Skip to content

Skip to table of contents

ਸੁਪਾਰੀ—ਕੀ ਇਹ ਚਬਾਉਣੀ ਠੀਕ ਹੈ?

ਸੁਪਾਰੀ—ਕੀ ਇਹ ਚਬਾਉਣੀ ਠੀਕ ਹੈ?

ਸੁਪਾਰੀ—ਕੀ ਇਹ ਚਬਾਉਣੀ ਠੀਕ ਹੈ?

ਦੱਖਣੀ ਏਸ਼ੀਆ ਦੀ ਇਕ ਸੜਕ ’ਤੇ ਇਕ ਦੋਸਤਾਨਾ ਸੁਭਾਅ ਦਾ ਵਿਅਕਤੀ ਮੁਸਕਰਾਉਂਦਾ ਹੈ। ਮੁਸਕਰਾਉਂਦਿਆਂ ਹੀ ਉਸ ਦੇ ਕਾਲੇ ਦੰਦ ਨਜ਼ਰ ਆਉਂਦੇ ਹਨ ਅਤੇ ਮੂੰਹ ਸੁਰਖ਼ ਲਾਲ ਥੁੱਕ ਨਾਲ ਭਰਿਆ ਹੋਇਆ ਹੈ। ਫਿਰ ਉਹ ਸੜਕ ’ਤੇ ਥੁੱਕਦਾ ਹੈ ਤੇ ਘਿਣਾਉਣੇ ਲਾਲ ਨਿਸ਼ਾਨ ਛੱਡ ਜਾਂਦਾ ਹੈ। ਹਾਂ, ਉਹ ਸੁਪਾਰੀ ਚਬਾ ਰਿਹਾ ਹੈ।

ਪੂਰਬੀ ਅਫ਼ਰੀਕਾ, ਪਾਕਿਸਤਾਨ ਤੇ ਭਾਰਤ ਤੋਂ ਲੈ ਕੇ ਦੱਖਣੀ-ਪੂਰਬੀ ਏਸ਼ੀਆ, ਪਾਪੂਆ ਨਿਊ ਗਿਨੀ ਤੇ ਮਾਈਕਰੋਨੇਸ਼ਿਆ ਵਿਚ ਲੱਖਾਂ ਹੀ ਲੋਕ ਸੁਪਾਰੀ ਚਬਾਉਂਦੇ ਹਨ। ਸੁਪਾਰੀ ਚਬਾਉਣ ਵਾਲਿਆਂ ਦੀ ਇਹ ਗਿਣਤੀ ਦੁਨੀਆਂ ਦੀ ਆਬਾਦੀ ਦਾ 10% ਹਿੱਸਾ ਹੈ। ਕਈ ਵਾਰੀ ਸੁਪਾਰੀ ਵੇਚਣ ਵਾਲੇ ਆਪਣੇ ਬੱਚਿਆਂ ਨਾਲ ਸੜਕਾਂ ਅਤੇ ਬਾਜ਼ਾਰਾਂ ਵਿਚ ਦੁਕਾਨਾਂ ’ਤੇ ਬੈਠੇ ਹੁੰਦੇ ਹਨ। ਕੁਝ ਹੋਰ ਦੁਕਾਨਦਾਰ ਗਾਹਕਾਂ ਨੂੰ ਭਰਮਾਉਣ ਲਈ ਚਮਕੀਲੀਆਂ ਬੱਤੀਆਂ ਅਤੇ ਅੱਧ-ਨੰਗੀਆਂ ਕੁੜੀਆਂ ਯਾਨੀ “ਸੁਪਾਰੀ ਸੁੰਦਰੀਆਂ” ਦਾ ਇਸਤੇਮਾਲ ਕਰਦੇ ਹਨ।

ਦੁਨੀਆਂ ਭਰ ਵਿਚ ਸੁਪਾਰੀ ਵੇਚਣ ਵਾਲੇ ਅਰਬਾਂ ਡਾਲਰ ਕਮਾਉਂਦੇ ਹਨ। ਪਰ ਸੁਪਾਰੀ ਹੈ ਕੀ? ਇੰਨੇ ਸਾਰੇ ਲੋਕ ਸੁਪਾਰੀ ਕਿਉਂ ਚਬਾਉਂਦੇ ਹਨ? ਇਸ ਆਦਤ ਦਾ ਉਨ੍ਹਾਂ ਦੀ ਸਿਹਤ ’ਤੇ ਕੀ ਅਸਰ ਪੈਂਦਾ ਹੈ? ਸੁਪਾਰੀ ਚਬਾਉਣ ਬਾਰੇ ਬਾਈਬਲ ਦਾ ਕੀ ਨਜ਼ਰੀਆ ਹੈ? ਇਸ ਲਤ ਤੋਂ ਖਹਿੜਾ ਕਿਵੇਂ ਛੁਡਾਇਆ ਜਾ ਸਕਦਾ ਹੈ?

ਸੁਪਾਰੀ ਕੀ ਹੈ?

ਸੁਪਾਰੀ ਅਰੇਕਾ ਪਾਮ (ਪਾਨ ਦਾ ਪੌਦਾ) ਦਾ ਗੁੱਦੇਦਾਰ ਫਲ ਹੈ। ਇਹ ਗਰਮ ਇਲਾਕਿਆਂ ਵਿਚ ਉੱਗਣ ਵਾਲਾ ਪੌਦਾ ਸ਼ਾਂਤ ਮਹਾਂਸਾਗਰ ਅਤੇ ਦੱਖਣੀ-ਪੂਰਬੀ ਏਸ਼ੀਆ ਵਿਚ ਪਾਇਆ ਜਾਂਦਾ ਹੈ। ਸੁਪਾਰੀ ਚਬਾਉਣ ਵਾਲੇ ਲੋਕ ਅਰੇਕਾ ਫਲ ਦੇ ਛੋਟੇ ਜਿਹੇ ਟੁਕੜੇ ਨੂੰ ਚੂਨੇ ਨਾਲ ਪੱਤੇ ਵਿਚ ਲਪੇਟ ਕੇ ਖਾਂਦੇ ਹਨ। ਚੂਨੇ ਨਾਲ ਅਲਕਲੀ ਨਾਂ ਦਾ ਖਾਰਾ ਤੱਤ ਪੈਦਾ ਹੁੰਦਾ ਹੈ ਜਿਸ ਨਾਲ ਮੂੰਹ ਵਿਚ ਪਾਣੀ ਆ ਜਾਂਦਾ ਹੈ। ਕੁਝ ਲੋਕ ਸੁਆਦ ਵਧਾਉਣ ਲਈ ਇਸ ਵਿਚ ਮਸਾਲੇ, ਤਮਾਖੂ ਜਾਂ ਮਿੱਠੀਆਂ ਚੀਜ਼ਾਂ ਮਿਲਾਉਂਦੇ ਹਨ।

ਇਨ੍ਹਾਂ ਚੀਜ਼ਾਂ ਨਾਲ ਥੁੱਕ ਜ਼ਿਆਦਾ ਬਣਦਾ ਹੈ ਅਤੇ ਲਾਲ ਹੋ ਜਾਂਦਾ ਹੈ। ਇਸ ਲਈ ਸੁਪਾਰੀ ਚਬਾਉਣ ਵਾਲੇ ਅਕਸਰ ਥੁੱਕਦੇ ਰਹਿੰਦੇ ਹਨ, ਇੱਥੋਂ ਤਕ ਕਿ ਚੱਲਦੀਆਂ ਗੱਡੀਆਂ ਵਿੱਚੋਂ ਦੀ ਵੀ ਰਾਹ ਤੁਰੇ ਜਾਂਦੇ ਲੋਕਾਂ ’ਤੇ ਥੁੱਕ ਦਿੰਦੇ ਹਨ!

ਸੁਪਾਰੀ ਚਬਾ-ਚਬਾ ਕੇ ਬੀਮਾਰੀਆਂ ਨੂੰ ਸੱਦਾ!

ਓਰਲ ਹੈਲਥ ਰਸਾਲੇ ਵਿਚ ਇਕ ਰਿਪੋਰਟ ਕਹਿੰਦੀ ਹੈ: “ਸਦੀਆਂ ਤੋਂ ਅਰੇਕਾ ਸੁਪਾਰੀ ਦਾ ਇਸਤੇਮਾਲ ਸਮਾਜਕ, ਸਭਿਆਚਾਰਕ ਅਤੇ ਧਾਰਮਿਕ ਕਾਰਨਾਂ ਕਰਕੇ ਹੁੰਦਾ ਆਇਆ ਹੈ। ਲੋਕ ਸੋਚਦੇ ਹਨ ਕਿ ਇਹ ਨੁਕਸਾਨਦੇਹ ਨਹੀਂ ਹੈ ਤੇ ਉਹ ਕਹਿੰਦੇ ਹਨ ਕਿ ਇਸ ਨੂੰ ਖਾ ਕੇ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਖ਼ੁਸ਼ੀ ਮਿਲਦੀ ਹੈ [ਅਤੇ] ਜਦੋਂ ਇਹ ਅੰਦਰ ਜਾਂਦਾ ਹੈ, ਤਾਂ ਇਸ ਦੀ ਗਰਮਾਇਸ਼ ਮਹਿਸੂਸ ਹੁੰਦੀ ਹੈ . . . ਪਰ ਖੋਜਾਂ ਅਨੁਸਾਰ ਪਤਾ ਲੱਗਾ ਹੈ ਕਿ ਇਸ ਨੂੰ ਖਾ ਕੇ ਨੁਕਸਾਨ ਹੁੰਦਾ ਹੀ ਹੈ।” ਉਹ ਕਿਵੇਂ?

ਨਸ਼ਾ ਰੋਕਣ ਵਾਲੇ ਅਧਿਕਾਰੀ ਮੰਨਦੇ ਹਨ ਕਿ ਸੁਪਾਰੀ ਵਿਚ ਪਾਏ ਜਾਂਦੇ ਇਕ ਕਿਸਮ ਦੇ ਅਲਕਲੀ ਤੱਤ ਦੀ ਆਦਤ ਪੈ ਸਕਦੀ ਹੈ। ਅਸਲ ਵਿਚ ਕੁਝ ਲੋਕ ਦਿਨ ਵਿਚ 50 ਸੁਪਾਰੀਆਂ ਚਬਾ ਜਾਂਦੇ ਹਨ! ਕੁਝ ਸਮੇਂ ਬਾਅਦ ਦੰਦਾਂ ’ਤੇ ਧੱਬੇ ਪੈ ਜਾਂਦੇ ਹਨ ਤੇ ਫਿਰ ਮਸੂੜਿਆਂ ਦੀ ਬੀਮਾਰੀ ਲੱਗ ਜਾਂਦੀ ਹੈ। ਓਰਲ ਹੈਲਥ ਰਸਾਲੇ ਮੁਤਾਬਕ ਜਿਨ੍ਹਾਂ ਨੂੰ ਇਹ ਲਤ ਲੱਗੀ ਹੋਈ ਹੈ, ਸ਼ਾਇਦ ਉਨ੍ਹਾਂ ਦੇ ਮੂੰਹ ਅੰਦਰਲੀ ਚਮੜੀ ਭੂਰੀ-ਲਾਲ ਹੋ ਸਕਦੀ ਹੈ ਅਤੇ ਇਹ ਸੁੰਗੜ ਸਕਦੀ ਹੈ। ਉਨ੍ਹਾਂ ਦੇ ਮੂੰਹ ਦਾ ਹੁਲੀਆ ਅੰਦਰੋਂ “ਖ਼ਰਾਬ ਹੋ ਸਕਦਾ ਹੈ ਜੋ ਹੌਲੀ-ਹੌਲੀ ਗੰਭੀਰ ਰੂਪ ਧਾਰ ਲੈਂਦਾ ਹੈ।” ਇਸ ਹਾਲਤ ਨੂੰ ਓਰਲ ਸਬਮਿਊਕਸ ਫਾਈਬਰੋਸਿਸ (oral submucous fibrosis) ਕਿਹਾ ਜਾਂਦਾ ਹੈ।

ਸੁਪਾਰੀ ਚਬਾਉਣ ਨਾਲ ਮੂੰਹ ਦਾ ਕੈਂਸਰ ਵੀ ਹੋ ਸਕਦਾ ਹੈ। ਇਸ ਨੂੰ ਓਰਲ ਸਕਾਮਸ ਸੈੱਲ ਕਾਰਸਿਨੋਮਾ (oral squamous cell carcinoma) ਕਹਿੰਦੇ ਹਨ ਜੋ ਗਲ਼ੇ ਦੇ ਪਿੱਛੇ ਵੀ ਹੋ ਸਕਦਾ ਹੈ। ਦੱਖਣੀ ਏਸ਼ੀਆ ਵਿਚ ਮੂੰਹ ਦੇ ਕੈਂਸਰ ਦੀ ਬੀਮਾਰੀ ਬਾਲਗਾਂ ਵਿਚ ਵਧਦੀ ਜਾ ਰਹੀ ਹੈ। ਤਾਈਵਾਨ ਵਿਚ ਲਗਭਗ 85% ਸੁਪਾਰੀ ਖਾਣ ਵਾਲੇ ਲੋਕਾਂ ਨੂੰ ਮੂੰਹ ਦਾ ਕੈਂਸਰ ਹੁੰਦਾ ਹੈ। ਇਸ ਦੇ ਨਾਲ-ਨਾਲ ਚਾਈਨਾ ਪੋਸਟ ਅਖ਼ਬਾਰ ਮੁਤਾਬਕ “ਤਾਈਵਾਨ ਵਿਚ ਲੋਕਾਂ ਦੀ ਮੌਤ ਦੇ ਦਸ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇਕ ਕਾਰਨ ਮੂੰਹ ਦਾ ਕੈਂਸਰ ਹੈ ਜਿਸ ਵਿਚ ਪਿਛਲੇ 40 ਸਾਲਾਂ ਵਿਚ ਚਾਰ ਗੁਣਾ ਵਾਧਾ ਹੋਇਆ ਹੈ।”

ਦੂਜੀਆਂ ਥਾਵਾਂ ਤੇ ਵੀ ਇਹੀ ਹਾਲ ਹੈ। ਪਾਪੂਆ ਨਿਊ ਗਿਨੀ ਦੀ ਇਕ ਅਖ਼ਬਾਰ ਕਹਿੰਦੀ ਹੈ: “ਪਾਪੂਆ ਨਿਊ ਗਿਨੀ ਦੀ ਮੈਡੀਕਲ ਸੋਸਾਇਟੀ ਮੁਤਾਬਕ ਪਾਪੂਆ ਨਿਊ ਗਿਨੀ ਵਿਚ ਲੋਕਾਂ ਨੂੰ ਸੁਪਾਰੀ ਚਬਾਉਣੀ ਬਹੁਤ ਪਸੰਦ ਹੈ ਅਤੇ ਇਸ ਕਾਰਨ ਹਰ ਸਾਲ ਤਕਰੀਬਨ 2,000 ਲੋਕਾਂ ਦੀ ਮੌਤ ਹੁੰਦੀ ਹੈ ਅਤੇ ਹੋਰ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਹੁੰਦੀਆਂ ਹਨ।” ਇਕ ਡਾਕਟਰ ਅਤੇ ਲਿਖਾਰੀ ਮੁਤਾਬਕ “ਸੁਪਾਰੀ ਦੇ ਆਦੀ ਲੋਕਾਂ ਉੱਤੇ ਤਕਰੀਬਨ ਉੱਨਾ ਬੁਰਾ ਅਸਰ ਪੈਂਦਾ ਹੈ ਜਿੰਨਾ ਬੁਰਾ ਅਸਰ ਸਿਗਰਟ ਪੀਣ ਨਾਲ ਪੈਂਦਾ ਹੈ” ਅਤੇ ਇਸ ਵਿਚ ਦਿਲ ਦਾ ਰੋਗ ਵੀ ਸ਼ਾਮਲ ਹੈ।

ਸੁਪਾਰੀ ਚਬਾਉਣ ਬਾਰੇ ਬਾਈਬਲ ਕੀ ਕਹਿੰਦੀ ਹੈ?

ਬਾਈਬਲ ਕੋਈ ਡਾਕਟਰੀ ਕਿਤਾਬ ਨਹੀਂ ਹੈ ਅਤੇ ਨਾ ਹੀ ਇਸ ਵਿਚ ਸੁਪਾਰੀ ਚਬਾਉਣ ਬਾਰੇ ਕੋਈ ਖ਼ਾਸ ਜ਼ਿਕਰ ਕੀਤਾ ਗਿਆ ਹੈ। ਪਰ ਇਸ ਵਿਚ ਬਹੁਤ ਸਾਰੇ ਅਜਿਹੇ ਸਿਧਾਂਤ ਪਾਏ ਜਾਂਦੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਸ਼ੁੱਧ ਤੇ ਸਿਹਤਮੰਦ ਰਹਿ ਸਕਦੇ ਹਾਂ ਅਤੇ ਬਿਹਤਰ ਜ਼ਿੰਦਗੀ ਜੀ ਸਕਦੇ ਹਾਂ। ਥੱਲੇ ਦੱਸੀਆਂ ਆਇਤਾਂ ਅਤੇ ਉਨ੍ਹਾਂ ਕਾਰਨ ਪੈਦਾ ਹੁੰਦੇ ਸਵਾਲਾਂ ਉੱਤੇ ਗੌਰ ਕਰੋ।

“ਪਿਆਰੇ ਭਰਾਵੋ, ਸਾਡੇ ਨਾਲ ਇਹ ਵਾਅਦੇ ਕੀਤੇ ਹੋਣ ਕਰਕੇ ਆਓ ਆਪਾਂ ਤਨ ਅਤੇ ਮਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ ਅਤੇ ਪਰਮੇਸ਼ੁਰ ਦਾ ਡਰ ਰੱਖਦੇ ਹੋਏ ਪਵਿੱਤਰ ਬਣਦੇ ਜਾਈਏ।” (2 ਕੁਰਿੰਥੀਆਂ 7:1) ‘ਆਪਣੇ ਸਰੀਰਾਂ ਨੂੰ ਅਜਿਹੇ ਬਲੀਦਾਨ ਦੇ ਤੌਰ ਤੇ ਚੜ੍ਹਾਓ ਜੋ ਪਵਿੱਤਰ ਅਤੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ।’ (ਰੋਮੀਆਂ 12:1) ਕੀ ਇਨਸਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਵਿੱਤਰ ਜਾਂ ਸ਼ੁੱਧ ਹੋਵੇਗਾ ਜੇ ਉਹ ਸੁਪਾਰੀ ਚਬਾ ਕੇ ਆਪਣੇ ਸਰੀਰ ਨੂੰ ਮਲੀਨ ਕਰਦਾ ਹੈ?

“[ਪਰਮੇਸ਼ੁਰ] ਰਾਹੀਂ ਸਾਨੂੰ ਜ਼ਿੰਦਗੀ ਮਿਲੀ ਹੈ।” (ਰਸੂਲਾਂ ਦੇ ਕੰਮ 17:28) ‘ਹਰ ਚੰਗੀ ਦਾਤ ਅਤੇ ਉੱਤਮ ਸੁਗਾਤ ਉੱਪਰੋਂ ਮਿਲਦੀ ਹੈ।’ (ਯਾਕੂਬ 1:17) ਜ਼ਿੰਦਗੀ ਪਰਮੇਸ਼ੁਰ ਤੋਂ ਮਿਲੀ ਅਨਮੋਲ ਦਾਤ ਹੈ। ਜਿਸ ਇਨਸਾਨ ਨੂੰ ਅਜਿਹੀਆਂ ਆਦਤਾਂ ਹਨ ਜਿਨ੍ਹਾਂ ਕਾਰਨ ਬੀਮਾਰੀਆਂ ਲੱਗ ਸਕਦੀਆਂ ਹਨ, ਕੀ ਉਹ ਇਸ ਦਾਤ ਲਈ ਕਦਰ ਦਿਖਾ ਰਿਹਾ ਹੋਵੇਗਾ?

“ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ।” (ਮੱਤੀ 6:24) “ਮੈਂ ਕਿਸੇ ਵੀ ਚੀਜ਼ ਦਾ ਗ਼ੁਲਾਮ ਨਹੀਂ ਬਣਾਂਗਾ।” (1 ਕੁਰਿੰਥੀਆਂ 6:12) ਜਿਹੜਾ ਇਨਸਾਨ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਕੀ ਉਹ ਸੁਪਾਰੀ ਚਬਾਉਣ ਦੀ ਗੰਦੀ ਆਦਤ ਦਾ ਗ਼ੁਲਾਮ ਬਣੇਗਾ?

“ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” (ਮਰਕੁਸ 12:31) “ਪਿਆਰ ਕਰਨ ਵਾਲਾ ਇਨਸਾਨ ਆਪਣੇ ਗੁਆਂਢੀ ਨਾਲ ਬੁਰਾ ਨਹੀਂ ਕਰਦਾ।” (ਰੋਮੀਆਂ 13:10) ਕੀ ਅਸੀਂ ਦੂਜਿਆਂ ਲਈ ਸੱਚਾ ਪਿਆਰ ਦਿਖਾ ਰਹੇ ਹੋਵਾਂਗੇ ਜੇ ਅਸੀਂ ਸੜਕਾਂ ਜਾਂ ਹੋਰ ਥਾਵਾਂ ’ਤੇ ਲਾਲ ਥੁੱਕ ਥੁੱਕਦੇ ਹਾਂ ਜੋ ਦੇਖਣ ਨੂੰ ਘਿਣਾਉਣਾ ਲੱਗਦਾ ਹੈ ਤੇ ਦੂਜਿਆਂ ਦੀ ਸਿਹਤ ਲਈ ਹਾਨੀਕਾਰਕ ਹੈ?

ਕੋਈ ਸ਼ੱਕ ਨਹੀਂ ਕਿ ‘ਅਸੀਂ ਜੋ ਬੀਜਦੇ ਹਾਂ, ਉਹੀ ਵੱਢਦੇ ਹਾਂ।’ (ਗਲਾਤੀਆਂ 6:7, 8) ਇਹ ਕੁਦਰਤ ਦਾ ਇਕ ਮੁੱਖ ਨਿਯਮ ਹੈ। ਇਸ ਲਈ ਜੇ ਅਸੀਂ ਬੁਰੀਆਂ ਆਦਤਾਂ ਅਪਣਾਵਾਂਗੇ, ਤਾਂ ਅਸੀਂ ਬੁਰੇ ਨਤੀਜੇ ਭੁਗਤਾਂਗੇ। ਪਰ ਜੇ ਅਸੀਂ ਉਸ ਤਰੀਕੇ ਨਾਲ ਜੀਉਂਦੇ ਹਾਂ ਜਿਸ ਤਰੀਕੇ ਨਾਲ ਪਰਮੇਸ਼ੁਰ ਚਾਹੁੰਦਾ ਹੈ ਜਿਸ ਵਿਚ ਚੰਗੀਆਂ ਆਦਤਾਂ ਹੋਣੀਆਂ ਜ਼ਰੂਰੀ ਹਨ, ਤਾਂ ਸਾਨੂੰ ਨਾ ਸਿਰਫ਼ ਚੰਗੇ ਨਤੀਜੇ ਮਿਲਣਗੇ, ਸਗੋਂ ਸਾਨੂੰ ਹਮੇਸ਼ਾ ਲਈ ਸੱਚੀ ਖ਼ੁਸ਼ੀ ਵੀ ਮਿਲੇਗੀ। ਜੇ ਤੁਹਾਨੂੰ ਸੁਪਾਰੀ ਚਬਾਉਣ ਦੀ ਆਦਤ ਹੈ, ਪਰ ਤੁਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰ ਕੇ ਬਿਹਤਰ ਤੇ ਚੰਗੀ ਜ਼ਿੰਦਗੀ ਜੀਉਣੀ ਚਾਹੁੰਦੇ ਹੋ, ਤਾਂ ਤੁਸੀਂ ਇਸ ਆਦਤ ਤੋਂ ਖਹਿੜਾ ਕਿੱਦਾਂ ਛੁਡਾ ਸਕਦੇ ਹੋ? ਕਿਉਂ ਨਾ ਪ੍ਰਾਰਥਨਾ ਕਰ ਕੇ ਹੇਠਾਂ ਦਿੱਤੇ ਤਿੰਨ ਅਜ਼ਮਾਏ ਗਏ ਸੁਝਾਵਾਂ ਉੱਤੇ ਗੌਰ ਕਰੋ?

ਆਦਤ ਤੋਂ ਖਹਿੜਾ ਛੁਡਾਉਣ ਦੇ ਤਿੰਨ ਸੁਝਾਅ

1. ਪੱਕਾ ਇਰਾਦਾ ਕਰੋ। ਬੁਰੀ ਆਦਤ ਨੂੰ ਛੱਡਣ ਲਈ ਸਿਰਫ਼ ਇਹ ਜਾਣਨਾ ਕਾਫ਼ੀ ਨਹੀਂ ਹੈ ਕਿ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ, ਸਗੋਂ ਤੁਹਾਨੂੰ ਆਪਣਾ ਇਰਾਦਾ ਵੀ ਪੱਕਾ ਕਰਨ ਦੀ ਲੋੜ ਹੈ। ਬਹੁਤ ਸਾਰੇ ਲੋਕ ਸੁਪਾਰੀ ਚਬਾਉਣ, ਸਿਗਰਟ ਪੀਣ ਜਾਂ ਨਸ਼ਿਆਂ ਦੀ ਕੁਵਰਤੋਂ ਕਰਨ ਵਿਚ ਲੱਗੇ ਰਹਿੰਦੇ ਹਨ ਭਾਵੇਂ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਨ੍ਹਾਂ ਦੀ ਆਦਤ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਸਕਦੀ ਹੈ ਅਤੇ ਜ਼ਿੰਦਗੀ ਖ਼ਤਰੇ ਵਿਚ ਪੈ ਸਕਦੀ ਹੈ। ਆਪਣੇ ਇਰਾਦੇ ਨੂੰ ਪੱਕਾ ਕਰਨ ਲਈ ਕਿਉਂ ਨਾ ਤੁਸੀਂ ਬਾਈਬਲ ਦੀ ਜਾਂਚ ਕਰ ਕੇ ਆਪਣੇ ਸਿਰਜਣਹਾਰ ਬਾਰੇ ਅਤੇ ਤੁਹਾਡੇ ਲਈ ਉਸ ਦੇ ਗਹਿਰੇ ਪਿਆਰ ਬਾਰੇ ਸਿੱਖੋ? ਇਬਰਾਨੀਆਂ 4:12 ਕਹਿੰਦਾ ਹੈ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।”

2. ਮਦਦ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ। ਯਿਸੂ ਮਸੀਹ ਨੇ ਕਿਹਾ: “ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂਕਿ ਜੋ ਕੋਈ ਮੰਗਦਾ ਰਹਿੰਦਾ ਹੈ ਉਸ ਨੂੰ ਮਿਲੇਗਾ, ਅਤੇ ਜੋ ਕੋਈ ਲੱਭਦਾ ਰਹਿੰਦਾ ਹੈ ਉਸ ਨੂੰ ਲੱਭੇਗਾ ਅਤੇ ਜੋ ਕੋਈ ਖੜਕਾਉਂਦਾ ਰਹਿੰਦਾ ਹੈ, ਉਸ ਲਈ ਖੋਲ੍ਹਿਆ ਜਾਵੇਗਾ।” (ਲੂਕਾ 11:9, 10) ਜਦੋਂ ਸੱਚਾ ਪਰਮੇਸ਼ੁਰ ਯਹੋਵਾਹ ਦੇਖੇਗਾ ਕਿ ਤੁਸੀਂ ਮਦਦ ਅਤੇ ਤਾਕਤ ਲਈ ਦਿਲੋਂ ਉਸ ਨੂੰ ਪ੍ਰਾਰਥਨਾ ਕਰਦੇ ਹੋ, ਤਾਂ ਉਹ ਤੁਹਾਨੂੰ ਨਜ਼ਰਅੰਦਾਜ਼ ਨਹੀਂ ਕਰੇਗਾ। 1 ਯੂਹੰਨਾ 4:8 ਕਹਿੰਦਾ ਹੈ: “ਪਰਮੇਸ਼ੁਰ ਪਿਆਰ ਹੈ।” ਇਸ ਪਿਆਰ ਨੂੰ ਪਾਉਣ ਵਾਲਾ ਇਕ ਮਸੀਹੀ ਸੀ ਪੌਲੁਸ ਰਸੂਲ। ਉਸ ਨੇ ਲਿਖਿਆ: “ਹਰ ਹਾਲਤ ਵਿਚ ਮੈਨੂੰ ਪਰਮੇਸ਼ੁਰ ਤੋਂ ਤਾਕਤ ਮਿਲਦੀ ਹੈ ਜਿਹੜਾ ਮੈਨੂੰ ਸ਼ਕਤੀ ਬਖ਼ਸ਼ਦਾ ਹੈ।”—ਫ਼ਿਲਿੱਪੀਆਂ 4:13.

3. ਦੂਜਿਆਂ ਤੋਂ ਮਦਦ ਲਓ। ਜਿਨ੍ਹਾਂ ਲੋਕਾਂ ਨਾਲ ਤੁਸੀਂ ਮਿਲਦੇ-ਜੁਲਦੇ ਹੋ, ਉਨ੍ਹਾਂ ਦਾ ਤੁਹਾਡੇ ਉੱਤੇ ਬਹੁਤ ਚੰਗਾ ਜਾਂ ਬੁਰਾ ਅਸਰ ਪੈ ਸਕਦਾ ਹੈ। ਕਹਾਉਤਾਂ 13:20 ਕਹਿੰਦਾ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” ਇਸ ਲਈ ਸੋਚ-ਸਮਝ ਕੇ ਦੋਸਤ ਬਣਾਓ! ਯਹੋਵਾਹ ਦੇ ਗਵਾਹਾਂ ਵਿਚ ਅਜਿਹੇ ਕਈ ਲੋਕ ਹਨ ਜਿਹੜੇ ਪਹਿਲਾਂ ਸੁਪਾਰੀ ਚਬਾਉਂਦੇ ਹੁੰਦੇ ਸਨ। ਪਰ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਮਿਲਣ-ਜੁਲਣ ਅਤੇ ਬਾਈਬਲ ਦੀ ਸਟੱਡੀ ਕਰਨ ਨਾਲ, ਉਨ੍ਹਾਂ ਨੂੰ ਇਸ ਗੰਦੀ ਆਦਤ ਤੋਂ ਖਹਿੜਾ ਛੁਡਾਉਣ ਵਿਚ ਬਹੁਤ ਮਦਦ ਮਿਲੀ। (g12-E 02)

[ਸਫ਼ਾ 19 ਉੱਤੇ ਡੱਬੀ/ਤਸਵੀਰਾਂ]

ਉਨ੍ਹਾਂ ਨੇ ਆਦਤ ਤੋਂ ਖਹਿੜਾ ਛੁਡਾਇਆ

ਜਾਗਰੂਕ ਬਣੋ! ਨੇ ਪੰਜ ਲੋਕਾਂ ਦੀ ਇੰਟਰਵਿਊ ਲਈ ਜੋ ਪਹਿਲਾਂ ਸੁਪਾਰੀ ਚਬਾਉਂਦੇ ਹੁੰਦੇ ਸਨ ਪਰ ਹੁਣ ਉਹ ਛੱਡ ਚੁੱਕੇ ਹਨ। ਦੇਖੋ ਕਿ ਉਨ੍ਹਾਂ ਦਾ ਕੀ ਕਹਿਣਾ ਹੈ।

ਤੁਸੀਂ ਸੁਪਾਰੀ ਚਬਾਉਣੀ ਕਿਉਂ ਸ਼ੁਰੂ ਕੀਤੀ?

ਪੌਲੀਨ: ਮੇਰੇ ਮਾਪੇ ਮੈਨੂੰ ਸੁਪਾਰੀ ਦਿੰਦੇ ਹੁੰਦੇ ਸਨ ਜਦੋਂ ਮੈਂ ਛੋਟੀ ਹੁੰਦੀ ਸੀ। ਪਾਪੂਆ ਨਿਊ ਗਿਨੀ ਵਿਚ ਮੇਰੇ ਪਿੰਡ ਦੇ ਲੋਕਾਂ ਦੀ ਇਹ ਪਰੰਪਰਾ ਸੀ।

ਬੈਟੀ: ਜਦੋਂ ਮੈਂ ਦੋ ਸਾਲਾਂ ਦੀ ਸੀ, ਤਾਂ ਮੇਰੇ ਪਿਤਾ ਨੇ ਮੈਨੂੰ ਸੁਪਾਰੀ ਦਿੱਤੀ ਸੀ। ਅੱਲ੍ਹੜ ਉਮਰ ਵਿਚ ਮੈਂ ਇੰਨੀਆਂ ਸਾਰੀਆਂ ਸੁਪਾਰੀਆਂ ਆਪਣੇ ਨਾਲ ਲੈ ਕੇ ਜਾਂਦੀ ਸੀ ਕਿ ਮੈਂ ਖ਼ੁਦ ਸੁਪਾਰੀ ਦੇ ਦਰਖ਼ਤ ਵਾਂਗ ਸੀ! ਮੈਨੂੰ ਸੁਪਾਰੀ ਦੀ ਇੰਨੀ ਆਦਤ ਸੀ ਕਿ ਮੈਂ ਸਵੇਰੇ ਉੱਠਦਿਆਂ ਹੀ ਸੁਪਾਰੀ ਚੱਬਣ ਲੱਗ ਪੈਂਦੀ ਸੀ।

ਵਨ-ਜੂਏਨ: ਮੈਂ 16 ਸਾਲਾਂ ਦਾ ਸੀ ਜਦੋਂ ਮੈਂ ਸੁਪਾਰੀ ਚਬਾਉਣੀ ਸ਼ੁਰੂ ਕੀਤੀ ਸੀ। ਇਹ ਸਾਰੇ ਮੁੰਡੇ-ਕੁੜੀਆਂ ਨੂੰ ਪਸੰਦ ਸੀ ਅਤੇ ਉਹ ਇਸ ਨੂੰ ਵੱਡੇ ਹੋਣ ਦੀ ਨਿਸ਼ਾਨੀ ਸਮਝਦੇ ਸਨ। ਮੈਂ ਵੀ ਉਨ੍ਹਾਂ ਵਰਗਾ ਬਣਨਾ ਚਾਹੁੰਦਾ ਸੀ।

ਜੀਆਓ-ਲਿਏਨ: ਆਪਣਾ ਗੁਜ਼ਾਰਾ ਤੋਰਨ ਲਈ ਮੈਂ ਸੁਪਾਰੀ ਵੇਚਣ ਦਾ ਕੰਮ ਕਰਦੀ ਸੀ। ਸਫ਼ਲ ਹੋਣ ਲਈ ਮੈਂ ਚੱਖ ਕੇ ਦੇਖਦੀ ਸੀ ਤਾਂਕਿ ਮੇਰਾ ਮਾਲ ਵਧੀਆ ਕਿਸਮ ਦਾ ਹੋਵੇ। ਇਸ ਕਾਰਨ ਮੈਨੂੰ ਸੁਪਾਰੀ ਦੀ ਲਤ ਲੱਗ ਗਈ।

ਇਸ ਆਦਤ ਦਾ ਤੁਹਾਡੀ ਸਿਹਤ ’ਤੇ ਕੀ ਅਸਰ ਪਿਆ?

ਜੀਆਓ-ਲਿਏਨ: ਮੇਰਾ ਮੂੰਹ, ਮੇਰੇ ਦੰਦ ਅਤੇ ਬੁੱਲ੍ਹ ਸੁਰਖ਼ ਲਾਲ ਰਹਿੰਦੇ ਸਨ। ਮੈਨੂੰ ਆਪਣੀਆਂ ਪੁਰਾਣੀਆਂ ਤਸਵੀਰਾਂ ਦੇਖ ਕੇ ਸ਼ਰਮ ਆਉਂਦੀ ਹੈ। ਮੇਰੇ ਬੁੱਲ੍ਹਾਂ ’ਤੇ ਹਾਲੇ ਵੀ ਛਾਲੇ ਪੈਂਦੇ ਰਹਿੰਦੇ ਹਨ।

ਪੌਲੀਨ: ਮੇਰੇ ਮੂੰਹ ਵਿਚ ਛਾਲੇ ਪੈ ਜਾਂਦੇ ਸਨ, ਕਚਿਆਹਣ ਆਉਂਦੀ ਸੀ ਅਤੇ ਟੱਟੀਆਂ ਲੱਗ ਜਾਂਦੀਆਂ ਸਨ।

ਬੈਟੀ: ਮੇਰਾ ਭਾਰ ਸਿਰਫ਼ 35 ਕਿਲੋਗ੍ਰਾਮ ਸੀ ਜੋ ਕਿ ਮੇਰੀ ਉਮਰ ਦੇ ਲੋਕਾਂ ਦੀ ਲੰਬਾਈ ਦੇ ਹਿਸਾਬ ਨਾਲ ਬਹੁਤ ਘੱਟ ਸੀ। ਮੇਰੇ ਦੰਦ ਦੇਖਣ ਨੂੰ ਭੈੜੇ ਲੱਗਦੇ ਸੀ ਅਤੇ ਮੈਂ ਇਨ੍ਹਾਂ ਨੂੰ ਅਕਸਰ ਸਟੀਲ ਦੀ ਕੂਚੀ ਨਾਲ ਸਾਫ਼ ਕਰਦੀ ਹੁੰਦੀ ਸੀ।

ਸੈਮ: ਮੈਨੂੰ ਟੱਟੀਆਂ ਲੱਗ ਜਾਂਦੀਆਂ ਸਨ ਅਤੇ ਮਸੂੜਿਆਂ ਦੀ ਬੀਮਾਰੀ ਵੀ ਸੀ। ਹੁਣ ਮੇਰਾ ਇੱਕੋ ਹੀ ਦੰਦ ਰਹਿ ਗਿਆ ਹੈ! ਮੈਂ ਸਟੀਲ ਦੀ ਕੂਚੀ ਨਾਲ ਆਪਣੇ ਦੰਦਾਂ ਨੂੰ ਰਗੜ ਕੇ ਹੋਰ ਵੀ ਨੁਕਸਾਨ ਕਰ ਲਿਆ।

ਤੁਸੀਂ ਇਹ ਆਦਤ ਕਿਉਂ ਛੱਡੀ?

ਪੌਲੀਨ: ਮੈਂ ਬਾਈਬਲ ਵਿਚ 2 ਕੁਰਿੰਥੀਆਂ 7:1 ਪੜ੍ਹਿਆ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ “ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ।” ਮੈਂ ਆਪਣੇ ਸਿਰਜਣਹਾਰ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਨ ਦਾ ਫ਼ੈਸਲਾ ਕੀਤਾ।

ਸੈਮ: ਮੈਂ ਚਾਹੁੰਦਾ ਸੀ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਮੇਰੀ ਜ਼ਿੰਦਗੀ ’ਤੇ ਅਸਰ ਪਾਵੇ, ਇਸ ਲਈ ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਸੁਪਾਰੀ ਚਬਾਉਣ ਦੀ ਆਦਤ ਨੂੰ ਛੱਡਣ ਵਿਚ ਮੇਰੀ ਮਦਦ ਕਰੇ। ਯਹੋਵਾਹ ਨੇ ਮੇਰੀਆਂ ਪ੍ਰਾਰਥਨਾਵਾਂ ਸੁਣੀਆਂ। ਮੈਂ ਤਕਰੀਬਨ 30 ਸਾਲਾਂ ਤੋਂ ਸੁਪਾਰੀ ਛੱਡੀ ਹੋਈ ਹੈ।

ਜੀਆਓ-ਲਿਏਨ: ਬਾਈਬਲ ਪੜ੍ਹਦਿਆਂ-ਪੜ੍ਹਦਿਆਂ ਮੈਂ ਇਸ ਹਵਾਲੇ ਤੇ ਆਈ: “ਪਾਪੀਓ, ਆਪਣੇ ਹੱਥਾਂ ਨੂੰ ਸਾਫ਼ ਕਰੋ।” (ਯਾਕੂਬ 4:8) ਇਨ੍ਹਾਂ ਸ਼ਬਦਾਂ ਦਾ ਮੇਰੇ ਉੱਤੇ ਬਹੁਤ ਅਸਰ ਪਿਆ। ਸੁਪਾਰੀ ਦੇ ਨੁਕਸਾਨ ਬਾਰੇ ਜਾਣਦੇ ਹੋਏ ਵੀ ਕੀ ਮੈਂ ਸੁਪਾਰੀ ਚੱਬਦੀ ਤੇ ਵੇਚਦੀ ਰਹਾਂਗੀ? ਉਸੇ ਵੇਲੇ ਮੈਂ ਇਸ ਗੰਦੀ ਆਦਤ ਤੋਂ ‘ਆਪਣੇ ਹੱਥਾਂ ਨੂੰ ਸਾਫ਼’ ਕਰਨ ਦਾ ਫ਼ੈਸਲਾ ਕਰ ਲਿਆ ਜਿਸ ਨਾਲ ਮੇਰਾ ਪਰਮੇਸ਼ੁਰ ਨਾਲ ਰਿਸ਼ਤਾ ਖ਼ਰਾਬ ਹੁੰਦਾ ਹੈ।

ਇਹ ਆਦਤ ਛੱਡਣ ਦਾ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ?

ਵਨ-ਜੂਏਨ: ਮੈਂ ਸੁਪਾਰੀ ਇਸ ਲਈ ਚੱਬਣੀ ਸ਼ੁਰੂ ਕੀਤੀ ਤਾਂਕਿ ਮੇਰੇ ਹਾਣੀ ਮੈਨੂੰ ਪਸੰਦ ਕਰਨ। ਹੁਣ ਮੈਂ ਯਹੋਵਾਹ ਅਤੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਕਿਤੇ ਜ਼ਿਆਦਾ ਅਨਮੋਲ ਰਿਸ਼ਤੇ ਦਾ ਆਨੰਦ ਮਾਣ ਰਿਹਾ ਹਾਂ।

ਸੈਮ: ਹੁਣ ਮੈਂ ਪਹਿਲਾਂ ਨਾਲੋਂ ਜ਼ਿਆਦਾ ਸਿਹਤਮੰਦ ਹਾਂ ਅਤੇ ਪਰਮੇਸ਼ੁਰ ਨਾਲ ਮੇਰਾ ਵਧੀਆ ਰਿਸ਼ਤਾ ਹੈ। ਹੁਣ ਮੈਂ ਬੁਰੀਆਂ ਆਦਤਾਂ ’ਤੇ ਪੈਸੇ ਨਹੀਂ ਉਡਾਉਂਦਾ ਜਿਸ ਕਰਕੇ ਮੈਂ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਦਾ ਹਾਂ।

ਪੌਲੀਨ: ਹੁਣ ਮੈਂ ਇਸ ਆਦਤ ਤੋਂ ਛੁੱਟ ਗਈ ਹਾਂ ਤੇ ਆਪਣੇ ਆਪ ਨੂੰ ਸ਼ੁੱਧ ਮਹਿਸੂਸ ਕਰਦੀ ਹਾਂ। ਮੇਰੇ ਦੰਦ ਚਿੱਟੇ ਤੇ ਮਜ਼ਬੂਤ ਹਨ। ਮੇਰੇ ਘਰ ਅਤੇ ਬਾਗ਼ ਵਿਚ ਸੁਪਾਰੀ ਦੀਆਂ ਛਿੱਲਾਂ ਨਹੀਂ ਹਨ ਤੇ ਨਾ ਹੀ ਲਾਲ ਰੰਗ ਦੇ ਘਿਣਾਉਣੇ ਨਿਸ਼ਾਨ ਹਨ।

ਬੈਟੀ: ਮੇਰੀ ਜ਼ਮੀਰ ਹੁਣ ਸ਼ੁੱਧ ਹੈ ਅਤੇ ਮੇਰੀ ਸਿਹਤ ਪਹਿਲਾਂ ਨਾਲੋਂ ਚੰਗੀ ਹੈ। ਮੈਂ ਹੁਣ ਸਕੂਲ ਵਿਚ ਅਧਿਆਪਕ ਹਾਂ ਅਤੇ ਫੁੱਲ-ਟਾਈਮ ਪ੍ਰਚਾਰ ਵੀ ਕਰਦੀ ਹਾਂ।

[ਤਸਵੀਰਾਂ]

ਬੈਟੀ

ਪੌਲੀਨ

ਵਨ-ਜੂਏਨ

ਜੀਆਓ-ਲਿਏਨ

ਸੈਮ

[ਸਫ਼ਾ 17 ਉੱਤੇ ਡਾਇਆਗ੍ਰਾਮ/ਤਸਵੀਰਾਂ]

(ਪੂਰੀ ਤਰ੍ਹਾਂ ਫੋਰਮੈਟ ਕੀਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਸੁਪਾਰੀ ਦੇ ਆਦੀ ਲੋਕਾਂ ਨੂੰ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ

ਧੱਬਿਆਂ ਵਾਲੇ ਦੰਦ ਅਤੇ ਮਸੂੜਿਆਂ ਦੀ ਬੀਮਾਰੀ

ਓਰਲ ਸਬਮਿਊਕਸ ਫਾਈਬਰੋਸਿਸ

ਮੂੰਹ ਦਾ ਕੈਂਸਰ

[ਸਫ਼ਾ 16 ਉੱਤੇ ਤਸਵੀਰ]

ਪੱਤਿਆਂ ਵਿਚ ਲਪੇਟੀਆਂ ਸੁਪਾਰੀਆਂ