ ਪਹਿਲਾਂ ਅਸੀਂ ਸੰਗੀਤ ਨਾਲ ਜੁੜੇ ਕੁਝ ਮੰਨੇ-ਪ੍ਰਮੰਨੇ ਲੋਕਾਂ ਨਾਲ ਆਪਣੀ ਜਾਣ-ਪਛਾਣ ਕਰਵਾਈ।

ਮੈਨੂੰ ਬੈਂਡ ਵਿਚ ਗਾਉਣਾ ਤਾਂ ਚੰਗਾ ਲੱਗਦਾ ਸੀ, ਪਰ ਮੇਰੀ ਜ਼ਿੰਦਗੀ ਖੋਖਲੀ ਸੀ। ਸੰਗੀਤ ਦੀ ਦੁਨੀਆਂ ਬੜੀ ਕਠੋਰ ਤੇ ਮਤਲਬੀ ਹੈ। ਇਹ ਦੇਖ ਕੇ ਮੈਂ ਬਹੁਤ ਨਿਰਾਸ਼ ਹੋ ਗਿਆ ਤੇ ਆਪਣੀ ਖੋਖਲੀ ਜ਼ਿੰਦਗੀ ਤੋਂ ਅੱਕ ਗਿਆ ਸੀ। ਮੇਰੇ ਖ਼ਿਆਲ ਵਿਚ ਮੈਂ ਇਕ ਬੁਰਾ ਇਨਸਾਨ ਸੀ ਅਤੇ ਮੈਨੂੰ ਡਰ ਸੀ ਕਿ ਮੈਨੂੰ ਨਰਕ ਦੀ ਅੱਗ ਵਿਚ ਤੜਫ਼ਾਇਆ ਜਾਵੇਗਾ। ਮੈਂ ਅਲੱਗ-ਅਲੱਗ ਧਾਰਮਿਕ ਕਿਤਾਬਾਂ ਵਿੱਚੋਂ ਆਪਣੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਮੈਂ ਰੱਬ ਨੂੰ ਵੀ ਮਦਦ ਲਈ ਦਿਲੋਂ ਦੁਆ ਕੀਤੀ ਭਾਵੇਂ ਮੈਨੂੰ ਲੱਗਦਾ ਸੀ ਕਿ ਮੈਂ ਉਸ ਨੂੰ ਕਦੇ ਖ਼ੁਸ਼ ਨਹੀਂ ਕਰ ਸਕਦਾ ਸੀ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:

ਆਪਣਾ ਗੁਜ਼ਾਰਾ ਤੋਰਨ ਲਈ ਮੈਂ ਡਾਕਖਾਨੇ ਵਿਚ ਕੰਮ ਕਰਨ ਲੱਗ ਪਿਆ। ਇਕ ਦਿਨ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਕੰਮ ਕਰਨ ਵਾਲਾ ਇਕ ਆਦਮੀ ਯਹੋਵਾਹ ਦਾ ਗਵਾਹ ਸੀ। ਮੈਂ ਉਸ ’ਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ। ਬਾਈਬਲ ਵਿੱਚੋਂ ਦਿੱਤੇ ਉਸ ਦੇ ਵਧੀਆ ਤੇ ਸਾਫ਼ ਜਵਾਬਾਂ ਕਰਕੇ ਮੇਰੇ ਅੰਦਰ ਹੋਰ ਜਾਣਨ ਦੀ ਦਿਲਚਸਪੀ ਜਾਗੀ। ਇਸ ਲਈ ਮੈਂ ਬਾਈਬਲ ਸਟੱਡੀ ਕਰਨ ਲਈ ਮੰਨ ਗਿਆ। ਮੈਨੂੰ ਸਟੱਡੀ ਕਰਦਿਆਂ ਨੂੰ ਕੁਝ ਹਫ਼ਤੇ ਹੀ ਹੋਏ ਸਨ ਕਿ ਮੇਰੇ ਬੈਂਡ ਨੂੰ ਇਕ ਰਿਕਾਰਡਿੰਗ ਕਾਨਟ੍ਰੈਕਟ ਮਿਲਿਆ। ਰਿਕਾਰਡਿੰਗ ਤੋਂ ਬਾਅਦ ਸਾਨੂੰ ਉਮੀਦ ਸੀ ਕਿ ਇਹ ਐਲਬਮ ਅਮਰੀਕਾ ਵਿਚ ਰਿਲੀਜ਼ ਕੀਤੀ ਜਾਵੇਗੀ। ਮੈਨੂੰ ਲੱਗਾ ਕਿ ਇਸ ਤਰ੍ਹਾਂ ਦਾ ਮੌਕਾ ਫਿਰ ਕਦੇ ਨਹੀਂ ਮਿਲਣਾ।

ਮੈਂ ਆਪਣੇ ਨਾਲ ਸਟੱਡੀ ਕਰ ਰਹੇ ਭਰਾ ਨੂੰ ਦੱਸਿਆ ਕਿ ਮੈਂ ਇਕ ਹੋਰ ਐਲਬਮ ਬਣਾਉਣੀ ਚਾਹੁੰਦਾ ਸੀ, ਇਸ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਬਾਈਬਲ ਦੇ ਅਸੂਲਾਂ ਮੁਤਾਬਕ ਚਲਾਵਾਂਗਾ। ਉਸ ਨੇ ਆਪਣੀ ਰਾਇ ਦੱਸਣ ਦੀ ਬਜਾਇ ਮੈਨੂੰ ਮੱਤੀ 6:24 ਵਿਚ ਦਿੱਤੇ ਯਿਸੂ ਦੇ ਸ਼ਬਦ ਪੜ੍ਹਨ ਨੂੰ ਕਿਹਾ। ਇਸ ਆਇਤ ਵਿਚ ਲਿਖਿਆ ਹੈ: “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ।” ਜਦੋਂ ਮੈਂ ਇਨ੍ਹਾਂ ਸ਼ਬਦਾਂ ਦਾ ਮਤਲਬ ਸਮਝਿਆ, ਤਾਂ ਮੈਂ ਹੱਕਾ-ਬੱਕਾ ਰਹਿ ਗਿਆ। ਪਰ ਕੁਝ ਦਿਨਾਂ ਬਾਅਦ ਹੱਕਾ-ਬੱਕਾ ਹੋਣ ਦੀ ਵਾਰੀ ਮੇਰੇ ਨਾਲ ਸਟੱਡੀ ਕਰ ਰਹੇ ਭਰਾ ਦੀ ਸੀ! ਮੈਂ ਉਸ ਨੂੰ ਦੱਸਿਆ ਕਿ ਮੈਂ ਯਿਸੂ ਦੀ ਮਿਸਾਲ ਉੱਤੇ ਚੱਲਣਾ ਚਾਹੁੰਦਾ ਹਾਂ ਜਿਸ ਕਰਕੇ ਮੈਂ ਬੈਂਡ ਛੱਡ ਦਿੱਤਾ!

ਪਰਮੇਸ਼ੁਰ ਦੇ ਸ਼ੀਸ਼ੇ ਵਰਗੇ ਬਚਨ ਵਿਚ ਦੇਖ ਕੇ ਮੈਨੂੰ ਮੇਰੀਆਂ ਕਮੀਆਂ-ਕਮਜ਼ੋਰੀਆਂ ਨਜ਼ਰ ਆਈਆਂ। (ਯਾਕੂਬ 1:22-25) ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਕੁਝ ਪਾਉਣਾ ਚਾਹੁੰਦਾ ਸੀ। ਮੇਰੇ ਵਿਚ ਇੰਨਾ ਘਮੰਡ ਸੀ ਕਿ ਮੈਂ ਆਪਣਾ ਨਾਂ ਕਮਾਉਣ ਲਈ ਕੁਝ ਵੀ ਕਰਨ ਲਈ ਤਿਆਰ ਸੀ। ਮੈਂ ਬਹੁਤ ਹੀ ਭੈੜਾ ਇਨਸਾਨ ਸੀ। ਮੈਂ ਗਾਲ਼ਾਂ ਕੱਢਦਾ ਸੀ, ਲੜਦਾ ਸੀ, ਸਿਗਰਟਾਂ ਅਤੇ ਬਹੁਤ ਸ਼ਰਾਬ ਪੀਂਦਾ ਸੀ। ਜਦੋਂ ਮੈਂ ਦੇਖਿਆ ਕਿ ਮੇਰੇ ਜੀਉਣ ਦਾ ਢੰਗ ਬਾਈਬਲ ਦੇ ਅਸੂਲਾਂ ਮੁਤਾਬਕ ਨਹੀਂ ਹੈ, ਤਾਂ ਮੈਨੂੰ ਲੱਗਾ ਕਿ ਮੈਂ ਕਦੇ ਨਹੀਂ ਬਦਲ ਸਕਦਾ। ਇਸ ਦੇ ਬਾਵਜੂਦ, ਮੈਂ ਆਪਣੇ ਵਿਚ ਤਬਦੀਲੀਆਂ ਕਰਨ ਲਈ ਤਿਆਰ ਸੀ।​—ਅਫ਼ਸੀਆਂ 4:22-24.

“ਸਾਡਾ ਸਵਰਗੀ ਪਿਤਾ ਦਇਆਵਾਨ ਹੈ ਤੇ ਉਹ ਪਾਪਾਂ ਤੋਂ ਤੋਬਾ ਕਰਨ ਵਾਲਿਆਂ ਦੇ ਜ਼ਖ਼ਮ ਭਰਨ ਲਈ ਤਿਆਰ ਹੈ”

ਸ਼ੁਰੂ-ਸ਼ੁਰੂ ਵਿਚ ਮੈਨੂੰ ਲੱਗਾ ਕਿ ਮੈਨੂੰ ਕਦੇ ਮਾਫ਼ੀ ਨਹੀਂ ਮਿਲੇਗੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿਚ ਇੰਨੇ ਬੁਰੇ ਕੰਮ ਕੀਤੇ ਸਨ। ਪਰ ਸਟੱਡੀ ਕਰਾਉਣ ਵਾਲੇ ਭਰਾ ਨੇ ਮੇਰੀ ਬਹੁਤ ਮਦਦ ਕੀਤੀ। ਉਸ ਨੇ ਮੈਨੂੰ ਬਾਈਬਲ ਵਿੱਚੋਂ ਯਸਾਯਾਹ 1:18 ਦਾ ਹਵਾਲਾ ਦਿਖਾਇਆ ਜਿਸ ਵਿਚ ਲਿਖਿਆ ਹੈ: “ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ।” ਇਸ ਅਤੇ ਹੋਰ ਬਾਈਬਲ ਦੀਆਂ ਆਇਤਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਸਾਡਾ ਸਵਰਗੀ ਪਿਤਾ ਦਇਆਵਾਨ ਹੈ ਤੇ ਉਹ ਪਾਪਾਂ ਤੋਂ ਤੋਬਾ ਕਰਨ ਵਾਲਿਆਂ ਦੇ ਜ਼ਖ਼ਮ ਭਰਨ ਲਈ ਤਿਆਰ ਹੈ।

ਜਦੋਂ ਮੈਂ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਨ ਤੇ ਪਿਆਰ ਕਰਨ ਲੱਗਾ, ਤਾਂ ਮੈਂ ਆਪਣੀ ਜ਼ਿੰਦਗੀ ਉਸ ਦੇ ਨਾਂ ਕਰਨੀ ਚਾਹੁੰਦਾ ਸੀ। (ਜ਼ਬੂਰਾਂ ਦੀ ਪੋਥੀ 40:8) ਮੈਂ 1992 ਵਿਚ ਸੇਂਟ ਪੀਟਰਜ਼ਬਰਗ, ਰੂਸ ਵਿਚ ਹੋਏ ਅੰਤਰਰਾਸ਼ਟਰੀ ਜ਼ਿਲ੍ਹਾ ਸੰਮੇਲਨ ਵਿਚ ਬਪਤਿਸਮਾ ਲੈ ਲਿਆ।

ਅੱਜ ਮੇਰੀ ਜ਼ਿੰਦਗੀ:

ਮੈਂ ਯਹੋਵਾਹ ਦੇ ਲੋਕਾਂ ਵਿਚ ਕਈ ਚੰਗੇ ਦੋਸਤ ਬਣਾਏ ਹਨ। ਅਸੀਂ ਇਕੱਠੇ ਹੋ ਕੇ ਵਧੀਆ ਸੰਗੀਤ ਵਜਾਉਂਦੇ ਹਾਂ ਤੇ ਪਰਮੇਸ਼ੁਰ ਵੱਲੋਂ ਦਿੱਤੇ ਇਸ ਤੋਹਫ਼ੇ ਦਾ ਮਜ਼ਾ ਲੈਂਦੇ ਹਾਂ। (ਯਾਕੂਬ 1:17) ਮੇਰਾ ਵਿਆਹ ਕ੍ਰਿਸਟੀਨਾ ਨਾਲ ਹੋਇਆ ਜੋ ਯਹੋਵਾਹ ਵੱਲੋਂ ਇਕ ਖ਼ਾਸ ਬਰਕਤ ਹੈ। ਮੈਂ ਉਸ ਨਾਲ ਆਪਣਾ ਹਰ ਦੁੱਖ-ਸੁੱਖ ਸਾਂਝਾ ਕਰਦਾ ਹਾਂ।

ਜੇ ਮੈਂ ਯਹੋਵਾਹ ਦਾ ਗਵਾਹ ਨਾ ਬਣਦਾ, ਤਾਂ ਸ਼ਾਇਦ ਅੱਜ ਮੈਂ ਜੀਉਂਦਾ ਹੀ ਨਾ ਹੁੰਦਾ। ਪਹਿਲਾਂ ਮੇਰੀ ਜ਼ਿੰਦਗੀ ਵਿਚ ਮੁਸ਼ਕਲਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਸਨ। ਹੁਣ ਮੇਰੀ ਜ਼ਿੰਦਗੀ ਖੋਖਲੀ ਨਹੀਂ, ਸਗੋਂ ਇਸ ਵਿਚ ਮਕਸਦ ਹੈ। ਮੈਂ ਕਹਿ ਸਕਦਾ ਹਾਂ ਕਿ ਮੇਰੀ ਜ਼ਿੰਦਗੀ ਵਾਕਈ ਖ਼ੁਸ਼ੀਆਂ ਭਰੀ ਹੈ! (w13-E 04/01)