Skip to content

ਨੌਜਵਾਨ ਪੁੱਛਦੇ ਹਨ

ਕੀ ਜਾਦੂਗਰੀ ਦੇਖਣ ਜਾਂ ਕਰਨ ਵਿਚ ਕੋਈ ਖ਼ਰਾਬੀ ਹੈ?

ਕੀ ਜਾਦੂਗਰੀ ਦੇਖਣ ਜਾਂ ਕਰਨ ਵਿਚ ਕੋਈ ਖ਼ਰਾਬੀ ਹੈ?

 ਤੁਹਾਨੂੰ ਕੀ ਲੱਗਦਾ ਹੈ?

  •   ਕੀ ਜੋਤਸ਼ੀਆਂ ਕੋਲ ਸਲਾਹਾਂ ਲੈਣੀਆਂ, ਵੀਜਾ ਬੋਰਡ (ਭਵਿੱਖ ਬਾਰੇ ਪਤਾ ਲਗਾਉਣ ਵਾਲਾ ਫੱਟਾ) ਵਰਤਣਾ ਜਾਂ ਚੇਲੇ-ਚਾਂਟਿਆਂ ਕੋਲ ਜਾਣਾ ਗ਼ਲਤ ਹੈ?

  •   ਜਾਦੂਗਰੀ ਬਾਰੇ ਬਣੀਆਂ ਕਹਾਣੀਆਂ ਸਿਰਫ਼ ਕਹਾਣੀਆਂ ਹੀ ਹਨ ਜਾਂ ਇਹ ਅਸਲੀ ਤੇ ਖ਼ਤਰਨਾਕ ਹਨ?

 ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਜਾਦੂਗਰੀ ਇੰਨੀ ਆਕਰਸ਼ਿਤ ਕਿਉਂ ਲੱਗ ਸਕਦੀ ਹੈ ਅਤੇ ਤੁਹਾਨੂੰ ਖ਼ਬਰਦਾਰ ਰਹਿਣ ਦੀ ਕਿਉਂ ਲੋੜ ਹੈ।

 ਇਹ ਆਕਰਸ਼ਿਤ ਕਿਉਂ ਲੱਗ ਸਕਦੀ ਹੈ?

 ਮਨੋਰੰਜਨ ਦੀ ਦੁਨੀਆਂ ਨੇ ਕਿਤਾਬਾਂ, ਫ਼ਿਲਮਾਂ, ਨਾਟਕਾਂ ਅਤੇ ਵੀਡੀਓ ਗੇਮਾਂ ਵਿਚ ਜਾਦੂਗਰੀ ਦਿਖਾ ਕੇ ਬਹੁਤ ਸਾਰਾ ਪੈਸਾ ਕਮਾਇਆ ਹੈ। ਨਤੀਜੇ ਵਜੋਂ, ਬਹੁਤ ਸਾਰੇ ਨੌਜਵਾਨਾਂ ਵਿਚ ਭੂਤ-ਚੁੜੇਲਾਂ, ਵੈਂਪਾਇਰਾਂ, ਜਾਦੂ-ਟੂਣੇ ਅਤੇ ਭਵਿੱਖ ਵਗੈਰਾ ਬਾਰੇ ਜਾਣਨ ਦੀ ਇੱਛਾ ਵਧ ਗਈ ਹੈ। ਕਿਉਂ? ਇਸ ਦੇ ਕੁਝ ਕਾਰਨ ਹਨ:

  •   ਇਹ ਜਾਣਨ ਦੀ ਇੱਛਾ ਰੱਖਣੀ ਕਿ ਚੰਗੇ ਅਤੇ ਦੁਸ਼ਟ ਦੂਤ ਹਨ

  •   ਇਸ ਗੱਲ ਦੀ ਚਿੰਤਾ ਹੋਣੀ ਕਿ ਭਵਿੱਖ ਵਿਚ ਕੀ ਹੋਵੇਗਾ

  •   ਮਰ ਚੁੱਕੇ ਅਜ਼ੀਜ਼ਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨੀ

 ਇਹ ਸਾਰੇ ਕਾਰਨ ਸ਼ਾਇਦ ਆਪਣੇ ਆਪ ਵਿਚ ਗ਼ਲਤ ਨਹੀਂ ਹਨ। ਮਿਸਾਲ ਲਈ, ਭਵਿੱਖ ਬਾਰੇ ਜਾਣਨ ਦੀ ਇੱਛਾ ਰੱਖਣੀ ਜਾਂ ਮਰ ਚੁੱਕੇ ਅਜ਼ੀਜ਼ ਨੂੰ ਯਾਦ ਕਰਨਾ ਕੁਦਰਤੀ ਹੈ। ਪਰ ਇਸ ਤਰ੍ਹਾਂ ਕਰਨ ਵਿਚ ਖ਼ਤਰੇ ਹਨ ਜਿਨ੍ਹਾਂ ਤੋਂ ਸਾਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ।

 ਖ਼ਬਰਦਾਰ ਰਹਿਣ ਦੀ ਕਿਉਂ ਲੋੜ ਹੈ?

 ਬਾਈਬਲ ਕਿਸੇ ਵੀ ਤਰ੍ਹਾਂ ਦੀ ਜਾਦੂਗਰੀ ਕਰਨ ਵਾਲੇ ਲੋਕਾਂ ਨੂੰ ਸਖ਼ਤ ਚੇਤਾਵਨੀ ਦਿੰਦੀ ਹੈ। ਮਿਸਾਲ ਲਈ, ਇਹ ਕਹਿੰਦੀ ਹੈ:

 “ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ . . . ਫ਼ਾਲ ਪਾਉਣ ਵਾਲਾ, ਮਹੂਰਤ ਵੇਖਣ ਵਾਲਾ, ਮੰਤਰੀ ਯਾ ਜਾਦੂਗਰ। ਝਾੜਾ ਫੂਕੀ ਕਰਨ ਵਾਲਾ, ਜਿੰਨਾਂ ਤੋਂ ਪੁੱਛਾਂ ਲੈਣ ਵਾਲਾ, ਦਿਓਆਂ ਦਾ ਯਾਰ ਯਾ ਭੂਤਣਿਆਂ ਦਾ ਕੱਢਣ ਵਾਲਾ। ਕਿਉਂ ਜੋ ਜਿਹੜਾ ਏਹ ਕੰਮ ਕਰੇ ਉਹ ਯਹੋਵਾਹ ਅੱਗੇ ਘਿਣਾਉਣਾ ਹੈ।”—ਬਿਵਸਥਾ ਸਾਰ 18:10-12.

 ਬਾਈਬਲ ਜਾਦੂਗਰੀ ਦੀ ਸਖ਼ਤ ਨਿੰਦਿਆ ਕਿਉਂ ਕਰਦੀ ਹੈ?

  •   ਜਾਦੂਗਰੀ ਕਰ ਕੇ ਅਸੀਂ ਦਿਖਾ ਰਹੇ ਹੋਵਾਂਗੇ ਕਿ ਅਸੀਂ ਦੁਸ਼ਟ ਦੂਤਾਂ ਦਾ ਸਾਥ ਦੇ ਰਹੇ ਹਾਂ। ਬਾਈਬਲ ਸਿਖਾਉਂਦੀ ਹੈ ਕਿ ਕੁਝ ਦੂਤਾਂ ਨੇ ਰੱਬ ਦੇ ਖ਼ਿਲਾਫ਼ ਬਗਾਵਤ ਕੀਤੀ ਅਤੇ ਉਸ ਦੇ ਦੁਸ਼ਮਣ ਬਣ ਗਏ। (ਉਤਪਤ 6:2; ਯਹੂਦਾਹ 6) ਇਨ੍ਹਾਂ ਬਾਗ਼ੀ ਦੂਤਾਂ ਨੂੰ ਦੁਸ਼ਟ ਦੂਤ ਵੀ ਕਿਹਾ ਜਾਂਦਾ ਹੈ। ਇਹ ਦੂਤ ਚੇਲੇ-ਚਾਂਟਿਆਂ, ਭਵਿੱਖ ਦੱਸਣ ਵਾਲਿਆਂ ਅਤੇ ਜੋਤਸ਼ੀਆਂ ਦੇ ਜ਼ਰੀਏ ਲੋਕਾਂ ਨੂੰ ਗੁਮਰਾਹ ਕਰਦੇ ਹਨ। ਇਨ੍ਹਾਂ ਕੰਮਾਂ ਵਿਚ ਹਿੱਸਾ ਲੈ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਰੱਬ ਦੇ ਦੁਸ਼ਮਣਾਂ ਦੇ ਦੋਸਤ ਹਾਂ।

  •   ਜਾਦੂਗਰੀ ਕਰਨ ਵਾਲੇ ਇਹ ਝੂਠੀ ਗੱਲ ਫੈਲਾਉਂਦੇ ਹਨ ਕਿ ਕੁਝ ਲੋਕ ਭਵਿੱਖ ਦੱਸ ਸਕਦੇ ਹਨ। ਪਰ ਸਿਰਫ਼ ਰੱਬ ਇਹ ਗੱਲ ਕਹਿ ਸਕਦਾ ਹੈ: “ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ।”—ਯਸਾਯਾਹ 46:10; ਯਾਕੂਬ 4:13, 14.

  •   ਜਾਦੂਗਰੀ ਕਰਨ ਵਾਲੇ ਇਹ ਝੂਠੀ ਗੱਲ ਫੈਲਾਉਂਦੇ ਹਨ ਕਿ ਮਰੇ ਹੋਏ ਵਿਅਕਤੀ ਜੀਉਂਦੇ ਲੋਕਾਂ ਨਾਲ ਗੱਲ ਕਰ ਸਕਦੇ ਹਨ। ਪਰ ਬਾਈਬਲ ਕਹਿੰਦੀ ਹੈ: “ਮੋਏ ਕੁਝ ਵੀ ਨਹੀਂ ਜਾਣਦੇ” ਅਤੇ ਉਨ੍ਹਾਂ ਲਈ ਕਬਰ ਵਿਚ ਨਾ “ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।”—ਉਪਦੇਸ਼ਕ ਦੀ ਪੋਥੀ 9:5, 10.

 ਇਨ੍ਹਾਂ ਸਭ ਕਾਰਨਾਂ ਕਰਕੇ ਯਹੋਵਾਹ ਦੇ ਗਵਾਹ ਜਾਦੂਗਰੀ ਨਾਲ ਜੁੜੇ ਕਿਸੇ ਵੀ ਕੰਮ ਤੋਂ ਦੂਰ ਰਹਿੰਦੇ ਹਨ। ਉਹ ਅਜਿਹਾ ਮਨੋਰੰਜਨ ਨਹੀਂ ਕਰਦੇ ਜਿਸ ਵਿਚ ਭੂਤ-ਚੁੜੇਲਾਂ, ਵੈਂਪਾਇਰਾਂ ਜਾਂ ਅਲੌਕਿਕ ਸ਼ਕਤੀਆਂ ਦਿਖਾਈਆਂ ਜਾਂਦੀਆਂ ਹਨ। ਮਾਰੀਆ ਨਾਂ ਦੀ ਇਕ ਨੌਜਵਾਨ ਕੁੜੀ ਕਹਿੰਦੀ ਹੈ: “ਮੈਨੂੰ ਇਸ ਤਰ੍ਹਾਂ ਦਾ ਮਨੋਰੰਜਨ ਨਹੀਂ ਕਰਨਾ ਚਾਹੀਦਾ ਜਿਸ ਵਿਚ ਕਿਸੇ ਵੀ ਤਰ੍ਹਾਂ ਦੀ ਜਾਦੂਗਰੀ ਦਿਖਾਈ ਜਾਂਦੀ ਹੈ।” a

ਜਿਵੇਂ ਇਕ ਮੁਜਰਮ ਤੁਹਾਨੂੰ ਇਹ ਕਹਿ ਕੇ ਫਸਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਕੋਈ ਹੋਰ ਹੈ, ਉਸੇ ਤਰ੍ਹਾਂ ਦੁਸ਼ਟ ਦੂਤ ਤੁਹਾਡੇ ਮਰੇ ਹੋਏ ਅਜ਼ੀਜ਼ ਹੋਣ ਦਾ ਦਿਖਾਵਾ ਕਰਦੇ ਹਨ

 ਤੁਸੀਂ ਕੀ ਕਰ ਸਕਦੇ ਹੋ?

  •   ਪੱਕਾ ਇਰਾਦਾ ਕਰੋ ਕਿ ਤੁਸੀਂ ਜਾਦੂਗਰੀ ਨਾਲ ਜੁੜੇ ਕਿਸੇ ਵੀ ਕੰਮ ਜਾਂ ਮਨੋਰੰਜਨ ਤੋਂ ਦੂਰ ਰਹਿ ਕੇ ਯਹੋਵਾਹ ਸਾਮ੍ਹਣੇ ਆਪਣੀ “ਜ਼ਮੀਰ” ਨੂੰ ਸਾਫ਼ ਰੱਖੋਗੇ।—ਰਸੂਲਾਂ ਦੇ ਕੰਮ 24:16.

  •   ਜੇ ਤੁਹਾਡੇ ਕੋਲ ਜਾਦੂਗਰੀ ਨਾਲ ਜੁੜੀ ਕੋਈ ਚੀਜ਼ ਹੈ, ਤਾਂ ਉਸ ਨੂੰ ਨਸ਼ਟ ਕਰ ਦਿਓ। ਰਸੂਲਾਂ ਦੇ ਕੰਮ 19:19, 20 ਪੜ੍ਹੋ ਅਤੇ ਇਸ ਮਾਮਲੇ ਵਿਚ ਪਹਿਲੀ ਸਦੀ ਦੇ ਮਸੀਹੀਆਂ ਦੁਆਰਾ ਰੱਖੀ ਵਧੀਆ ਮਿਸਾਲ ʼਤੇ ਗੌਰ ਕਰੋ।

 ਯਾਦ ਰੱਖੋ: ਜਦੋਂ ਤੁਸੀਂ ਜਾਦੂਗਰੀ ਨਾਲ ਜੁੜੇ ਕਿਸੇ ਵੀ ਕੰਮ ਅਤੇ ਮਨੋਰੰਜਨ ਤੋਂ ਦੂਰ ਰਹਿੰਦੇ ਹੋ, ਤਾਂ ਤੁਸੀਂ ਇਹ ਸਾਫ਼-ਸਾਫ਼ ਜ਼ਾਹਰ ਕਰਦੇ ਹੋ ਕਿ ਤੁਸੀਂ ਯਹੋਵਾਹ ਦਾ ਸਾਥ ਦੇ ਰਹੇ ਹੋ ਜਿਸ ਕਰਕੇ ਉਸ ਦਾ ਦਿਲ ਖ਼ੁਸ਼ ਹੁੰਦਾ ਹੈ!—ਕਹਾਉਤਾਂ 27:11.

a ਇਸ ਦਾ ਇਹ ਮਤਲਬ ਨਹੀਂ ਕਿ ਸਾਰੀਆਂ ਕਾਲਪਨਿਕ ਕਹਾਣੀਆਂ ਜਾਦੂਗਰੀ ਨਾਲ ਜੁੜੀਆਂ ਹੁੰਦੀਆਂ ਹਨ। ਪਰ ਮਸੀਹੀ ਬਾਈਬਲ ਮੁਤਾਬਕ ਢਾਲ਼ੀ ਆਪਣੀ ਜ਼ਮੀਰ ਨੂੰ ਵਰਤ ਕੇ ਅਜਿਹੇ ਕਿਸੇ ਵੀ ਕੰਮ ਜਾਂ ਮਨੋਰੰਜਨ ਤੋਂ ਦੂਰ ਰਹਿੰਦੇ ਹਨ ਜੋ ਜਾਦੂਗਰੀ ਨਾਲ ਜੁੜੇ ਹਨ।—2 ਕੁਰਿੰਥੀਆਂ 6:17; ਇਬਰਾਨੀਆਂ 5:14.