Skip to content

Skip to table of contents

ਪਰਮੇਸ਼ੁਰ ਨੂੰ ਜਾਣੋ

ਕੀ ਯਹੋਵਾਹ ਵਾਕਈ ਤੁਹਾਡੀ ਪਰਵਾਹ ਕਰਦਾ ਹੈ?

ਕੀ ਯਹੋਵਾਹ ਵਾਕਈ ਤੁਹਾਡੀ ਪਰਵਾਹ ਕਰਦਾ ਹੈ?

“ਮੈਂ ਆਪਣੇ ਆਪ ਨੂੰ ਬਹੁਤ ਨਿਕੰਮੀ ਸਮਝਦੀ ਹਾਂ। ਪਰ ਮੈਂ ਇਸ ਰੁਕਾਵਟ ਦਾ ਸਾਮ੍ਹਣਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ।” ਇਹ ਸ਼ਬਦ ਉਸ ਔਰਤ ਨੇ ਕਹੇ ਜਿਸ ਨੂੰ ਇਸ ਗੱਲ ’ਤੇ ਵਿਸ਼ਵਾਸ ਕਰਨਾ ਔਖਾ ਲੱਗਦਾ ਸੀ ਕਿ ਯਹੋਵਾਹ ਉਸ ਦੀ ਪਰਵਾਹ ਕਰਦਾ ਹੈ। ਕੀ ਤੁਸੀਂ ਵੀ ਇੱਦਾਂ ਮਹਿਸੂਸ ਕਰਦੇ ਹੋ? ਜੇ ਹਾਂ, ਤਾਂ ਤੁਸੀਂ ਸ਼ਾਇਦ ਪੁੱਛੋ: ‘ਕੀ ਯਹੋਵਾਹ ਆਪਣੇ ਹਰ ਸੇਵਕ ਦੀ ਪਰਵਾਹ ਕਰਦਾ ਹੈ?’ ਇਸ ਦਾ ਜਵਾਬ ਹਾਂ ਹੈ! ਅਸੀਂ ਯਹੋਵਾਹ ਦੇ ਪਿਆਰ ਦਾ ਸਬੂਤ ਯਿਸੂ ਦੇ ਸ਼ਬਦਾਂ ਤੋਂ ਦੇਖ ਸਕਦੇ ਹਾਂ।​—ਯੂਹੰਨਾ 6:44 ਪੜ੍ਹੋ।

ਯਿਸੂ ਯਹੋਵਾਹ ਦੇ ਗੁਣਾਂ ਤੇ ਉਸ ਦੀ ਇੱਛਾ ਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਉਸ ਨੇ ਇਸ ਬਾਰੇ ਕੀ ਕਿਹਾ ਸੀ? (ਲੂਕਾ 10:22) ਯਿਸੂ ਨੇ ਸਮਝਾਇਆ: “ਕੋਈ ਵੀ ਇਨਸਾਨ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤਕ ਮੇਰਾ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ, ਉਸ ਨੂੰ ਮੇਰੇ ਵੱਲ ਨਹੀਂ ਖਿੱਚਦਾ।” ਇਸ ਲਈ ਅਸੀਂ ਉਦੋਂ ਤਕ ਮਸੀਹ ਦੇ ਚੇਲੇ ਤੇ ਆਪਣੇ ਸਵਰਗੀ ਪਿਤਾ ਯਹੋਵਾਹ ਦੇ ਸੇਵਕ ਨਹੀਂ ਬਣ ਸਕਦੇ ਜਦੋਂ ਤਕ ਯਹੋਵਾਹ ਖ਼ੁਦ ਸਾਨੂੰ ਆਪਣੇ ਵੱਲ ਨਹੀਂ ਖਿੱਚਦਾ। (2 ਥੱਸਲੁਨੀਕੀਆਂ 2:13) ਜੇ ਅਸੀਂ ਯਿਸੂ ਦੇ ਸ਼ਬਦਾਂ ਦਾ ਮਤਲਬ ਸਮਝਦੇ ਹਾਂ, ਤਾਂ ਅਸੀਂ ਇਸ ਗੱਲ ਦਾ ਸਬੂਤ ਦੇਖਾਂਗੇ ਕਿ ਰੱਬ ਸਾਡੀ ਪਰਵਾਹ ਕਰਦਾ ਹੈ।

ਇਸ ਦਾ ਕੀ ਮਤਲਬ ਹੈ ਕਿ ਯਹੋਵਾਹ ਸਾਨੂੰ ਆਪਣੇ ਵੱਲ “ਖਿੱਚਦਾ” ਹੈ? ਇਹੀ ਯੂਨਾਨੀ ਕ੍ਰਿਆ ਨੂੰ ਉਦੋਂ ਵੀ ਵਰਤਿਆ ਗਿਆ ਸੀ ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਮੱਛੀਆਂ ਫੜਨ ਲਈ ਕਿਹਾ ਸੀ। (ਯੂਹੰਨਾ 21:6, 11) ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਜ਼ਬਰਦਸਤੀ ਸਾਡੇ ਕੋਲੋਂ ਆਪਣੀ ਸੇਵਾ ਕਰਾਉਂਦਾ ਹੈ? ਨਹੀਂ। ਯਹੋਵਾਹ ਨੇ ਸਾਨੂੰ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ, ਇਸ ਲਈ ਉਹ ਸਾਨੂੰ ਆਪਣੀ ਸੇਵਾ ਕਰਨ ਲਈ ਮਜਬੂਰ ਨਹੀਂ ਕਰਦਾ। (ਬਿਵਸਥਾ ਸਾਰ 30:19, 20) ਇਕ ਵਿਦਵਾਨ ਨੇ ਇਸ ਤਰ੍ਹਾਂ ਕਿਹਾ: “ਦਿਲਾਂ ਦੇ ਦਰਵਾਜ਼ੇ ਅੰਦਰੋਂ ਖੁੱਲ੍ਹਦੇ ਹਨ, ਬਾਹਰੋਂ ਜ਼ਬਰਦਸਤੀ ਨਹੀਂ ਖੋਲ੍ਹੇ ਜਾ ਸਕਦੇ।” ਯਹੋਵਾਹ ਇਸ ਦੁਨੀਆਂ ਦੇ ਲੱਖਾਂ-ਕਰੋੜਾਂ ਲੋਕਾਂ ਦੇ ਦਿਲਾਂ ਨੂੰ ਦੇਖਦਾ ਹੈ ਕਿ ਕਿਹੜੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਧ ਵਿਚ ਚੱਲਣਾ ਚਾਹੁੰਦੇ ਹਨ। (1 ਇਤਹਾਸ 28:9) ਜਦੋਂ ਉਹ ਇੱਦਾਂ ਦਾ ਇਨਸਾਨ ਲੱਭ ਲੈਂਦਾ ਹੈ, ਤਾਂ ਉਹ ਉਸ ਦੀ ਬੜੇ ਪਿਆਰ ਨਾਲ ਮਦਦ ਕਰਦਾ ਹੈ। ਕਿਵੇਂ?

ਜਿਹੜੇ “ਸੱਚਾਈ ਨੂੰ ਕਬੂਲ ਕਰਨ ਲਈ ਮਨੋਂ ਤਿਆਰ” ਹਨ, ਯਹੋਵਾਹ ਉਨ੍ਹਾਂ ਨੂੰ ਪਿਆਰ ਦੀ ਡੋਰ ਨਾਲ ਆਪਣੇ ਵੱਲ ਖਿੱਚਦਾ ਹੈ। (ਰਸੂਲਾਂ ਦੇ ਕੰਮ 13:48) ਯਹੋਵਾਹ ਦੋ ਤਰੀਕਿਆਂ ਨਾਲ ਇਨਸਾਨਾਂ ਨੂੰ ਆਪਣੇ ਵੱਲ ਖਿੱਚਦਾ ਹੈ। ਇਕ ਹੈ ਬਾਈਬਲ ਵਿਚ ਦਿੱਤੀ ਖ਼ੁਸ਼ ਖ਼ਬਰੀ ਦੇ ਰਾਹੀਂ ਤੇ ਦੂਸਰਾ ਹੈ ਪਵਿੱਤਰ ਸ਼ਕਤੀ ਦੇ ਰਾਹੀਂ। ਜਦੋਂ ਯਹੋਵਾਹ ਦੇਖਦਾ ਹੈ ਕਿ ਕਿਸੇ ਦਾ ਦਿਲ ਸੱਚਾਈ ਨੂੰ ਕਬੂਲ ਕਰਨ ਲੱਗਦਾ ਹੈ, ਤਾਂ ਉਹ ਆਪਣੀ ਪਵਿੱਤਰ ਸ਼ਕਤੀ ਰਾਹੀਂ ਉਸ ਇਨਸਾਨ ਦੀ ਮਦਦ ਕਰਦਾ ਹੈ ਕਿ ਉਹ ਸੱਚਾਈ ਨੂੰ ਸਮਝ ਸਕੇ ਤੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕੇ। (1 ਕੁਰਿੰਥੀਆਂ 2:11, 12) ਪਰਮੇਸ਼ੁਰ ਦੀ ਮਦਦ ਤੋਂ ਬਿਨਾਂ ਨਾ ਹੀ ਅਸੀਂ ਯਿਸੂ ਦੇ ਸੱਚੇ ਚੇਲੇ ਤੇ ਨਾ ਹੀ ਯਹੋਵਾਹ ਦੇ ਸੇਵਕ ਬਣ ਸਕਦੇ ਹਾਂ।

“ਦਿਲਾਂ ਦੇ ਦਰਵਾਜ਼ੇ ਅੰਦਰੋਂ ਖੁੱਲ੍ਹਦੇ ਹਨ, ਬਾਹਰੋਂ ਜ਼ਬਰਦਸਤੀ ਨਹੀਂ ਖੋਲ੍ਹੇ ਜਾ ਸਕਦੇ”

ਸੋ ਯੂਹੰਨਾ 6:44 ਵਿਚ ਯਿਸੂ ਦੇ ਸ਼ਬਦ ਸਾਨੂੰ ਯਹੋਵਾਹ ਬਾਰੇ ਕੀ ਦੱਸਦੇ ਹਨ? ਯਹੋਵਾਹ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਕਿਉਂਕਿ ਉਹ ਉਨ੍ਹਾਂ ਦੇ ਦਿਲਾਂ ਵਿਚ ਕੋਈ ਚੰਗੀ ਚੀਜ਼ ਦੇਖਦਾ ਹੈ ਤੇ ਉਨ੍ਹਾਂ ਦੀ ਪਰਵਾਹ ਕਰਦਾ ਹੈ। ਜਿਸ ਔਰਤ ਦਾ ਜ਼ਿਕਰ ਸ਼ੁਰੂ ਵਿਚ ਕੀਤਾ ਗਿਆ ਸੀ ਉਸ ਨੇ ਇਸ ਸੱਚਾਈ ਨੂੰ ਜਾਣ ਕੇ ਬਹੁਤ ਦਿਲਾਸਾ ਪਾਇਆ। ਉਹ ਕਹਿੰਦੀ ਹੈ: “ਯਹੋਵਾਹ ਦੇ ਸੇਵਕ ਹੋਣਾ ਸਭ ਤੋਂ ਵੱਡੇ ਸਨਮਾਨ ਦੀ ਗੱਲ ਹੈ ਤੇ ਜੇ ਯਹੋਵਾਹ ਨੇ ਮੈਨੂੰ ਆਪਣੀ ਸੇਵਾ ਕਰਨ ਲਈ ਚੁਣਿਆ ਹੈ, ਤਾਂ ਮੈਂ ਉਸ ਦੀਆਂ ਨਜ਼ਰਾਂ ਵਿਚ ਜ਼ਰੂਰ ਅਨਮੋਲ ਹਾਂ।” ਤੁਹਾਡੇ ਬਾਰੇ ਕੀ? ਕੀ ਤੁਸੀਂ ਯਹੋਵਾਹ ਬਾਰੇ ਇਹ ਗੱਲ ਜਾਣ ਕੇ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹਣੇ ਨਹੀਂ ਚਾਹੁੰਦੇ? (w13-E 05/01)

ਸੁਝਾਅ:

ਬਾਈਬਲ ਵਿੱਚੋਂ ਲੂਕਾ 22-24ਯੂਹੰਨਾ 1-16 ਅਧਿਆਇ ਪੜ੍ਹੋ