Skip to content

Skip to table of contents

ਖਾਣੇ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਬਣਾਉਣ ਦੇ ਸੱਤ ਤਰੀਕੇ

ਖਾਣੇ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਬਣਾਉਣ ਦੇ ਸੱਤ ਤਰੀਕੇ

 ਤੁਹਾਡਾ ਖਾਣਾ-ਪੀਣਾ ਅਹਿਮੀਅਤ ਕਿਉਂ ਰੱਖਦਾ ਹੈ?

 ਸਾਡੀ ਸਿਹਤ ਸਾਡੇ ਖਾਣੇ-ਪੀਣੇ ʼਤੇ ਵੀ ਨਿਰਭਰ ਕਰਦੀ ਹੈ। ਜੇ ਤੁਸੀਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸੁਰੱਖਿਅਤ ਰੱਖੋ ਅਤੇ ਪੌਸ਼ਟਿਕ ਖਾਣਾ ਖਾਓ, ਤਾਂ ਤੁਸੀਂ ਸਿਹਤਮੰਦ ਹੋ ਸਕਦੇ ਹੋ। ਦੂਜੇ ਪਾਸੇ, ਖਾਣ-ਪੀਣ ਦੇ ਮਾਮਲੇ ਵਿਚ ਅਣਗਹਿਲੀ ਅਤੇ ਗੰਦੇ-ਮੰਦੇ ਖਾਣੇ ਨਾਲ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ, ਠੀਕ ਜਿਵੇਂ ਘਟੀਆ ਕਿਸਮ ਦੇ ਤੇਲ ਨਾਲ ਕਾਰ ਵਿਚ ਨੁਕਸ ਪੈ ਸਕਦਾ ਹੈ। ਇਹ ਸਮੱਸਿਆਵਾਂ ਸ਼ਾਇਦ ਇਕਦਮ ਸਾਮ੍ਹਣੇ ਨਾ ਆਉਣ, ਪਰ ਸਮੇਂ ਦੇ ਨਾਲ ਇਹ ਹੋਣਗੀਆਂ ਜ਼ਰੂਰ।ਗਲਾਤੀਆਂ 6:7.

 ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ “ਹਰ ਦੇਸ਼ ਵਿਚ ਇਕ ਜਾਂ ਇਕ ਤੋਂ ਜ਼ਿਆਦਾ ਤਰ੍ਹਾਂ ਦਾ ਕੁਪੋਸ਼ਣ ਦੇਖਣ ਨੂੰ ਮਿਲਦਾ ਹੈ।” ਕੁਪੋਸ਼ਣ ਦਾ ਮਤਲਬ ਸਿਰਫ਼ ਖਾਣ-ਪੀਣ ਦੀ ਕਮੀ ਹੋਣਾ ਹੀ ਨਹੀਂ, ਸਗੋਂ ਇਸ ਵਿਚ ਭਾਰ ਦਾ ਵਧਣਾ ਅਤੇ ਮੋਟਾਪਾ ਵੀ ਸ਼ਾਮਲ ਹੈ। ਜੇ ਅਸੀਂ ਨੁਕਸਾਨਦਾਇਕ ਚੀਜ਼ਾਂ ਦਾ ਸੇਵਨ ਵਾਰ-ਵਾਰ ਕਰਦੇ ਹਾਂ, ਤਾਂ ਇਸ ਨਾਲ ਦਿਲ ਦੇ ਰੋਗ, ਸਟ੍ਰੋਕ, ਸ਼ੂਗਰ ਅਤੇ ਕੈਂਸਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਕ ਅਧਿਐਨ ਮੁਤਾਬਕ ਪੌਸ਼ਟਿਕ ਖਾਣਾ ਨਾ ਖਾਣ ਕਰਕੇ 2017 ਵਿਚ ਘੱਟੋ-ਘੱਟ 1 ਕਰੋੜ 10 ਲੱਖ ਲੋਕਾਂ ਦੀਆਂ ਜਾਨਾਂ ਗਈਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਅਨੁਮਾਨ ਲਾਇਆ ਹੈ ਕਿ ਦੂਸ਼ਿਤ ਖਾਣੇ ਕਰਕੇ ਹਰ ਦਿਨ ਹਜ਼ਾਰਾਂ ਮੌਤਾਂ ਹੁੰਦੀਆਂ ਹਨ ਅਤੇ ਲੱਖਾਂ ਲੋਕ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਹਨ।

 ਬਾਈਬਲ ਸਾਨੂੰ ਕਹਿੰਦੀ ਹੈ ਕਿ ਅਸੀਂ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਲਈਏ। ਇਹ ਸਿਖਾਉਂਦੀ ਹੈ ਕਿ ਪਰਮੇਸ਼ੁਰ “ਜ਼ਿੰਦਗੀ ਦਾ ਸੋਮਾ” ਹੈ। (ਜ਼ਬੂਰ 36:9) ਜ਼ਿੰਦਗੀ ਇਕ ਤੋਹਫ਼ਾ ਹੈ ਅਤੇ ਅਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖ ਕੇ ਦਿਖਾਉਂਦੇ ਹਾਂ ਕਿ ਅਸੀਂ ਇਸ ਦੀ ਕਦਰ ਕਰਦੇ ਹਾਂ। ਧਿਆਨ ਦਿਓ ਕਿ ਤੁਸੀਂ ਇਹ ਕਿਵੇਂ ਕਰ ਸਕਦੇ ਹੋ।

 ਖਾਣੇ ਨੂੰ ਸੁਰੱਖਿਅਤ ਰੱਖਣ ਦੇ ਚਾਰ ਤਰੀਕੇ

 1. ਸੁਰੱਖਿਅਤ ਤਰੀਕੇ ਨਾਲ ਖਾਣਾ ਬਣਾਓ।

 ਕਿਉਂ? ਦੂਸ਼ਿਤ ਖਾਣੇ ਅਤੇ ਪਾਣੀ ਵਿਚ ਮੌਜੂਦ ਖ਼ਤਰਨਾਕ ਜੀਵਾਣੂ a ਤੁਹਾਡੇ ਸਰੀਰ ਵਿਚ ਦਾਖ਼ਲ ਹੋ ਕੇ ਤੁਹਾਨੂੰ ਬੀਮਾਰ ਕਰ ਸਕਦੇ ਹਨ।

 ਸਿਹਤ ਮਾਹਰਾਂ ਵੱਲੋਂ ਸਲਾਹ:

  •   ਖਾਣਾ ਬਣਾਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ। b ਸਾਬਣ ਲਾ ਕੇ ਆਪਣੇ ਹੱਥ ਘੱਟੋ-ਘੱਟ 20 ਸਕਿੰਟਾਂ ਲਈ ਮਲ਼ੋ। ਹੱਥਾਂ ਨੂੰ ਪਿੱਛਿਓਂ ਤੇ ਉਂਗਲਾਂ ਵਿੱਚੋਂ ਮਲ਼ੋ। ਨਾਲੇ ਨਹੁੰਆਂ ਨੂੰ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰੋ। ਫਿਰ ਪਾਣੀ ਨਾਲ ਹੱਥ ਧੋ ਕੇ ਚੰਗੀ ਤਰ੍ਹਾਂ ਸੁਕਾਓ।

  •   ਉਨ੍ਹਾਂ ਭਾਂਡਿਆਂ ਜਾਂ ਚੀਜ਼ਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ ਜਿਨ੍ਹਾਂ ਨੂੰ ਤੁਸੀਂ ਸਬਜ਼ੀਆਂ ਵਗੈਰਾ ਕੱਟਣ ਵੇਲੇ ਵਰਤਣਾ ਹੈ। ਨਾਲੇ ਪਕਾਈਆਂ ਜਾਣ ਵਾਲੀਆਂ ਅਤੇ ਨਾ ਪਕਾਈਆਂ ਜਾਣ ਵਾਲੀਆਂ ਚੀਜ਼ਾਂ ਨੂੰ ਕੱਟਦੇ-ਚੀਰਦੇ ਵੇਲੇ ਅਲੱਗ-ਅਲੱਗ ਭਾਂਡੇ ਵਰਤੋ।

  •   ਸਾਰੇ ਫਲ-ਸਬਜ਼ੀਆਂ ਧੋਵੋ ਅਤੇ ਜੇ ਤੁਹਾਡੇ ਇਲਾਕੇ ਵਿਚ ਸਿੰਜਾਈ ਲਈ ਮਲ-ਮੂਤਰ ਨਾਲ ਦੂਸ਼ਿਤ ਪਾਣੀ ਨੂੰ ਵਰਤਿਆ ਜਾਂਦਾ ਹੈ, ਤਾਂ ਕੋਈ ਤਰੀਕਾ ਅਪਣਾ ਕੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਰੋਗਾਣੂ-ਮੁਕਤ ਕਰੋ।

 2. ਕੱਚੀਆਂ ਸਬਜ਼ੀਆਂ ਅਤੇ ਬਣ ਚੁੱਕੇ ਖਾਣੇ ਨੂੰ ਅਲੱਗ-ਅਲੱਗ ਰੱਖੋ।

 ਕਿਉਂ? ਕੱਚੀਆਂ ਸਬਜ਼ੀਆਂ ਜਿਵੇਂ ਮੀਟ ਅਤੇ ਇਨ੍ਹਾਂ ਦੇ ਪਾਣੀ ਨਾਲ ਖਾਣ-ਪੀਣ ਵਾਲੀਆਂ ਹੋਰ ਚੀਜ਼ਾਂ ਦੂਸ਼ਿਤ ਹੋ ਜਾਂਦੀਆਂ ਹਨ।

 ਸਿਹਤ ਮਾਹਰਾਂ ਵੱਲੋਂ ਸਲਾਹ:

  •   ਬਾਜ਼ਾਰੋਂ ਖਾਣ-ਪੀਣ ਵਾਲੀਆਂ ਚੀਜ਼ਾਂ ਘਰੇ ਲੈ ਜਾਂਦੇ ਵੇਲੇ ਅਤੇ ਘਰ ਆ ਕੇ ਉਨ੍ਹਾਂ ਨੂੰ ਰੱਖਦੇ ਵੇਲੇ ਕੱਚੀਆਂ ਸਬਜ਼ੀਆਂ, ਖ਼ਾਸ ਕਰਕੇ ਮੀਟ, ਨੂੰ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਅਲੱਗ ਰੱਖੋ।

  •   ਮੀਟ ਕੱਟਣ ਤੋਂ ਬਾਅਦ ਆਪਣੇ ਹੱਥ, ਛੁਰੀ ਅਤੇ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਧੋਵੋ ਜਿੱਥੇ ਮੀਟ ਕੱਟਿਆ ਗਿਆ ਹੈ, ਇਸ ਤੋਂ ਬਾਅਦ ਹੀ ਹੋਰ ਚੀਜ਼ਾਂ ਕੱਟੋ।

 3. ਖਾਣੇ ਨੂੰ ਚੰਗੀ ਤਰ੍ਹਾਂ ਪਕਾਓ।

 ਕਿਉਂ? ਖ਼ਤਰਨਾਕ ਜੀਵਾਣੂ ਉਦੋਂ ਹੀ ਮਰਦੇ ਹਨ ਜਦੋਂ ਖਾਣੇ ਨੂੰ ਚੰਗੀ ਤਰ੍ਹਾਂ ਪਕਾਇਆ ਜਾਂਦਾ ਹੈ।

 ਸਿਹਤ ਮਾਹਰਾਂ ਵੱਲੋਂ ਸਲਾਹ:

  •   ਖਾਣੇ ਨੂੰ ਚੰਗੀ ਤਰ੍ਹਾਂ ਪਕਾਓ। ਖਾਣੇ ਨੂੰ, ਜਿਸ ਵਿਚ ਮੀਟ ਦਾ ਅੰਦਰਲਾ ਭਾਗ ਵੀ ਸ਼ਾਮਲ ਹੈ, 70 ਡਿਗਰੀ ਸੈਲਸੀਅਸ ਤਾਪਮਾਨ ਵਿਚ ਘੱਟੋ-ਘੱਟ 30 ਸਕਿੰਟਾਂ ਲਈ ਜ਼ਰੂਰ ਪਕਾਉਣਾ ਚਾਹੀਦਾ ਹੈ।

  •   ਸੂਪ ਅਤੇ ਤਰੀ ਵਾਲੀਆਂ ਦਾਲ-ਸਬਜ਼ੀਆਂ ਨੂੰ ਉਬਾਲਾ ਜ਼ਰੂਰ ਦਿਵਾਓ।

  •   ਪਹਿਲਾਂ ਦਾ ਬਣਿਆ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਗਰਮ ਕਰੋ।

 4. ਖਾਣ ਵਾਲੀਆਂ ਚੀਜ਼ਾਂ ਨੂੰ ਸਹੀ ਤਾਪਮਾਨ ਵਿਚ ਰੱਖੋ।

 ਕਿਉਂ? ਜੇ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ 5 ਤੋਂ 60 ਡਿਗਰੀ ਸੈਲਸੀਅਸ ਤਾਪਮਾਨ ਵਿਚ ਸਿਰਫ਼ 20 ਮਿੰਟਾਂ ਲਈ ਵੀ ਰੱਖ ਦਿੱਤਾ ਜਾਵੇ, ਤਾਂ ਇਸ ਵਿਚ ਮੌਜੂਦ ਬੈਕਟੀਰੀਆ ਦੋ ਗੁਣਾ ਤਕ ਵਧ ਸਕਦੇ ਹਨ। ਨਾਲੇ ਜੇ ਕੱਚੇ ਮਾਸ ਨੂੰ ਸਹੀ ਤਾਪਮਾਨ ਵਿਚ ਨਾ ਰੱਖਿਆ ਜਾਵੇ, ਤਾਂ ਕੁਝ ਬੈਕਟੀਰੀਆ ਇਸ ਤਰ੍ਹਾਂ ਦਾ ਜ਼ਹਿਰੀਲਾ ਪਦਾਰਥ ਬਣਾ ਸਕਦੇ ਹਨ ਜੋ ਪਕਾਉਣ ਤੋਂ ਬਾਅਦ ਵੀ ਨਸ਼ਟ ਨਹੀਂ ਹੁੰਦਾ।

 ਸਿਹਤ ਮਾਹਰਾਂ ਵੱਲੋਂ ਸਲਾਹ:

  •   ਜੀਵਾਣੂਆਂ ਨੂੰ ਵਧਣ ਤੋਂ ਰੋਕਣ ਲਈ ਭੋਜਨ ਨੂੰ ਜਾਂ ਤਾਂ ਗਰਮ ਰੱਖੋ ਜਾਂ ਠੰਢਾ, ਨਾ ਕਿ ਕੋਸਾ।

  •   ਕਦੇ ਵੀ ਖਾਣੇ ਨੂੰ ਕਮਰੇ ਦੇ ਤਾਪਮਾਨ ਵਿਚ ਦੋ ਘੰਟੇ ਤੋਂ ਜ਼ਿਆਦਾ ਨਾ ਰੱਖੋ ਜਾਂ ਜੇ ਕਮਰੇ ਦਾ ਤਾਪਮਾਨ 32 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੈ, ਤਾਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਉਸ ਤਾਪਮਾਨ ਵਿਚ ਇਕ ਘੰਟੇ ਤੋਂ ਜ਼ਿਆਦਾ ਸਮੇਂ ਵਾਸਤੇ ਨਾ ਛੱਡੋ।

  •   ਖਾਣਾ ਬਣਾਉਣ ਤੋਂ ਬਾਅਦ ਪਰੋਸੇ ਜਾਣ ਤਕ ਇਸ ਨੂੰ ਗਰਮ ਹੀ ਰੱਖੋ।

 ਪੌਸ਼ਟਿਕ ਖਾਣੇ ਦੇ ਤਿੰਨ ਤਰੀਕੇ

 1. ਹਰ ਦਿਨ ਅਲੱਗ-ਅਲੱਗ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਖਾਓ।

 ਫਲਾਂ ਤੇ ਸਬਜ਼ੀਆਂ ਵਿਚ ਵਿਟਾਮਿਨ, ਖਣਿਜ ਪਦਾਰਥ ਅਤੇ ਹੋਰ ਜ਼ਰੂਰੀ ਤੱਤ ਪਾਏ ਜਾਂਦੇ ਹਨ ਜੋ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸਾਡੇ ਸਰੀਰ ਨੂੰ ਹਰ ਦਿਨ ਲਗਭਗ 400 ਗ੍ਰਾਮ ਫਲ ਅਤੇ ਸਬਜ਼ੀਆਂ ਦੀ ਲੋੜ ਪੈਂਦੀ ਹੈ। ਇਸ ਵਿਚ ਸਟਾਰਚ ਵਾਲੀਆਂ ਚੀਜ਼ਾਂ ਜਿਵੇਂ ਆਲੂ ਵਗੈਰਾ ਸ਼ਾਮਲ ਨਹੀਂ ਹਨ।

 2. ਚਰਬੀ ਅਤੇ ਤੇਲ ਦੀ ਘੱਟ ਵਰਤੋਂ ਕਰੋ।

 ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਸਾਨੂੰ ਤਲੀਆਂ ਅਤੇ ਡੱਬਾ ਬੰਦ ਚੀਜ਼ਾਂ ਘੱਟ ਖਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਨੁਕਸਾਨਦਾਇਕ ਚਰਬੀ ਹੁੰਦੀ ਹੈ। ਜੇ ਹੋ ਸਕੇ, ਤਾਂ ਖਾਣਾ ਉਸ ਤੇਲ ਵਿਚ ਬਣਾਓ ਜੋ ਕਮਰੇ ਦੇ ਸਾਧਾਰਣ ਤਾਪਮਾਨ ਵਿਚ ਜੰਮਦਾ ਨਹੀਂ ਹੈ। ਜੋ ਤੇਲ ਕਮਰੇ ਦੇ ਸਾਧਾਰਣ ਤਾਪਮਾਨ ਵਿਚ ਜੰਮ ਜਾਂਦਾ ਹੈ, ਉਹ ਤੁਹਾਡੀ ਸਿਹਤ ਲਈ ਵਧੀਆ ਨਹੀਂ ਹੈ।

 ਲੂਣ ਅਤੇ ਖੰਡ ਘੱਟ ਖਾਓ।

 ਵਿਸ਼ਵ ਸਿਹਤ ਸੰਗਠਨ ਮੁਤਾਬਕ ਵੱਡਿਆਂ ਨੂੰ ਹਰ ਰੋਜ਼ ਇਕ ਚਮਚੇ ਤੋਂ ਵੀ ਘੱਟ ਲੂਣ ਖਾਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਹਰ ਰੋਜ਼ 60 ਮਿਲੀਲੀਟਰ (12 ਛੋਟੇ ਚਮਚ) ਤੋਂ ਘੱਟ ਫ੍ਰੀ ਸ਼ੂਗਰ c ਲੈਣੀ ਚਾਹੀਦੀ ਹੈ। ਡੱਬਾ ਬੰਦ ਖਾਣ-ਪੀਣ ਵਾਲੀਆਂ ਚੀਜ਼ਾਂ ਵਿਚ ਬਹੁਤ ਜ਼ਿਆਦਾ ਖੰਡ ਪਾਈ ਹੁੰਦੀ ਹੈ। ਮਿਸਾਲ ਲਈ, ਲਗਭਗ 355 ਮਿਲੀਲੀਟਰ ਕੋਲਡ ਡ੍ਰਿੰਕ ਵਗੈਰਾ ਵਿਚ 50 ਮਿਲੀਲੀਟਰ (10 ਛੋਟੇ ਚਮਚ) ਤਕ ਖੰਡ ਹੋ ਸਕਦੀ ਹੈ। ਭਾਵੇਂ ਕਿ ਇਸ ਤਰ੍ਹਾਂ ਦੇ ਪੀਣ ਵਾਲੇ ਪਦਾਰਥਾਂ ਵਿਚ ਕਾਫ਼ੀ ਕੈਲਰੀਆਂ ਹੁੰਦੀਆਂ ਹਨ, ਪਰ ਇਨ੍ਹਾਂ ਨਾਲ ਸਿਹਤ ਨੂੰ ਨਾਂ-ਮਾਤਰ ਜਾਂ ਬਿਲਕੁਲ ਵੀ ਫ਼ਾਇਦਾ ਨਹੀਂ ਹੁੰਦਾ।

 ਬਾਈਬਲ ਕਹਿੰਦੀ ਹੈ: “ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ, ਪਰ ਨਾਤਜਰਬੇਕਾਰ ਅੱਗੇ ਵਧਦਾ ਜਾਂਦਾ ਹੈ ਤੇ ਅੰਜਾਮ ਭੁਗਤਦਾ ਹੈ।” (ਕਹਾਉਤਾਂ 22:3) ਜੇ ਤੁਸੀਂ ਖਾਣ-ਪੀਣ ਦੇ ਮਾਮਲੇ ਵਿਚ ਸਮਝਦਾਰੀ ਦਿਖਾਓਗੇ ਅਤੇ ਇਸ ਮਾਮਲੇ ਵਿਚ ਜ਼ਰੂਰੀ ਬਦਲਾਅ ਕਰੋਗੇ, ਤਾਂ ਤੁਸੀਂ ਪਰਮੇਸ਼ੁਰ ਨੂੰ ਦਿਖਾਓਗੇ ਕਿ ਤੁਸੀਂ ਆਪਣੀ ਜ਼ਿੰਦਗੀ ਅਤੇ ਸਿਹਤ ਦੀ ਕਿੰਨੀ ਕਦਰ ਕਰਦੇ ਹੋ।

 ਗ਼ਲਤਫ਼ਹਿਮੀਆਂ

 ਗ਼ਲਤਫ਼ਹਿਮੀ: ਜੇ ਖਾਣਾ ਦੇਖਣ, ਸੁੰਘਣ ਅਤੇ ਸੁਆਦ ਵਿਚ ਠੀਕ ਹੈ, ਤਾਂ ਸੁਰੱਖਿਅਤ ਹੈ।

 ਸੱਚਾਈ: ਇਕ ਲੀਟਰ ਪਾਣੀ ਨੂੰ ਗੰਦਾ ਕਰਨ ਲਈ 1,000 ਕਰੋੜ ਬੈਕਟੀਰੀਆ ਦੀ ਲੋੜ ਹੁੰਦੀ ਹੈ, ਪਰ ਤੁਹਾਨੂੰ ਬੀਮਾਰ ਕਰਨ ਲਈ ਸਿਰਫ਼ 15-20 ਬੈਕਟੀਰੀਆ ਹੀ ਕਾਫ਼ੀ ਹਨ। ਖਾਣੇ ਨੂੰ ਪਕਾਉਣ, ਪਰੋਸਣ ਅਤੇ ਕਿਸੇ ਜਗ੍ਹਾ ਰੱਖਣ ਲਈ ਸਹੀ ਤਾਪਮਾਨ ਅਤੇ ਸਮੇਂ ਦਾ ਖ਼ਿਆਲ ਰੱਖੋ। ਇਸ ਤਰ੍ਹਾਂ ਤੁਹਾਡੀਆਂ ਖਾਣ-ਪੀਣ ਦੀਆਂ ਚੀਜ਼ਾਂ ਸੁਰੱਖਿਅਤ ਰਹਿਣਗੀਆਂ।

 ਗ਼ਲਤਫ਼ਹਿਮੀ: ਮੱਖੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ।

 ਸੱਚਾਈ: ਮੱਖੀਆਂ ਗੰਦ-ਮੰਦ, ਜਿਵੇਂ ਮਲ-ਮੂਤਰ, ਵਗੈਰਾ ਖਾਂਦੀਆਂ ਅਤੇ ਉੱਥੇ ਹੀ ਬੱਚੇ ਦਿੰਦੀਆਂ ਹਨ। ਇਸ ਲਈ ਉਨ੍ਹਾਂ ਦੇ ਪੈਰਾਂ ʼਤੇ ਬੀਮਾਰੀ ਫੈਲਾਉਣ ਵਾਲੇ ਲੱਖਾਂ ਜੀਵਾਣੂ ਲੱਗੇ ਹੁੰਦੇ ਹਨ। ਖਾਣੇ ਨੂੰ ਮੱਖੀਆਂ ਤੋਂ ਬਚਾਉਣ ਲਈ ਇਸ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।

 ਗ਼ਲਤਫ਼ਹਿਮੀ: “ਮੈਂ ਇੰਨੇ ਲੰਬੇ ਸਮੇਂ ਤੋਂ ਨੁਕਸਾਨਦਾਇਕ ਖਾਣਾ ਖਾਂਦਾ ਆ ਰਿਹਾ ਹਾਂ। ਜੇ ਮੈਂ ਹੁਣ ਇਸ ਨੂੰ ਛੱਡ ਵੀ ਦਿਆਂ, ਤਾਂ ਵੀ ਮੈਨੂੰ ਕੋਈ ਫ਼ਰਕ ਨਹੀਂ ਪੈਣਾ।”

 ਸੱਚਾਈ: ਖੋਜਕਾਰਾਂ ਨੇ ਦੇਖਿਆ ਹੈ ਕਿ ਜੇ ਅਸੀਂ ਹੁਣ ਵਧੀਆ ਅਤੇ ਪੌਸ਼ਟਿਕ ਖਾਣਾ ਖਾਂਦੇ ਹਾਂ, ਤਾਂ ਅਸੀਂ ਜਲਦੀ ਮਰਾਂਗੇ ਨਹੀਂ। ਨਾਲੇ ਜਿੰਨਾ ਲੰਬਾ ਸਮਾਂ ਅਸੀਂ ਪੌਸ਼ਟਿਕ ਖਾਣਾ ਖਾਵਾਂਗੇ, ਸਾਨੂੰ ਉੱਨਾ ਜ਼ਿਆਦਾ ਫ਼ਾਇਦਾ ਹੋਵੇਗਾ।

a ਜੀਵਾਣੂ ਇੰਨੇ ਛੋਟੇ ਹੁੰਦੇ ਹਨ ਕਿ ਇਨ੍ਹਾਂ ਨੂੰ ਇਕ ਖ਼ਾਸ ਯੰਤਰ ਦੀ ਮਦਦ ਤੋਂ ਬਿਨਾਂ ਨਹੀਂ ਦੇਖਿਆ ਜਾ ਸਕਦਾ। ਇਨ੍ਹਾਂ ਵਿਚ ਬੈਕਟੀਰੀਆ, ਵਾਇਰਸ ਅਤੇ ਪਰਜੀਵੀ ਸ਼ਾਮਲ ਹਨ। ਕੁਝ ਤਰ੍ਹਾਂ ਦੇ ਜੀਵਾਣੂ ਫ਼ਾਇਦੇਮੰਦ ਹਨ, ਪਰ ਖ਼ਤਰਨਾਕ ਜੀਵਾਣੂ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇੱਥੋਂ ਤਕ ਕਿ ਤੁਹਾਡੀ ਜਾਨ ਵੀ ਲੈ ਸਕਦੇ ਹਨ।

b ਸਿਰਫ਼ ਪਾਣੀ ਨਾਲ ਹੀ ਨਹੀਂ, ਸਗੋਂ ਸਾਬਣ ਤੇ ਪਾਣੀ ਦੋਵਾਂ ਨਾਲ ਜੀਵਾਣੂ ਚੰਗੀ ਤਰ੍ਹਾਂ ਸਾਫ਼ ਹੁੰਦੇ ਹਨ।

c ਖੰਡ, ਡੱਬਾ ਬੰਦ ਜੂਸ ਅਤੇ ਸ਼ਹਿਦ ਵਗੈਰਾ ਫ੍ਰੀ ਸ਼ੂਗਰ ਦੀ ਸ਼੍ਰੇਣੀ ਵਿਚ ਆਉਂਦੇ ਹਨ। ਇਸ ਵਿਚ ਤਾਜ਼ੇ ਫਲਾਂ, ਸਬਜ਼ੀਆਂ ਅਤੇ ਦੁੱਧ ਵਿਚ ਪਾਇਆ ਜਾਂਦਾ ਕੁਦਰਤੀ ਮਿੱਠਾ ਸ਼ਾਮਲ ਨਹੀਂ ਹੈ।