Skip to content

Skip to table of contents

ਮੁੱਖ ਪੰਨੇ ਤੋਂ | ਦੁਆ ਕਰਨ ਦਾ ਕੋਈ ਫ਼ਾਇਦਾ ਹੈ?

ਕੀ ਕੋਈ ਸੁਣਦਾ ਵੀ ਹੈ?

ਕੀ ਕੋਈ ਸੁਣਦਾ ਵੀ ਹੈ?

ਕੁਝ ਲੋਕ ਸੋਚਦੇ ਹਨ ਕਿ ਪ੍ਰਾਰਥਨਾ ਸਮੇਂ ਦੀ ਬਰਬਾਦੀ ਹੈ ਤੇ ਇਸ ਨੂੰ ਕੋਈ ਨਹੀਂ ਸੁਣਦਾ। ਹੋਰਾਂ ਨੇ ਦੁਆ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਲੱਗਾ ਕਿ ਜਵਾਬ ਨਹੀਂ ਮਿਲਿਆ। ਇਕ ਨਾਸਤਿਕ ਆਦਮੀ ਨੇ ਕਲਪਨਾ ਕੀਤੀ ਕਿ ਰੱਬ ਕਿਹੋ ਜਿਹਾ ਹੈ ਤੇ ਫਿਰ ਪ੍ਰਾਰਥਨਾ ਕੀਤੀ: “ਬਸ ਮਾੜਾ ਜਿਹਾ ਹੁੰਗਾਰਾ ਹੀ ਭਰ ਦੇ।” ਪਰ ਉਸ ਨੇ ਕਿਹਾ ਕਿ ਰੱਬ ਨੇ “ਚੁੱਪ ਧਾਰੀ ਰੱਖੀ।”

ਬਾਈਬਲ ਸਾਨੂੰ ਯਕੀਨ ਦਿਵਾਉਂਦੀ ਹੈ ਕਿ ਇਕ ਰੱਬ ਹੈ ਜੋ ਪ੍ਰਾਰਥਨਾਵਾਂ ਸੁਣਦਾ ਹੈ। ਪੁਰਾਣੇ ਜ਼ਮਾਨੇ ਵਿਚ ਲੋਕਾਂ ਨੂੰ ਬਾਈਬਲ ਵਿਚ ਇਹ ਗੱਲ ਕਹੀ ਗਈ ਸੀ: “ਉਹ [ਰੱਬ] ਤੁਹਾਡੀ ਦੁਹਾਈ ਦੀ ਅਵਾਜ਼ ਦੇ ਕਾਰਨ ਜਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਜਦ ਉਹ ਉਸ ਨੂੰ ਸੁਣੇਗਾ, ਉਹ ਤੁਹਾਨੂੰ ਉੱਤਰ ਦੇਵੇਗਾ।” (ਯਸਾਯਾਹ 30:19) ਬਾਈਬਲ ਦੇ ਇਕ ਹੋਰ ਹਵਾਲੇ ਵਿਚ ਦੱਸਿਆ ਗਿਆ ਹੈ: “ਸਚਿਆਰਾਂ ਦੀ ਪ੍ਰਾਰਥਨਾ ਤੋਂ ਉਹ ਪਰਸੰਨ ਹੁੰਦਾ ਹੈ।”​—ਕਹਾਉਤਾਂ 15:8.

ਯਿਸੂ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਕੀਤੀ ਅਤੇ “ਉਸ ਦੀ ਸੁਣੀ ਗਈ।”​—ਇਬਰਾਨੀਆਂ 5:7

ਬਾਈਬਲ ਰੱਬ ਦੇ ਉਨ੍ਹਾਂ ਭਗਤਾਂ ਬਾਰੇ ਵੀ ਦੱਸਦੀ ਹੈ ਜਿਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ ਸਨ। ਇਕ ਹਵਾਲਾ ਦੱਸਦਾ ਹੈ ਕਿ ਯਿਸੂ ਨੇ ਰੱਬ ਨੂੰ ‘ਮਿੰਨਤਾਂ ਕੀਤੀਆਂ ਜਿਹੜਾ ਉਸ ਨੂੰ ਮੌਤ ਤੋਂ ਬਚਾ ਸਕਦਾ ਸੀ ਅਤੇ ਉਸ ਦੀ ਸੁਣੀ ਗਈ।’ (ਇਬਰਾਨੀਆਂ 5:7) ਹੋਰ ਮਿਸਾਲਾਂ ਦਾਨੀਏਲ 9:21 ਅਤੇ 2 ਇਤਹਾਸ 7:1 ਵਿਚ ਵੀ ਦਿੱਤੀਆਂ ਗਈਆਂ ਹਨ।

ਤਾਂ ਫਿਰ ਕਈ ਲੋਕਾਂ ਨੂੰ ਕਿਉਂ ਲੱਗਦਾ ਹੈ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਨਹੀਂ ਜਾਂਦੀਆਂ? ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਦੁਆਵਾਂ ਸੁਣੀਆਂ ਜਾਣ, ਤਾਂ ਸਾਨੂੰ ਸਿਰਫ਼ ਬਾਈਬਲ ਵਿਚ ਦੱਸੇ ਰੱਬ ਯਹੋਵਾਹ * ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਨਾ ਕਿ ਕਿਸੇ ਹੋਰ ਦੇਵੀ-ਦੇਵਤੇ ਜਾਂ ਜਠੇਰਿਆਂ ਨੂੰ। ਰੱਬ ਇਹ ਵੀ ਚਾਹੁੰਦਾ ਹੈ ਕਿ ਅਸੀਂ ਉਸ ਦੀ “ਇੱਛਾ ਅਨੁਸਾਰ” ਉਨ੍ਹਾਂ ਚੀਜ਼ਾਂ ਲਈ ਦੁਆ ਕਰੀਏ ਜੋ ਉਸ ਨੂੰ ਪਸੰਦ ਹਨ। ਰੱਬ ਭਰੋਸਾ ਦਿਵਾਉਂਦਾ ਹੈ ਕਿ ਜੇ ਅਸੀਂ ਇਸ ਤਰ੍ਹਾਂ ਦੀ ਦੁਆ ਕਰਦੇ ਹਾਂ, ਤਾਂ “ਉਹ ਸਾਡੀ ਸੁਣਦਾ ਹੈ।” (1 ਯੂਹੰਨਾ 5:14) ਇਸ ਲਈ ਸਾਡੀਆਂ ਦੁਆਵਾਂ ਤਾਂ ਹੀ ਸੁਣੀਆਂ ਜਾਣਗੀਆਂ ਜੇ ਅਸੀਂ ਬਾਈਬਲ ਵਿਚ ਜ਼ਿਕਰ ਕੀਤੇ ਰੱਬ ਬਾਰੇ ਅਤੇ ਉਸ ਦੀ ਇੱਛਾ ਬਾਰੇ ਜਾਣਾਂਗੇ।

ਬਹੁਤ ਸਾਰੇ ਲੋਕ ਮੰਨਦੇ ਹਨ ਕਿ ਦੁਆ ਕਰਨੀ ਸਿਰਫ਼ ਇਕ ਧਾਰਮਿਕ ਰੀਤ ਨਹੀਂ ਹੈ, ਬਲਕਿ ਰੱਬ ਇਨ੍ਹਾਂ ਦੁਆਵਾਂ ਨੂੰ ਸੁਣਦਾ ਅਤੇ ਜਵਾਬ ਵੀ ਦਿੰਦਾ ਹੈ। ਕੀਨੀਆ ਵਿਚ ਰਹਿੰਦਾ ਆਈਸਾਕ ਦੱਸਦਾ ਹੈ: “ਮੈਂ ਬਾਈਬਲ ਨੂੰ ਸਮਝਣ ਲਈ ਦੁਆ ਕੀਤੀ। ਥੋੜ੍ਹੇ ਸਮੇਂ ਬਾਅਦ ਇਕ ਵਿਅਕਤੀ ਮੇਰੇ ਕੋਲ ਆਇਆ ਅਤੇ ਮੇਰੀ ਮਦਦ ਕੀਤੀ।” ਫ਼ਿਲਪੀਨ ਵਿਚ ਰਹਿੰਦੀ ਹਿਲਡਾ ਸਿਗਰਟ ਪੀਣੀ ਛੱਡਣਾ ਚਾਹੁੰਦੀ ਸੀ। ਕਈ ਨਾਕਾਮ ਕੋਸ਼ਿਸ਼ਾਂ ਕਰਨ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਸਲਾਹ ਦਿੱਤੀ: “ਕਿਉਂ ਨਾ ਤੂੰ ਮਦਦ ਲਈ ਰੱਬ ਨੂੰ ਦੁਆ ਕਰ?” ਉਸ ਨੇ ਸਲਾਹ ਮੰਨੀ ਅਤੇ ਉਹ ਕਹਿੰਦੀ ਹੈ: “ਮੈਂ ਹੈਰਾਨ ਹਾਂ ਕਿ ਰੱਬ ਨੇ ਮੇਰੀ ਕਿਵੇਂ ਮਦਦ ਕੀਤੀ। ਇਹ ਇੱਦਾਂ ਸੀ ਜਿਵੇਂ ਮੇਰੀ ਸਿਗਰਟ ਪੀਣ ਦੀ ਇੱਛਾ ਮਰਨੀ ਸ਼ੁਰੂ ਹੋ ਗਈ ਹੋਵੇ। ਅਖ਼ੀਰ ਮੈਂ ਇਸ ਆਦਤ ਤੋਂ ਛੁਟਕਾਰਾ ਪਾ ਲਿਆ।”

ਕੀ ਰੱਬ ਤੁਹਾਡੀ ਮਦਦ ਕਰ ਸਕਦਾ ਹੈ ਜੇ ਤੁਸੀਂ ਉਸ ਦੀ ਇੱਛਾ ਅਨੁਸਾਰ ਕੁਝ ਮੰਗਦੇ ਹੋ? (w15-E 10/01)

^ ਪੈਰਾ 6 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।