Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਰੱਬ ਸ਼ਤਾਨ ਨੂੰ ਖ਼ਤਮ ਕਿਉਂ ਨਹੀਂ ਕਰ ਦਿੰਦਾ?

ਰੱਬ ਸ਼ਤਾਨ ਨੂੰ ਖ਼ਤਮ ਕਿਉਂ ਨਹੀਂ ਕਰ ਦਿੰਦਾ?

ਜੇ ਤੁਹਾਡੇ ਕੋਲ ਕਿਸੇ ਦਾ ਦੁੱਖ ਦੂਰ ਕਰਨ ਦੀ ਤਾਕਤ ਹੋਵੇ, ਤਾਂ ਕੀ ਤੁਸੀਂ ਨਹੀਂ ਕਰੋਗੇ? ਆਮ ਤੌਰ ਤੇ ਰਾਹਤ ਕਰਮਚਾਰੀ ਕੁਦਰਤੀ ਤਬਾਹੀ ਦੀ ਜਗ੍ਹਾ ਤੇ ਫੱਟਾ-ਫੱਟ ਪਹੁੰਚ ਕੇ ਅਜਨਬੀਆਂ ਦੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਸੋ ਤੁਸੀਂ ਸ਼ਾਇਦ ਸੋਚੋ ਕਿ ‘ਸ਼ਤਾਨ ਨੇ ਇੰਨੇ ਸਾਰੇ ਜ਼ੁਲਮ ਇਨਸਾਨਾਂ ’ਤੇ ਢਾਹੇ ਹਨ, ਤਾਂ ਫਿਰ ਰੱਬ ਨੇ ਉਸ ਨੂੰ ਹਾਲੇ ਤਕ ਖ਼ਤਮ ਕਿਉਂ ਨਹੀਂ ਕੀਤਾ?’

ਇਸ ਸਵਾਲ ਦੇ ਜਵਾਬ ਲਈ ਕਚਹਿਰੀ ਵਿਚ ਚੱਲ ਰਹੇ ਜ਼ਰਾ ਇਕ ਕੇਸ ’ਤੇ ਗੌਰ ਕਰੋ ਜਿਸ ਵਿਚ ਕਾਤਲ ਕੇਸ ਰੋਕਣ ਲਈ ਬੜਾ ਉਤਾਵਲਾ ਹੈ। ਉਹ ਜੱਜ ’ਤੇ ਇਲਜ਼ਾਮ ਲਗਾਉਂਦਾ ਹੈ ਕਿ ਉਹ ਬੇਈਮਾਨ ਹੈ ਅਤੇ ਉਸ ਨੇ ਜਿਊਰੀ ਦੇ ਮੈਂਬਰਾਂ ਨੂੰ ਵੀ ਰਿਸ਼ਵਤ ਦੇ ਕੇ ਆਪਣੇ ਨਾਲ ਰਲਾ ਲਿਆ ਹੈ। ਹੁਣ ਬੇਸ਼ੁਮਾਰ ਗਵਾਹਾਂ ਨੂੰ ਗਵਾਹੀ ਦੇਣ ਲਈ ਬੁਲਾਇਆ ਜਾਂਦਾ ਹੈ।

ਜੱਜ ਇਹ ਗੱਲ ਜਾਣਦਾ ਹੈ ਕਿ ਜੇ ਕੇਸ ਲੰਬੇ ਸਮੇਂ ਲਈ ਚੱਲਿਆ, ਤਾਂ ਸਾਰਿਆਂ ਨੂੰ ਪਰੇਸ਼ਾਨੀ ਹੋਵੇਗੀ। ਉਹ ਚਾਹੁੰਦਾ ਹੈ ਕਿ ਬਿਨਾਂ ਦੇਰ ਕੀਤਿਆਂ ਕੇਸ ਛੇਤੀ-ਛੇਤੀ ਨਿਪਟਾਇਆ ਜਾਵੇ। ਪਰ ਉਹ ਇਹ ਵੀ ਜਾਣਦਾ ਹੈ ਕਿ ਸਹੀ ਫ਼ੈਸਲਾ ਕਰਨ ਵਾਸਤੇ ਦੋਵੇਂ ਧਿਰਾਂ ਲਈ ਆਪੋ-ਆਪਣੇ ਬਿਆਨ ਪੇਸ਼ ਕਰਨੇ ਕਿੰਨੇ ਜ਼ਰੂਰੀ ਹਨ ਅਤੇ ਇਸ ਨੂੰ ਸਮਾਂ ਵੀ ਲੱਗ ਸਕਦਾ ਹੈ। ਨਾਲੇ ਇਹ ਵੀ ਹੋ ਸਕਦਾ ਹੈ ਕਿ ਇਸ ਕੇਸ ਦਾ ਫ਼ੈਸਲਾ ਆਉਣ ਵਾਲੇ ਕੇਸਾਂ ’ਤੇ ਅਸਰ ਪਾਵੇ।

ਸਹੀ ਫ਼ੈਸਲਾ ਕਰਨ ਵਾਸਤੇ ਦੋਵੇਂ ਧਿਰਾਂ ਲਈ ਆਪੋ-ਆਪਣੇ ਬਿਆਨ ਪੇਸ਼ ਕਰਨੇ ਜ਼ਰੂਰੀ ਹਨ ਅਤੇ ਇਸ ਨੂੰ ਸਮਾਂ ਵੀ ਲੱਗੇਗਾ। ਇਸ ਕੇਸ ਦਾ ਫ਼ੈਸਲਾ ਆਉਣ ਵਾਲੇ ਕੇਸਾਂ ’ਤੇ ਅਸਰ ਪਾਵੇਗਾ

ਪਰ ਇਸ ਮਿਸਾਲ ਦਾ ਸ਼ਤਾਨ ਦੁਆਰਾ ਯਹੋਵਾਹ ’ਤੇ ਲਗਾਏ ਗਏ ਇਲਜ਼ਾਮਾਂ ਨਾਲ ਕੀ ਸੰਬੰਧ ਹੈ? ਕੀ ਯਹੋਵਾਹ “ਸਾਰੀ ਧਰਤੀ ਉੱਤੇ ਅੱਤ ਮਹਾਨ” ਨਹੀਂ ਹੈ? ਬਾਈਬਲ ਵਿਚ ਸ਼ਤਾਨ ਨੂੰ “ਅਜਗਰ,” “ਸੱਪ,” ਅਤੇ “ਇਬਲੀਸ” ਵੀ ਕਿਹਾ ਜਾਂਦਾ ਹੈ। (ਪਰਕਾਸ਼ ਦੀ ਪੋਥੀ 12:9; ਜ਼ਬੂਰਾਂ ਦੀ ਪੋਥੀ 83:18) ਸ਼ਤਾਨ ਅਸਲ ਵਿਚ ਕੌਣ ਹੈ? ਉਸ ਨੇ ਯਹੋਵਾਹ ਪਰਮੇਸ਼ੁਰ ’ਤੇ ਕਿਹੜੇ ਦੋਸ਼ ਲਾਏ ਹਨ? ਨਾਲੇ ਰੱਬ ਉਸ ਨੂੰ ਕਦੋਂ ਖ਼ਤਮ ਕਰੇਗਾ?

ਸਹੀ ਫ਼ੈਸਲਾ ਕਰਨਾ ਜ਼ਰੂਰੀ ਹੈ

ਸ਼ਤਾਨ ਬਣਨ ਤੋਂ ਪਹਿਲਾਂ ਉਹ ਪਰਮੇਸ਼ੁਰ ਦਾ ਇਕ ਦੂਤ ਸੀ। (ਅੱਯੂਬ 1:6, 7) ਇਹ ਦੂਤ ਸ਼ਤਾਨ ਉਦੋਂ ਬਣਿਆ ਜਦੋਂ ਇਸ ਨੇ ਇਹ ਚਾਹਿਆ ਕਿ ਸਾਰੇ ਇਨਸਾਨ ਰੱਬ ਦੀ ਬਜਾਇ ਉਸ ਦੀ ਪੂਜਾ ਕਰਨ। ਸੋ ਉਸ ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਿਆ, ਇੱਥੋਂ ਤਕ ਕਿ ਇਹ ਵੀ ਦਾਅਵਾ ਕੀਤਾ ਕਿ ਪਰਮੇਸ਼ੁਰ ਦਾ ਹੱਕ ਨਹੀਂ ਬਣਦਾ ਕਿ ਲੋਕ ਉਸ ਦੇ ਹੁਕਮ ਮੰਨਣ। ਉਸ ਨੇ ਕਿਹਾ ਕਿ ਲੋਕ ਸਿਰਫ਼ ਬਰਕਤਾਂ ਦੇ ਲਾਲਚ ਵਿਚ ਹੀ ਉਸ ਦੀ ਸੇਵਾ ਕਰਦੇ ਹਨ। ਸ਼ਤਾਨ ਨੇ ਦਾਅਵਾ ਕੀਤਾ ਕਿ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵੇਲੇ ਲੋਕ ਪਰਮੇਸ਼ੁਰ ਨੂੰ ‘ਫਿਟਕਾਰਨਗੇ।’—ਅੱਯੂਬ 1:8-11; 2:4, 5.

ਸ਼ਤਾਨ ਦੇ ਅਜਿਹੇ ਇਲਜ਼ਾਮਾਂ ਦਾ ਜਵਾਬ ਤਾਕਤ ਦਿਖਾ ਕੇ ਨਹੀਂ ਦਿੱਤਾ ਜਾ ਸਕਦਾ ਸੀ। ਅਸਲ ਵਿਚ, ਜੇ ਸ਼ਤਾਨ ਨੂੰ ਅਦਨ ਦੇ ਬਾਗ਼ ਵਿਚ ਉਸੇ ਵੇਲੇ ਖ਼ਤਮ ਕਰ ਦਿੱਤਾ ਜਾਂਦਾ, ਤਾਂ ਕਈਆਂ ਨੂੰ ਲੱਗ ਸਕਦਾ ਸੀ ਕਿ ਸ਼ਾਇਦ ਸ਼ਤਾਨ ਸਹੀ ਸੀ। ਇਸ ਲਈ, ਸਰਬਸ਼ਕਤੀਮਾਨ ਪਰਮੇਸ਼ੁਰ ਨੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਤਾਂਕਿ ਸਾਰੇ ਜਣੇ ਖ਼ੁਦ ਫ਼ੈਸਲਾ ਕਰ ਸਕਣ ਕਿ ਕੌਣ ਸਹੀ ਹੈ ਅਤੇ ਕੌਣ ਗ਼ਲਤ।

ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ ਅਤੇ ਉਸ ਨੇ ਆਪਣੇ ਅਸੂਲਾਂ ਦੇ ਆਧਾਰ ’ਤੇ ਚਾਹਿਆ ਕਿ ਦੋਵੇਂ ਧਿਰਾਂ ਆਪੋ-ਆਪਣੇ ਗਵਾਹ ਪੇਸ਼ ਕਰਨ। ਸਮੇਂ ਦੇ ਬੀਤਣ ਨਾਲ ਆਦਮ ਦੀ ਸੰਤਾਨ ਨੂੰ ਜ਼ਿੰਦਗੀ ਜੀਣ ਅਤੇ ਪਰਮੇਸ਼ੁਰ ਦੇ ਪੱਖ ਵਿਚ ਗਵਾਹੀ ਦੇਣ ਦਾ ਮੌਕਾ ਮਿਲਿਆ। ਕਈਆਂ ਨੇ ਮੁਸ਼ਕਲਾਂ ਦੇ ਬਾਵਜੂਦ ਰੱਬ ਦੇ ਵਫ਼ਾਦਾਰ ਰਹਿ ਕੇ ਉਸ ਲਈ ਆਪਣੇ ਪਿਆਰ ਦਾ ਸਬੂਤ ਦਿੱਤਾ ਹੈ।

ਕਿੰਨੀ ਦੇਰ ਲੱਗੇਗੀ?

ਯਹੋਵਾਹ ਪਰਮੇਸ਼ੁਰ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿੰਨੀ ਦੇਰ ਇਹ ਕਾਨੂੰਨੀ ਕਾਰਵਾਈ ਚੱਲਦੀ ਰਹੇਗੀ ਉੱਨੀ ਦੇਰ ਇਨਸਾਨ ਦੁੱਖ ਭੋਗਦੇ ਰਹਿਣਗੇ। ਉਸ ਨੇ ਠਾਣਿਆ ਹੈ ਕਿ ਉਹ ਇਸ ਕੇਸ ਨੂੰ ਜਲਦ ਤੋਂ ਜਲਦ ਖ਼ਤਮ ਕਰੇਗਾ। ਬਾਈਬਲ ਉਸ ਨੂੰ “ਦਿਆਲਗੀਆਂ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ੁਰ” ਕਹਿੰਦੀ ਹੈ। (2 ਕੁਰਿੰਥੀਆਂ 1:3) ਅਸੀਂ ਯਕੀਨ ਰੱਖ ਸਕਦੇ ਹਾਂ ਕਿ “ਦਿਆਲਗੀਆਂ ਦਾ ਪਿਤਾ” ਯਹੋਵਾਹ ਸ਼ਤਾਨ ਅਤੇ ਉਸ ਦੇ ਕੰਮਾਂ ਨੂੰ ਜ਼ਿਆਦਾ ਦੇਰ ਤਕ ਬਰਦਾਸ਼ਤ ਨਹੀਂ ਕਰੇਗਾ। ਦੂਜੇ ਪਾਸੇ ਜਦ ਤਕ ਕੇਸ ਖ਼ਤਮ ਨਹੀਂ ਹੁੰਦਾ ਪਰਮੇਸ਼ੁਰ ਸ਼ਤਾਨ ਨੂੰ ਸਮੇਂ ਤੋਂ ਪਹਿਲਾਂ ਨਸ਼ਟ ਨਹੀਂ ਕਰੇਗਾ।

ਜਦੋਂ ਅਖ਼ੀਰ ਵਿਚ ਫ਼ੈਸਲਾ ਹੋ ਜਾਵੇਗਾ, ਤਾਂ ਇਹ ਸਾਬਤ ਹੋ ਜਾਵੇਗਾ ਕਿ ਸਿਰਫ਼ ਯਹੋਵਾਹ ਹੀ ਇਸ ਦੁਨੀਆਂ ’ਤੇ ਹਕੂਮਤ ਕਰਨ ਦੇ ਕਾਬਲ ਹੈ। ਸ਼ਤਾਨ ਦੇ ਖ਼ਿਲਾਫ਼ ਕਾਨੂੰਨੀ ਕੇਸ ਹਮੇਸ਼ਾ ਲਈ ਇਕ ਨਮੂਨਾ ਬਣ ਕੇ ਰਹਿ ਜਾਵੇਗਾ। ਜੇ ਫਿਰ ਕਦੇ ਕਿਸੇ ਨੇ ਪਰਮੇਸ਼ੁਰ ਨੂੰ ਦੁਬਾਰਾ ਲਲਕਾਰਿਆ, ਤਾਂ ਉਸ ਦਾ ਹਸ਼ਰ ਵੀ ਸ਼ਤਾਨ ਵਰਗਾ ਹੋਵੇਗਾ।

ਸਹੀ ਸਮੇਂ ਤੇ ਯਹੋਵਾਹ ਪਰਮੇਸ਼ੁਰ ਆਪਣੇ ਬੇਟੇ ਯਿਸੂ ਰਾਹੀਂ ਸ਼ਤਾਨ ਅਤੇ ਉਸ ਦੇ ਸਾਰੇ ਕੰਮਾਂ ਨੂੰ ਖ਼ਤਮ ਕਰੇਗਾ। ਬਾਈਬਲ ਕਹਿੰਦੀ ਹੈ ਕਿ ਮਸੀਹ “ਰਾਜ ਨੂੰ ਪਰਮੇਸ਼ੁਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ ਜਦ ਉਹ ਨੇ ਹਰੇਕ ਹਕੂਮਤ ਅਤੇ ਹਰੇਕ ਇਖ਼ਤਿਆਰ ਅਤੇ ਕੁਦਰਤ ਨੂੰ ਨਾਸ ਕਰ ਦਿੱਤਾ ਹੋਵੇਗਾ। ਕਿਉਂਕਿ ਜਿੰਨਾ ਚਿਰ ਉਹ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉੱਨਾ ਚਿਰ ਉਸ ਨੇ ਰਾਜ ਕਰਨਾ ਹੈ। ਛੇਕੜਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ।”—1 ਕੁਰਿੰਥੀਆਂ 15:24-26.

ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਸਾਰੀ ਦੁਨੀਆਂ ਇਕ ਸੋਹਣੇ ਬਾਗ਼ ਵਰਗੀ ਬਣ ਜਾਵੇਗੀ ਤੇ ਲੋਕ ਅਮਨ-ਚੈਨ ਨਾਲ ਵੱਸਣਗੇ ਉਸੇ ਤਰ੍ਹਾਂ ਜਿੱਦਾਂ ਪਰਮੇਸ਼ੁਰ ਨੇ ਸ਼ੁਰੂ ਵਿਚ ਚਾਹਿਆ ਸੀ! “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ। ਵਾਕਈ, “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:11, 29.

ਪਰਮੇਸ਼ੁਰ ਦੇ ਸੇਵਕਾਂ ਦੇ ਸ਼ਾਨਦਾਰ ਭਵਿੱਖ ਬਾਰੇ ਬਾਈਬਲ ਕਹਿੰਦੀ ਹੈ: “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4. (g10-E 12)