Skip to content

ਨੌਜਵਾਨ ਪੁੱਛਦੇ ਹਨ

ਮੈਂ ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਸੋਚਣ ਤੋਂ ਕਿਵੇਂ ਬਚਾਂ?

ਮੈਂ ਨਿਰਾਸ਼ ਕਰਨ ਵਾਲੀਆਂ ਗੱਲਾਂ ਬਾਰੇ ਸੋਚਣ ਤੋਂ ਕਿਵੇਂ ਬਚਾਂ?

 ਤੁਹਾਡਾ ਆਪਣੇ ਬਾਰੇ ਕੀ ਖ਼ਿਆਲ ਹੈ?

  •   ਆਸ਼ਾਵਾਦੀ

     “ਮੈਂ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਹਾਂ ਤੇ ਪਰੇਸ਼ਾਨ ਨਹੀਂ ਹੁੰਦੀ। ਮੈਂ ਰੋਜ਼ ਹੱਸਦੇ-ਹੱਸਦੇ ਜ਼ਿੰਦਗੀ ਕਿਉਂ ਨਹੀਂ ਗੁਜ਼ਾਰ ਸਕਦੀ?”—ਵੈਲਰੀ।

  •   ਨਿਰਾਸ਼ਾਵਾਦੀ

     “ਕੁਝ ਵੀ ਚੰਗਾ ਦੇਖ ਕੇ ਮੇਰੇ ਮਨ ਵਿਚ ਪਹਿਲਾ ਖ਼ਿਆਲ ਇਹੀ ਆਉਂਦਾ ਕਿ ਦਾਲ ਵਿਚ ਕੁਝ ਤਾਂ ਕਾਲਾ ਹੈ—ਇਹ ਸੱਚ ਹੋ ਹੀ ਨਹੀਂ ਸਕਦਾ।”—ਰਿਬੈਕਾ।

  •   ਅਸਲਵਾਦੀ

     “ਜੇ ਮੈਂ ਹਮੇਸ਼ਾ ਇਹੀ ਸੋਚੀ ਜਾਵਾਂ ਕਿ ਮੇਰੇ ਨਾਲ ਚੰਗਾ ਹੀ ਹੋਵੇਗਾ, ਤਾਂ ਕੁਝ ਬੁਰਾ ਹੋਣ ਤੇ ਮੈਂ ਨਿਰਾਸ਼ ਹੋ ਜਾਵਾਂਗੀ। ਜੇ ਮੈਂ ਸੋਚਾਂ ਕਿ ਮੇਰੇ ਨਾਲ ਬੁਰਾ ਹੋਵੇਗਾ, ਤਾਂ ਹਮੇਸ਼ਾ ਦੁਖੀ ਰਹਾਂਗੀ। ਇਸ ਲਈ ਮੈਂ ਨਾ ਤਾਂ ਜ਼ਿਆਦਾ ਉਮੀਦਾਂ ਰੱਖਦੀ ਹਾਂ ਤੇ ਨਾ ਹੀ ਪੂਰੀ ਤਰ੍ਹਾਂ ਉਮੀਦ ਛੱਡਦੀ ਹਾਂ। ਇਸ ਤਰ੍ਹਾਂ ਮੈਂ ਸਹੀ ਸੋਚ ਰੱਖਦਿਆਂ ਹਕੀਕਤ ਦਾ ਸਾਮ੍ਹਣਾ ਕਰ ਪਾਉਂਦੀ ਹਾਂ।”—ਆਨਾ।

 ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?

 ਬਾਈਬਲ ਕਹਿੰਦੀ ਹੈ: “ਚੰਗੇ ਦਿਲ ਵਾਲਾ ਸਦਾ ਦਾਉਤਾਂ ਉਡਾਉਂਦਾ ਹੈ।” (ਕਹਾਉਤਾਂ 15:15) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਿਹੜੇ ਲੋਕ ਨਿਰਾਸ਼ ਕਰਨ ਵਾਲੀਆਂ ਗੱਲਾਂ ਤੋਂ ਦੂਰ ਰਹਿੰਦੇ ਹਨ ਅਤੇ ਜ਼ਿੰਦਗੀ ਬਾਰੇ ਸਹੀ ਨਜ਼ਰੀਆ ਰੱਖਦੇ ਹਨ, ਉਹ ਖ਼ੁਸ਼ ਰਹਿੰਦੇ ਹਨ। ਉਹ ਅਕਸਰ ਜ਼ਿਆਦਾ ਲੋਕਾਂ ਨਾਲ ਦੋਸਤੀ ਕਰ ਪਾਉਂਦੇ ਹਨ। ਅਸਲ ਵਿਚ ਅਜਿਹੇ ਲੋਕਾਂ ਨਾਲ ਕੌਣ ਸਮਾਂ ਬਿਤਾਉਣਾ ਚਾਹੇਗਾ ਜੋ ਹਮੇਸ਼ਾ ਨਿਰਾਸ਼ ਹੀ ਰਹਿੰਦੇ ਹਨ?

 ਜੇ ਤੁਸੀਂ ਸਹੀ ਸੋਚ ਰੱਖਦੇ ਵੀ ਹੋ, ਤਾਂ ਵੀ ਤੁਹਾਨੂੰ ਮੁਸ਼ਕਲਾਂ ਝੱਲਣੀਆਂ ਪੈ ਸਕਦੀਆਂ ਹਨ। ਮਿਸਾਲ ਲਈ:

  •   ਤੁਹਾਨੂੰ ਸ਼ਾਇਦ ਹਰ ਪਾਸੇ ਯੁੱਧ, ਅੱਤਵਾਦ ਜਾਂ ਜੁਰਮ ਦੀਆਂ ਖ਼ਬਰਾਂ ਸੁਣਨ ਨੂੰ ਮਿਲਣ।

  •   ਸ਼ਾਇਦ ਤੁਹਾਡੇ ਪਰਿਵਾਰ ਵਿਚ ਤੁਹਾਨੂੰ ਮੁਸ਼ਕਲਾਂ ਝੱਲਣੀਆਂ ਪੈਣ।

  •   ਤੁਹਾਨੂੰ ਸ਼ਾਇਦ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਨਾ ਪਵੇ।

  •   ਸ਼ਾਇਦ ਤੁਹਾਡਾ ਕੋਈ ਦੋਸਤ ਤੁਹਾਡਾ ਦਿਲ ਦੁਖਾਵੇ।

 ਇਨ੍ਹਾਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾ ਕਰੋ ਤੇ ਨਾ ਹੀ ਇਨ੍ਹਾਂ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੋਵੋ। ਇਸ ਦੀ ਬਜਾਇ, ਸਹੀ ਨਜ਼ਰੀਆ ਬਣਾਈ ਰੱਖੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਮਨ ਵਿਚ ਹੱਦੋਂ ਵੱਧ ਨਿਰਾਸ਼ ਕਰਨ ਵਾਲੀਆਂ ਗੱਲਾਂ ਨਹੀਂ ਆਉਣਗੀਆਂ ਅਤੇ ਤੁਸੀਂ ਜ਼ਿੰਦਗੀ ਵਿਚ ਆਉਂਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰ ਸਕੋਗੇ।

ਤੁਸੀਂ ਜ਼ਿੰਦਗੀ ਵਿਚ ਆਉਣ ਵਾਲੇ ਤੂਫ਼ਾਨ ਦਾ ਸਾਮ੍ਹਣਾ ਇਸ ਭਰੋਸੇ ਨਾਲ ਕਰ ਸਕਦੇ ਹੋ ਕਿ ਆਸ ਦਾ ਸੂਰਜ ਫਿਰ ਚੜ੍ਹੇਗਾ

 ਤੁਸੀਂ ਕੀ ਕਰ ਸਕਦੇ ਹੋ

  •   ਆਪਣੀਆਂ ਗ਼ਲਤੀਆਂ ਬਾਰੇ ਸਹੀ ਨਜ਼ਰੀਆ ਰੱਖੋ।

     ਬਾਈਬਲ ਕਹਿੰਦੀ ਹੈ: “ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।” (ਉਪਦੇਸ਼ਕ ਦੀ ਪੋਥੀ 7:20) ਇਸ ਤੋਂ ਪਤਾ ਲੱਗਦਾ ਹੈ ਕਿ ਇਨਸਾਨ ਹੋਣ ਕਰਕੇ ਤੁਹਾਡੇ ਵਿਚ ਕਮੀਆਂ ਹਨ ਤੇ ਤੁਸੀਂ ਗ਼ਲਤੀਆਂ ਕਰਦੇ ਹੋ, ਪਰ ਤੁਸੀਂ ਨਿਕੰਮੇ ਨਹੀਂ ਹੋ।

     ਸਹੀ ਸੋਚ ਰੱਖੋ: ਆਪਣੀਆਂ ਗ਼ਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰੋ, ਪਰ ਯਾਦ ਰੱਖੋ ਕਿ ਤੁਹਾਡੇ ਤੋਂ ਹਮੇਸ਼ਾ ਸਹੀ ਕੰਮ ਨਹੀਂ ਹੋਣਗੇ। ਕੇਲਬ ਨਾਂ ਦਾ ਨੌਜਵਾਨ ਕਹਿੰਦਾ ਹੈ, “ਮੈਂ ਆਪਣੀਆਂ ਗ਼ਲਤੀਆਂ ਬਾਰੇ ਹੱਦੋਂ ਵੱਧ ਨਹੀਂ ਸੋਚਦਾ। ਇਸ ਦੀ ਬਜਾਇ, ਮੈਂ ਉਨ੍ਹਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ ਤਾਂਕਿ ਮੈਂ ਆਪਣੇ ਵਿਚ ਸੁਧਾਰ ਕਰ ਸਕਾਂ।”

  •   ਦੂਜਿਆਂ ਨਾਲ ਆਪਣੀ ਤੁਲਨਾ ਨਾ ਕਰੋ।

     ਬਾਈਬਲ ਕਹਿੰਦੀ ਹੈ: “ਆਓ ਆਪਾਂ ਨਾ ਹੀ ਹੰਕਾਰ ਕਰੀਏ, ਨਾ ਹੀ ਮੁਕਾਬਲਾ ਕਰਨ ਲਈ ਇਕ-ਦੂਜੇ ਨੂੰ ਉਕਸਾਈਏ ਅਤੇ ਨਾ ਹੀ ਇਕ-ਦੂਜੇ ਨਾਲ ਈਰਖਾ ਕਰੀਏ।” (ਗਲਾਤੀਆਂ 5:26) ਜਦੋਂ ਤੁਸੀਂ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਪਾਰਟੀਆਂ ਦੀਆਂ ਤਸਵੀਰਾਂ ਦੇਖਦੇ ਹੋ ਜਿਨ੍ਹਾਂ ਵਿਚ ਤੁਹਾਨੂੰ ਨਹੀਂ ਬੁਲਾਇਆ ਗਿਆ ਸੀ, ਤਾਂ ਤੁਹਾਨੂੰ ਗੁੱਸਾ ਚੜ੍ਹ ਸਕਦਾ ਹੈ। ਸ਼ਾਇਦ ਤੁਸੀਂ ਸੋਚਣ ਲੱਗ ਪਓ ਕਿ ਤੁਹਾਡੇ ਦੋਸਤ ਤੁਹਾਨੂੰ ਪਸੰਦ ਨਹੀਂ ਕਰਦੇ।

     ਸਹੀ ਸੋਚ ਰੱਖੋ: ਇਹ ਗੱਲ ਸਮਝ ਲਓ ਕਿ ਤੁਹਾਨੂੰ ਹਰ ਪਾਰਟੀ ਵਿਚ ਨਹੀਂ ਬੁਲਾਇਆ ਜਾਵੇਗਾ। ਇਹ ਵੀ ਯਾਦ ਰੱਖੋ ਕਿ ਸੋਸ਼ਲ ਮੀਡੀਆ ਉਤਲੀਆਂ ਫੋਟੋਆਂ ਤੋਂ ਪੂਰੀ ਗੱਲ ਪਤਾ ਨਹੀਂ ਲੱਗਦੀ। 16 ਸਾਲਾਂ ਦੀ ਅਲੈਕਸੀਆ ਕਹਿੰਦੀ ਹੈ, “ਲੋਕ ਸੋਸ਼ਲ ਮੀਡੀਆ ʼਤੇ ਉਹੀ ਫੋਟੋਆਂ ਪਾਉਂਦੇ ਹਨ ਜਿਨ੍ਹਾਂ ਵਿਚ ਉਹ ਖ਼ੁਸ਼ ਨਜ਼ਰ ਆਉਂਦੇ ਹਨ। ਉਹ ਅਜਿਹੀਆਂ ਫੋਟੋਆਂ ਨਹੀਂ ਪਾਉਂਦੇ ਜਿਨ੍ਹਾਂ ਵਿਚ ਉਹ ਜ਼ਿਆਦਾ ਖ਼ੁਸ਼ ਨਹੀਂ ਹੁੰਦੇ।”

  •   ਆਪਣੇ ਪਰਿਵਾਰ ਵਿਚ ਖ਼ੁਸ਼ੀ ਬਣਾਈ ਰੱਖੋ।

     ਬਾਈਬਲ ਕਹਿੰਦੀ ਹੈ: “ਜੇ ਹੋ ਸਕੇ, ਤਾਂ ਦੂਸਰਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ।” (ਰੋਮੀਆਂ 12:18) ਇਹ ਤੁਹਾਡੇ ਵੱਸ ਵਿਚ ਨਹੀਂ ਹੈ ਕਿ ਦੂਸਰੇ ਤੁਹਾਡੇ ਨਾਲ ਕਿਵੇਂ ਪੇਸ਼ ਆਉਂਦੇ ਹਨ, ਪਰ ਤੁਸੀਂ ਉਨ੍ਹਾਂ ਨਾਲ ਕਿਵੇਂ ਪੇਸ਼ ਆਉਂਦੇ ਹੋ, ਇਹ ਤੁਹਾਡੇ ਵੱਸ ਵਿਚ ਹੈ। ਤੁਸੀਂ ਚਾਹੋ, ਤਾਂ ਉਨ੍ਹਾਂ ਨਾਲ ਸ਼ਾਂਤੀ ਨਾਲ ਪੇਸ਼ ਆ ਸਕਦੇ ਹੋ।

     ਸਹੀ ਸੋਚ ਰੱਖੋ: ਜਿਵੇਂ ਤੁਸੀਂ ਆਪਣੇ ਦੋਸਤਾਂ ਨਾਲ ਮਿਲ ਕੇ ਰਹਿੰਦੇ ਹੋ, ਉਸੇ ਤਰ੍ਹਾਂ ਪਰਿਵਾਰ ਵਿਚ ਸ਼ਾਂਤੀ ਬਣਾ ਕੇ ਰੱਖੋ ਤਾਂਕਿ ਪਰਿਵਾਰ ਵਿਚ ਤਣਾਅ ਨਾ ਵਧੇ। 15 ਸਾਲਾਂ ਦੀ ਮਲਿੰਡਾ ਕਹਿੰਦੀ ਹੈ, “ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ ਅਤੇ ਅਸੀਂ ਕਦੇ ਨਾ ਕਦੇ ਆਪਣੀਆਂ ਗੱਲਾਂ ਤੇ ਕੰਮਾਂ ਨਾਲ ਦੂਜਿਆਂ ਨੂੰ ਠੇਸ ਪਹੁੰਚਾਉਂਦੇ ਹਾਂ। ਇਹ ਸਾਡੇ ʼਤੇ ਨਿਰਭਰ ਕਰਦਾ ਹੈ ਕਿ ਅਸੀਂ ਦੂਜਿਆਂ ਨਾਲ ਸ਼ਾਂਤੀ ਨਾਲ ਪੇਸ਼ ਆਵਾਂਗੇ ਜਾਂ ਲੜਾਈ ਕਰਾਂਗੇ।”

  •   ਸ਼ੁਕਰਗੁਜ਼ਾਰ ਹੋਣਾ ਸਿੱਖੋ।

     ਬਾਈਬਲ ਕਹਿੰਦੀ ਹੈ: “ਦਿਖਾਓ ਕਿ ਤੁਸੀਂ ਸ਼ੁਕਰਗੁਜ਼ਾਰ ਹੋ।” (ਕੁਲੁੱਸੀਆਂ 3:15) ਜੇ ਤੁਸੀਂ ਸ਼ੁਕਰਗੁਜ਼ਾਰ ਹੋਵੋਗੇ, ਤਾਂ ਤੁਸੀਂ ਆਪਣੀ ਜ਼ਿੰਦਗੀ ਵਿਚ ਹੋ ਰਹੀਆਂ ਚੰਗੀਆਂ ਗੱਲਾਂ ʼਤੇ ਧਿਆਨ ਲਾਓਗੇ, ਨਾ ਕਿ ਉਨ੍ਹਾਂ ਗੱਲਾਂ ʼਤੇ ਜਿਹੜੀਆਂ ਤੁਹਾਨੂੰ ਸਹੀ ਨਹੀਂ ਲੱਗਦੀਆਂ।

     ਸਹੀ ਸੋਚ ਰੱਖੋ: ਦੇਖੋ ਕਿ ਸਮੱਸਿਆ ਕੀ ਹੈ, ਪਰ ਇਸ ਦੇ ਨਾਲ-ਨਾਲ ਆਪਣੀ ਜ਼ਿੰਦਗੀ ਵਿਚ ਹੋਣ ਵਾਲੀਆਂ ਚੰਗੀਆਂ ਗੱਲਾਂ ʼਤੇ ਵੀ ਧਿਆਨ ਦਿਓ। ਰਿਬੈਕਾ ਨਾਂ ਦੀ ਕੁੜੀ ਕਹਿੰਦੀ ਹੈ, “ਹਰ ਰੋਜ਼ ਮੈਂ ਆਪਣੀ ਜ਼ਿੰਦਗੀ ਦੀ ਇਕ ਚੰਗੀ ਗੱਲ ਆਪਣੀ ਡਾਇਰੀ ਵਿਚ ਲਿਖ ਲੈਂਦੀ ਹਾਂ। ਇਸ ਤਰ੍ਹਾਂ ਮੈਨੂੰ ਯਾਦ ਰਹਿੰਦਾ ਹੈ ਕਿ ਮੇਰੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਹਨ ਜਿਨ੍ਹਾਂ ਬਾਰੇ ਮੈਂ ਸੋਚ ਸਕਦੀ ਹਾਂ।”

  •   ਸੋਚ-ਸਮਝ ਕੇ ਦੋਸਤ ਬਣਾਓ।

     ਬਾਈਬਲ ਕਹਿੰਦੀ ਹੈ: “ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਜੇ ਤੁਸੀਂ ਅਜਿਹੇ ਲੋਕਾਂ ਨਾਲ ਸਮਾਂ ਬਿਤਾਉਂਦੇ ਹੋ ਜੋ ਦੂਜਿਆਂ ਵਿਚ ਨੁਕਸ ਕੱਢਦੇ ਹਨ, ਉਨ੍ਹਾਂ ਦੀ ਬੁਰਾਈ ਕਰਦੇ ਹਨ ਜਾਂ ਹਮੇਸ਼ਾ ਬੁੜ-ਬੁੜ ਕਰਦੇ ਰਹਿੰਦੇ ਹਨ, ਤਾਂ ਤੁਸੀਂ ਵੀ ਉਨ੍ਹਾਂ ਵਰਗੇ ਬਣ ਜਾਓਗੇ।

     ਸਹੀ ਸੋਚ ਰੱਖੋ: ਜਦੋਂ ਤੁਹਾਡੇ ਦੋਸਤ ਮੁਸ਼ਕਲ ਘੜੀਆਂ ਵਿੱਚੋਂ ਗੁਜ਼ਰ ਰਹੇ ਹੁੰਦੇ ਹਨ, ਤਾਂ ਕੁਝ ਸਮੇਂ ਲਈ ਉਹ ਨਿਰਾਸ਼ ਹੋ ਸਕਦੇ ਹਨ। ਉਨ੍ਹਾਂ ਦਾ ਸਾਥ ਦਿਓ, ਪਰ ਉਨ੍ਹਾਂ ਦੇ ਦੁੱਖ ਨੂੰ ਦੇਖ ਕੇ ਬਹੁਤ ਜ਼ਿਆਦਾ ਦੁਖੀ ਨਾ ਹੋਵੋ। 24 ਸਾਲ ਦੀ ਮਿਸ਼ੈਲ ਕਹਿੰਦੀ ਹੈ, “ਸਾਡੀ ਦੋਸਤੀ ਸਿਰਫ਼ ਅਜਿਹੇ ਲੋਕਾਂ ਨਾਲ ਨਹੀਂ ਹੋਣੀ ਚਾਹੀਦੀ ਜੋ ਕੁਝ ਵੀ ਚੰਗਾ ਹੋਣ ਦੀ ਉਮੀਦ ਨਹੀਂ ਰੱਖਦੇ।”

 ਇਸ ਬਾਰੇ ਹੋਰ ਪੜ੍ਹੋ

 ਬਾਈਬਲ ਮੁਤਾਬਕ ਅਸੀਂ “ਮੁਸੀਬਤਾਂ ਨਾਲ ਭਰੇ” ਸਮੇਂ ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:1) ਕੀ ਤੁਹਾਨੂੰ ਮੁਸ਼ਕਲਾਂ ਨਾਲ ਭਰੀ ਇਸ ਦੁਨੀਆਂ ਵਿਚ ਸਹੀ ਨਜ਼ਰੀਆ ਰੱਖਣਾ ਔਖਾ ਲੱਗ ਰਿਹਾ ਹੈ? ਤੁਸੀਂ ਇਹ ਜਾਣਕਾਰੀ ਪੜ੍ਹ ਸਕਦੇ ਹੋ: “ਦੁਨੀਆਂ ʼਤੇ ਇੰਨੀ ਭਾਰੀ ਕਿਉਂ ਆਈ ਹੋਈ ਹੈ?