Skip to content

Skip to table of contents

ਪਾਠ 46

ਯਹੋਵਾਹ ਨੇ ਦਿਖਾਇਆ ਕਿ ਉਹੀ ਸੱਚਾ ਪਰਮੇਸ਼ੁਰ ਹੈ

ਯਹੋਵਾਹ ਨੇ ਦਿਖਾਇਆ ਕਿ ਉਹੀ ਸੱਚਾ ਪਰਮੇਸ਼ੁਰ ਹੈ

ਇਜ਼ਰਾਈਲ ਦੇ ਦਸ-ਗੋਤੀ ਰਾਜ ਦੇ ਬਹੁਤ ਸਾਰੇ ਰਾਜੇ ਬੁਰੇ ਸਨ, ਪਰ ਅਹਾਬ ਸਭ ਤੋਂ ਬੁਰਾ ਰਾਜਾ ਸੀ। ਉਸ ਨੇ ਇਕ ਬੁਰੀ ਤੀਵੀਂ ਨਾਲ ਵਿਆਹ ਕੀਤਾ ਜੋ ਬਆਲ ਦੀ ਭਗਤੀ ਕਰਦੀ ਸੀ। ਉਸ ਦਾ ਨਾਂ ਈਜ਼ਬਲ ਸੀ। ਅਹਾਬ ਤੇ ਈਜ਼ਬਲ ਨੇ ਪੂਰੇ ਦੇਸ਼ ਵਿਚ ਲੋਕਾਂ ਨੂੰ ਬਆਲ ਦੀ ਭਗਤੀ ਕਰਨ ਲਾ ਦਿੱਤਾ ਅਤੇ ਯਹੋਵਾਹ ਦੇ ਬਹੁਤ ਸਾਰੇ ਨਬੀਆਂ ਨੂੰ ਮਾਰ ਦਿੱਤਾ। ਯਹੋਵਾਹ ਨੇ ਕੀ ਕੀਤਾ? ਉਸ ਨੇ ਅਹਾਬ ਨੂੰ ਸੰਦੇਸ਼ ਦੇਣ ਲਈ ਏਲੀਯਾਹ ਨਬੀ ਨੂੰ ਭੇਜਿਆ।

ਏਲੀਯਾਹ ਨੇ ਰਾਜਾ ਅਹਾਬ ਨੂੰ ਦੱਸਿਆ ਕਿ ਉਸ ਦੇ ਭੈੜੇ ਕੰਮਾਂ ਕਰਕੇ ਇਜ਼ਰਾਈਲ ਵਿਚ ਮੀਂਹ ਨਹੀਂ ਪਵੇਗਾ। ਤਿੰਨ ਤੋਂ ਜ਼ਿਆਦਾ ਸਾਲਾਂ ਤਕ ਫ਼ਸਲਾਂ ਨਹੀਂ ਹੋਈਆਂ ਜਿਸ ਕਰਕੇ ਲੋਕ ਭੁੱਖੇ ਮਰਨ ਲੱਗ ਪਏ। ਕੁਝ ਸਮੇਂ ਬਾਅਦ, ਯਹੋਵਾਹ ਨੇ ਏਲੀਯਾਹ ਨੂੰ ਦੁਬਾਰਾ ਅਹਾਬ ਕੋਲ ਭੇਜਿਆ। ਅਹਾਬ ਰਾਜੇ ਨੇ ਕਿਹਾ: ‘ਤੂੰ ਹੀ ਤਾਂ ਮੁਸੀਬਤ ਦੀ ਜੜ੍ਹ ਹੈਂ। ਇਹ ਸਾਰਾ ਕੁਝ ਤੇਰੇ ਕਰਕੇ ਹੀ ਹੋਇਆ।’ ਏਲੀਯਾਹ ਨੇ ਜਵਾਬ ਦਿੱਤਾ: ‘ਮੇਰੇ ਕਰਕੇ ਸੋਕਾ ਨਹੀਂ ਪਿਆ। ਇਹ ਸਾਰਾ ਕੁਝ ਬਆਲ ਦੀ ਭਗਤੀ ਕਰਨ ਕਰਕੇ ਹੋਇਆ। ਅਸੀਂ ਪਰਖ ਕਰਾਂਗੇ ਕਿ ਕੌਣ ਸੱਚਾ ਪਰਮੇਸ਼ੁਰ ਹੈ। ਇਜ਼ਰਾਈਲ ਕੌਮ ਅਤੇ ਬਆਲ ਦੇ ਨਬੀਆਂ ਨੂੰ ਕਰਮਲ ਪਹਾੜ ʼਤੇ ਇਕੱਠਾ ਕਰੋ।’

ਲੋਕ ਪਹਾੜ ʼਤੇ ਇਕੱਠੇ ਹੋ ਗਏ। ਏਲੀਯਾਹ ਨੇ ਕਿਹਾ: ‘ਆਪਣੇ ਦਿਲਾਂ ਨੂੰ ਤਿਆਰ ਕਰੋ। ਜੇ ਯਹੋਵਾਹ ਸੱਚਾ ਪਰਮੇਸ਼ੁਰ ਹੈ, ਤਾਂ ਉਸ ਦਾ ਕਹਿਣਾ ਮੰਨੋ। ਜੇ ਬਆਲ ਹੈ, ਤਾਂ ਉਸ ਨੂੰ ਮੰਨੋ। ਮੈਂ ਤੁਹਾਨੂੰ ਇਹ ਚੁਣੌਤੀ ਦਿੰਦਾ ਹਾਂ। ਬਆਲ ਦੇ 450 ਨਬੀ ਇਕ ਬਲ਼ੀ ਤਿਆਰ ਕਰਨ ਤੇ ਆਪਣੇ ਦੇਵਤੇ ਨੂੰ ਬੁਲਾਉਣ ਅਤੇ ਮੈਂ ਵੀ ਬਲ਼ੀ ਤਿਆਰ ਕਰਾਂਗਾ ਤੇ ਯਹੋਵਾਹ ਨੂੰ ਬੁਲਾਵਾਂਗਾ। ਜਿਹੜਾ ਅੱਗ ਰਾਹੀਂ ਜਵਾਬ ਦੇਵੇ, ਉਹੀ ਸੱਚਾ ਪਰਮੇਸ਼ੁਰ ਹੋਵੇਗਾ।’ ਲੋਕ ਮੰਨ ਗਏ।

ਬਆਲ ਦੇ ਨਬੀਆਂ ਨੇ ਬਲ਼ੀ ਤਿਆਰ ਕੀਤੀ। ਸਾਰਾ ਦਿਨ ਉਹ ਆਪਣੇ ਦੇਵਤੇ ਨੂੰ ਆਵਾਜ਼ਾਂ ਮਾਰਦੇ ਰਹੇ: ‘ਹੇ ਬਆਲ, ਸਾਨੂੰ ਜਵਾਬ ਦੇ।’ ਜਦੋਂ ਬਆਲ ਨੇ ਕੋਈ ਜਵਾਬ ਨਾ ਦਿੱਤਾ, ਤਾਂ ਏਲੀਯਾਹ ਨੇ ਉਸ ਦਾ ਮਜ਼ਾਕ ਉਡਾਇਆ। ਉਸ ਨੇ ਕਿਹਾ: ‘ਉੱਚੀ ਦੇਣੀ ਆਵਾਜ਼ ਮਾਰੋ। ਸ਼ਾਇਦ ਉਹ ਸੁੱਤਾ ਪਿਆ ਹੋਵੇ।’ ਸ਼ਾਮ ਹੋ ਗਈ ਤੇ ਬਆਲ ਦੇ ਨਬੀ ਉਸ ਨੂੰ ਆਵਾਜ਼ਾਂ ਮਾਰਦੇ ਰਹੇ। ਪਰ ਅਜੇ ਵੀ ਕੋਈ ਜਵਾਬ ਨਾ ਆਇਆ।

ਏਲੀਯਾਹ ਨੇ ਵੇਦੀ ʼਤੇ ਬਲ਼ੀ ਰੱਖੀ ਅਤੇ ਉਸ ʼਤੇ ਪਾਣੀ ਪਾ ਦਿੱਤਾ। ਫਿਰ ਉਸ ਨੇ ਪ੍ਰਾਰਥਨਾ ਕੀਤੀ: ‘ਹੇ ਯਹੋਵਾਹ, ਲੋਕ ਜਾਣ ਲੈਣ ਕਿ ਤੂੰ ਹੀ ਸੱਚਾ ਪਰਮੇਸ਼ੁਰ ਹੈਂ।’ ਯਹੋਵਾਹ ਨੇ ਬਲ਼ੀ ਨੂੰ ਸਾੜਨ ਲਈ ਇਕਦਮ ਆਕਾਸ਼ੋਂ ਅੱਗ ਭੇਜੀ। ਲੋਕ ਉੱਚੀ-ਉੱਚੀ ਕਹਿਣ ਲੱਗੇ: ‘ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ!’ ਏਲੀਯਾਹ ਨੇ ਕਿਹਾ: ‘ਬਆਲ ਦਾ ਕੋਈ ਵੀ ਨਬੀ ਜੀਉਂਦਾ ਨਾ ਬਚੇ!’ ਉਸ ਦਿਨ ਬਆਲ ਦੇ 450 ਨਬੀ ਮਾਰੇ ਗਏ।

ਸਮੁੰਦਰ ʼਤੇ ਛੋਟੇ ਜਿਹੇ ਬੱਦਲ ਨੂੰ ਦੇਖ ਕੇ ਏਲੀਯਾਹ ਨੇ ਅਹਾਬ ਨੂੰ ਕਿਹਾ: ‘ਤੂਫ਼ਾਨ ਆਵੇਗਾ। ਆਪਣਾ ਰਥ ਜੋੜ ਅਤੇ ਘਰ ਜਾ।’ ਆਕਾਸ਼ ਵਿਚ ਕਾਲੇ ਬੱਦਲ ਛਾ ਗਏ, ਹਵਾ ਵਗਣ ਲੱਗੀ ਅਤੇ ਜ਼ੋਰ-ਜ਼ੋਰ ਦੀ ਮੀਂਹ ਪੈਣ ਲੱਗ ਪਿਆ। ਅਖ਼ੀਰ ਸੋਕਾ ਖ਼ਤਮ ਹੋ ਗਿਆ। ਅਹਾਬ ਨੇ ਬਹੁਤ ਤੇਜ਼ ਰਥ ਚਲਾਇਆ। ਯਹੋਵਾਹ ਦੀ ਮਦਦ ਨਾਲ ਏਲੀਯਾਹ ਰਥ ਨਾਲੋਂ ਵੀ ਤੇਜ਼ ਭੱਜਿਆ! ਪਰ ਕੀ ਏਲੀਯਾਹ ਦੀਆਂ ਮੁਸ਼ਕਲਾਂ ਖ਼ਤਮ ਹੋ ਗਈਆਂ ਸਨ? ਆਓ ਦੇਖਦੇ ਹਾਂ।

“ਭਈ ਓਹ ਜਾਣਨ ਕਿ ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”​—ਜ਼ਬੂਰਾਂ ਦੀ ਪੋਥੀ 83:18