Skip to content

Skip to table of contents

ਮੁੱਖ ਪੰਨੇ ਤੋਂ | ਕੀ ਰੱਬ ਨੂੰ ਤੁਹਾਡਾ ਫ਼ਿਕਰ ਹੈ?

ਰੱਬ ਤੁਹਾਡੇ ’ਤੇ ਨਿਗਾਹ ਰੱਖਦਾ ਹੈ

ਰੱਬ ਤੁਹਾਡੇ ’ਤੇ ਨਿਗਾਹ ਰੱਖਦਾ ਹੈ

‘ਰੱਬ ਦੀਆਂ ਅੱਖਾਂ ਮਨੁੱਖ ਦੇ ਮਾਰਗਾਂ ਉੱਤੇ ਹਨ, ਉਹ ਉਸ ਦੇ ਸਾਰੇ ਕਦਮਾਂ ਨੂੰ ਵੇਖਦਾ ਹੈ।’​—ਅੱਯੂਬ 34:21.

ਬੱਚਾ ਜਿੰਨਾ ਛੋਟਾ ਹੁੰਦਾ ਹੈ, ਮਾਪਿਆਂ ਨੂੰ ਉਸ ਦਾ ਉੱਨਾ ਫ਼ਿਕਰ ਹੁੰਦਾ ਹੈ

ਕੁਝ ਲੋਕ ਸ਼ੱਕ ਕਿਉਂ ਕਰਦੇ ਹਨ: ਹਾਲ ਹੀ ਵਿਚ ਕੀਤੀ ਰੀਸਰਚ ਤੋਂ ਪਤਾ ਲੱਗਦਾ ਹੈ ਕਿ ਸਾਡੀ ਗਲੈਕਸੀ ਵਿਚ ਘੱਟੋ-ਘੱਟ 100 ਅਰਬ ਤੋਂ ਵੱਧ ਗ੍ਰਹਿ ਹਨ। ਵਿਸ਼ਾਲ ਬ੍ਰਹਿਮੰਡ ਬਾਰੇ ਸੋਚ ਕੇ ਬਹੁਤ ਲੋਕ ਕਹਿੰਦੇ ਹਨ: ‘ਧਰਤੀ ਵਰਗੇ ਛੋਟੇ ਜਿਹੇ ਗ੍ਰਹਿ ਉੱਤੇ ਮਾਮੂਲੀ ਇਨਸਾਨਾਂ ’ਤੇ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਨਿਗਾਹ ਰੱਖਣ ਦੀ ਕੀ ਲੋੜ ਹੈ?’

ਰੱਬ ਦਾ ਬਚਨ ਸਿਖਾਉਂਦਾ ਹੈ: ਰੱਬ ਨੇ ਸਾਨੂੰ ਬਾਈਬਲ ਦਿੱਤੀ ਹੈ, ਪਰ ਇਸ ਦਾ ਇਹ ਮਤਲਬ ਇਹ ਨਹੀਂ ਕਿ ਉਸ ਨੇ ਸਾਡਾ ਫ਼ਿਕਰ ਕਰਨਾ ਛੱਡ ਦਿੱਤਾ ਹੈ। ਇਸ ਦੇ ਉਲਟ, ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ: ‘ਮੈਂ ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।’​—ਜ਼ਬੂਰਾਂ ਦੀ ਪੋਥੀ 32:8.

ਜ਼ਰਾ ਇਕ ਮਿਸਰੀ ਤੀਵੀਂ ਹਾਜਰਾ ਵੱਲ ਧਿਆਨ ਦਿਓ ਜੋ 20ਵੀਂ ਸਦੀ ਈਸਵੀ ਪੂਰਵ ਵਿਚ ਰਹਿੰਦੀ ਸੀ। ਹਾਜਰਾ ਨੇ ਆਪਣੀ ਮਾਲਕਣ ਸਾਰਈ ਦਾ ਆਦਰ ਨਹੀਂ ਕੀਤਾ ਜਿਸ ਕਰਕੇ ਸਾਰਈ ਨੇ ਹਾਜਰਾ ਦੀ ਬੇਇੱਜ਼ਤੀ ਕੀਤੀ ਅਤੇ ਹਾਜਰਾ ਉਜਾੜ ਵੱਲ ਭੱਜ ਗਈ। ਕੀ ਹਾਜਰਾ ਦੀ ਗ਼ਲਤੀ ਕਾਰਨ ਰੱਬ ਨੇ ਉਸ ਦਾ ਫ਼ਿਕਰ ਕਰਨਾ ਛੱਡ ਦਿੱਤਾ? ਬਾਈਬਲ ਦੱਸਦੀ ਹੈ: ‘ਯਹੋਵਾਹ ਦੇ ਦੂਤ ਨੇ ਉਸ ਨੂੰ ਲੱਭਿਆ।’ ਉਸ ਦੂਤ ਨੇ ਹਾਜਰਾ ਨੂੰ ਹੌਸਲਾ ਦਿੱਤਾ: “ਯਹੋਵਾਹ ਨੇ ਤੇਰੇ ਦੁੱਖ ਨੂੰ ਸੁਣਿਆ ਹੈ।” ਫਿਰ ਹਾਜਰਾ ਨੇ ਯਹੋਵਾਹ ਨੂੰ ਕਿਹਾ: ‘ਤੂੰ ਵੇਖਣਹਾਰ ਪਰਮੇਸ਼ੁਰ ਹੈਂ।’​—ਉਤਪਤ 16:4-13.

ਜੀ ਹਾਂ, “ਵੇਖਣਹਾਰ ਪਰਮੇਸ਼ੁਰ” ਤੁਹਾਡੇ ’ਤੇ ਵੀ ਨਿਗਾਹ ਰੱਖਦਾ ਹੈ। ਮਿਸਾਲ ਲਈ, ਇਕ ਮਾਂ ਖ਼ਾਸ ਕਰਕੇ ਆਪਣੇ ਛੋਟੇ ਬੱਚਿਆਂ ਦਾ ਬਹੁਤ ਖ਼ਿਆਲ ਰੱਖਦੀ ਹੈ। ਬੱਚਾ ਜਿੰਨਾ ਛੋਟਾ ਹੁੰਦਾ ਹੈ, ਮਾਪਿਆਂ ਨੂੰ ਉਸ ਦਾ ਉੱਨਾ ਫ਼ਿਕਰ ਹੁੰਦਾ ਹੈ। ਇਸੇ ਤਰ੍ਹਾਂ ਪਰਮੇਸ਼ੁਰ ਖ਼ਾਸ ਕਰਕੇ ਸਾਡੇ ’ਤੇ ਨਿਗਾਹ ਰੱਖਦਾ ਹੈ ਜਦ ਅਸੀਂ ਕਮਜ਼ੋਰ ਅਤੇ ਬੇਸਹਾਰਾ ਹੁੰਦੇ ਹਾਂ। ਯਹੋਵਾਹ ਕਹਿੰਦਾ ਹੈ: “ਮੈਂ ਉੱਚਾ ਅਤੇ ਪਵਿੱਤਰ ਪਰਮੇਸ਼ਰ ਹਾਂ, ਪਰ ਮੈਂ ਉਹਨਾਂ ਲੋਕਾਂ ਨਾਲ ਹੀ ਰਹਿੰਦਾ ਹਾਂ, ਜੋ ਦੀਨ ਅਤੇ ਪਛਤਾਵਾ ਕਰਦੇ ਹਨ। ਮੈਂ ਉਹਨਾਂ ਦੇ ਭਰੋਸੇ ਅਤੇ ਉਮੀਦ ਨੂੰ ਦੁਬਾਰਾ ਸੁਰਜੀਤ ਕਰਦਾ ਹਾਂ।”​—ਯਸਾਯਾਹ 57:15, CL.

ਇਸ ਦੇ ਬਾਵਜੂਦ ਤੁਸੀਂ ਸ਼ਾਇਦ ਸੋਚੋ: ‘ਰੱਬ ਮੇਰੇ ’ਤੇ ਨਿਗਾਹ ਕਿਵੇਂ ਰੱਖਦਾ ਹੈ? ਕੀ ਉਹ ਮੇਰਾ ਬਾਹਰਲਾ ਰੂਪ ਦੇਖਦਾ ਹੈ ਜਾਂ ਉਹ ਮੇਰੇ ਦਿਲ ਦੇ ਧੁਰ ਅੰਦਰ ਦੇਖਦਾ ਹੈ? ਕੀ ਉਹ ਸੱਚ-ਮੁੱਚ ਮੈਨੂੰ ਸਮਝਦਾ ਹੈ?’ (w14-E 08/01)