Skip to content

ਯਹੂਦੀਆਂ ਦਾ ਕਤਲੇਆਮ ਕਿਉਂ ਹੋਇਆ? ਰੱਬ ਨੇ ਇਸ ਨੂੰ ਰੋਕਿਆ ਕਿਉਂ ਨਹੀਂ?

ਯਹੂਦੀਆਂ ਦਾ ਕਤਲੇਆਮ ਕਿਉਂ ਹੋਇਆ? ਰੱਬ ਨੇ ਇਸ ਨੂੰ ਰੋਕਿਆ ਕਿਉਂ ਨਹੀਂ?

 ਬਹੁਤ ਸਾਰੇ ਲੋਕ ਇਹ ਸਵਾਲ ਪੁੱਛਦੇ ਹਨ ਜਿਨ੍ਹਾਂ ਨੂੰ ਖ਼ੁਦ ਉਸ ਸਮੇਂ ਬਹੁਤ ਕੁਝ ਸਹਿਣਾ ਪਿਆ ਸੀ। ਉਹ ਨਾ ਸਿਰਫ਼ ਆਪਣੇ ਸਵਾਲਾਂ ਦੇ ਜਵਾਬ ਜਾਣਨੇ ਚਾਹੁੰਦੇ ਸਨ, ਸਗੋਂ ਦਿਲਾਸਾ ਵੀ ਪਾਉਣਾ ਚਾਹੁੰਦੇ ਸਨ। ਕਈ ਲੋਕ ਸੋਚਦੇ ਹਨ ਕਿ ਨਾਜ਼ੀ ਸਰਕਾਰ ਦੁਆਰਾ ਯਹੂਦੀਆਂ ਅਤੇ ਹੋਰ ਲੋਕਾਂ ਦਾ ਕਤਲੇਆਮ ਇਨਸਾਨਾਂ ਦੀ ਹੈਵਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਰੱਬ ʼਤੇ ਯਕੀਨ ਕਰਨਾ ਔਖਾ ਲੱਗਦਾ ਹੈ।

ਰੱਬ ਬਾਰੇ ਅਤੇ ਇਸ ਕਤਲੇਆਮ ਬਾਰੇ ਗ਼ਲਤਫ਼ਹਿਮੀਆਂ

 ਗ਼ਲਤਫ਼ਹਿਮੀ: ਇਹ ਪੁੱਛਣਾ ਗ਼ਲਤ ਹੈ ਕਿ ਰੱਬ ਨੇ ਇਹ ਕਤਲੇਆਮ ਕਿਉਂ ਹੋਣ ਦਿੱਤਾ।

 ਸੱਚਾਈ: ਰੱਬ ʼਤੇ ਪੱਕੀ ਨਿਹਚਾ ਕਰਨ ਵਾਲੇ ਲੋਕਾਂ ਨੇ ਸਵਾਲ ਕੀਤਾ ਸੀ ਕਿ ਰੱਬ ਬੁਰਾਈ ਕਿਉਂ ਹੋਣ ਦਿੰਦਾ ਹੈ। ਮਿਸਾਲ ਲਈ, ਹਬੱਕੂਕ ਨਬੀ ਨੇ ਰੱਬ ਤੋਂ ਪੁੱਛਿਆ: “ਤੂੰ ਕਿਉਂ ਅਤਿਆਚਾਰ ਹੋਣ ਦਿੰਦਾ ਹੈਂ? ਕਿਉਂ ਮੇਰੀਆਂ ਨਜ਼ਰਾਂ ਸਾਮ੍ਹਣੇ ਤਬਾਹੀ ਅਤੇ ਜ਼ੁਲਮ ਹੁੰਦੇ ਹਨ? ਕਿਉਂ ਇੰਨੇ ਜ਼ਿਆਦਾ ਲੜਾਈ-ਝਗੜੇ ਹੁੰਦੇ ਹਨ?” (ਹੱਬਕੂਕ 1:3) ਰੱਬ ਨੇ ਹਬੱਕੂਕ ਨੂੰ ਝਿੜਕਣ ਦੀ ਬਜਾਇ ਉਸ ਦੇ ਸਵਾਲ ਬਾਈਬਲ ਵਿਚ ਦਰਜ ਕਰਾਏ ਤਾਂਕਿ ਸਾਰੇ ਲੋਕ ਇਨ੍ਹਾਂ ਨੂੰ ਪੜ੍ਹ ਸਕਣ।

 ਗ਼ਲਤਫ਼ਹਿਮੀ: ਰੱਬ ਨੂੰ ਇਨਸਾਨਾਂ ਦੇ ਦੁੱਖਾਂ ਦੀ ਕੋਈ ਪਰਵਾਹ ਨਹੀਂ ਹੈ।

 ਸੱਚਾਈ: ਰੱਬ ਬੁਰਾਈ ਤੋਂ ਨਫ਼ਰਤ ਕਰਦਾ ਹੈ ਜਿਸ ਕਾਰਨ ਦੁੱਖ-ਤਕਲੀਫ਼ਾਂ ਆਉਂਦੀਆਂ ਹਨ। (ਕਹਾਉਤਾਂ 6:16-19) ਨੂਹ ਦੇ ਜ਼ਮਾਨੇ ਵਿਚ ਧਰਤੀ ʼਤੇ ਹਿੰਸਾ ਦੇਖ ਕੇ ਰੱਬ ਦੇ “ਦਿਲ ਨੂੰ ਠੇਸ ਲੱਗੀ।” (ਉਤਪਤ 6:5, 6, ਫੁਟਨੋਟ) ਇਸ ਲਈ ਕੋਈ ਸ਼ੱਕ ਨਹੀਂ ਹੈ ਕਿ ਯਹੂਦੀਆਂ ਅਤੇ ਹੋਰ ਲੋਕਾਂ ਦਾ ਕਤਲੇਆਮ ਹੋਣ ਤੇ ਵੀ ਰੱਬ ਨੂੰ ਬਹੁਤ ਦੁੱਖ ਲੱਗਾ ਹੋਣਾ।​—ਮਲਾਕੀ 3:6.

 ਗ਼ਲਤਫ਼ਹਿਮੀ: ਯਹੂਦੀਆਂ ਦਾ ਕਤਲੇਆਮ ਇਸ ਲਈ ਹੋਇਆ ਕਿਉਂਕਿ ਇਹ ਰੱਬ ਵੱਲੋਂ ਉਨ੍ਹਾਂ ਨੂੰ ਸਜ਼ਾ ਸੀ।

 ਸੱਚਾਈ: ਰੱਬ ਨੇ ਪਹਿਲੀ ਸਦੀ ਵਿਚ ਰੋਮੀਆਂ ਹੱਥੋਂ ਯਰੂਸ਼ਲਮ ਨੂੰ ਤਬਾਹ ਹੋਣ ਦਿੱਤਾ ਸੀ। (ਮੱਤੀ 23:37–24:2) ਪਰ ਉਦੋਂ ਤੋਂ ਰੱਬ ਕਿਸੇ ਇਕ ਖ਼ਾਸ ਸਮੂਹ ਦੇ ਲੋਕਾਂ ਨੂੰ ਕਿਸੇ ਹੋਰ ਸਮੂਹ ਦੇ ਲੋਕਾਂ ਨਾਲੋਂ ਨਾ ਤਾਂ ਜ਼ਿਆਦਾ ਅਹਿਮੀਅਤ ਦਿੰਦਾ ਹੈ ਅਤੇ ਨਾ ਹੀ ਉਨ੍ਹਾਂ ਸਜ਼ਾ ਦਿੰਦਾ ਹੈ। ਰੱਬ ‘ਯਹੂਦੀ ਅਤੇ ਯੂਨਾਨੀ ਲੋਕਾਂ ਵਿਚ ਪੱਖਪਾਤ ਨਹੀਂ ਕਰਦਾ।’​—ਰੋਮੀਆਂ 10:12.

 ਗ਼ਲਤਫ਼ਹਿਮੀ: ਜੇ ਵਾਕਈ ਪਿਆਰ ਕਰਨ ਵਾਲਾ ਅਤੇ ਅਥਾਹ ਤਾਕਤ ਰੱਖਣ ਵਾਲਾ ਰੱਬ ਹੁੰਦਾ, ਤਾਂ ਉਹ ਇਹ ਕਤਲੇਆਮ ਰੋਕ ਦਿੰਦਾ।

 ਸੱਚਾਈ: ਭਾਵੇਂ ਰੱਬ ਕਦੇ ਵੀ ਦੁੱਖ ਨਹੀਂ ਦਿੰਦਾ, ਪਰ ਕਦੇ-ਕਦੇ ਉਹ ਥੋੜ੍ਹੀ ਦੇਰ ਲਈ ਦੁੱਖ ਆਉਣ ਦਿੰਦਾ ਹੈ।​—ਯਾਕੂਬ 1:13; 5:11.

ਰੱਬ ਨੇ ਯਹੂਦੀਆਂ ਅਤੇ ਹੋਰ ਲੋਕਾਂ ਦਾ ਕਤਲੇਆਮ ਕਿਉਂ ਹੋਣ ਦਿੱਤਾ?

 ਜਿਸ ਕਾਰਨ ਕਰਕੇ ਰੱਬ ਲੋਕਾਂ ਉੱਤੇ ਦੁੱਖ ਆਉਣ ਦਿੰਦਾ ਹੈ, ਉਸੇ ਕਾਰਨ ਕਰਕੇ ਉਸ ਨੇ ਇਹ ਕਤਲੇਆਮ ਹੋਣ ਦਿੱਤਾ। ਉਹ ਕਾਰਨ ਹੈ: ਉਸ ਮਸਲੇ ਨੂੰ ਸੁਲਝਾਉਣਾ ਜੋ ਬਹੁਤ ਸਮਾਂ ਪਹਿਲਾਂ ਖੜ੍ਹਾ ਹੋਇਆ ਸੀ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਹੁਣ ਦੁਨੀਆਂ ʼਤੇ ਰੱਬ ਨਹੀਂ, ਸਗੋਂ ਸ਼ੈਤਾਨ ਰਾਜ ਕਰ ਰਿਹਾ ਹੈ। (ਲੂਕਾ 4:1, 2, 6; ਯੂਹੰਨਾ 12:31) ਬਾਈਬਲ ਵਿਚ ਦੱਸੀਆਂ ਦੋ ਮੁੱਖ ਗੱਲਾਂ ਇਹ ਸਮਝਣ ਵਿਚ ਮਦਦ ਕਰ ਸਕਦੀਆਂ ਹਨ ਕਿ ਰੱਬ ਨੇ ਇਹ ਕਤਲੇਆਮ ਕਿਉਂ ਹੋਣ ਦਿੱਤਾ।

  1.   ਰੱਬ ਨੇ ਇਨਸਾਨਾਂ ਨੂੰ ਆਜ਼ਾਦ ਮਰਜ਼ੀ ਦਿੱਤੀ ਹੈ। ਰੱਬ ਨੇ ਪਹਿਲੇ ਇਨਸਾਨੀ ਜੋੜੇ ਆਦਮ ਅਤੇ ਹੱਵਾਹ ਨੂੰ ਦੱਸਿਆ ਕਿ ਉਹ ਉਨ੍ਹਾਂ ਤੋਂ ਕੀ ਉਮੀਦ ਰੱਖਦਾ ਸੀ, ਪਰ ਉਸ ਨੇ ਉਨ੍ਹਾਂ ਨੂੰ ਆਪਣਾ ਕਹਿਣਾ ਮੰਨਣ ਲਈ ਮਜਬੂਰ ਨਹੀਂ ਕੀਤਾ। ਉਨ੍ਹਾਂ ਨੇ ਆਪ ਇਹ ਫ਼ੈਸਲਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਲਈ ਕੀ ਸਹੀ ਹੈ ਅਤੇ ਕੀ ਗ਼ਲਤ। ਜੇ ਅਸੀਂ ਇਤਿਹਾਸ ʼਤੇ ਨਜ਼ਰ ਮਾਰੀਏ, ਤਾਂ ਮਨੁੱਖਜਾਤੀ ਸ਼ੁਰੂ ਤੋਂ ਹੀ ਉਨ੍ਹਾਂ ਦੇ ਇਸ ਗ਼ਲਤ ਫ਼ੈਸਲੇ ਦੇ ਅਤੇ ਹੋਰ ਲੋਕਾਂ ਦੇ ਗ਼ਲਤ ਫ਼ੈਸਲਿਆਂ ਦੇ ਭਿਆਨਕ ਨਤੀਜੇ ਭੁਗਤ ਰਹੀ ਹੈ। (ਉਤਪਤ 2:17; 3:6; ਰੋਮੀਆਂ 5:12) ਯਹੂਦੀ ਧਰਮ ਬਾਰੇ ਇਕ ਕਿਤਾਬ ਵਿਚ ਲਿਖਿਆ ਹੈ: “ਸਾਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਜੋ ਆਜ਼ਾਦੀ ਦਿੱਤੀ ਗਈ ਹੈ, ਉਸ ਆਜ਼ਾਦੀ ਦਾ ਗ਼ਲਤ ਇਸਤੇਮਾਲ ਹੀ ਦੁਨੀਆਂ ਦੀਆਂ ਜ਼ਿਆਦਾਤਰ ਦੁੱਖ-ਤਕਲੀਫ਼ਾਂ ਦਾ ਕਾਰਨ ਹੈ।” ਸਾਡੇ ਕੋਲੋਂ ਇਹ ਆਜ਼ਾਦੀ ਵਾਪਸ ਲੈਣ ਦੀ ਬਜਾਇ ਪਰਮੇਸ਼ੁਰ ਨੇ ਇਨਸਾਨਾਂ ਨੂੰ ਆਪਣੇ ਮਸਲੇ ਆਪ ਹੱਲ ਕਰਨ ਲਈ ਸਮਾਂ ਦਿੱਤਾ ਹੈ।

  2.   ਰੱਬ ਕਤਲੇਆਮ ਦੇ ਨੁਕਸਾਨ ਦੀ ਭਰਪਾਈ ਕਰ ਸਕਦਾ ਹੈ ਅਤੇ ਕਰੇਗਾ ਵੀ। ਰੱਬ ਵਾਅਦਾ ਕਰਦਾ ਹੈ ਕਿ ਉਹ ਮਰ ਚੁੱਕੇ ਲੱਖਾਂ ਹੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ, ਉਨ੍ਹਾਂ ਨੂੰ ਵੀ ਜਿਨ੍ਹਾਂ ਦਾ ਨਾਜ਼ੀ ਸਰਕਾਰ ਨੇ ਕਤਲੇਆਮ ਕੀਤਾ ਸੀ। ਉਹ ਕਤਲੇਆਮ ਤੋਂ ਬਚੇ ਲੋਕਾਂ ਦੇ ਦਰਦ ਅਤੇ ਇਸ ਦੀਆਂ ਕੌੜੀਆਂ ਯਾਦਾਂ ਨੂੰ ਵੀ ਮਿਟਾ ਦੇਵੇਗਾ। (ਯਸਾਯਾਹ 65:17; ਰਸੂਲਾਂ ਦੇ ਕੰਮ 24:15) ਇਨਸਾਨਾਂ ਲਈ ਰੱਬ ਦਾ ਪਿਆਰ ਇਸ ਗੱਲ ਦੀ ਗਾਰੰਟੀ ਹੈ ਕਿ ਉਹ ਆਪਣੇ ਇਹ ਵਾਅਦੇ ਜ਼ਰੂਰ ਪੂਰੇ ਕਰੇਗਾ।​—ਯੂਹੰਨਾ 3:16.

 ਕਤਲੇਆਮ ਤੋਂ ਬਚਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਪਤਾ ਸੀ ਕਿ ਰੱਬ ਦੁੱਖ ਕਿਉਂ ਆਉਣ ਦਿੰਦਾ ਹੈ ਅਤੇ ਉਹ ਇਨ੍ਹਾਂ ਨੂੰ ਕਿਵੇਂ ਖ਼ਤਮ ਕਰੇਗਾ। ਇਸ ਕਰਕੇ ਉਹ ਰੱਬ ʼਤੇ ਨਿਹਚਾ ਕਰਦੇ ਰਹੇ ਅਤੇ ਉਨ੍ਹਾਂ ਨੇ ਮਨ ਦੀ ਸ਼ਾਂਤੀ ਬਣਾਈ ਰੱਖੀ।