Skip to content

Skip to table of contents

ਪਾਠ 10

ਉਸ ਨੇ ਸੱਚੀ ਭਗਤੀ ਦਾ ਪੱਖ ਲਿਆ

ਉਸ ਨੇ ਸੱਚੀ ਭਗਤੀ ਦਾ ਪੱਖ ਲਿਆ

1, 2. (ੳ) ਕਿਨ੍ਹਾਂ ਗੱਲਾਂ ਕਰਕੇ ਲੋਕਾਂ ਦਾ ਬੁਰਾ ਹਾਲ ਹੈ? (ਅ) ਕਰਮਲ ਪਰਬਤ ਉੱਤੇ ਏਲੀਯਾਹ ਦਾ ਕਿਨ੍ਹਾਂ ਨਾਲ ਟਾਕਰਾ ਹੁੰਦਾ ਹੈ?

ਏਲੀਯਾਹ ਲੋਕਾਂ ਦੀ ਵੱਡੀ ਭੀੜ ਨੂੰ ਕਰਮਲ ਪਰਬਤ ਉੱਤੇ ਚੜ੍ਹਦਿਆਂ ਦੇਖ ਰਿਹਾ ਹੈ। ਤੜਕੇ ਦੀ ਹਲਕੀ-ਹਲਕੀ ਰੌਸ਼ਨੀ ਵਿਚ ਵੀ ਸਾਫ਼ ਨਜ਼ਰ ਆ ਰਿਹਾ ਹੈ ਕਿ ਗ਼ਰੀਬੀ ਅਤੇ ਭੁੱਖਮਰੀ ਕਰਕੇ ਲੋਕਾਂ ਦਾ ਬੁਰਾ ਹਾਲ ਹੈ। ਲੋਕ ਸਾਢੇ ਤਿੰਨ ਸਾਲਾਂ ਤੋਂ ਸੋਕੇ ਦੀ ਮਾਰ ਸਹਿ ਰਹੇ ਹਨ।

2 ਭੀੜ ਵਿਚ ਬਆਲ ਦੇਵਤੇ ਦੇ 450 ਨਬੀ ਵੀ ਬੜੇ ਰੋਅਬ ਨਾਲ ਤੁਰੇ ਆ ਰਹੇ ਹਨ। ਯਹੋਵਾਹ ਦਾ ਨਬੀ ਏਲੀਯਾਹ ਉਨ੍ਹਾਂ ਦੀਆਂ ਅੱਖਾਂ ਵਿਚ ਰੜਕਦਾ ਹੈ। ਰਾਣੀ ਈਜ਼ਬਲ ਯਹੋਵਾਹ ਦੇ ਕਈ ਭਗਤਾਂ ਨੂੰ ਮੌਤ ਦੇ ਘਾਟ ਉਤਾਰ ਚੁੱਕੀ ਹੈ, ਪਰ ਇਹ ਨਬੀ ਅਜੇ ਵੀ ਬਆਲ ਦੇ ਸਾਮ੍ਹਣੇ ਗੋਡੇ ਟੇਕਣ ਲਈ ਤਿਆਰ ਨਹੀਂ ਹੈ। ਪਰ ਏਲੀਯਾਹ ਆਖ਼ਰ ਕਦੋਂ ਤਕ ਆਪਣੀ ਖ਼ੈਰ ਮਨਾਵੇਗਾ? ਸ਼ਾਇਦ ਉਹ ਪੁਜਾਰੀ ਸੋਚ ਰਹੇ ਹਨ ਕਿ ਇਕੱਲਾ ਏਲੀਯਾਹ ਉਨ੍ਹਾਂ ਦਾ ਕੁਝ ਵੀ ਵਿਗਾੜ ਨਹੀਂ ਸਕਦਾ। (1 ਰਾਜ. 18:4, 19, 20) ਰਾਜਾ ਅਹਾਬ ਵੀ ਆਪਣੇ ਸ਼ਾਹੀ ਰਥ ਉੱਤੇ ਸਵਾਰ ਹੋ ਕੇ ਉੱਥੇ ਆਇਆ ਹੋਇਆ ਹੈ। ਉਹ ਵੀ ਏਲੀਯਾਹ ਨਾਲ ਸਖ਼ਤ ਨਫ਼ਰਤ ਕਰਦਾ ਹੈ।

3, 4. (ੳ) ਏਲੀਯਾਹ ਆਪਣੀ ਜ਼ਿੰਦਗੀ ਦੇ ਸਭ ਤੋਂ ਅਹਿਮ ਦਿਨ ਤੇ ਸ਼ਾਇਦ ਕਿਉਂ ਡਰ ਗਿਆ ਹੋਣਾ? (ਅ) ਅਸੀਂ ਕਿਹੜੇ ਸਵਾਲਾਂ ’ਤੇ ਗੌਰ ਕਰਾਂਗੇ?

3 ਅੱਜ ਦਾ ਦਿਨ ਏਲੀਯਾਹ ਨਬੀ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਦਿਨ ਹੈ। ਉਹ ਜਾਣਦਾ ਹੈ ਕਿ ਜਲਦ ਹੀ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਕੌਣ ਜ਼ਿਆਦਾ ਤਾਕਤਵਰ ਹੈ—ਯਹੋਵਾਹ ਜਾਂ ਦੁਸ਼ਟ ਲੋਕ। ਜਿੱਦਾਂ-ਜਿੱਦਾਂ ਦਿਨ ਚੜ੍ਹ ਰਿਹਾ ਹੈ, ਡਰ ਦੇ ਮਾਰੇ ਏਲੀਯਾਹ ਦਾ ਦਿਲ ਧੱਕ-ਧੱਕ ਕਰ ਰਿਹਾ ਹੈ। ਆਖ਼ਰ ਉਹ ਵੀ “ਸਾਡੇ ਵਰਗੀਆਂ ਭਾਵਨਾਵਾਂ ਵਾਲਾ ਇਨਸਾਨ” ਹੈ! (ਯਾਕੂਬ 5:17 ਪੜ੍ਹੋ।) ਉਹ ਬਿਲਕੁਲ ਇਕੱਲਾ ਹੈ ਅਤੇ ਉਸ ਦਾ ਸਾਥ ਦੇਣ ਵਾਲਾ ਕੋਈ ਨਹੀਂ ਹੈ। ਉਸ ਨੂੰ ਅਵਿਸ਼ਵਾਸੀ ਲੋਕਾਂ, ਧਰਮ-ਤਿਆਗੀ ਰਾਜਾ ਅਹਾਬ ਅਤੇ ਬਆਲ ਦੇ ਹਿੰਸਕ ਪੁਜਾਰੀਆਂ ਨੇ ਘੇਰਿਆ ਹੋਇਆ ਹੈ।​—1 ਰਾਜ. 18:22.

4 ਪਰ ਇਜ਼ਰਾਈਲ ਵਿਚ ਅਜਿਹੇ ਮਾੜੇ ਹਾਲਾਤ ਕਿਵੇਂ ਪੈਦਾ ਹੋਏ ਅਤੇ ਤੁਹਾਨੂੰ ਇਸ ਘਟਨਾ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ? ਸੋ ਆਓ ਆਪਾਂ ਏਲੀਯਾਹ ਦੀ ਨਿਹਚਾ ਦੀ ਮਿਸਾਲ ਉੱਤੇ ਗੌਰ ਕਰ ਕੇ ਦੇਖੀਏ ਕਿ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ।

ਲੰਬੇ ਅਰਸੇ ਤੋਂ ਚੱਲ ਰਹੀ ਜੱਦੋ-ਜਹਿਦ ਦਾ ਅੰਤ

5, 6. (ੳ) ਇਜ਼ਰਾਈਲ ਵਿਚ ਕਿਹੜੀ ਜੱਦੋ-ਜਹਿਦ ਚੱਲ ਰਹੀ ਸੀ? (ਅ) ਰਾਜਾ ਅਹਾਬ ਨੇ ਯਹੋਵਾਹ ਦਾ ਦਿਲ ਕਿਵੇਂ ਦੁਖਾਇਆ?

5 ਬੇਬੱਸ ਏਲੀਯਾਹ ਨੇ ਆਪਣੀ ਪੂਰੀ ਜ਼ਿੰਦਗੀ ਦੇਖਿਆ ਸੀ ਕਿ ਇਜ਼ਰਾਈਲ ਦੇ ਲੋਕ ਯਹੋਵਾਹ ਦੀ ਭਗਤੀ ਕਰਨੀ ਛੱਡ ਰਹੇ ਸਨ ਤੇ ਸੱਚੇ ਭਗਤਾਂ ਉੱਤੇ ਜ਼ੁਲਮ ਢਾਹੇ ਜਾ ਰਹੇ ਸਨ। ਇਜ਼ਰਾਈਲ ਵਿਚ ਲੰਬੇ ਸਮੇਂ ਤੋਂ ਸੱਚੀ ਅਤੇ ਝੂਠੀ ਭਗਤੀ ਵਿਚ ਜੱਦੋ-ਜਹਿਦ ਚੱਲ ਰਹੀ ਸੀ। ਇਕ ਪਾਸੇ ਯਹੋਵਾਹ ਪਰਮੇਸ਼ੁਰ ਸੀ ਅਤੇ ਦੂਜੇ ਪਾਸੇ ਆਲੇ-ਦੁਆਲੇ ਦੀਆਂ ਕੌਮਾਂ ਦੇ ਦੇਵੀ-ਦੇਵਤੇ। ਏਲੀਯਾਹ ਦੇ ਦਿਨਾਂ ਵਿਚ ਸਾਰੇ ਪਾਸੇ ਮੂਰਤੀ-ਪੂਜਾ ਫੈਲੀ ਹੋਈ ਸੀ। ਇਸ ਦਾ ਕੀ ਕਾਰਨ ਸੀ?

6 ਰਾਜਾ ਅਹਾਬ ਨੇ ਯਹੋਵਾਹ ਦਾ ਦਿਲ ਬੜਾ ਦੁਖੀ ਕੀਤਾ ਸੀ। ਉਸ ਨੇ ਸੀਦੋਨ ਦੇ ਰਾਜੇ ਦੀ ਧੀ ਈਜ਼ਬਲ ਨੂੰ ਵਿਆਹ ਲਿਆਂਦਾ। ਈਜ਼ਬਲ ਨੇ ਠਾਣਿਆ ਹੋਇਆ ਸੀ ਕਿ ਉਹ ਪੂਰੇ ਦੇਸ਼ ਵਿੱਚੋਂ ਯਹੋਵਾਹ ਦੀ ਭਗਤੀ ਦਾ ਨਾਮੋ-ਨਿਸ਼ਾਨ ਮਿਟਾ ਕੇ ਸਾਰੇ ਲੋਕਾਂ ਨੂੰ ਬਆਲ ਦੇ ਭਗਤ ਬਣਾਵੇਗੀ। ਅਹਾਬ ਜਲਦੀ ਹੀ ਆਪਣੀ ਪਤਨੀ ਦਾ ਗ਼ੁਲਾਮ ਬਣ ਗਿਆ। ਉਸ ਨੇ ਬਆਲ ਲਈ ਇਕ ਮੰਦਰ ਅਤੇ ਵੇਦੀ ਵੀ ਬਣਵਾਈ। ਉਹ ਬਆਲ ਦੀ ਭਗਤੀ ਕਰਨ ਲੱਗ ਪਿਆ ਤੇ ਉਸ ਨੇ ਲੋਕਾਂ ਨੂੰ ਵੀ ਆਪਣੇ ਮਗਰ ਲਾ ਲਿਆ।​—1 ਰਾਜ. 16:30-33.

7. (ੳ) ਬਆਲ ਦੀ ਪੂਜਾ ਇੰਨੀ ਘਿਣਾਉਣੀ ਕਿਉਂ ਸੀ? (ਅ) ਅਸੀਂ ਕਿਉਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਏਲੀਯਾਹ ਦੇ ਦਿਨਾਂ ਵਿਚ ਪਏ ਸੋਕੇ ਦੇ ਸਮੇਂ ਬਾਰੇ ਬਾਈਬਲ ਸਹੀ ਜਾਣਕਾਰੀ ਦਿੰਦੀ ਹੈ? (ਡੱਬੀ ਦੇਖੋ।)

7 ਬਆਲ ਦੀ ਪੂਜਾ ਇੰਨੀ ਘਿਣਾਉਣੀ ਕਿਉਂ ਸੀ? ਕਿਉਂਕਿ ਇਸ ਕਰਕੇ ਇਜ਼ਰਾਈਲੀ ਸੱਚੇ ਪਰਮੇਸ਼ੁਰ ਤੋਂ ਦੂਰ ਹੋ ਗਏ ਸਨ। ਬਆਲ ਦੀ ਪੂਜਾ ਵਿਚ ਕਈ ਭੈੜੇ ਅਤੇ ਜ਼ਾਲਮਾਨਾ ਕੰਮ ਵੀ ਹੁੰਦੇ ਸਨ। ਬਆਲ ਦੇ ਮੰਦਰ ਵਿਚ ਮਰਦ ਅਤੇ ਤੀਵੀਆਂ ਵੇਸਵਾਪੁਣਾ ਕਰਦੇ ਸਨ, ਖੁੱਲ੍ਹੇ-ਆਮ ਰੰਗਰਲੀਆਂ ਮਨਾਈਆਂ ਜਾਂਦੀਆਂ ਸਨ, ਇੱਥੋਂ ਤਕ ਕਿ ਬੱਚਿਆਂ ਦੀਆਂ ਬਲ਼ੀਆਂ ਵੀ ਚੜ੍ਹਾਈਆਂ ਜਾਂਦੀਆਂ ਸਨ! ਇਨ੍ਹਾਂ ਘਿਣਾਉਣੇ ਕੰਮਾਂ ਕਰਕੇ ਹੀ ਯਹੋਵਾਹ ਨੇ ਏਲੀਯਾਹ ਨਬੀ ਰਾਹੀਂ ਰਾਜਾ ਅਹਾਬ ਕੋਲ ਸੁਨੇਹਾ ਘੱਲਿਆ ਸੀ ਕਿ ਸਾਰੇ ਦੇਸ਼ ਵਿਚ ਉਦੋਂ ਤਕ ਸੋਕਾ ਪਿਆ ਰਹੇਗਾ ਜਦ ਤਕ ਕਿ ਏਲੀਯਾਹ ਯਹੋਵਾਹ ਨੂੰ ਮੀਂਹ ਪਾਉਣ ਲਈ ਅਰਜ਼ ਨਾ ਕਰੇ। (1 ਰਾਜ. 17:1) ਅਹਾਬ ਨੂੰ ਇਹ ਸੁਨੇਹਾ ਦੇਣ ਤੋਂ ਬਾਅਦ ਏਲੀਯਾਹ ਨੇ ਕੁਝ ਸਾਲਾਂ ਤਕ ਉਸ ਦਾ ਮੂੰਹ ਨਹੀਂ ਦੇਖਿਆ। ਫਿਰ ਇਕ ਦਿਨ ਉਹ ਅਹਾਬ ਨੂੰ ਮਿਲਿਆ ਅਤੇ ਉਸ ਨੂੰ ਕਰਮਲ ਪਰਬਤ ਉੱਤੇ ਸਾਰੀ ਪਰਜਾ ਨੂੰ ਬਆਲ ਦੇ ਨਬੀਆਂ ਸਮੇਤ ਇਕੱਠਾ ਕਰਨ ਲਈ ਕਿਹਾ। *

ਲੋਕ ਅੱਜ ਵੀ ਉਹ ਕੰਮ ਕਰਦੇ ਹਨ ਜੋ ਉਸ ਸਮੇਂ ਬਆਲ ਦੇ ਭਗਤ ਕਰਦੇ ਸਨ

8. ਬਆਲ ਦੀ ਭਗਤੀ ਦੀ ਕਹਾਣੀ ਅੱਜ ਸਾਡੇ ਲਈ ਕੀ ਮਾਅਨੇ ਰੱਖਦੀ ਹੈ?

8 ਪਰ ਇਹ ਜੱਦੋ-ਜਹਿਦ ਅੱਜ ਸਾਡੇ ਲਈ ਕੀ ਮਾਅਨੇ ਰੱਖਦੀ ਹੈ? ਕੁਝ ਲੋਕ ਸ਼ਾਇਦ ਸੋਚਣ ਕਿ ਬਆਲ ਦੀ ਭਗਤੀ ਦੀ ਕਹਾਣੀ ਅੱਜ ਸਾਡੇ ਲਈ ਕੋਈ ਮਾਅਨੇ ਨਹੀਂ ਰੱਖਦੀ ਕਿਉਂਕਿ ਅਸੀਂ ਆਪਣੇ ਆਲੇ-ਦੁਆਲੇ ਬਆਲ ਦੇ ਮੰਦਰ ਅਤੇ ਵੇਦੀਆਂ ਨਹੀਂ ਦੇਖਦੇ? ਹਾਂ ਇਹ ਸੱਚ ਹੈ, ਪਰ ਇਹ ਕਹਾਣੀ ਸਿਰਫ਼ ਪੁਰਾਣਾ ਇਤਿਹਾਸ ਹੀ ਨਹੀਂ ਹੈ। (ਰੋਮੀ. 15:4) “ਬਆਲ” ਲਫ਼ਜ਼ ਦਾ ਮਤਲਬ ਹੈ “ਸੁਆਮੀ” ਜਾਂ “ਮਾਲਕ।” ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ ਸੀ ਕਿ ਉਹ ਉਸ ਨੂੰ ਆਪਣਾ “ਬਆਲ” ਯਾਨੀ ਮਾਲਕ ਮੰਨਣ। (ਯਸਾ. 54:5) ਕੀ ਤੁਸੀਂ ਸਹਿਮਤ ਨਹੀਂ ਹੋ ਕਿ ਅੱਜ ਲੋਕ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਛੱਡ ਕੇ ਹੋਰ ਕਈ ਮਾਲਕਾਂ ਦੀ ਗ਼ੁਲਾਮੀ ਕਰਦੇ ਹਨ? ਅੱਜ ਲੋਕ ਯਹੋਵਾਹ ਦੀ ਭਗਤੀ ਕਰਨ ਦੀ ਬਜਾਇ ਪੈਸੇ, ਨੌਕਰੀ-ਪੇਸ਼ੇ, ਮਨੋਰੰਜਨ ਅਤੇ ਸੈਕਸ ਦੇ ਗ਼ੁਲਾਮ ਹਨ ਤੇ ਅਣਗਿਣਤ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ। (ਮੱਤੀ 6:24; ਰੋਮੀਆਂ 6:16 ਪੜ੍ਹੋ।) ਸੋ ਕਹਿਣ ਦਾ ਮਤਲਬ ਹੈ ਕਿ ਲੋਕ ਅੱਜ ਵੀ ਉਹ ਕੰਮ ਕਰਦੇ ਹਨ ਜੋ ਉਸ ਸਮੇਂ ਬਆਲ ਦੇ ਭਗਤ ਕਰਦੇ ਸਨ। ਏਲੀਯਾਹ ਦੇ ਜ਼ਮਾਨੇ ਵਿਚ ਯਹੋਵਾਹ ਅਤੇ ਬਆਲ ਵਿਚਕਾਰ ਹੋਏ ਮੁਕਾਬਲੇ ਬਾਰੇ ਸਿੱਖ ਕੇ ਸਾਨੂੰ ਸਹੀ ਫ਼ੈਸਲਾ ਕਰਨ ਵਿਚ ਮਦਦ ਮਿਲੇਗੀ ਕਿ ਅਸੀਂ ਕਿਸ ਦੀ ਭਗਤੀ ਕਰਾਂਗੇ।

ਉਹ ਕਿਵੇਂ “ਦੋ ਖਿਆਲਾਂ ਉੱਤੇ ਲੰਗੜਾ” ਰਹੇ ਸਨ?

9. (ੳ) ਬਆਲ ਦਾ ਪਰਦਾਫ਼ਾਸ਼ ਕਰਨ ਲਈ ਕਰਮਲ ਪਰਬਤ ਢੁਕਵੀਂ ਥਾਂ ਕਿਵੇਂ ਸੀ? (ਫੁਟਨੋਟ ਵੀ ਦੇਖੋ।) (ਅ) ਏਲੀਯਾਹ ਨੇ ਲੋਕਾਂ ਨੂੰ ਕੀ ਕਿਹਾ?

9 ਕਰਮਲ ਪਰਬਤ ਤੋਂ ਦੂਰ-ਦੂਰ ਤਕ ਸੋਹਣਾ ਨਜ਼ਾਰਾ ਦੇਖਿਆ ਜਾ ਸਕਦਾ ਸੀ। ਹੇਠਾਂ ਕੀਸ਼ੋਨ ਦੀ ਵਾਦੀ ਸੀ ਤੇ ਨੇੜੇ ਹੀ ਮਹਾਂ ਸਾਗਰ (ਭੂਮੱਧ ਸਾਗਰ) ਸੀ। ਦੂਰ ਉੱਤਰ ਵਿਚ ਲੇਬਨਾਨ ਦੇ ਪਹਾੜ ਨਜ਼ਰ ਆਉਂਦੇ ਸਨ। * ਪਰ ਉਸ ਦਿਨ ਨਜ਼ਾਰਾ ਬਿਲਕੁਲ ਹੀ ਵੱਖਰਾ ਸੀ। ਸਾਰੇ ਪਾਸੇ ਮੌਤ ਦਾ ਸਾਇਆ ਨਜ਼ਰ ਆ ਰਿਹਾ ਸੀ। ਯਹੋਵਾਹ ਨੇ ਆਪਣੇ ਭਗਤ ਅਬਰਾਹਾਮ ਦੀ ਸੰਤਾਨ ਨੂੰ ਇਹ ਉਪਜਾਊ ਜ਼ਮੀਨ ਦਿੱਤੀ ਸੀ, ਪਰ ਲੋਕਾਂ ਦੀ ਮੂਰਖਤਾ ਕਰਕੇ ਇਹ ਜ਼ਮੀਨ ਸੋਕੇ ਦੀ ਮਾਰ ਝੱਲ ਰਹੀ ਸੀ। ਜਦੋਂ ਲੋਕ ਇਕੱਠੇ ਹੋ ਗਏ, ਤਾਂ ਏਲੀਯਾਹ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਕਦ ਤੀਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਹੋਵਾਹ ਪਰਮੇਸ਼ੁਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ।”​—1 ਰਾਜ. 18:21.

10. ਏਲੀਯਾਹ ਦੇ ਲੋਕ ਕਿਵੇਂ ‘ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲ ਰਹੇ ਸਨ’ ਅਤੇ ਉਹ ਕਿਹੜੀ ਜ਼ਰੂਰੀ ਗੱਲ ਭੁੱਲ ਗਏ ਸਨ?

10 ਏਲੀਯਾਹ ਦੇ ਕਹਿਣ ਦਾ ਕੀ ਮਤਲਬ ਸੀ ਕਿ ਲੋਕ ‘ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲ ਰਹੇ ਸਨ’? ਇਜ਼ਰਾਈਲੀਆਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਨ੍ਹਾਂ ਨੂੰ ਯਹੋਵਾਹ ਜਾਂ ਬਆਲ ਵਿੱਚੋਂ ਕਿਸੇ ਇਕ ਨੂੰ ਚੁਣਨਾ ਪੈਣਾ ਸੀ। ਉਹ ਸੋਚਦੇ ਸਨ ਕਿ ਉਹ ਦੋਵਾਂ ਦੀ ਭਗਤੀ ਕਰ ਸਕਦੇ ਸਨ। ਉਹ ਘਿਣਾਉਣੀਆਂ ਰੀਤਾਂ-ਰਸਮਾਂ ਪੂਰੀਆਂ ਕਰ ਕੇ ਬਆਲ ਨੂੰ ਖ਼ੁਸ਼ ਕਰਨ ਦੇ ਨਾਲ-ਨਾਲ ਯਹੋਵਾਹ ਪਰਮੇਸ਼ੁਰ ਤੋਂ ਵੀ ਬਰਕਤਾਂ ਮੰਗ ਸਕਦੇ ਸਨ। ਉਨ੍ਹਾਂ ਨੇ ਸ਼ਾਇਦ ਸੋਚਿਆ ਹੋਣਾ ਕਿ ਬਆਲ ਉਨ੍ਹਾਂ ਦੀਆਂ ਫ਼ਸਲਾਂ ਅਤੇ ਪਸ਼ੂਆਂ ’ਤੇ ਬਰਕਤ ਪਾਵੇਗਾ ਅਤੇ ‘ਸੈਨਾਂ ਦਾ ਯਹੋਵਾਹ’ ਉਨ੍ਹਾਂ ਨੂੰ ਲੜਾਈਆਂ ਵਿਚ ਜਿਤਾਵੇਗਾ। (1 ਸਮੂ. 17:45) ਪਰ ਉਹ ਇਕ ਜ਼ਰੂਰੀ ਗੱਲ ਭੁੱਲ ਗਏ ਸਨ ਜੋ ਅੱਜ ਵੀ ਬਹੁਤ ਸਾਰੇ ਲੋਕ ਨਹੀਂ ਸਮਝਦੇ। ਕਿਹੜੀ? ਇਹੋ ਕਿ ਯਹੋਵਾਹ ਆਪਣੀ ਭਗਤੀ ਕਿਸੇ ਨਾਲ ਸਾਂਝੀ ਨਹੀਂ ਕਰਦਾ। ਉਹ ਚਾਹੁੰਦਾ ਹੈ ਕਿ ਅਸੀਂ ਸਿਰਫ਼ ਉਸ ਦੀ ਭਗਤੀ ਕਰੀਏ ਤੇ ਉਹੀ ਸਾਡੀ ਭਗਤੀ ਦਾ ਹੱਕਦਾਰ ਹੈ। ਜੇ ਅਸੀਂ ਯਹੋਵਾਹ ਪਰਮੇਸ਼ੁਰ ਦੇ ਨਾਲ-ਨਾਲ ਕਿਸੇ ਹੋਰ ਦੀ ਭਗਤੀ ਕਰਦੇ ਹਾਂ, ਤਾਂ ਸਾਡੀ ਭਗਤੀ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣੀ ਹੋਵੇਗੀ ਅਤੇ ਉਹ ਇਸ ਨੂੰ ਕਦੇ ਵੀ ਕਬੂਲ ਨਹੀਂ ਕਰੇਗਾ।​—⁠ਕੂਚ 20:5 ਪੜ੍ਹੋ।

11. ਏਲੀਯਾਹ ਦੀ ਸਲਾਹ ਆਪਣੀ ਜਾਂਚ ਕਰਨ ਵਿਚ ਕਿਵੇਂ ਤੁਹਾਡੀ ਮਦਦ ਕਰ ਸਕਦੀ ਹੈ?

11 ਇਜ਼ਰਾਈਲੀ ਉਸ ਇਨਸਾਨ ਵਾਂਗ “ਲੰਗੜਾ” ਰਹੇ ਸਨ ਜੋ ਇੱਕੋ ਸਮੇਂ ਤੇ ਦੋ ਵੱਖ-ਵੱਖ ਰਾਹਾਂ ’ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਅੱਜ ਵੀ ਬਹੁਤ ਸਾਰੇ ਲੋਕ ਇਹੋ ਗ਼ਲਤੀ ਕਰਦੇ ਹਨ। ਉਹ ਆਪਣੀ ਜ਼ਿੰਦਗੀ ਵਿਚ ਹੌਲੀ-ਹੌਲੀ ਹੋਰ “ਬਆਲਾਂ” ਨੂੰ ਥਾਂ ਦੇਣ ਲੱਗ ਪੈਂਦੇ ਹਨ ਜਿਸ ਕਰਕੇ ਉਹ ਸੱਚੇ ਪਰਮੇਸ਼ੁਰ ਦੀ ਭਗਤੀ ਕਰਨੀ ਛੱਡ ਦਿੰਦੇ ਹਨ! ਸੋ ਏਲੀਯਾਹ ਨੇ ਦੋ ਖ਼ਿਆਲਾਂ ’ਤੇ ਲੰਗੜਾਉਣ ਤੋਂ ਰੋਕਣ ਲਈ ਜੋ ਜ਼ਬਰਦਸਤ ਸਲਾਹ ਦਿੱਤੀ ਸੀ, ਉਸ ’ਤੇ ਚੱਲ ਕੇ ਅਸੀਂ ਦੁਬਾਰਾ ਆਪਣੀ ਜਾਂਚ ਕਰ ਸਕਦੇ ਹਾਂ ਕਿ ਅਸੀਂ ਜ਼ਿੰਦਗੀ ਵਿਚ ਕਿਹੜੀਆਂ ਗੱਲਾਂ ਨੂੰ ਪਹਿਲ ਦਿੰਦੇ ਹਾਂ ਤੇ ਕਿਵੇਂ ਭਗਤੀ ਕਰਦੇ ਹਾਂ।

ਇਮਤਿਹਾਨ ਦੀ ਘੜੀ

12, 13. (ੳ) ਏਲੀਯਾਹ ਨੇ ਕੀ ਸੁਝਾਅ ਦਿੱਤਾ ਸੀ? (ਅ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਏਲੀਯਾਹ ਵਾਂਗ ਪੱਕਾ ਭਰੋਸਾ ਰੱਖਦੇ ਹਾਂ?

12 ਏਲੀਯਾਹ ਨੇ ਕਿਹਾ ਕਿ ਯਹੋਵਾਹ ਅਤੇ ਬਆਲ ਦੀ ਪਰੀਖਿਆ ਲਈ ਜਾਵੇ। ਪਰੀਖਿਆ ਬਹੁਤ ਹੀ ਆਸਾਨ ਸੀ। ਬਆਲ ਦੇ ਪੁਜਾਰੀਆਂ ਨੇ ਆਪਣੇ ਦੇਵਤੇ ਲਈ ਵੇਦੀ ਬਣਾ ਕੇ ਉਸ ਉੱਤੇ ਬਲਦ ਦੀ ਬਲ਼ੀ ਚੜ੍ਹਾਉਣੀ ਸੀ। ਫਿਰ ਉਨ੍ਹਾਂ ਨੇ ਆਪਣੇ ਦੇਵਤੇ ਨੂੰ ਪ੍ਰਾਰਥਨਾ ਕਰਨੀ ਸੀ ਕਿ ਉਹ ਲੱਕੜਾਂ ਉੱਤੇ ਰੱਖੀ ਬਲ਼ੀ ਨੂੰ ਭਸਮ ਕਰੇ। ਬਾਅਦ ਵਿਚ ਏਲੀਯਾਹ ਨੇ ਵੀ ਇਸੇ ਤਰ੍ਹਾਂ ਕਰਨਾ ਸੀ। ਉਸ ਨੇ ਕਿਹਾ: “ਜਿਹੜਾ ਪਰਮੇਸ਼ੁਰ ਅੱਗ ਨਾਲ ਉੱਤਰ ਦੇਵੇ ਉਹੋ ਹੀ [ਸੱਚਾ] ਪਰਮੇਸ਼ੁਰ ਹੋਵੇ।” ਏਲੀਯਾਹ ਜਾਣਦਾ ਸੀ ਕਿ ਸੱਚਾ ਪਰਮੇਸ਼ੁਰ ਕੌਣ ਸੀ। ਯਹੋਵਾਹ ਉੱਤੇ ਉਸ ਦਾ ਵਿਸ਼ਵਾਸ ਇੰਨਾ ਅਟੱਲ ਸੀ ਕਿ ਉਸ ਨੇ ਬਿਨਾਂ ਡਰੇ ਪਹਿਲਾਂ ਬਆਲ ਦੇ ਨਬੀਆਂ ਨੂੰ ਮੌਕਾ ਦਿੱਤਾ ਕਿ ਉਹ ਬਆਲ ਨੂੰ ਸੱਚਾ ਪਰਮੇਸ਼ੁਰ ਸਾਬਤ ਕਰਨ। ਸੋ ਉਨ੍ਹਾਂ ਨੇ ਬਲ਼ੀ ਚੜ੍ਹਾਉਣ ਲਈ ਬਲਦ ਲਿਆ ਤੇ ਬਆਲ ਦੇਵਤੇ ਨੂੰ ਪ੍ਰਾਰਥਨਾ ਕੀਤੀ। *​—1 ਰਾਜ. 18:24, 25.

13 ਭਾਵੇਂ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਅੱਜ-ਕੱਲ੍ਹ ਕਰਾਮਾਤਾਂ ਨਹੀਂ ਹੁੰਦੀਆਂ, ਪਰ ਯਹੋਵਾਹ ਬਦਲਿਆ ਨਹੀਂ ਹੈ। ਏਲੀਯਾਹ ਵਾਂਗ ਅਸੀਂ ਵੀ ਉਸ ਉੱਤੇ ਪੱਕਾ ਭਰੋਸਾ ਰੱਖ ਸਕਦੇ ਹਾਂ। ਮਿਸਾਲ ਲਈ, ਜਦੋਂ ਲੋਕ ਬਾਈਬਲ ਦੀ ਕਿਸੇ ਸਿੱਖਿਆ ਨਾਲ ਸਹਿਮਤ ਨਹੀਂ ਹੁੰਦੇ, ਤਾਂ ਸਾਨੂੰ ਡਰਨ ਦੀ ਲੋੜ ਨਹੀਂ ਹੈ। ਅਸੀਂ ਪਹਿਲਾਂ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇਵਾਂਗੇ। ਏਲੀਯਾਹ ਦੀ ਤਰ੍ਹਾਂ ਅਸੀਂ ਵੀ ਭਰੋਸਾ ਰੱਖਾਂਗੇ ਕਿ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣ ਵਿਚ ਸੱਚਾ ਪਰਮੇਸ਼ੁਰ ਸਾਡੀ ਮਦਦ ਕਰੇਗਾ। ਅਸੀਂ ਆਪਣੀ ਬੁੱਧ ਅਨੁਸਾਰ ਨਹੀਂ, ਸਗੋਂ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਜਵਾਬ ਦੇਵਾਂਗੇ ਕਿਉਂਕਿ ਬਾਈਬਲ ਗ਼ਲਤ ਵਿਚਾਰਾਂ ਨੂੰ ‘ਸੁਧਾਰਦੀ’ ਹੈ।​—2 ਤਿਮੋ. 3:16.

ਏਲੀਯਾਹ ਨੂੰ ਪਤਾ ਸੀ ਕਿ ਬਆਲ ਅਸਲ ਵਿਚ ਹੈ ਹੀ ਨਹੀਂ ਅਤੇ ਉਹ ਚਾਹੁੰਦਾ ਸੀ ਕਿ ਯਹੋਵਾਹ ਦੇ ਲੋਕ ਇਸ ਗੱਲ ਨੂੰ ਸਾਫ਼-ਸਾਫ਼ ਸਮਝ ਲੈਣ

14. ਏਲੀਯਾਹ ਨੇ ਕਿਸ ਤਰੀਕੇ ਨਾਲ ਬਆਲ ਦੇ ਨਬੀਆਂ ਦਾ ਮਖੌਲ ਉਡਾਇਆ ਅਤੇ ਕਿਉਂ?

14 ਬਆਲ ਦੇ ਨਬੀਆਂ ਨੇ ਵੇਦੀ ਉੱਤੇ ਬਲ਼ੀ ਰੱਖ ਕੇ ਆਪਣੇ ਦੇਵਤੇ ਨੂੰ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਵਾਰ-ਵਾਰ ਦੁਹਾਈ ਦਿੱਤੀ: “ਹੇ ਬਆਲ, ਸਾਡੀ ਸੁਣ।” ਉਹ ਘੰਟਿਆਂ ਬੱਧੀ ਇਸ ਤਰ੍ਹਾਂ ਕਰਦੇ ਰਹੇ। ਪਰ ਬਾਈਬਲ ਦੱਸਦੀ ਹੈ ਕਿ “ਕੁਝ ਅਵਾਜ਼ ਨਾ ਆਈ ਨਾ ਕੋਈ ਉੱਤਰ ਦੇਣ ਵਾਲਾ ਸੀ।” ਜਦੋਂ ਸੂਰਜ ਸਿਰ ’ਤੇ ਚੜ੍ਹ ਆਇਆ, ਤਾਂ ਏਲੀਯਾਹ ਨੇ ਉਨ੍ਹਾਂ ਦਾ ਮਖੌਲ ਉਡਾਉਂਦਿਆਂ ਕਿਹਾ ਕਿ ਬਆਲ ਸ਼ਾਇਦ ਸੋਚਾਂ ਵਿਚ ਪਿਆ ਹੋਵੇ, ਜੰਗਲ-ਪਾਣੀ ਗਿਆ ਹੋਵੇ ਜਾਂ ਸੁੱਤਾ ਪਿਆ ਹੋਵੇ। ਸੋ ਉਸ ਨੇ ਉਨ੍ਹਾਂ ਪਖੰਡੀਆਂ ਨੂੰ ਕਿਹਾ ਕਿ ਉਹ ਆਪਣੇ ਦੇਵਤੇ ਨੂੰ ਹੋਰ ‘ਉੱਚੀ ਦੇ ਕੇ ਬੁਲਾਉਣ।’ ਉਸ ਨੂੰ ਪਤਾ ਸੀ ਕਿ ਬਆਲ ਅਸਲ ਵਿਚ ਹੈ ਹੀ ਨਹੀਂ ਅਤੇ ਉਹ ਚਾਹੁੰਦਾ ਸੀ ਕਿ ਯਹੋਵਾਹ ਦੇ ਲੋਕ ਇਸ ਗੱਲ ਨੂੰ ਸਾਫ਼-ਸਾਫ਼ ਸਮਝ ਲੈਣ।​—1 ਰਾਜ. 18:26, 27.

15. ਬਆਲ ਦੇ ਪੁਜਾਰੀਆਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਛੱਡ ਕਿਸੇ ਹੋਰ ਨੂੰ ਆਪਣਾ ਮਾਲਕ ਬਣਾਉਣਾ ਮੂਰਖਤਾ ਹੈ?

15 ਏਲੀਯਾਹ ਦਾ ਤਾਅਨਾ ਸੁਣ ਕੇ ਬਆਲ ਦੇ ਪੁਜਾਰੀਆਂ ਨੇ ਪਾਗਲਾਂ ਵਾਂਗ ਹੋਰ ਵੀ “ਉੱਚੀ ਦੇ ਕੇ ਪੁਕਾਰਿਆ ਅਤੇ ਆਪਣੇ ਆਪ ਨੂੰ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਛੁਰੀਆਂ ਨਾਲ ਅਜੇਹਾ ਵੱਢਿਆ ਕਿ ਓਹ ਲਹੂ ਲੁਹਾਨ ਹੋ ਗਏ।” ਪਰ ਕੋਈ ਫ਼ਾਇਦਾ ਨਹੀਂ ਹੋਇਆ! ਉਨ੍ਹਾਂ ਨੂੰ “ਨਾ ਕੋਈ ਆਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਗੌਹ ਕਰਨ ਵਾਲਾ ਸੀ।” (1 ਰਾਜਿਆਂ 18:28, 29) ਕਿਉਂ? ਕਿਉਂਕਿ ਬਆਲ ਨਾਂ ਦਾ ਦੇਵਤਾ ਅਸਲ ਵਿਚ ਹੈ ਹੀ ਨਹੀਂ ਸੀ। ਇਹ ਤਾਂ ਯਹੋਵਾਹ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਸ਼ੈਤਾਨ ਦੀ ਬੜੀ ਸੋਚੀ-ਸਮਝੀ ਚਾਲ ਸੀ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਜੇ ਅਸੀਂ ਯਹੋਵਾਹ ਨੂੰ ਛੱਡ ਕਿਸੇ ਹੋਰ ਨੂੰ ਆਪਣਾ ਮਾਲਕ ਬਣਾਵਾਂਗੇ, ਤਾਂ ਸਾਡੇ ਹੱਥ ਸਿਰਫ਼ ਨਿਰਾਸ਼ਾ ਤੇ ਸ਼ਰਮਿੰਦਗੀ ਹੀ ਲੱਗੇਗੀ।​—⁠ਜ਼ਬੂਰਾਂ ਦੀ ਪੋਥੀ 25:3; 115:4-8 ਪੜ੍ਹੋ।

ਪਰਮੇਸ਼ੁਰ ਦਾ ਜਵਾਬ

16. (ੳ) ਕਰਮਲ ਪਰਬਤ ਉੱਤੇ ਯਹੋਵਾਹ ਦੀ ਟੁੱਟੀ ਹੋਈ ਵੇਦੀ ਦੀ ਮੁਰੰਮਤ ਕਰ ਕੇ ਏਲੀਯਾਹ ਨੇ ਸ਼ਾਇਦ ਲੋਕਾਂ ਨੂੰ ਕੀ ਯਾਦ ਕਰਾਇਆ? (ਅ) ਏਲੀਯਾਹ ਨੇ ਹੋਰ ਕਿਵੇਂ ਯਹੋਵਾਹ ’ਤੇ ਆਪਣਾ ਭਰੋਸਾ ਦਿਖਾਇਆ?

16 ਦੁਪਹਿਰ ਢਲ਼ਣ ਵੇਲੇ ਹੁਣ ਏਲੀਯਾਹ ਦੀ ਵਾਰੀ ਸੀ ਕਿ ਉਹ ਬਲ਼ੀ ਚੜ੍ਹਾਵੇ। ਉਸ ਨੇ ਯਹੋਵਾਹ ਦੀ ਇਕ ਟੁੱਟੀ ਹੋਈ ਵੇਦੀ ਦੀ ਮੁਰੰਮਤ ਕੀਤੀ ਜੋ ਸ਼ਾਇਦ ਸ਼ੁੱਧ ਭਗਤੀ ਦੇ ਦੁਸ਼ਮਣਾਂ ਨੇ ਢਾਹ ਦਿੱਤੀ ਸੀ। ਵੇਦੀ ਬਣਾਉਣ ਲਈ ਉਸ ਨੇ 12 ਪੱਥਰ ਵਰਤੇ, ਸ਼ਾਇਦ ਇਜ਼ਰਾਈਲ ਕੌਮ ਦੇ 10 ਗੋਤਾਂ ਦੇ ਲੋਕਾਂ ਨੂੰ ਚੇਤੇ ਕਰਾਉਣ ਲਈ ਕਿ 12 ਗੋਤਾਂ ਨੂੰ ਦਿੱਤਾ ਮੂਸਾ ਦਾ ਕਾਨੂੰਨ ਅਜੇ ਵੀ ਉਨ੍ਹਾਂ ਉੱਤੇ ਲਾਗੂ ਹੁੰਦਾ ਸੀ। ਫਿਰ ਏਲੀਯਾਹ ਨੇ ਬਲਦ ਦੀ ਬਲ਼ੀ ਦੇ ਕੇ ਇਸ ਨੂੰ ਵੇਦੀ ਉੱਤੇ ਰੱਖਿਆ ਅਤੇ ਲੋਕਾਂ ਨੂੰ ਬਲ਼ੀ ਅਤੇ ਲੱਕੜਾਂ ਉੱਤੇ ਚੰਗੀ ਤਰ੍ਹਾਂ ਪਾਣੀ ਪਾਉਣ ਲਈ ਕਿਹਾ। ਪਾਣੀ ਸ਼ਾਇਦ ਨੇੜਲੇ ਭੂਮੱਧ ਸਾਗਰ ਤੋਂ ਲਿਆਂਦਾ ਗਿਆ ਸੀ। ਏਲੀਯਾਹ ਨੇ ਵੇਦੀ ਦੇ ਚਾਰ-ਚੁਫੇਰੇ ਵੱਡੀ ਖਾਈ ਪੁੱਟੀ ਅਤੇ ਇਸ ਨੂੰ ਵੀ ਪਾਣੀ ਨਾਲ ਭਰ ਦਿੱਤਾ। ਉਸ ਨੇ ਇਹ ਸਭ ਕਿਉਂ ਕੀਤਾ? ਬਆਲ ਦੇ ਨਬੀਆਂ ਨੂੰ ਆਪਣਾ ਦਾਅਵਾ ਸੱਚ ਸਾਬਤ ਕਰਨ ਦਾ ਪੂਰਾ ਮੌਕਾ ਦੇਣ ਤੋਂ ਬਾਅਦ ਉਸ ਨੇ ਯਹੋਵਾਹ ਨੂੰ ਮੌਕਾ ਦਿੱਤਾ ਕਿ ਉਹ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਆਪਣੇ ਆਪ ਨੂੰ ਸੱਚਾ ਪਰਮੇਸ਼ੁਰ ਸਾਬਤ ਕਰ ਕੇ ਦਿਖਾਵੇ। ਉਸ ਨੂੰ ਆਪਣੇ ਪਰਮੇਸ਼ੁਰ ਉੱਤੇ ਇੰਨਾ ਜ਼ਿਆਦਾ ਭਰੋਸਾ ਸੀ!​—1 ਰਾਜ. 18:30-35.

ਏਲੀਯਾਹ ਦੀ ਪ੍ਰਾਰਥਨਾ ਤੋਂ ਪਤਾ ਲੱਗਦਾ ਹੈ ਕਿ ਉਹ ਅਜੇ ਵੀ ਆਪਣੇ ਲੋਕਾਂ ਨੂੰ ਪਿਆਰ ਕਰਦਾ ਸੀ। ਉਹ ਚਾਹੁੰਦਾ ਸੀ ਕਿ ਯਹੋਵਾਹ ਉਨ੍ਹਾਂ ਦਾ ਮਨ ਆਪਣੇ ਵੱਲ ‘ਮੋੜ ਲਵੇ’

17. ਏਲੀਯਾਹ ਦੀ ਪ੍ਰਾਰਥਨਾ ਤੋਂ ਕਿਵੇਂ ਪਤਾ ਲੱਗਾ ਕਿ ਉਹ ਕਿਹੜੀਆਂ ਚੀਜ਼ਾਂ ਨੂੰ ਅਹਿਮੀਅਤ ਦਿੰਦਾ ਸੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

17 ਵੇਦੀ ਤਿਆਰ ਕਰਨ ਤੋਂ ਬਾਅਦ ਏਲੀਯਾਹ ਨੇ ਪ੍ਰਾਰਥਨਾ ਕੀਤੀ। ਹਾਲਾਂਕਿ ਉਸ ਨੇ ਬਹੁਤ ਸਾਦੇ ਸ਼ਬਦਾਂ ਵਿਚ ਪ੍ਰਾਰਥਨਾ ਕੀਤੀ, ਪਰ ਉਨ੍ਹਾਂ ਵਿਚ ਦਮ ਸੀ। ਉਸ ਦੀ ਪ੍ਰਾਰਥਨਾ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਲਈ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਅਹਿਮ ਸੀ। ਸਭ ਤੋਂ ਪਹਿਲਾਂ ਤਾਂ ਉਸ ਨੇ ਕਿਹਾ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਯਹੋਵਾਹ ਹੀ “ਇਜ਼ਰਾਈਲ ਵਿੱਚ ਪਰਮੇਸ਼ੁਰ” ਹੈ, ਨਾ ਕਿ ਬਆਲ। ਦੂਜਾ, ਉਸ ਨੇ ਕਿਹਾ ਕਿ ਉਹ ਜੋ ਵੀ ਕਰ ਰਿਹਾ ਸੀ, ਯਹੋਵਾਹ ਦੇ ਦਾਸ ਦੇ ਤੌਰ ਤੇ ਕਰ ਰਿਹਾ ਸੀ ਅਤੇ ਪਰੀਖਿਆ ਦੇ ਨਤੀਜੇ ਦਾ ਸਿਹਰਾ ਯਹੋਵਾਹ ਨੂੰ ਜਾਵੇਗਾ। ਪ੍ਰਾਰਥਨਾ ਦੇ ਅਖ਼ੀਰ ਵਿਚ ਕਹੇ ਉਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਅਜੇ ਵੀ ਆਪਣੇ ਲੋਕਾਂ ਨੂੰ ਪਿਆਰ ਕਰਦਾ ਸੀ। ਉਹ ਚਾਹੁੰਦਾ ਸੀ ਕਿ ਯਹੋਵਾਹ ਉਨ੍ਹਾਂ ਦਾ ਮਨ ਆਪਣੇ ਵੱਲ ‘ਮੋੜ ਲਵੇ।’ (1 ਰਾਜ. 18:36, 37) ਹਾਲਾਂਕਿ ਇਜ਼ਰਾਈਲੀਆਂ ਨੇ ਘੋਰ ਪਾਪ ਕਰ ਕੇ ਪੂਰੇ ਦੇਸ਼ ਉੱਤੇ ਬੇਅੰਤ ਦੁੱਖ ਲਿਆਂਦੇ ਸਨ, ਪਰ ਫਿਰ ਵੀ ਏਲੀਯਾਹ ਉਨ੍ਹਾਂ ਨੂੰ ਪਿਆਰ ਕਰਦਾ ਸੀ। ਏਲੀਯਾਹ ਦੀ ਪ੍ਰਾਰਥਨਾ ਤੋਂ ਅਸੀਂ ਤਿੰਨ ਗੱਲਾਂ ਸਿੱਖਦੇ ਹਾਂ। ਪਹਿਲੀ ਇਹ ਕਿ ਅਸੀਂ ਨਿਮਰ ਹੋ ਕੇ ਪ੍ਰਾਰਥਨਾ ਕਰੀਏ। ਦੂਜੀ, ਅਸੀਂ ਪਰਮੇਸ਼ੁਰ ਦੇ ਨਾਂ ਲਈ ਪ੍ਰਾਰਥਨਾ ਕਰੀਏ। ਤੀਜੀ, ਅਸੀਂ ਹਮਦਰਦੀ ਰੱਖਦੇ ਹੋਏ ਉਨ੍ਹਾਂ ਲਈ ਪ੍ਰਾਰਥਨਾ ਕਰੀਏ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ।

18, 19. (ੳ) ਯਹੋਵਾਹ ਨੇ ਏਲੀਯਾਹ ਦੀ ਪ੍ਰਾਰਥਨਾ ਦਾ ਜਵਾਬ ਕਿਵੇਂ ਦਿੱਤਾ? (ਅ) ਏਲੀਯਾਹ ਨੇ ਲੋਕਾਂ ਨੂੰ ਕੀ ਕਰਨ ਦਾ ਹੁਕਮ ਦਿੱਤਾ ਅਤੇ ਬਆਲ ਦੇ ਪੁਜਾਰੀ ਰਹਿਮ ਦੇ ਲਾਇਕ ਕਿਉਂ ਨਹੀਂ ਸਨ?

18 ਏਲੀਯਾਹ ਦੁਆਰਾ ਪ੍ਰਾਰਥਨਾ ਕਰਨ ਤੋਂ ਪਹਿਲਾਂ ਲੋਕ ਸ਼ਾਇਦ ਇਹ ਸੋਚ ਰਹੇ ਸਨ ਕਿ ਬਆਲ ਵਾਂਗ ਯਹੋਵਾਹ ਵੀ ਕੋਈ ਜੀਉਂਦਾ ਪਰਮੇਸ਼ੁਰ ਸਾਬਤ ਨਹੀਂ ਹੋਵੇਗਾ। ਪਰ ਏਲੀਯਾਹ ਦੇ ਪ੍ਰਾਰਥਨਾ ਕਰਨ ਤੋਂ ਬਾਅਦ ਝੱਟ ਉਨ੍ਹਾਂ ਦਾ ਸਾਰਾ ਸ਼ੱਕ ਦੂਰ ਹੋ ਗਿਆ। ਬਾਈਬਲ ਵਿਚ ਲਿਖਿਆ ਹੈ: “ਤਦ ਯਹੋਵਾਹ ਦੀ ਅੱਗ ਆਣ ਪਈ ਅਤੇ ਉਸ ਨੇ ਹੋਮ ਦੀ ਬਲੀ ਅਰ ਬਾਲਣ ਅਰ ਪੱਥਰਾਂ ਅਰ ਮਿੱਟੀ ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਖਾਈ ਵਿੱਚ ਸੀ ਉਹ ਨੂੰ ਚੱਟ ਲਿਆ।” (1 ਰਾਜ. 18:38) ਯਹੋਵਾਹ ਨੇ ਕਮਾਲ ਦਾ ਜਵਾਬ ਦਿੱਤਾ! ਇਹ ਸਭ ਦੇਖ ਕੇ ਲੋਕਾਂ ਉੱਤੇ ਕੀ ਅਸਰ ਪਿਆ?

“ਤਦ ਯਹੋਵਾਹ ਦੀ ਅੱਗ ਆਣ ਪਈ”

19 ਉਹ ਸਭ ਦੇ ਸਭ ਬੋਲ ਉੱਠੇ: “ਯਹੋਵਾਹ [ਸੱਚਾ] ਪਰਮੇਸ਼ੁਰ ਹੈ! ਯਹੋਵਾਹ [ਸੱਚਾ] ਪਰਮੇਸ਼ੁਰ ਹੈ!” (1 ਰਾਜ. 18:39) ਆਖ਼ਰਕਾਰ ਉਨ੍ਹਾਂ ਨੂੰ ਸੱਚਾਈ ਪਤਾ ਲੱਗ ਹੀ ਗਈ। ਪਰ ਉਨ੍ਹਾਂ ਨੇ ਅਜੇ ਤਕ ਆਪਣੀ ਨਿਹਚਾ ਦਾ ਕੋਈ ਸਬੂਤ ਨਹੀਂ ਦਿੱਤਾ ਸੀ। ਸਵਰਗੋਂ ਅੱਗ ਉਤਰਦੀ ਦੇਖ ਕੇ ਉਨ੍ਹਾਂ ਨੇ ਇਹ ਤਾਂ ਮੰਨ ਲਿਆ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ, ਪਰ ਇਸ ਗੱਲ ਨੂੰ ਸਿਰਫ਼ ਕਬੂਲ ਕਰਨਾ ਨਿਹਚਾ ਦਾ ਠੋਸ ਸਬੂਤ ਨਹੀਂ ਸੀ। ਸੋ ਏਲੀਯਾਹ ਨੇ ਉਨ੍ਹਾਂ ਨੂੰ ਉਹ ਕੰਮ ਕਰਨ ਲਈ ਕਿਹਾ ਜੋ ਉਨ੍ਹਾਂ ਨੂੰ ਕਈ ਸਾਲ ਪਹਿਲਾਂ ਕਰਨਾ ਚਾਹੀਦਾ ਸੀ। ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਹੁਕਮ ਦੀ ਪਾਲਣਾ ਕਰਨ ਲਈ ਕਿਹਾ। ਕਿਹੜਾ ਹੁਕਮ? ਇਹੋ ਕਿ ਝੂਠੇ ਨਬੀ ਅਤੇ ਮੂਰਤੀ-ਪੂਜਕ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ। (ਬਿਵ. 13:5-9) ਉੱਥੇ ਮੌਜੂਦ ਬਆਲ ਦੇ ਪੁਜਾਰੀ ਯਹੋਵਾਹ ਪਰਮੇਸ਼ੁਰ ਦੇ ਦੁਸ਼ਮਣ ਸਨ ਜੋ ਜਾਣ-ਬੁੱਝ ਕੇ ਉਸ ਦੇ ਖ਼ਿਲਾਫ਼ ਕੰਮ ਕਰ ਰਹੇ ਸਨ। ਕੀ ਉਹ ਰਹਿਮ ਦੇ ਲਾਇਕ ਸਨ? ਕੀ ਉਨ੍ਹਾਂ ਨੇ ਆਪ ਮਾਸੂਮ ਬੱਚਿਆਂ ’ਤੇ ਰਹਿਮ ਕੀਤਾ ਸੀ ਜਿਨ੍ਹਾਂ ਨੂੰ ਉਹ ਬਆਲ ਅੱਗੇ ਹੋਮ ਬਲ਼ੀ ਚੜ੍ਹਾਉਣ ਲਈ ਜੀਉਂਦੇ-ਜੀ ਅੱਗ ਵਿਚ ਸੁੱਟਦੇ ਸਨ? (ਕਹਾਉਤਾਂ 21:13 ਪੜ੍ਹੋ; ਯਿਰ. 19:5) ਨਹੀਂ, ਉਹ ਹਰਗਿਜ਼ ਰਹਿਮ ਦੇ ਲਾਇਕ ਨਹੀਂ ਸਨ! ਸੋ ਏਲੀਯਾਹ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਅਤੇ ਲੋਕਾਂ ਨੇ ਇਹੋ ਹੀ ਕੀਤਾ।​—1 ਰਾਜ. 18:40.

20. ਏਲੀਯਾਹ ਦੁਆਰਾ ਬਆਲ ਦੇ ਪੁਜਾਰੀਆਂ ਨੂੰ ਦਿੱਤੀ ਸਜ਼ਾ ਬਾਰੇ ਕੁਝ ਆਲੋਚਕਾਂ ਦੀਆਂ ਕਹੀਆਂ ਗੱਲਾਂ ਬੇਬੁਨਿਆਦ ਕਿਉਂ ਹਨ?

20 ਕੁਝ ਆਲੋਚਕ ਸ਼ਾਇਦ ਕਹਿਣ ਕਿ ਇਹ ਸਜ਼ਾ ਸਰਾਸਰ ਗ਼ਲਤ ਸੀ। ਕਈਆਂ ਨੂੰ ਡਰ ਹੈ ਕਿ ਇਸ ਬਿਰਤਾਂਤ ਨੂੰ ਪੜ੍ਹ ਕੇ ਧਾਰਮਿਕ ਕੱਟੜਪੰਥੀਆਂ ਨੂੰ ਦੂਸਰੇ ਧਰਮਾਂ ਦੇ ਲੋਕਾਂ ਉੱਤੇ ਜ਼ੁਲਮ ਢਾਹੁਣ ਦਾ ਬਹਾਨਾ ਮਿਲ ਜਾਵੇਗਾ। ਕੁਝ ਹੱਦ ਤਕ ਉਨ੍ਹਾਂ ਦਾ ਡਰ ਜਾਇਜ਼ ਹੈ ਕਿਉਂਕਿ ਅੱਜ-ਕੱਲ੍ਹ ਅਕਸਰ ਧਰਮ ਨੂੰ ਲੈ ਕੇ ਹਿੰਸਕ ਵਾਰਦਾਤਾਂ ਹੁੰਦੀਆਂ ਹਨ। ਪਰ ਏਲੀਯਾਹ ਕੱਟੜਪੰਥੀ ਨਹੀਂ ਸੀ। ਉਸ ਨੇ ਜੋ ਕੁਝ ਕੀਤਾ ਉਹ ਸੱਚੇ ਪਰਮੇਸ਼ੁਰ ਯਹੋਵਾਹ ਦੀ ਇੱਛਾ ਮੁਤਾਬਕ ਸੀ। ਇਸ ਤੋਂ ਇਲਾਵਾ, ਅੱਜ ਮਸੀਹ ਦੇ ਸੱਚੇ ਚੇਲੇ ਜਾਣਦੇ ਹਨ ਕਿ ਉਨ੍ਹਾਂ ਨੂੰ ਏਲੀਯਾਹ ਵਾਂਗ ਦੁਸ਼ਟ ਲੋਕਾਂ ਨੂੰ ਜਾਨੋਂ ਮਾਰਨ ਦੀ ਇਜਾਜ਼ਤ ਨਹੀਂ ਹੈ। ਯਿਸੂ ਨੇ ਪਤਰਸ ਨੂੰ ਇਕ ਅਸੂਲ ਦੱਸਿਆ ਸੀ ਜੋ ਉਸ ਦੇ ਸਾਰੇ ਚੇਲਿਆਂ ’ਤੇ ਲਾਗੂ ਹੁੰਦਾ ਹੈ: “ਆਪਣੀ ਤਲਵਾਰ ਮਿਆਨ ਵਿਚ ਪਾ, ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਹੀ ਵੱਢੇ ਜਾਣਗੇ।” (ਮੱਤੀ 26:52) ਭਵਿੱਖ ਵਿਚ ਯਹੋਵਾਹ ਆਪਣੇ ਪੁੱਤਰ ਦੇ ਜ਼ਰੀਏ ਬੁਰੇ ਲੋਕਾਂ ਦਾ ਨਿਆਂ ਕਰੇਗਾ।

21. ਅੱਜ ਏਲੀਯਾਹ ਸੱਚੇ ਮਸੀਹੀਆਂ ਲਈ ਕਿਵੇਂ ਇਕ ਵਧੀਆ ਮਿਸਾਲ ਹੈ?

21 ਸੱਚੇ ਮਸੀਹੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਜ਼ਿੰਦਗੀ ਜੀਉਣ ਦੇ ਢੰਗ ਤੋਂ ਆਪਣੀ ਨਿਹਚਾ ਦਾ ਸਬੂਤ ਦੇਣ। (ਯੂਹੰ. 3:16) ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ ਏਲੀਯਾਹ ਵਰਗੇ ਵਫ਼ਾਦਾਰ ਬੰਦਿਆਂ ਦੀ ਮਿਸਾਲ ’ਤੇ ਚੱਲੀਏ। ਉਸ ਨੇ ਸਿਰਫ਼ ਯਹੋਵਾਹ ਦੀ ਭਗਤੀ ਕੀਤੀ ਅਤੇ ਦੂਸਰਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਦੀ ਹੱਲਾਸ਼ੇਰੀ ਦਿੱਤੀ। ਉਸ ਨੇ ਦਲੇਰੀ ਨਾਲ ਝੂਠੀ ਭਗਤੀ ਦਾ ਪਰਦਾਫ਼ਾਸ਼ ਕੀਤਾ ਜਿਸ ਨੂੰ ਸ਼ੈਤਾਨ ਯਹੋਵਾਹ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਵਰਤ ਰਿਹਾ ਸੀ। ਉਸ ਨੇ ਹਰ ਮਸਲੇ ਦੇ ਹੱਲ ਲਈ ਕਦੇ ਵੀ ਆਪਣੀ ਕਾਬਲੀਅਤ ਉੱਤੇ ਭਰੋਸਾ ਨਹੀਂ ਕੀਤਾ ਤੇ ਨਾ ਹੀ ਆਪਣੀ ਇੱਛਾ ਮੁਤਾਬਕ ਕੰਮ ਕੀਤਾ, ਸਗੋਂ ਯਹੋਵਾਹ ਉੱਤੇ ਭਰੋਸਾ ਰੱਖਿਆ। ਹਾਂ, ਏਲੀਯਾਹ ਹਮੇਸ਼ਾ ਸੱਚੀ ਭਗਤੀ ਦੇ ਪੱਖ ਵਿਚ ਖੜ੍ਹਾ ਰਿਹਾ। ਆਓ ਆਪਾਂ ਸਾਰੇ ਉਸ ਦੀ ਨਿਹਚਾ ਦੀ ਰੀਸ ਕਰੀਏ!

^ ਪੈਰਾ 9 ਆਮ ਤੌਰ ਤੇ ਕਰਮਲ ਪਰਬਤ ਉੱਤੇ ਹਰ ਵੇਲੇ ਹਰਿਆਲੀ ਛਾਈ ਰਹਿੰਦੀ ਹੈ। ਮਹਾਂ ਸਾਗਰ ਤੋਂ ਆਉਂਦੀਆਂ ਨਮੀ ਭਰੀਆਂ ਪੌਣਾਂ ਸਦਕਾ ਇਸ ਪਹਾੜੀ ਇਲਾਕੇ ਵਿਚ ਭਰਪੂਰ ਮਾਤਰਾ ਵਿਚ ਤ੍ਰੇਲ ਅਤੇ ਮੀਂਹ ਪੈਂਦਾ ਹੈ। ਏਲੀਯਾਹ ਨਬੀ ਦੇ ਜ਼ਮਾਨੇ ਵਿਚ ਕਰਮਲ ਪਰਬਤ ਬਆਲ ਦੀ ਪੂਜਾ ਦੀ ਇਕ ਅਹਿਮ ਥਾਂ ਸੀ ਕਿਉਂਕਿ ਲੋਕ ਮੰਨਦੇ ਸਨ ਕਿ ਬਆਲ ਦੇਵਤਾ ਹੀ ਉਨ੍ਹਾਂ ਲਈ ਮੀਂਹ ਵਰ੍ਹਾਉਂਦਾ ਸੀ। ਪਰ ਹੁਣ ਕਰਮਲ ਪਰਬਤ ਬੰਜਰ ਅਤੇ ਸੁੱਕਿਆ ਪਿਆ ਸੀ। ਸੋ ਬਆਲ ਦਾ ਪਰਦਾਫ਼ਾਸ਼ ਕਰਨ ਲਈ ਇਹ ਢੁਕਵੀਂ ਥਾਂ ਸੀ।

^ ਪੈਰਾ 12 ਧਿਆਨ ਦਿਓ ਕਿ ਏਲੀਯਾਹ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬਲ਼ੀ ਨੂੰ ‘ਅੱਗ ਨਾ ਲਾਉਣ।’ ਕਈ ਬਾਈਬਲ ਵਿਦਵਾਨਾਂ ਦਾ ਮੰਨਣਾ ਹੈ ਕਿ ਪੁਰਾਣੇ ਸਮਿਆਂ ਵਿਚ ਦੇਵੀ-ਦੇਵਤਿਆਂ ਦੇ ਪੁਜਾਰੀ ਵੇਦੀ ਵਿਚ ਸੁਰਾਖ਼ ਬਣਾਉਂਦੇ ਸਨ ਜਿਸ ਬਾਰੇ ਲੋਕਾਂ ਨੂੰ ਪਤਾ ਨਹੀਂ ਸੀ ਹੁੰਦਾ। ਫਿਰ ਜਦੋਂ ਉਹ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਵੇਦੀ ਦੇ ਹੇਠਾਂ ਅੱਗ ਬਾਲ਼ਦੇ ਸਨ, ਤਾਂ ਦੇਖਣ ਵਾਲਿਆਂ ਨੂੰ ਲੱਗਦਾ ਸੀ ਕਿ ਰੱਬ ਨੇ ਅੱਗ ਘੱਲੀ ਸੀ।