Skip to content

Skip to table of contents

“ਸਮਝਦਾਰ ਛੇਤੀ ਭੜਕਦਾ ਨਹੀਂ”

“ਸਮਝਦਾਰ ਛੇਤੀ ਭੜਕਦਾ ਨਹੀਂ”

ਬਾਸਕੱਟ ਬਾਲ ਦੇ ਕੋਚ ਦੇ ਬੇਕਾਬੂ ਗੁੱਸੇ ਕਰਕੇ ਉਸ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ।

ਬੱਚੇ ਦੀ ਜ਼ਿੱਦ ਪੂਰੀ ਨਾ ਹੋਣ ਕਰਕੇ ਉਹ ਗੁੱਸੇ ਨਾਲ ਚੀਕਣ-ਚਿਲਾਉਣ ਲੱਗ ਪਿਆ।

ਮਾਂ-ਪੁੱਤ ਦੀ ਗਰਮਾ-ਗਰਮ ਬਹਿਸ ਹੋ ਗਈ ਕਿਉਂਕਿ ਮੁੰਡੇ ਨੇ ਕਮਰੇ ਵਿਚ ਖਿਲਾਰਾ ਪਾਇਆ ਹੋਇਆ ਸੀ।

ਅਸੀਂ ਸਾਰਿਆਂ ਨੇ ਲੋਕਾਂ ਨੂੰ ਗੁੱਸਾ ਕੱਢਦੇ ਹੋਏ ਦੇਖਿਆ ਹੈ। ਨਾਲੇ ਸਾਨੂੰ ਵੀ ਕਿਸੇ-ਨਾ-ਕਿਸੇ ਸਮੇਂ ਤੇ ਗੁੱਸਾ ਆਇਆ ਹੈ। ਭਾਵੇਂ ਕਿ ਸ਼ਾਇਦ ਅਸੀਂ ਸੋਚੀਏ ਕਿ ਗੁੱਸਾ ਕਰਨਾ ਚੰਗੀ ਗੱਲ ਨਹੀਂ ਅਤੇ ਸਾਨੂੰ ਆਪਣੇ ਗੁੱਸੇ ’ਤੇ ਕੰਟ੍ਰੋਲ ਕਰਨਾ ਚਾਹੀਦਾ ਹੈ, ਫਿਰ ਵੀ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਗੁੱਸਾ ਕਰਨ ਦਾ ਜਾਇਜ਼ ਕਾਰਨ ਹੈ, ਖ਼ਾਸ ਕਰਕੇ ਜਦੋਂ ਕਿਸੇ ਨੇ ਸਾਡੇ ਨਾਲ ਬੁਰਾ ਕੀਤਾ ਹੋਵੇ। ਅਮੈਰੀਕਨ ਸਾਈਕਲੋਜੀਕਲ ਐਸੋਸੀਏਸ਼ਨ ਦੇ ਇਕ ਲੇਖ ਵਿਚ ਕਿਹਾ ਗਿਆ ਹੈ ਕਿ “ਗੁੱਸਾ ਕੱਢਣਾ ਤਾਂ ਕੁਦਰਤੀ ਹੈ, ਇਸ ਦਾ ਸਾਡੀ ਸਿਹਤ ’ਤੇ ਚੰਗਾ ਅਸਰ ਪੈਂਦਾ ਹੈ।”

ਇਹ ਸੋਚ ਸ਼ਾਇਦ ਸਾਨੂੰ ਠੀਕ ਲੱਗੇ ਜਦੋਂ ਅਸੀਂ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀਆਂ ਇਕ ਮਸੀਹੀ ਪੌਲੁਸ ਰਸੂਲ ਦੀਆਂ ਗੱਲਾਂ ਉੱਤੇ ਗੌਰ ਕਰਦੇ ਹਾਂ। ਉਸ ਨੂੰ ਪਤਾ ਸੀ ਕਿ ਲੋਕਾਂ ਨੂੰ ਕਦੀ-ਕਦਾਈਂ ਗੁੱਸਾ ਆ ਸਕਦਾ ਹੈ, ਇਸ ਲਈ ਉਸ ਨੇ ਕਿਹਾ: “ਜਦੋਂ ਤੁਹਾਨੂੰ ਗੁੱਸਾ ਆਵੇ, ਤਾਂ ਪਾਪ ਨਾ ਕਰੋ; ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ ਦਿਓ।” (ਅਫ਼ਸੀਆਂ 4:26) ਇਸ ਗੱਲ ਨੂੰ ਮੱਦੇ-ਨਜ਼ਰ ਰੱਖਦੇ ਹੋਏ, ਕੀ ਸਾਨੂੰ ਗੁੱਸਾ ਕੱਢਣਾ ਚਾਹੀਦਾ ਹੈ ਜਾਂ ਕੀ ਸਾਨੂੰ ਗੁੱਸੇ ਨੂੰ ਕੰਟ੍ਰੋਲ ਕਰਨ ਲਈ ਉਹ ਕਰਨਾ ਚਾਹੀਦਾ ਜੋ ਅਸੀਂ ਕਰ ਸਕਦੇ ਹਾਂ?

ਕੀ ਤੁਹਾਨੂੰ ਗੁੱਸਾ ਕੱਢਣਾ ਚਾਹੀਦਾ ਹੈ?

ਜਦੋਂ ਪੌਲੁਸ ਨੇ ਗੁੱਸੇ ਬਾਰੇ ਸਲਾਹ ਦਿੱਤੀ, ਤਾਂ ਉਸ ਦੇ ਮਨ ਵਿਚ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦ ਆਏ ਜਿਸ ਨੇ ਲਿਖਿਆ: “ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਪਾਪ ਨਾ ਕਰੋ।” (ਜ਼ਬੂਰਾਂ ਦੀ ਪੋਥੀ 4:4, ERV) ਪੌਲੁਸ ਨੇ ਕਿਸ ਇਰਾਦੇ ਨਾਲ ਸਲਾਹ ਦਿੱਤੀ ਸੀ? ਉਸ ਨੇ ਸਮਝਾਇਆ: “ਹਰ ਤਰ੍ਹਾਂ ਦਾ ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ, ਨਾਲੇ ਹਰ ਤਰ੍ਹਾਂ ਦੀ ਬੁਰਾਈ ਨੂੰ ਆਪਣੇ ਤੋਂ ਦੂਰ ਕਰੋ।” (ਅਫ਼ਸੀਆਂ 4:31) ਅਸਲ ਵਿਚ ਪੌਲੁਸ ਮਸੀਹੀਆਂ ਨੂੰ ਹੱਲਾਸ਼ੇਰੀ ਦੇ ਰਿਹਾ ਸੀ ਕਿ ਉਹ ਗੁੱਸਾ ਕੱਢਣ ਤੋਂ ਪਰਹੇਜ਼ ਕਰਨ। ਦਿਲਚਸਪੀ ਦੀ ਗੱਲ ਹੈ ਕਿ ਅਮੈਰੀਕਨ ਸਾਈਕਲੋਜੀਕਲ ਐਸੋਸੀਏਸ਼ਨ ਦਾ ਲੇਖ ਅੱਗੇ ਕਹਿੰਦਾ ਹੈ: ‘ਖੋਜ ਕਰਨ ਨਾਲ ਪਤਾ ਲੱਗਾ ਹੈ ਕਿ ਭੜਾਸ ਕੱਢਣ ਨਾਲ ਗੁੱਸੇ ਦੀ ਅੱਗ ਭੜਕਦੀ ਹੈ ਤੇ ਸਮੱਸਿਆ ਹੱਲ ਨਹੀਂ ਹੁੰਦੀ।’

ਅਸੀਂ ਗੁੱਸੇ ਅਤੇ ਇਸ ਦੇ ਬੁਰੇ ਅਸਰਾਂ ਤੋਂ “ਦੂਰ” ਕਿਵੇਂ ਰਹਿ ਸਕਦੇ ਹਾਂ? ਪ੍ਰਾਚੀਨ ਇਜ਼ਰਾਈਲ ਦੇ ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ: “ਸਮਝਦਾਰ ਛੇਤੀ ਭੜਕਦਾ ਨਹੀਂ, ਅਤੇ ਉਸ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਦੂਜਿਆਂ ਨੂੰ ਮਾਫ਼ ਕਰ ਦਿੰਦਾ ਹੈ।” (ਕਹਾਉਤਾਂ 19:11, CL) ਜਦੋਂ ਇਕ ਇਨਸਾਨ ਦੇ ਅੰਦਰ ਗੁੱਸਾ ਉਬਾਲੇ ਖਾਂਦਾ ਹੈ, ਤਾਂ ‘ਸਮਝਦਾਰੀ’ ਉਸ ਦੀ ਮਦਦ ਕਿਵੇਂ ਕਰਦੀ ਹੈ?

ਸਮਝਦਾਰੀ ਗੁੱਸੇ ਨੂੰ ਕਿਵੇਂ ਸ਼ਾਂਤ ਕਰਦੀ ਹੈ?

ਸਮਝ ਉਹ ਕਾਬਲੀਅਤ ਹੈ ਜਿਸ ਨਾਲ ਇਨਸਾਨ ਮਾਮਲੇ ਨੂੰ ਉੱਪਰੋਂ-ਉੱਪਰੋਂ ਦੇਖਣ ਦੀ ਬਜਾਇ ਇਸ ਦੀ ਤਹਿ ਤਕ ਜਾਂਦਾ ਹੈ। ਇਹ ਗੱਲ ਸਾਡੀ ਕਿਵੇਂ ਮਦਦ ਕਰਦੀ ਹੈ ਜਦੋਂ ਕੋਈ ਸਾਨੂੰ ਗੁੱਸਾ ਚੜ੍ਹਾਉਂਦਾ ਹੈ?

ਜਦੋਂ ਅਸੀਂ ਬੇਇਨਸਾਫ਼ੀ ਹੁੰਦੀ ਦੇਖਦੇ ਹਾਂ, ਤਾਂ ਅਸੀਂ ਸ਼ਾਇਦ ਉਦੋਂ ਗੁੱਸੇ ਨਾਲ ਭਰ ਜਾਈਏ। ਪਰ ਜੇ ਅਸੀਂ ਗੁੱਸੇ ਵਿਚ ਆ ਕੇ ਕੁਝ ਕਰ ਬੈਠੀਏ, ਤਾਂ ਸ਼ਾਇਦ ਅਸੀਂ ਆਪਣੇ ਆਪ ਨੂੰ ਜਾਂ ਦੂਸਰਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਾਂ। ਜਿਵੇਂ ਬੇਕਾਬੂ ਹੋਈ ਅੱਗ ਇਕ ਘਰ ਨੂੰ ਜਲਾ ਕੇ ਰਾਖ ਕਰ ਸਕਦੀ ਹੈ, ਉਸੇ ਤਰ੍ਹਾਂ ਗੁੱਸੇ ਵਿਚ ਭੜਕਣ ਨਾਲ ਸ਼ਾਇਦ ਅਸੀਂ ਆਪਣੀ ਇੱਜ਼ਤ ਮਿੱਟੀ ਵਿਚ ਮਿਲਾ ਲਈਏ ਤੇ ਦੂਜਿਆਂ ਨਾਲ ਆਪਣਾ ਰਿਸ਼ਤਾ ਵਿਗਾੜ ਲਈਏ, ਇੱਥੋਂ ਤਕ ਕਿ ਰੱਬ ਨਾਲ ਵੀ। ਜਦੋਂ ਸਾਨੂੰ ਲੱਗਦਾ ਹੈ ਕਿ ਸਾਡਾ ਪਾਰਾ ਚੜ੍ਹ ਰਿਹਾ ਹੈ, ਤਾਂ ਸਾਨੂੰ ਮਾਮਲੇ ਦੀ ਤਹਿ ਤਕ ਜਾ ਕੇ ਸਾਰੀ ਗੱਲ ਨੂੰ ਸਮਝਣ ਦੀ ਲੋੜ ਹੈ। ਇਸ ਤਰ੍ਹਾਂ ਕਰ ਕੇ ਸਾਨੂੰ ਆਪਣੇ ਗੁੱਸੇ ’ਤੇ ਕਾਬੂ ਰੱਖਣ ਵਿਚ ਮਦਦ ਮਿਲੇਗੀ।

ਸੁਲੇਮਾਨ ਦਾ ਪਿਤਾ ਰਾਜਾ ਦਾਊਦ ਨਾਬਾਲ ਨਾਂ ਦੇ ਇਕ ਆਦਮੀ ਦੇ ਖ਼ੂਨ ਦਾ ਦੋਸ਼ੀ ਬਣਨ ਤੋਂ ਮਸਾਂ ਬਚਿਆ ਕਿਉਂਕਿ ਉਸ ਨੂੰ ਸਾਰੀ ਗੱਲ ਪਤਾ ਲੱਗ ਗਈ ਸੀ। ਯਹੂਦੀਆ ਦੀ ਉਜਾੜ ਵਿਚ ਦਾਊਦ ਅਤੇ ਉਸ ਦੇ ਆਦਮੀਆਂ ਨੇ ਨਾਬਾਲ ਦੀਆਂ ਭੇਡਾਂ ਦੀ ਰਾਖੀ ਕੀਤੀ ਸੀ। ਜਦੋਂ ਭੇਡਾਂ ਦੀ ਉੱਨ ਕਤਰਨ ਦਾ ਸਮਾਂ ਆਇਆ, ਤਾਂ ਦਾਊਦ ਨੇ ਨਾਬਾਲ ਕੋਲੋਂ ਕੁਝ ਖਾਣ-ਪੀਣ ਦੀਆਂ ਚੀਜ਼ਾਂ ਮੰਗੀਆਂ। ਉਸ ਸਮੇਂ ਨਾਬਾਲ ਨੇ ਜਵਾਬ ਦਿੱਤਾ: “ਭਲਾ, ਮੈਂ ਆਪਣੀ ਰੋਟੀ ਅਤੇ ਪਾਣੀ ਅਰ ਮਾਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਉਨ੍ਹਾਂ ਲੋਕਾਂ ਨੂੰ ਲਿਆ ਦਿਆਂ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਜੋ ਕਿੱਥੋਂ ਦੇ ਹਨ?” ਕਿੰਨੀ ਬੇਇੱਜ਼ਤੀ ਵਾਲੀ ਗੱਲ ਸੀ! ਜਦੋਂ ਦਾਊਦ ਨੇ ਇਹ ਸੁਣਿਆ, ਤਾਂ ਉਹ ਅੱਗ ਭਬੂਕਾ ਹੋ ਕੇ ਆਪਣੇ ਕੁਝ 400 ਆਦਮੀਆਂ ਨੂੰ ਲੈ ਕੇ ਨਾਬਾਲ ਤੇ ਉਸ ਦੇ ਘਰ ਦੇ ਸਾਰੇ ਜੀਆਂ ਨੂੰ ਮਾਰਨ ਲਈ ਨਿਕਲ ਤੁਰਿਆ।1 ਸਮੂਏਲ 25:4-13.

ਨਾਬਾਲ ਦੀ ਪਤਨੀ ਅਬੀਗੈਲ ਨੂੰ ਇਹ ਸਾਰੀ ਗੱਲ ਪਤਾ ਲੱਗੀ ਤੇ ਉਹ ਦਾਊਦ ਨੂੰ ਮਿਲਣ ਗਈ। ਜਦੋਂ ਉਹ ਦਾਊਦ ਤੇ ਉਸ ਦੇ ਆਦਮੀਆਂ ਨੂੰ ਮਿਲੀ, ਤਾਂ ਉਸ ਨੇ ਦਾਊਦ ਦੇ ਪੈਰੀਂ ਪੈ ਕੇ ਕਿਹਾ: “ਆਪਣੀ ਟਹਿਲਣ ਨੂੰ ਤੁਹਾਡੇ ਕੰਨ ਵਿੱਚ ਇੱਕ ਗੱਲ ਆਖਣ ਦੀ ਪਰਵਾਨਗੀ ਦਿਓ ਅਤੇ ਆਪਣੀ ਟਹਿਲਣ ਦੀ ਬੇਨਤੀ ਸੁਣ ਲਓ।” ਫਿਰ ਉਸ ਨੇ ਦਾਊਦ ਨੂੰ ਦੱਸਿਆ ਕਿ ਨਾਬਾਲ ਤਾਂ ਮੂਰਖ ਹੈ ਅਤੇ ਜੇਕਰ ਤੂੰ ਇਹ ਖ਼ੂਨ-ਖ਼ਰਾਬਾ ਕੀਤਾ, ਤਾਂ ਤੈਨੂੰ ਬਾਅਦ ਵਿਚ ਇਸ ਗੱਲ ਦਾ ਬਹੁਤ ਪਛਤਾਵਾ ਹੋਵੇਗਾ।1 ਸਮੂਏਲ 25:24-31.

ਅਬੀਗੈਲ ਦੀਆਂ ਗੱਲਾਂ ਤੋਂ ਉਸ ਨੂੰ ਕਿਹੜੀ ਗੱਲ ਸਮਝਣ ਵਿਚ ਮਦਦ ਮਿਲੀ ਜਿਸ ਕਰਕੇ ਉਸ ਦਾ ਗੁੱਸਾ ਸ਼ਾਂਤ ਹੋ ਗਿਆ? ਪਹਿਲੀ, ਉਹ ਜਾਣ ਸਕਿਆ ਕਿ ਨਾਬਾਲ ਤਾਂ ਮੂਰਖ ਸੀ ਅਤੇ ਦੂਜੀ, ਜੇ ਉਸ ਨੇ ਬਦਲਾ ਲਿਆ, ਤਾਂ ਉਹ ਉਸ ਦੇ ਖ਼ੂਨ ਦਾ ਦੋਸ਼ੀ ਬਣ ਸਕਦਾ ਸੀ। ਦਾਊਦ ਵਾਂਗ ਸ਼ਾਇਦ ਤੁਸੀਂ ਵੀ ਕਿਸੇ ਗੱਲ ਕਰਕੇ ਅੱਗ ਭਬੂਕਾ ਹੋ ਜਾਓ। ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਗੁੱਸੇ ਨੂੰ ਕੰਟ੍ਰੋਲ ਕਰਨ ਬਾਰੇ ਮੇਓ ਕਲਿਨਿਕ ਦਾ ਇਕ ਲੇਖ ਸੁਝਾਅ ਦਿੰਦਾ ਹੈ: “ਕੁਝ ਪਲਾਂ ਲਈ ਲੰਬੇ-ਲੰਬੇ ਸਾਹ ਲਓ ਤੇ ਦਸ ਤਕ ਗਿਣੋ।” ਥੋੜ੍ਹੇ ਸਮੇਂ ਲਈ ਸੋਚੋ ਕਿ ਸਮੱਸਿਆ ਦੀ ਜੜ੍ਹ ਕੀ ਹੈ ਅਤੇ ਜੇ ਤੁਸੀਂ ਗੁੱਸੇ ਵਿਚ ਕੁਝ ਕੀਤਾ, ਤਾਂ ਉਸ ਦੇ ਕੀ ਅੰਜਾਮ ਹੋ ਸਕਦੇ ਹਨ। ਸਮਝਦਾਰੀ ਨਾਲ ਆਪਣੇ ਗੁੱਸੇ ਨੂੰ ਸ਼ਾਂਤ ਕਰੋ ਜਾਂ ਇਸ ਨੂੰ ਥੁੱਕ ਦਿਓ।1 ਸਮੂਏਲ 25:32-35.

ਉਸ ਵਾਂਗ ਅੱਜ ਬਹੁਤ ਸਾਰੇ ਲੋਕਾਂ ਨੂੰ ਆਪਣੇ ਗੁੱਸੇ ਉੱਤੇ ਕਾਬੂ ਪਾਉਣ ਵਿਚ ਮਦਦ ਮਿਲੀ ਹੈ। ਸਬੈਸਟੀਅਨ ਦੱਸਦਾ ਹੈ ਕਿ 23 ਸਾਲ ਦੀ ਉਮਰ ਵਿਚ ਜਦੋਂ ਉਸ ਨੂੰ ਇਕੱਲੇ ਨੂੰ ਪੋਲਿਸ਼ ਜੇਲ੍ਹ ਵਿਚ ਰੱਖਿਆ ਗਿਆ ਸੀ, ਤਾਂ ਉਸ ਨੇ ਬਾਈਬਲ ਦੀ ਸਟੱਡੀ ਕਰ ਕੇ ਕਿਵੇਂ ਆਪਣੇ ਗੁੱਸੇ ’ਤੇ ਕਾਬੂ ਪਾਉਣਾ ਸਿੱਖਿਆ। ਉਸ ਨੇ ਦੱਸਿਆ: “ਪਹਿਲਾਂ ਮੈਂ ਆਪਣੀ ਪਰੇਸ਼ਾਨੀ ਬਾਰੇ ਸੋਚਦਾ ਹਾਂ, ਫਿਰ ਮੈਂ ਬਾਈਬਲ ਦੀ ਸਲਾਹ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਦੇਖਿਆ ਕਿ ਬਾਈਬਲ ਹੀ ਅਜਿਹੀ ਕਿਤਾਬ ਹੈ ਜਿਸ ਵਿੱਚੋਂ ਸਭ ਤੋਂ ਵਧੀਆ ਸਲਾਹ ਮਿਲਦੀ ਹੈ।”

ਬਾਈਬਲ ਦੀ ਸਲਾਹ ਮੰਨ ਕੇ ਤੁਹਾਨੂੰ ਆਪਣੇ ਗੁੱਸੇ ਨੂੰ ਕੰਟ੍ਰੋਲ ਕਰਨ ਵਿਚ ਮਦਦ ਮਿਲ ਸਕਦੀ ਹੈ

ਸੈਟਸੂਓ ਨੇ ਵੀ ਇਸੇ ਤਰ੍ਹਾਂ ਕੀਤਾ। ਉਸ ਨੇ ਦੱਸਿਆ: “ਕੰਮ ਤੇ ਜਦੋਂ ਮੈਨੂੰ ਕੋਈ ਗੁੱਸਾ ਚੜ੍ਹਾਉਂਦਾ ਸੀ, ਤਾਂ ਮੈਂ ਉਸ ਨੂੰ ਟੁੱਟ ਕੇ ਪੈ ਜਾਂਦਾ ਸੀ! ਬਾਈਬਲ ਦੀ ਸਟੱਡੀ ਕਰਨ ਤੋਂ ਬਾਅਦ ਹੁਣ ਮੈਂ ਕਿਸੇ ਉੱਤੇ ਗੁੱਸਾ ਕੱਢਣ ਤੋਂ ਪਹਿਲਾਂ ਸੋਚਦਾ ਹਾਂ: ‘ਕਸੂਰ ਕਿਸ ਦਾ ਹੈ? ਕੀ ਮੇਰਾ ਹੀ ਕਸੂਰ ਤਾਂ ਨਹੀਂ?’” ਇਸ ਤਰ੍ਹਾਂ ਦੇ ਸਵਾਲਾਂ ਬਾਰੇ ਸੋਚ ਕੇ ਉਸ ਦਾ ਗੁੱਸਾ ਠੰਢਾ ਹੋ ਜਾਂਦਾ ਸੀ ਅਤੇ ਉਹ ਆਪਣੇ ਗੁੱਸੇ ’ਤੇ ਕੰਟ੍ਰੋਲ ਕਰ ਸਕਿਆ ਜੋ ਉਸ ਦੇ ਦਿਲ ਵਿਚ ਉਬਾਲੇ ਖਾਂਦਾ ਸੀ।

ਸ਼ਾਇਦ ਤੁਹਾਨੂੰ ਲੱਗੇ ਕਿ ਗੁੱਸੇ ਦੀ ਅੱਗ ਨੂੰ ਬੁਝਾਉਣਾ ਬਹੁਤ ਔਖਾ ਹੈ, ਪਰ ਪਰਮੇਸ਼ੁਰ ਦੇ ਬਚਨ ਦੀ ਸਲਾਹ ਇਸ ਅੱਗ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਬਾਈਬਲ ਦੀ ਸਲਾਹ ਮੰਨ ਕੇ ਅਤੇ ਰੱਬ ਨੂੰ ਮਦਦ ਲਈ ਪ੍ਰਾਰਥਨਾ ਕਰ ਕੇ ਤੁਸੀਂ ਵੀ ਸਮਝਦਾਰੀ ਨਾਲ ਆਪਣੇ ਗੁੱਸੇ ਨੂੰ ਸ਼ਾਂਤ ਜਾਂ ਕੰਟ੍ਰੋਲ ਕਰ ਸਕਦੇ ਹੋ। ▪ (w14-E 12/01)