Skip to content

Skip to table of contents

ਕੀ ਤੁਸੀਂ ਜਾਣਦੇ ਹੋ?

ਕੀ ਤੁਸੀਂ ਜਾਣਦੇ ਹੋ?

ਪੁਰਾਣੇ ਸਮਿਆਂ ਵਿਚ ਹੱਥ ਨਾਲ ਚੱਲਣ ਵਾਲੀਆਂ ਚੱਕੀਆਂ ਕਿਵੇਂ ਵਰਤੀਆਂ ਜਾਂਦੀਆਂ ਸਨ?

ਰੋਟੀ ਬਣਾਉਣ ਲਈ ਚੱਕੀਆਂ ਨਾਲ ਦਾਣੇ ਪੀਸ ਕੇ ਆਟਾ ਬਣਾਇਆ ਜਾਂਦਾ ਸੀ। ਤਕਰੀਬਨ ਹਰ ਘਰ ਵਿਚ ਔਰਤਾਂ ਜਾਂ ਨੌਕਰਾਂ ਦਾ ਇਹ ਰੋਜ਼ ਦਾ ਕੰਮ ਹੁੰਦਾ ਸੀ। ਪੁਰਾਣੇ ਸਮਿਆਂ ਵਿਚ ਚੱਕੀਆਂ ਪੀਹਣ ਦੀ ਆਵਾਜ਼ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਹੁੰਦੀ ਸੀ।ਕੂਚ 11:5; ਯਿਰਮਿਯਾਹ 25:10.

ਮਿਸਰ ਵਿੱਚੋਂ ਮਿਲੀਆਂ ਪੁਰਾਣੀਆਂ ਮੂਰਤਾਂ ਅਤੇ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਆਟਾ ਕਿਵੇਂ ਪੀਸਿਆ ਜਾਂਦਾ ਸੀ। ਹੇਠਲਾ ਪੁੜ ਇਕ ਲੰਬਾ ਪੱਥਰ ਹੁੰਦਾ ਸੀ ਜਿਸ ਵਿਚ ਥੋੜ੍ਹਾ ਜਿਹਾ ਡੂੰਘ ਹੁੰਦਾ ਸੀ ਤੇ ਇਸ ਪੁੜ ਨੂੰ ਕਦੇ-ਕਦੇ ਘੋੜੇ ਦੀ ਕਾਠੀ ਵੀ ਕਿਹਾ ਜਾਂਦਾ ਸੀ। ਇਸ ਵਿਚ ਦਾਣੇ ਪਾ ਕੇ ਪੀਸੇ ਜਾਂਦੇ ਸਨ। ਆਮ ਕਰਕੇ ਦਾਣੇ ਪੀਹਣ ਵਾਲਾ ਚੱਕੀ ਦੇ ਅੱਗੇ ਗੋਡਿਆਂ ਭਾਰ ਬਹਿ ਕੇ ਦੋਵਾਂ ਹੱਥਾਂ ਨਾਲ ਉਪਰਲੇ ਪੁੜ ਨੂੰ ਫੜਦਾ ਸੀ। ਫਿਰ ਉਹ ਹੇਠਲੇ ਪੁੜ ’ਤੇ ­ਉਪਰਲੇ ਪੁੜ ਨੂੰ ਅੱਗੇ-ਪਿੱਛੇ ਨੂੰ ਖਿੱਚ ਕੇ ਦਾਣੇ ਪੀਂਹਦਾ ਸੀ। ਇਕ ਰਸਾਲੇ ਅਨੁਸਾਰ, ਇਨ੍ਹਾਂ ਪੱਥਰਾਂ ਦਾ ਭਾਰ ਦੋ ਤੋਂ ਚਾਰ ਕਿਲੋ ਤਕ ਹੁੰਦਾ ਸੀ। ਜੇ ਇਸ ਨੂੰ ਇਕ ਹਥਿਆਰ ਵਜੋਂ ਵਰਤਿਆ ਜਾਂਦਾ ਸੀ, ਤਾਂ ਇਹ ਪੱਥਰ ਜਾਨਲੇਵਾ ਸਾਬਤ ਹੋ ਸਕਦਾ ਸੀ।ਨਿਆਈਆਂ 9:50-54.

ਪਰਿਵਾਰ ਦੇ ਗੁਜ਼ਾਰੇ ਲਈ ਦਾਣੇ ਪੀਹਣਾ ਇੰਨਾ ਜ਼ਰੂਰੀ ਸੀ ਕਿ ਬਾਈਬਲ ਵਿਚ ਇਕ ਹੁਕਮ ਦਿੱਤਾ ਗਿਆ ਸੀ ਕਿ ਚੱਕੀ ਨੂੰ ਕੋਈ ਆਪਣੇ ਕੋਲ ਗਹਿਣੇ ਨਹੀਂ ਰੱਖ ਸਕਦਾ ਸੀ। ਬਿਵਸਥਾ ਸਾਰ 24:6 ਕਹਿੰਦਾ ਹੈ: “ਕੋਈ ਮਨੁੱਖ ਕਿਸੇ ਦੀ ਚੱਕੀ ਅਥਵਾ ਉਸ ਦੇ ਪੁੜ ਗਿਰਵੀ ਨਾ ਰੱਖੇ ਕਿਉਂ ਜੋ ਉਹ ਉਸ ਦੀ ਜਾਨ ਨੂੰ ਗਿਰਵੀ ਰੱਖਦਾ ਹੈ।”

‘ਹਿੱਕ ਨਾਲ ਲੱਗ ਕੇ ਬੈਠਣ’ ਦਾ ਕੀ ਮਤਲਬ ਹੈ?

ਕੁਝ ਬਾਈਬਲਾਂ ਵਿਚ ਕਿਹਾ ਗਿਆ ਹੈ ਕਿ ਯਿਸੂ ਆਪਣੇ “ਪਿਤਾ ਦੀ ਗੋਦ ਵਿੱਚ ਹੈ।” (ਯੂਹੰਨਾ 1:18, OV) ਇਹ ਸ਼ਬਦ ਇਕ ਖ਼ਾਸ ਰਿਸ਼ਤੇ ਨੂੰ ਦਰਸਾਉਂਦੇ ਹਨ ਜੋ ਰਿਸ਼ਤਾ ਯਿਸੂ ਦਾ ਪਰਮੇਸ਼ੁਰ ਨਾਲ ਹੈ। ਇਨ੍ਹਾਂ ਸ਼ਬਦਾਂ ਤੋਂ ਯਹੂਦੀਆਂ ਦੇ ਖਾਣਾ ਖਾਣ ਵੇਲੇ ਦਾ ਇਕ ਰਿਵਾਜ ਪਤਾ ਲੱਗਦਾ ਹੈ।

ਯਿਸੂ ਦੇ ਜ਼ਮਾਨੇ ਵਿਚ ਯਹੂਦੀ ਮੇਜ਼ ਦੇ ਆਲੇ-ਦੁਆਲੇ ਰੱਖੇ ਛੋਟੇ-ਛੋਟੇ ਪਲੰਘਾਂ ’ਤੇ ਖਾਣਾ ਖਾਣ ਲਈ ਬੈਠਦੇ ਸਨ। ਖਾਣਾ ਖਾਣ ਵਾਲੇ ਹਰ ਵਿਅਕਤੀ ਦਾ ਸਿਰ ਮੇਜ਼ ਵੱਲ ਹੁੰਦਾ ਸੀ ਤੇ ਪੈਰ ਮੇਜ਼ ਤੋਂ ਦੂਰ ਹੁੰਦੇ ਸਨ ਅਤੇ ਉਹ ਗੱਦੀ ਉੱਤੇ ਖੱਬੀ ਕੂਹਣੀ ਦੇ ਸਹਾਰੇ ਅੱਧਾ ਲੇਟ ਕੇ ਬੈਠਾ ਹੁੰਦਾ ਸੀ। ਇਸ ਤਰ੍ਹਾਂ ਬੈਠਣ ਨਾਲ ਉਸ ਦੀ ਸੱਜੀ ਬਾਂਹ ਵਿਹਲੀ ਰਹਿੰਦੀ ਸੀ। ਇਕ ਕਿਤਾਬ ਕਹਿੰਦੀ ਹੈ ਕਿ ਸਾਰੇ ਜਣੇ ਇਕ ਦੇ ਪਿੱਛੇ ਇਕ ਖੱਬੇ ਪਾਸੇ ਨੂੰ ਲੇਟੇ ਹੁੰਦੇ ਸਨ ਜਿਸ ਕਰਕੇ “ਹਰ ਵਿਅਕਤੀ ਦਾ ਸਿਰ ਉਸ ਦੇ ਪਿੱਛੇ ਬੈਠੇ ਵਿਅਕਤੀ ਦੀ ਹਿੱਕ ਦੇ ਨੇੜੇ ਹੁੰਦਾ ਸੀ। ਇਸ ਕਰਕੇ ਉਸ ਬਾਰੇ ਕਿਹਾ ਜਾਂਦਾ ਸੀ ਕਿ ‘ਉਹ ਦੂਜੇ ਦੀ ਹਿੱਕ ਨਾਲ ਲੱਗ ਕੇ ਬੈਠਾ ਸੀ।’”

ਪਰਿਵਾਰ ਦੇ ਮੁਖੀ ਜਾਂ ਦਾਅਵਤ ਦੇਣ ਵਾਲੇ ਦੀ ਹਿੱਕ ਨਾਲ ਲੱਗ ਕੇ ਬੈਠਣਾ ਖ਼ਾਸ ਸਨਮਾਨ ਦੀ ਗੱਲ ਸਮਝੀ ਜਾਂਦੀ ਸੀ। ਇਸ ਲਈ ਯਿਸੂ ਦੇ ਆਖ਼ਰੀ ਪਸਾਹ ਦੇ ਤਿਉਹਾਰ ਵੇਲੇ ਯੂਹੰਨਾ ਯਿਸੂ ਦੀ ਹਿੱਕ ਨਾਲ ਲੱਗ ਕੇ ਬੈਠਾ ਹੋਇਆ ਸੀ “ਜਿਸ ਨੂੰ ਯਿਸੂ ਪਿਆਰ ਕਰਦਾ ਸੀ।” ਇਸ ਲਈ ਯੂਹੰਨਾ ਯਿਸੂ ਤੋਂ ਸਵਾਲ ਪੁੱਛਣ ਲਈ ਉਸ ਦੀ “ਹਿੱਕ ਨਾਲ ਲੱਗ” ਸਕਦਾ ਸੀ।ਯੂਹੰਨਾ 13:23, ਫੁਟਨੋਟ, 24-25; 21:20.▪(w15-E 07/01)