Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਸਾਨੂੰ ਪੂਰਾ ਭਰੋਸਾ ਹੈ ਕਿ ਦੁਨੀਆਂ ਦੇ ਅੰਤ ਵੇਲੇ ਅਸੀਂ ਬਚਾਏ ਜਾਵਾਂਗੇ

ਸਾਨੂੰ ਪੂਰਾ ਭਰੋਸਾ ਹੈ ਕਿ ਦੁਨੀਆਂ ਦੇ ਅੰਤ ਵੇਲੇ ਅਸੀਂ ਬਚਾਏ ਜਾਵਾਂਗੇ

ਹੁਣ ਤਕ ਯਹੋਵਾਹ ਨੇ ਇਸ ਦੁਨੀਆਂ ਨਾਲ ਬਹੁਤ ਧੀਰਜ ਰੱਖਿਆ ਹੈ, ਪਰ ਉਹ ਹਮੇਸ਼ਾ ਇਸ ਤਰ੍ਹਾਂ ਨਹੀਂ ਕਰੇਗਾ। ਬਹੁਤ ਜਲਦ ਝੂਠੇ ਧਰਮਾਂ ਦਾ ਨਾਸ਼ ਕਰ ਦਿੱਤਾ ਜਾਵੇਗਾ, ਕੌਮਾਂ ਦਾ ਗੱਠ-ਜੋੜ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰੇਗਾ ਅਤੇ ਯਹੋਵਾਹ ਆਰਮਾਗੇਡਨ ਵਿਚ ਦੁਸ਼ਟਾਂ ਦਾ ਨਾਸ਼ ਕਰ ਦੇਵੇਗਾ। ਅਸੀਂ ਇਨ੍ਹਾਂ ਵੱਡੀਆਂ ਤੇ ਹੈਰਾਨੀਜਨਕ ਘਟਨਾਵਾਂ ਨੂੰ ਦੇਖਣ ਲਈ ਬੇਤਾਬ ਹਾਂ।

ਇਹ ਤਾਂ ਸੱਚ ਹੈ ਕਿ ਸਾਡੇ ਕੋਲ ਮਹਾਂ-ਕਸ਼ਟ ਬਾਰੇ ਸਾਰੀ ਜਾਣਕਾਰੀ ਨਹੀਂ ਹੈ। ਉਦਾਹਰਣ ਲਈ, ਸਾਨੂੰ ਪੱਕਾ ਨਹੀਂ ਪਤਾ ਕਿ ਇਹ ਕਦੋਂ ਸ਼ੁਰੂ ਹੋਵੇਗਾ। ਸਾਨੂੰ ਇਹ ਵੀ ਨਹੀਂ ਪਤਾ ਕਿ ਸਰਕਾਰਾਂ ਧਰਮਾਂ ʼਤੇ ਹਮਲਾ ਕਰਨ ਦਾ ਕੀ ਕਾਰਨ ਦੇਣਗੀਆਂ। ਨਾਲੇ ਸਾਨੂੰ ਇਹ ਵੀ ਨਹੀਂ ਪਤਾ ਕਿ ਕੌਮਾਂ ਕਿੰਨੇ ਸਮੇਂ ਤਕ ਜਾਂ ਕਿਸ ਤਰ੍ਹਾਂ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰਨਗੀਆਂ। ਇਸ ਤੋਂ ਇਲਾਵਾ, ਸਾਨੂੰ ਇਹ ਵੀ ਪੱਕਾ ਨਹੀਂ ਪਤਾ ਕਿ ਯਹੋਵਾਹ ਆਰਮਾਗੇਡਨ ਦੌਰਾਨ ਕਿਸ ਤਰ੍ਹਾਂ ਦੁਸ਼ਟਾਂ ਦਾ ਨਾਸ਼ ਕਰੇਗਾ।

ਪਰ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਦਾ ਹਿੰਮਤ ਤੇ ਦਲੇਰੀ ਨਾਲ ਸਾਮ੍ਹਣਾ ਕਰਨ ਲਈ ਸਾਨੂੰ ਜੋ ਜਾਣਕਾਰੀ ਚਾਹੀਦੀ ਹੈ, ਉਹ ਸਾਰੀ ਬਾਈਬਲ ਵਿਚ ਦਿੱਤੀ ਗਈ ਹੈ। ਉਦਾਹਰਣ ਲਈ, ਅਸੀਂ ਜਾਣਦੇ ਹਾਂ ਕਿ ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ। (2 ਤਿਮੋ 3:1) ਅਸੀਂ ਇਹ ਵੀ ਜਾਣਦੇ ਹਾਂ ਕਿ ਝੂਠੇ ਧਰਮਾਂ ʼਤੇ ਹੋਣ ਵਾਲੇ ਹਮਲੇ ਦਾ ਸਮਾਂ “ਘਟਾਇਆ” ਜਾਵੇਗਾ ਤਾਂਕਿ ਸੱਚਾ ਧਰਮ ਨਾਸ਼ ਨਾ ਹੋਵੇ। (ਮੱਤੀ 24:22) ਨਾਲੇ ਅਸੀਂ ਇਹ ਵੀ ਜਾਣਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਨੂੰ ਜ਼ਰੂਰ ਬਚਾਵੇਗਾ। (2 ਪਤ 2:9) ਇਸ ਤੋਂ ਇਲਾਵਾ, ਅਸੀਂ ਜਾਣਦੇ ਹਾਂ ਕਿ ਯਹੋਵਾਹ ਨੇ ਜਿਸ ਨੂੰ ਆਰਮਾਗੇਡਨ ਵਿਚ ਦੁਸ਼ਟਾਂ ਦਾ ਨਾਸ਼ ਕਰਨ ਅਤੇ ਵੱਡੀ ਭੀੜ ਨੂੰ ਬਚਾਉਣ ਲਈ ਚੁਣਿਆ ਹੈ, ਉਹ ਧਰਮੀ ਅਤੇ ਤਾਕਤਵਰ ਹੈ।​—ਪ੍ਰਕਾ 19:11, 15, 16.

ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਕਰਕੇ ਲੋਕ “ਡਰ ਤੇ ਚਿੰਤਾ ਨਾਲ ਚਕਰਾ ਜਾਣਗੇ।” ਪਰ ਅਸੀਂ ਆਪਣਾ ‘ਸਿਰ ਉੱਪਰ ਚੁੱਕ ਕੇ ਸਿੱਧੇ ਖੜ੍ਹੇ ਹੋਵਾਂਗੇ।’ ਕਿਉਂ? ਕਿਉਂਕਿ ਪੁਰਾਣੇ ਸਮਿਆਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਜੋ ਕੁਝ ਕੀਤਾ ਸੀ ਅਤੇ ਭਵਿੱਖ ਬਾਰੇ ਉਸ ਨੇ ਜੋ ਕੁਝ ਦੱਸਿਆ ਹੈ, ਉਸ ਬਾਰੇ ਪੜ੍ਹ ਕੇ ਅਤੇ ਸੋਚ-ਵਿਚਾਰ ਕਰ ਕੇ ਸਾਨੂੰ ਪੱਕਾ ਭਰੋਸਾ ਹੋਵੇਗਾ ਕਿ ਸਾਡਾ ਛੁਟਕਾਰਾ ਹੋਣ ਵਾਲਾ ਹੈ।​—ਲੂਕਾ 21:26, 28.