Skip to content

Skip to table of contents

ਸੋਸ਼ਲ ਨੈੱਟਵਰਕਿੰਗ ਬਾਰੇ ਆਪਣੇ ਤੋਂ ਚਾਰ ਸਵਾਲ ਪੁੱਛੋ

ਸੋਸ਼ਲ ਨੈੱਟਵਰਕਿੰਗ ਬਾਰੇ ਆਪਣੇ ਤੋਂ ਚਾਰ ਸਵਾਲ ਪੁੱਛੋ

ਸੋਸ਼ਲ ਨੈੱਟਵਰਕਿੰਗ ਬਾਰੇ ਆਪਣੇ ਤੋਂ ਚਾਰ ਸਵਾਲ ਪੁੱਛੋ

ਜਿਸ ਤਰ੍ਹਾਂ ਇੰਟਰਨੈੱਟ ਦੀ ਕਿਸੇ ਵੀ ਸਾਈਟ ਨੂੰ ਵਰਤਣ ਵਿਚ ਖ਼ਤਰਾ ਹੋ ਸਕਦਾ ਹੈ, ਉਸੇ ਤਰ੍ਹਾਂ ਸੋਸ਼ਲ ਨੈੱਟਵਰਕਿੰਗ ਦੇ ਵੀ ਖ਼ਤਰੇ ਹੋ ਸਕਦੇ ਹਨ। * ਇਹ ਗੱਲ ਧਿਆਨ ਵਿਚ ਰੱਖਦਿਆਂ ਹੇਠਾਂ ਦਿੱਤੇ ਸਵਾਲਾਂ ’ਤੇ ਗੌਰ ਕਰੋ।

1 ਸੋਸ਼ਲ ਨੈੱਟਵਰਕਿੰਗ ਦਾ ਮੇਰੀ ਪ੍ਰਾਈਵੇਸੀ ਉੱਤੇ ਕੀ ਅਸਰ ਪੈਂਦਾ ਹੈ?

“ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਨਹੀਂ, ਪਰ ਜੋ ਆਪਣਿਆਂ ਬੁੱਲ੍ਹਾਂ ਨੂੰ ਰੋਕਦਾ ਹੈ ਉਹ ਦਾਨਾ ਹੈ।”—ਕਹਾਉਤਾਂ 10:19.

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ: ਜੇ ਤੁਸੀਂ ਧਿਆਨ ਨਹੀਂ ਰੱਖਦੇ, ਤਾਂ ਤੁਹਾਡੀ ਨਿੱਜੀ ਜਾਣਕਾਰੀ, ਫੋਟੋਆਂ, ਸਟੇਟਸ ਅਪਡੇਟਸ (ਆਪਣੀ ਲਿਸਟ ਵਿਚ ਸ਼ਾਮਲ ਦੋਸਤਾਂ ਨੂੰ ਭੇਜੇ ਛੋਟੇ-ਛੋਟੇ ਮੈਸਿਜਸ) ਅਤੇ ਕਮੈਂਟਸ (ਆਪਣੇ ਦੋਸਤਾਂ ਨੂੰ ਭੇਜੇ ਜਵਾਬ) ਤੋਂ ਕਾਫ਼ੀ ਕੁਝ ਪਤਾ ਲੱਗ ਸਕਦਾ ਹੈ। ਮਿਸਾਲ ਲਈ, ਇਨ੍ਹਾਂ ਤੋਂ ਪਤਾ ਲੱਗ ਸਕਦਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ, ਕਦੋਂ ਤੁਸੀਂ ਘਰ ਹੁੰਦੇ ਹੋ ਤੇ ਕਦੋਂ ਨਹੀਂ, ਤੁਸੀਂ ਕਿੱਥੇ ਕੰਮ ਕਰਦੇ ਹੋ ਜਾਂ ਕਿੱਥੇ ਸਕੂਲ ਜਾਂਦੇ ਹੋ। ਤੁਹਾਡੇ ਪਤੇ ਦੇ ਨਾਲ-ਨਾਲ ਪੋਸਟ ਕੀਤੇ ਅਜਿਹੇ ਕਮੈਂਟਸ ਜਿਵੇਂ “ਅਸੀਂ ਕੱਲ੍ਹ ਨੂੰ ਛੁੱਟੀਆਂ ਤੇ ਜਾ ਰਹੇ ਹਾਂ!” ਚੋਰ ਨੂੰ ਦੱਸਣਾ ਕਾਫ਼ੀ ਹੋਵੇਗਾ ਕਿ ਉਹ ਕਿੱਥੇ ਤੇ ਕਦੋਂ ਚੋਰੀ ਕਰ ਸਕਦਾ ਹੈ।

ਹੋਰ ਜਾਣਕਾਰੀ, ਜਿਵੇਂ ਤੁਹਾਡਾ ਈ-ਮੇਲ ਐਡਰੈੱਸ, ਤੁਹਾਡੀ ਜਨਮ ਤਾਰੀਖ਼ ਜਾਂ ਫ਼ੋਨ ਨੰਬਰ ਦੇਣ ਨਾਲ ਕੋਈ ਤੁਹਾਨੂੰ ਤੰਗ-ਪਰੇਸ਼ਾਨ ਕਰ ਸਕਦਾ ਤੇ ਡਰਾ-ਧਮਕਾ ਸਕਦਾ ਹੈ ਜਾਂ ਤੁਹਾਡੀ ਨਿੱਜੀ ਜਾਣਕਾਰੀ ਚੁਰਾ ਸਕਦਾ ਹੈ। ਫਿਰ ਵੀ ਲੋਕ ਸੋਸ਼ਲ ਨੈੱਟਵਰਕ ਪੇਜ ’ਤੇ ਫਟਾਫਟ ਇਹੋ ਜਿਹੀ ਜਾਣਕਾਰੀ ਪਾ ਦਿੰਦੇ ਹਨ।

ਲੋਕ ਅਕਸਰ ਇਹ ਭੁੱਲ ਜਾਂਦੇ ਹਨ ਕਿ ਜੋ ਜਾਣਕਾਰੀ ਉਨ੍ਹਾਂ ਨੇ ਪੋਸਟ ਕੀਤੀ ਹੈ, ਉਹ ਕਿਸੇ ਦੇ ਵੀ ਹੱਥ ਲੱਗ ਸਕਦੀ ਹੈ। ਭਾਵੇਂ ਉਹ ਸਾਫ਼-ਸਾਫ਼ ਕਹਿੰਦੇ ਹਨ ਕਿ ਇਹ ਜਾਣਕਾਰੀ ਸਿਰਫ਼ ਉਨ੍ਹਾਂ ਦੇ ਦੋਸਤਾਂ ਲਈ ਹੈ, ਫਿਰ ਵੀ ਉਹ ਇਸ ਜਾਣਕਾਰੀ ਨੂੰ ਅੱਗੇ ਭੇਜਣ ਤੋਂ ਆਪਣੇ ਦੋਸਤਾਂ ਨੂੰ ਰੋਕ ਨਹੀਂ ਸਕਦੇ। ਤਾਂ ਫਿਰ, ਸੋਸ਼ਲ ਨੈੱਟਵਰਕ ਉੱਤੇ ਪੋਸਟ ਕੀਤੀ ਕੋਈ ਵੀ ਜਾਣਕਾਰੀ ਕਿਸੇ ਦੇ ਵੀ ਹੱਥ ਲੱਗ ਸਕਦੀ ਹੈ ਜਾਂ ਕੋਈ ਵੀ ਉਸ ਨੂੰ ਆਸਾਨੀ ਨਾਲ ਕਿਸੇ ਨੂੰ ਵੀ ਭੇਜ ਸਕਦਾ ਹੈ।

ਤੁਸੀਂ ਕੀ ਕਰ ਸਕਦੇ ਹੋ: ਆਪਣੇ ਸੋਸ਼ਲ ਨੈੱਟਵਰਕ ਅਕਾਊਂਟ ’ਤੇ ਪ੍ਰਾਈਵੇਸੀ ਸੈਟਿੰਗਜ਼ ਨਾਲ ਪੂਰੀ ਤਰ੍ਹਾਂ ਵਾਕਫ਼ ਹੋਵੋ ਤੇ ਇਨ੍ਹਾਂ ਨੂੰ ਵਰਤੋ। ਸਟੇਟਸ ਅਪਡੇਟਸ ਅਤੇ ਫੋਟੋਆਂ ਸਿਰਫ਼ ਉਨ੍ਹਾਂ ਨੂੰ ਹੀ ਭੇਜੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿਨ੍ਹਾਂ ’ਤੇ ਤੁਹਾਨੂੰ ਭਰੋਸਾ ਹੈ।

ਫਿਰ ਵੀ ਯਾਦ ਰੱਖੋ ਕਿ ਤੁਸੀਂ ਜੋ ਵੀ ਪੋਸਟ ਕਰਦੇ ਹੋ, ਉਹ ਤੁਹਾਡੇ ਦੋਸਤਾਂ ਤੋਂ ਛੁੱਟ ਹੋਰਨਾਂ ਦੇ ਵੀ ਹੱਥ ਲੱਗ ਸਕਦਾ ਹੈ। ਸਮੇਂ-ਸਮੇਂ ਤੇ ਆਪਣੇ ਪੇਜ ਨੂੰ ਦੇਖੋ ਅਤੇ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਜੋ ਪੋਸਟ ਕੀਤਾ ਹੈ, ਕੀ ਉਸ ਤੋਂ ਕਿਸੇ ਬੇਈਮਾਨ ਬੰਦੇ ਨੂੰ ਇਹ ਪਤਾ ਲੱਗ ਸਕਦਾ ਹੈ ਕਿ ਤੁਸੀਂ ਕਿੱਥੇ ਰਹਿੰਦੇ ਹੋ ਜਾਂ ਕੀ ਉਹ ਤੁਹਾਡੀ ਨਿੱਜੀ ਜਾਣਕਾਰੀ ਚੁਰਾ ਸਕਦਾ ਹੈ? ਆਪਣੇ ਦੋਸਤਾਂ ਨੂੰ ਵੀ ਅਜਿਹੀ ਜਾਣਕਾਰੀ ਨਾ ਦਿਓ ਜਿਸ ਕਰਕੇ ਤੁਹਾਡੀ ਜਾਂ ਕਿਸੇ ਹੋਰ ਦੀ ਪ੍ਰਾਈਵੇਸੀ ਖ਼ਤਰੇ ਵਿਚ ਪੈ ਸਕਦੀ ਹੈ। (ਕਹਾਉਤਾਂ 11:13) ਜੋ ਜਾਣਕਾਰੀ ਤੁਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਦੇ ਹੱਥ ਲੱਗੇ, ਉਸ ਬਾਰੇ ਦੱਸਣ ਲਈ ਉਸ ਨੂੰ ਪੋਸਟ ਕਰਨ ਦੀ ਬਜਾਇ ਕੋਈ ਹੋਰ ਤਰੀਕਾ ਵਰਤੋ। 21 ਸਾਲਾਂ ਦੀ ਕੇਮਰਨ ਕਹਿੰਦੀ ਹੈ: “ਫ਼ੋਨ ’ਤੇ ਗੱਲ ਕਰਨ ਨਾਲ ਤੁਹਾਡੀ ਗੱਲ ਆਪਸ ਵਿਚ ਹੀ ਰਹਿੰਦੀ ਹੈ। ਕਿਸੇ ਹੋਰ ਦੇ ਕੰਨੀਂ ਪੈਣ ਦਾ ਘੱਟ ਖ਼ਤਰਾ ਹੈ।”

ਮੁੱਖ ਗੱਲ: ਕਿਮ ਨਾਂ ਦੀ ਮੁਟਿਆਰ ਨੇ ਇਸ ਗੱਲ ਦਾ ਇਹ ਵਧੀਆ ਨਿਚੋੜ ਕੱਢਿਆ: “ਜੇ ਤੁਸੀਂ ਧਿਆਨ ਰੱਖੋ ਕਿ ਤੁਸੀਂ ਕੀ ਕਰ ਰਹੇ ਹੋ, ਤਾਂ ਤੁਸੀਂ ਸੋਸ਼ਲ ਨੈੱਟਵਰਕ ’ਤੇ ਕੁਝ ਹੱਦ ਤਕ ਆਪਣੀ ਪ੍ਰਾਈਵੇਸੀ ਬਚਾ ਕੇ ਰੱਖ ਸਕਦੇ ਹੋ। ਤੁਹਾਨੂੰ ਕੋਈ ਖ਼ਤਰਾ ਨਹੀਂ ਜੇ ਤੁਸੀਂ ਕੋਈ ਲਾਪਰਵਾਹੀ ਨਾ ਵਰਤੋ।”

2 ਸੋਸ਼ਲ ਨੈੱਟਵਰਕਿੰਗ ਦਾ ਮੇਰੇ ਸਮੇਂ ਉੱਤੇ ਕੀ ਅਸਰ ਪੈਂਦਾ ਹੈ?

“ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”—ਫ਼ਿਲਿੱਪੀਆਂ 1:10.

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ: ਸੋਸ਼ਲ ਨੈੱਟਵਰਕਿੰਗ ’ਤੇ ਤੁਹਾਡਾ ਕਾਫ਼ੀ ਸਮਾਂ ਬਰਬਾਦ ਹੋ ਸਕਦਾ ਹੈ ਅਤੇ ਇਹ ਤੁਹਾਨੂੰ ਹੋਰ ਜ਼ਿਆਦਾ ਜ਼ਰੂਰੀ ਕੰਮ ਕਰਨ ਤੋਂ ਰੋਕ ਸਕਦਾ ਹੈ। ਕੇਅ ਨਾਂ ਦੀ ਮੁਟਿਆਰ ਕਹਿੰਦੀ ਹੈ: “ਤੁਹਾਡੇ ਜਿੰਨੇ ਜ਼ਿਆਦਾ ਦੋਸਤ ਹਨ, ਉੱਨਾ ਜ਼ਿਆਦਾ ਸਮਾਂ ਤੁਸੀਂ ਸੋਸ਼ਲ ਨੈੱਟਵਰਕ ’ਤੇ ਗੁਜ਼ਾਰੋਗੇ ਅਤੇ ਉੱਨਾ ਜ਼ਿਆਦਾ ਤੁਸੀਂ ਇਸ ਦੇ ਆਦੀ ਹੋ ਸਕਦੇ ਹੋ।” ਉਨ੍ਹਾਂ ਕੁਝ ਲੋਕਾਂ ਦੇ ਵਿਚਾਰਾਂ ਵੱਲ ਧਿਆਨ ਦਿਓ ਜੋ ਕਹਿੰਦੇ ਹਨ ਕਿ ਉਹ ਇਸ ਫੰਦੇ ਵਿਚ ਫਸ ਗਏ ਸਨ।

“ਸੋਸ਼ਲ ਨੈੱਟਵਰਕ ਸਾਈਟ ਨੂੰ ਬੰਦ ਕਰਨਾ ਬਹੁਤ ਮੁਸ਼ਕਲ ਹੈ, ਭਾਵੇਂ ਤੁਸੀਂ ਸੋਸ਼ਲ ਨੈੱਟਵਰਕਿੰਗ ਕਰਨੀ ਪਸੰਦ ਨਹੀਂ ਕਰਦੇ। ਤੁਹਾਨੂੰ ਇਸ ਦਾ ਭੁੱਸ ਪੈ ਜਾਂਦਾ ਹੈ।”—ਏਲੀਜ਼।

“ਸੋਸ਼ਲ ਨੈੱਟਵਰਕ ’ਤੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੋ ਜਿਵੇਂ ਗੇਮਾਂ ਖੇਡਣੀਆਂ, ਟੈੱਸਟ ਕਰਨੇ, ਮਿਊਜ਼ਿਕ ਫੈਨ ਪੇਜ ਦੇਖਣੇ ਤੇ ਆਪਣੇ ਸਾਰੇ ਦੋਸਤਾਂ ਦੇ ਪ੍ਰੋਫਾਈਲ ਪੇਜ ਦੇਖਣੇ।”—ਬਲੇਨ।

“ਤੁਸੀਂ ਇਸ ਵਿਚ ਇੰਨਾ ਖੁੱਭ ਜਾਂਦੇ ਹੋ ਕਿ ਤੁਹਾਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਜਦ ਤਕ ਤੁਹਾਡੀ ਮੰਮੀ ਆ ਕੇ ਤੁਹਾਨੂੰ ਪੁੱਛਦੀ ਨਹੀਂ ਕਿ ਭਾਂਡੇ ਕਿਉਂ ਨਹੀਂ ਧੋਤੇ।”—ਐਨਾਲੀਸ।

“ਮੈਂ ਸਕੂਲ ਤੋਂ ਫਟਾਫਟ ਇਹ ਦੇਖਣ ਲਈ ਘਰ ਆਉਣਾ ਚਾਹੁੰਦੀ ਸੀ ਕਿ ਮੈਂ ਜੋ ਵੀ ਪੋਸਟ ਕੀਤਾ ਹੈ ਉਸ ਦਾ ਕਿਸ-ਕਿਸ ਨੇ ਜਵਾਬ ਦਿੱਤਾ ਹੈ। ਫਿਰ ਮੈਨੂੰ ਉਨ੍ਹਾਂ ਸਾਰਿਆਂ ਨੂੰ ਜਵਾਬ ਦੇਣਾ ਪੈਂਦਾ ਸੀ ਅਤੇ ਉਨ੍ਹਾਂ ਦੀਆਂ ਪੋਸਟ ਕੀਤੀਆਂ ਨਵੀਆਂ ਫੋਟੋਆਂ ਦੇਖਣੀਆਂ ਪੈਂਦੀਆਂ ਸੀ। ਜਦੋਂ ਮੈਂ ਆਨ-ਲਾਈਨ ਹੁੰਦੀ ਸੀ, ਉਸ ਸਮੇਂ ਜੇ ਕੋਈ ਆ ਕੇ ਮੇਰਾ ਧਿਆਨ ਭੰਗ ਕਰਦਾ ਸੀ, ਤਾਂ ਮੇਰਾ ਮੂਡ ਖ਼ਰਾਬ ਹੋ ਜਾਂਦਾ ਸੀ ਤੇ ਮੈਨੂੰ ਖਿੱਝ ਆ ਜਾਂਦੀ ਸੀ। ਕੁਝ ਲੋਕ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ, ਹਰ ਵੇਲੇ ਸੋਸ਼ਲ ਨੈੱਟਵਰਕਿੰਗ ਕਰਦੇ ਰਹਿੰਦੇ ਹਨ, ਉਦੋਂ ਵੀ ਜਦੋਂ ਉਹ ਕਿਸੇ ਦੇ ਘਰ ਜਾਂਦੇ ਹਨ ਤੇ ਅੱਧੀ-ਅੱਧੀ ਰਾਤ ਨੂੰ ਵੀ!”—ਮੇਗਨ।

ਤੁਸੀਂ ਕੀ ਕਰ ਸਕਦੇ ਹੋ: ਸਮਾਂ ਅਜਿਹੀ ਚੀਜ਼ ਹੈ ਜਿਸ ਨੂੰ ਫਜ਼ੂਲ ਖ਼ਰਚ ਕੇ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਹੈ। ਇਸ ਲਈ ਕਿਉਂ ਨਾ ਆਪਣੇ ਪੈਸੇ ਦੀ ਤਰ੍ਹਾਂ ਇਸ ਨੂੰ ਸਾਵਧਾਨੀ ਨਾਲ ਵਰਤੋ? ਪਹਿਲਾਂ, ਲਿਖੋ ਕਿ ਤੁਹਾਡੇ ਲਈ ਸੋਸ਼ਲ ਨੈੱਟਵਰਕ ’ਤੇ ਕਿੰਨਾ ਸਮਾਂ ਬਿਤਾਉਣਾ ਸਹੀ ਹੋਵੇਗਾ। ਫਿਰ ਇਕ ਮਹੀਨੇ ਲਈ ਦੇਖੋ ਕਿ ਤੁਸੀਂ ਅਸਲ ਵਿਚ ਕਿੰਨਾ ਸਮਾਂ ਇਸ ਉੱਤੇ ਬਿਤਾਇਆ ਹੈ ਅਤੇ ਤੁਸੀਂ ਆਪਣੇ ਇਰਾਦੇ ਦੇ ਕਿੰਨੇ ਕੁ ਪੱਕੇ ਰਹੇ ਹੋ। ਜੇ ਸੁਧਾਰ ਕਰਨ ਦੀ ਲੋੜ ਹੈ, ਤਾਂ ਕਰੋ।

ਜੇ ਤੁਸੀਂ ਮਾਪੇ ਹੋ ਅਤੇ ਤੁਹਾਡੇ ਬੱਚੇ ਸੋਸ਼ਲ ਨੈੱਟਵਰਕਿੰਗ ਕਰਦਿਆਂ ਹੱਦੋਂ ਵੱਧ ਸਮਾਂ ਬਿਤਾਉਂਦੇ ਹਨ, ਤਾਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਇਸ ਦੀ ਕੋਈ ਖ਼ਾਸ ਵਜ੍ਹਾ ਹੈ ਜਾਂ ਨਹੀਂ। ਮਿਸਾਲ ਲਈ, ਸਾਈਬਰਸੇਫ ਕਿਡਜ਼, ਸਾਈਬਰ-ਸਾਵੀ ਟੀਨਜ਼ ਨਾਂ ਦੀ ਆਪਣੀ ਕਿਤਾਬ ਵਿਚ ਨੈਨਸੀ ਈ. ਵਿਲਾਰਡ ਦੱਸਦੀ ਹੈ ਕਿ ਸੋਸ਼ਲ ਨੈੱਟਵਰਕਿੰਗ ਦੀ ਹੱਦੋਂ ਵੱਧ ਵਰਤੋਂ ਕਰਨ ਵਾਲੇ ਸ਼ਾਇਦ ਚਿੰਤਾ ਤੇ ਤਣਾਅ ਦੇ ਸ਼ਿਕਾਰ ਹੋਣ ਅਤੇ ਆਪਣੇ ਆਪ ਨੂੰ ਘਟੀਆ ਸਮਝਦੇ ਹੋਣ। ਉਸ ਨੇ ਲਿਖਿਆ: “ਅੱਲੜ੍ਹ ਉਮਰ ਦੇ ਬਹੁਤ ਸਾਰੇ ਬੱਚਿਆਂ ਨੂੰ ਇਹ ਚਿੰਤਾ ਰਹਿੰਦੀ ਹੈ ਕਿ ਦੂਜੇ ਉਨ੍ਹਾਂ ਬਾਰੇ ਕੀ ਸੋਚਦੇ ਹਨ। ਉਨ੍ਹਾਂ ਦੇ ਹਿਸਾਬ ਨਾਲ ਜਿੰਨੇ ਜ਼ਿਆਦਾ ਸੋਸ਼ਲ ਨੈੱਟਵਰਕ ’ਤੇ ਉਨ੍ਹਾਂ ਦੇ ਦੋਸਤ ਹਨ, ਉੱਨਾ ਜ਼ਿਆਦਾ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ। ਇਸ ਕਾਰਨ ਉਨ੍ਹਾਂ ਨੂੰ ਸੋਸ਼ਲ ਨੈੱਟਵਰਕਿੰਗ ਦੀ ਲਤ ਲੱਗ ਸਕਦੀ ਹੈ।”

ਸੋਸ਼ਲ ਨੈੱਟਵਰਕਿੰਗ ਜਾਂ ਕੰਪਿਊਟਰ ’ਤੇ ਹੋਰ ਕਿਸੇ ਵੀ ਕੰਮ ਨੂੰ ਆਪਣੇ ਘਰ ਦੇ ਜੀਆਂ ਨਾਲ ਆਪਣੇ ਰਿਸ਼ਤੇ ਵਿਚ ਰੁਕਾਵਟ ਨਾ ਬਣਨ ਦਿਓ। ਡਾਨ ਟੈਪਸਕਾਟ ਨੇ ਆਪਣੀ ਕਿਤਾਬ ਵਿਚ ਕਿਹਾ: “ਇੰਟਰਨੈੱਟ ਨੂੰ ਦਾਦ ਦੇਣੀ ਚਾਹੀਦੀ ਹੈ ਕਿ ਇਕ ਪਾਸੇ ਤਾਂ ਇਹ ਦੂਰ ਰਹਿੰਦੇ ਪਰਿਵਾਰ ਦੇ ਜੀਆਂ ਨਾਲ ਸਾਡੀ ਗੱਲ ਕਰਾਉਂਦਾ ਹੈ ਤੇ ਦੂਜੇ ਪਾਸੇ ਇੱਕੋ ਹੀ ਘਰ ਰਹਿੰਦੇ ਜੀਆਂ ਵਿਚ ਦੂਰੀਆਂ ਪਾਉਂਦਾ ਹੈ।”—ਗ੍ਰੋਨ ਅੱਪ ਡਿਜੀਟਲ।

ਮੁੱਖ ਗੱਲ: ਐਮਿਲੀ ਨਾਂ ਦੀ ਕੁੜੀ ਕਹਿੰਦੀ ਹੈ: “ਮੇਰੇ ਖ਼ਿਆਲ ਵਿਚ ਸੋਸ਼ਲ ਨੈੱਟਵਰਕਿੰਗ ਦੂਜਿਆਂ ਨਾਲ ਸੰਪਰਕ ਕਰਨ ਦਾ ਵਧੀਆ ਤਰੀਕਾ ਹੈ। ਪਰ ਜਿਵੇਂ ਹੋਰਨਾਂ ਚੀਜ਼ਾਂ ਬਾਰੇ ਸੱਚ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਨੂੰ ਕਦੋਂ ਬੰਦ ਕਰਨ ਦੀ ਲੋੜ ਹੈ।”

3 ਸੋਸ਼ਲ ਨੈੱਟਵਰਕਿੰਗ ਦਾ ਮੇਰੀ ਨੇਕਨਾਮੀ ਉੱਤੇ ਕੀ ਅਸਰ ਪੈਂਦਾ ਹੈ?

“ਵੱਡੇ ਧਨ ਨਾਲੋਂ ਨੇਕ ਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ।”—ਕਹਾਉਤਾਂ 22:1.

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ: ਸੋਸ਼ਲ ਨੈੱਟਵਰਕ ’ਤੇ ਜੋ ਤੁਸੀਂ ਪੋਸਟ ਕਰਦੇ ਹੋ, ਉਨ੍ਹਾਂ ਵਿੱਚੋਂ ਕੁਝ ਗੱਲਾਂ ਨਾਲ ਤੁਹਾਡੀ ਨੇਕਨਾਮੀ ’ਤੇ ਧੱਬਾ ਲੱਗ ਸਕਦਾ ਹੈ ਜਿਸ ਨੂੰ ਮਿਟਾਉਣਾ ਸ਼ਾਇਦ ਬਹੁਤ ਔਖਾ ਹੋਵੇ। (ਕਹਾਉਤਾਂ 20:11; ਮੱਤੀ 7:17) ਲੱਗਦਾ ਹੈ ਕਿ ਕਈ ਇਸ ਖ਼ਤਰੇ ਤੋਂ ਅਣਜਾਣ ਹਨ। ਰਾਕੇਲ ਨਾਂ ਦੀ ਔਰਤ ਕਹਿੰਦੀ ਹੈ: “ਜਦੋਂ ਲੋਕ ਸੋਸ਼ਲ ਨੈੱਟਵਰਕ ’ਤੇ ਜਾਂਦੇ ਹਨ, ਤਾਂ ਲੱਗਦਾ ਹੈ ਕਿ ਉਨ੍ਹਾਂ ਦੀ ਅਕਲ ਠਿਕਾਣੇ ਨਹੀਂ ਰਹਿੰਦੀ। ਉਹ ਉਹ ਗੱਲਾਂ ਕਰਦੇ ਹਨ ਜੋ ਉਹ ਆਮ੍ਹੋ-ਸਾਮ੍ਹਣੇ ਕਿਸੇ ਨਾਲ ਨਹੀਂ ਕਰਨਗੇ। ਕਈਆਂ ਨੂੰ ਇਹ ਨਹੀਂ ਪਤਾ ਕਿ ਇਕ ਘਟੀਆ ਗੱਲ ਪੋਸਟ ਕਰਨ ਨਾਲ ਉਨ੍ਹਾਂ ਦੀ ਨੇਕਨਾਮੀ ਮਿੱਟੀ ਵਿਚ ਮਿਲ ਸਕਦੀ ਹੈ।”

ਸੋਸ਼ਲ ਨੈੱਟਵਰਕ ਕਾਰਨ ਤੁਹਾਡੀ ਨੇਕਨਾਮੀ ’ਤੇ ਧੱਬਾ ਲੱਗਣ ਕਰਕੇ ਭਵਿੱਖ ਉੱਤੇ ਬੁਰੇ ਅਸਰ ਪੈ ਸਕਦੇ ਹਨ। ਇਕ ਕਿਤਾਬ ਮੁਤਾਬਕ “ਸੋਸ਼ਲ ਨੈੱਟਵਰਕ ਸਾਈਟ ਵਰਤਣ ਵਾਲਿਆਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਕਿ ਉਨ੍ਹਾਂ ਦੀਆਂ ਪੋਸਟ ਕੀਤੀਆਂ ਗਈਆਂ ਗੱਲਾਂ ਕਰਕੇ ਉਨ੍ਹਾਂ ਨੇ ਆਪਣੀਆਂ ਨੌਕਰੀਆਂ ਗੁਆ ਲਈਆਂ ਜਾਂ ਉਨ੍ਹਾਂ ਨੂੰ ਕਿਸੇ ਨੌਕਰੀ ’ਤੇ ਰੱਖਿਆ ਨਹੀਂ ਗਿਆ।”—ਗ੍ਰੋਨ ਅੱਪ ਡਿਜੀਟਲ।

ਤੁਸੀਂ ਕੀ ਕਰ ਸਕਦੇ ਹੋ: ਆਪਣੇ ਸੋਸ਼ਲ ਨੈੱਟਵਰਕ ਪੇਜ ਨੂੰ ਦੂਜਿਆਂ ਦੀਆਂ ਨਜ਼ਰਾਂ ਤੋਂ ਦੇਖਣ ਦੀ ਕੋਸ਼ਿਸ਼ ਕਰੋ। ਆਪਣੇ ਆਪ ਨੂੰ ਇਹ ਸਵਾਲ ਪੁੱਛੋ: ‘ਕੀ ਮੈਂ ਚਾਹੁੰਦਾ ਹਾਂ ਕਿ ਲੋਕ ਮੇਰੇ ਬਾਰੇ ਇੱਦਾਂ ਹੀ ਸੋਚਣ? ਜੇ ਕੋਈ ਮੇਰੀਆਂ ਪੋਸਟ ਕੀਤੀਆਂ ਫੋਟੋਆਂ ਨੂੰ ਦੇਖੇ, ਤਾਂ ਉਹ ਮੇਰੇ ਚਾਲ-ਚਲਣ ਬਾਰੇ ਕੀ ਸੋਚੇਗਾ ਜਾਂ ਉਹ ਦੇ ਮਨ ਵਿਚ ਕੀ ਆਵੇਗਾ ਕਿ ਮੈਂ ਕਿਸ ਤਰ੍ਹਾਂ ਦਾ ਹਾਂ? “ਫਲਰਟ ਕਰਨ ਵਾਲਾ”? “ਸੈਕਸੀ”? “ਪਾਰਟੀਆਂ ਦਾ ਸ਼ੌਕੀਨ”? ਜੇ ਉਹ ਮੇਰੇ ਬਾਰੇ ਇਸ ਤਰ੍ਹਾਂ ਦਾ ਵਿਚਾਰ ਰੱਖਦਾ ਹੈ, ਤਾਂ ਕੀ ਮੈਂ ਚਾਹੁੰਦਾ ਹਾਂ ਕਿ ਨੌਕਰੀ ਲਈ ਅਪਲਾਈ ਕਰਨ ਵੇਲੇ ਮੇਰਾ ਸੰਭਾਵੀ ਬਾਸ ਮੇਰੇ ਪੇਜ ਨੂੰ ਦੇਖ ਕੇ ਮੇਰੇ ਬਾਰੇ ਇਸ ਤਰ੍ਹਾਂ ਸੋਚੇ? ਕੀ ਇਨ੍ਹਾਂ ਫੋਟੋਆਂ ਤੋਂ ਮੇਰੀਆਂ ਅਸਲੀ ਕਦਰਾਂ-ਕੀਮਤਾਂ ਬਾਰੇ ਪਤਾ ਲੱਗਦਾ ਹੈ?’

ਜੇ ਤੁਸੀਂ ਨੌਜਵਾਨ ਹੋ, ਤਾਂ ਆਪਣੇ ਆਪ ਨੂੰ ਪੁੱਛੋ: ‘ਫਿਰ ਕੀ ਜੇ ਮੇਰੇ ਮਾਪੇ, ਮੇਰਾ ਅਧਿਆਪਕ ਜਾਂ ਕੋਈ ਹੋਰ ਬੰਦਾ ਜਿਸ ਦੀ ਮੈਂ ਇੱਜ਼ਤ ਕਰਦਾ ਹਾਂ, ਮੇਰਾ ਪੇਜ ਦੇਖੇ? ਉਹ ਜੋ ਕੁਝ ਦੇਖਣਗੇ ਜਾਂ ਪੜ੍ਹਨਗੇ ਕੀ ਉਸ ਕਾਰਨ ਮੈਂ ਸ਼ਰਮਿੰਦਾ ਹੋਵਾਂਗਾ?’

ਮੁੱਖ ਗੱਲ: ਜਦੋਂ ਤੁਹਾਡੀ ਨੇਕਨਾਮੀ ਦੀ ਗੱਲ ਆਉਂਦੀ ਹੈ, ਤਾਂ ਪੌਲੁਸ ਰਸੂਲ ਦੇ ਸ਼ਬਦ ਯਾਦ ਰੱਖੋ: “ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।”—ਗਲਾਤੀਆਂ 6:7.

4 ਸੋਸ਼ਲ ਨੈੱਟਵਰਕਿੰਗ ਦਾ ਦੋਸਤਾਂ ਦੀ ਮੇਰੀ ਚੋਣ ਉੱਤੇ ਕੀ ਅਸਰ ਪੈਂਦਾ ਹੈ?

“ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।”—ਕਹਾਉਤਾਂ 13:20.

ਤੁਹਾਨੂੰ ਕੀ ਪਤਾ ਹੋਣਾ ਚਾਹੀਦਾ: ਤੁਹਾਡੇ ਦੋਸਤਾਂ ਦਾ ਤੁਹਾਡੀ ਸੋਚ ਅਤੇ ਕੰਮਾਂ ’ਤੇ ਗਹਿਰਾ ਅਸਰ ਪੈਂਦਾ ਹੈ। (1 ਕੁਰਿੰਥੀਆਂ 15:33) ਇਸ ਲਈ ਚੰਗਾ ਹੋਵੇਗਾ ਜੇ ਤੁਸੀਂ ਸੋਚ-ਸਮਝ ਕੇ ਸੋਸ਼ਲ ਨੈੱਟਵਰਕ ’ਤੇ ਦੋਸਤ ਬਣਾਓ। ਕੁਝ ਸੈਂਕੜੇ ਲੋਕਾਂ ਨੂੰ ਆਪਣੇ ਦੋਸਤਾਂ ਦੀ ਲਿਸਟ ਵਿਚ ਸ਼ਾਮਲ ਕਰ ਲੈਂਦੇ ਹਨ ਜਿਨ੍ਹਾਂ ਨੂੰ ਉਹ ਥੋੜ੍ਹਾ-ਬਹੁਤਾ ਜਾਂ ਬਿਲਕੁਲ ਹੀ ਨਹੀਂ ਜਾਣਦੇ। ਦੂਜਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਨ੍ਹਾਂ ਦੀ ਲਿਸਟ ਵਿਚ ਸ਼ਾਮਲ ਸਾਰੇ ਲੋਕ ਚੰਗੇ ਦੋਸਤ ਨਹੀਂ ਹਨ। ਧਿਆਨ ਦਿਓ ਕਿ ਕੁਝ ਨੌਜਵਾਨਾਂ ਨੇ ਇਸ ਬਾਰੇ ਕੀ ਕਿਹਾ।

“ਜੇ ਕੋਈ ਕੁੜੀ ਜਾਂ ਮੁੰਡਾ ਹਰ ਐਰੇ-ਗੈਰੇ ਨੂੰ ਆਪਣੇ ਦੋਸਤਾਂ ਵਿਚ ਸ਼ਾਮਲ ਕਰ ਲਵੇ, ਤਾਂ ਉਹ ਜ਼ਰੂਰ ਕਿਸੇ ਮੁਸੀਬਤ ਵਿਚ ਫਸ ਜਾਵੇਗਾ।”—ਐਨਾਲੀਸ।

“ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ, ਆਪਣੇ ਦੋਸਤਾਂ ਦੀ ਲਿਸਟ ਵਿਚ ਉਨ੍ਹਾਂ ਨੂੰ ਵੀ ਸ਼ਾਮਲ ਕਰ ਲੈਂਦੇ ਹਨ ਜਿਨ੍ਹਾਂ ਨੂੰ ਉਹ ਅਸਲ ਵਿਚ ਸ਼ਾਮਲ ਕਰਨਾ ਨਹੀਂ ਚਾਹੁੰਦੇ। ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਨਾ ਸ਼ਾਮਲ ਕਰ ਕੇ ਉਹ ਉਨ੍ਹਾਂ ਦੇ ਜਜ਼ਬਾਤਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੁੰਦੇ।”—ਲੀਐਨ।

“ਸੋਸ਼ਲ ਨੈੱਟਵਰਕਿੰਗ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਕਿਸੇ ਨਾਲ ਆਮ੍ਹੋ-ਸਾਮ੍ਹਣੇ ਬੈਠ ਕੇ ਗੱਲਾਂ ਕਰਦੇ ਹੋ। ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਤੁਹਾਡੇ ਦੋਸਤ ਕੌਣ ਹਨ।”—ਅਲੈਕਸੀਸ।

ਤੁਸੀਂ ਕੀ ਕਰ ਸਕਦੇ ਹੋ: ‘ਫਰੈਂਡਿੰਗ ਪਾਲਸੀ’ ਬਣਾਓ। ਮਿਸਾਲ ਲਈ, ਕੁਝ ਜਣਿਆਂ ਨੇ ਪੱਕਾ ਠਾਣ ਲਿਆ ਹੈ ਕਿ ਉਹ ਕਿਨ੍ਹਾਂ ਨੂੰ ਆਪਣੇ ਦੋਸਤ ਬਣਾਉਣਗੇ:

“ਮੈਂ ਸਿਰਫ਼ ਉਨ੍ਹਾਂ ਨੂੰ ਹੀ ਆਪਣੇ ਦੋਸਤ ਬਣਾਉਂਦੀ ਹਾਂ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ, ਨਾ ਕਿ ਸਿਰਫ਼ ਜਿਨ੍ਹਾਂ ਨੂੰ ਮੈਂ ਪਛਾਣਦੀ ਹਾਂ।”—ਜੀਨ।

“ਮੈਂ ਸਿਰਫ਼ ਉਨ੍ਹਾਂ ਲੋਕਾਂ ਨੂੰ ਆਪਣੇ ਦੋਸਤ ਬਣਾਉਂਦੀ ਹਾਂ ਜਿਨ੍ਹਾਂ ਨੂੰ ਮੈਂ ਕਾਫ਼ੀ ਸਮੇਂ ਤੋਂ ਜਾਣਦੀ ਹਾਂ। ਮੈਂ ਅਜਨਬੀਆਂ ਨੂੰ ਆਪਣੀ ਦੋਸਤਾਂ ਦੀ ਲਿਸਟ ਵਿਚ ਕਦੇ ਨਹੀਂ ਸ਼ਾਮਲ ਕਰਦੀ।”—ਮੋਨੀਕ।

“ਮੈਂ ਸਿਰਫ਼ ਉਨ੍ਹਾਂ ਨੂੰ ਆਪਣੀ ਲਿਸਟ ਵਿਚ ਸ਼ਾਮਲ ਕਰਨਾ ਪਸੰਦ ਕਰਦੀ ਹਾਂ ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਅਤੇ ਜਿਨ੍ਹਾਂ ਦੀਆਂ ਕਦਰਾਂ-ਕੀਮਤਾਂ ਮੇਰੇ ਵਰਗੀਆਂ ਹਨ।”—ਰੇਅ।

“ਜੇ ਕੋਈ ਅਜਨਬੀ ਮੈਨੂੰ ਆਪਣੀ ਦੋਸਤਾਂ ਦੀ ਲਿਸਟ ਵਿਚ ਸ਼ਾਮਲ ਕਰਨ ਦਾ ਸੱਦਾ ਦਿੰਦਾ ਹੈ, ਤਾਂ ਮੈਂ ਇਨਕਾਰ ਕਰ ਦਿੰਦੀ ਹਾਂ। ਗੱਲ ਸਿੱਧੀ ਹੈ, ਮੇਰੇ ਸਾਰੇ ਦੋਸਤ ਉਹ ਲੋਕ ਹਨ ਜਿਨ੍ਹਾਂ ਨੂੰ ਮੈਂ ਆਨ-ਲਾਈਨ ਅਕਾਊਂਟ ਖੋਲ੍ਹਣ ਤੋਂ ਪਹਿਲਾਂ ਹੀ ਜਾਣਦੀ ਸੀ।”—ਮੱਰੀ।

“ਜੇ ਮੇਰਾ ਕੋਈ ਦੋਸਤ ਇਤਰਾਜ਼ਯੋਗ ਤਸਵੀਰਾਂ ਜਾਂ ਜਾਣਕਾਰੀ ਪੋਸਟ ਕਰਦਾ ਹੈ, ਤਾਂ ਮੈਨੂੰ ਉਸ ਦਾ ਨਾਂ ਆਪਣੀ ਲਿਸਟ ਵਿੱਚੋਂ ਮਿਟਾਉਣਾ ਬੁਰਾ ਨਹੀਂ ਲੱਗਦਾ। ਭਾਵੇਂ ਤੁਸੀਂ ਉਨ੍ਹਾਂ ਦੀਆਂ ਪੋਸਟ ਕੀਤੀਆਂ ਗੱਲਾਂ ਨੂੰ ਸਿਰਫ਼ ਦੇਖਦੇ ਹੀ ਹੋ, ਫਿਰ ਵੀ ਤੁਸੀਂ ਬੁਰੀ ਸੰਗਤ ਰੱਖ ਰਹੇ ਹੋ।”—ਕਿਮ।

“ਜਦੋਂ ਮੈਂ ਸੋਸ਼ਲ ਨੈੱਟਵਰਕ ਅਕਾਊਂਟ ਖੋਲ੍ਹਿਆ ਸੀ, ਤਾਂ ਮੈਂ ਆਪਣੀਆਂ ਪ੍ਰਾਈਵੇਸੀ ਸੈਟਿੰਗਜ਼ ’ਤੇ ਪੱਕੀ ਰਹਿੰਦੀ ਸੀ। ਮੈਂ ਆਪਣੇ ਦੋਸਤਾਂ ਦੇ ਦੋਸਤਾਂ ਨੂੰ ਆਪਣੀਆਂ ਪੋਸਟ ਕੀਤੀਆਂ ਗੱਲਾਂ ਜਾਂ ਫੋਟੋਆਂ ਦੇਖਣ ਨਹੀਂ ਸੀ ਦਿੰਦੀ। ਮੈਂ ਸਿਰਫ਼ ਆਪਣੇ ਦੋਸਤਾਂ ਨੂੰ ਹੀ ਦੇਖਣ ਦਿੰਦੀ ਸੀ। ਮੈਂ ਇਹ ਇਸ ਲਈ ਕਰਦੀ ਸੀ ਕਿਉਂਕਿ ਮੈਨੂੰ ਪੱਕਾ ਨਹੀਂ ਸੀ ਪਤਾ ਕਿ ਮੇਰੇ ਲਈ ਮੇਰੇ ਦੋਸਤਾਂ ਦੇ ਦੋਸਤਾਂ ਨਾਲ ਸੰਗਤ ਕਰਨੀ ਠੀਕ ਸੀ ਜਾਂ ਨਹੀਂ। ਮੈਂ ਨਾ ਉਨ੍ਹਾਂ ਨੂੰ ਜਾਣਦੀ ਸੀ ਤੇ ਨਾ ਹੀ ਪਤਾ ਸੀ ਕਿ ਉਨ੍ਹਾਂ ਦੀ ਨੇਕਨਾਮੀ ਹੈ ਜਾਂ ਨਹੀਂ।”—ਹੈਦਰ।

ਮੁੱਖ ਗੱਲ: ਡਾ. ਗਵੇਨ ਸ਼ੋਰਗਨ ਓਕੀਫ ਨੇ ਸਾਈਬਰਸੇਫ ਨਾਂ ਦੀ ਆਪਣੀ ਕਿਤਾਬ ਵਿਚ ਲਿਖਿਆ: “ਵਧੀਆ ਗੱਲ ਇਹ ਹੈ ਕਿ ਤੁਸੀਂ ਸੋਸ਼ਲ ਨੈੱਟਵਰਕ ’ਤੇ ਸਿਰਫ਼ ਉਨ੍ਹਾਂ ਲੋਕਾਂ ਨਾਲ ਹੀ ਦੋਸਤੀ ਕਰੋ ਜਿਨ੍ਹਾਂ ਨੂੰ ਤੁਸੀਂ ਆਫ਼-ਲਾਈਨ ਜਾਣਦੇ ਤੇ ਮਿਲਦੇ-ਜੁਲਦੇ ਹੋ।” * (g12-E 02)

[ਫੁਟਨੋਟ]

^ ਪੈਰਾ 2 ਜਾਗਰੂਕ ਬਣੋ! ਰਸਾਲਾ ਸੁਝਾਅ ਨਹੀਂ ਦਿੰਦਾ ਕਿ ਤੁਹਾਨੂੰ ਕਿਹੜੀ ਨੈੱਟਵਰਕ ਸਾਈਟ ਵਰਤਣੀ ਜਾਂ ਨਹੀਂ ਵਰਤਣੀ ਚਾਹੀਦੀ। ਮਸੀਹੀਆਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਇੰਟਰਨੈੱਟ ਵਰਤਦਿਆਂ ਉਹ ਬਾਈਬਲ ਦੇ ਕਿਸੇ ਵੀ ਸਿਧਾਂਤ ਦੇ ਖ਼ਿਲਾਫ਼ ਨਾ ਜਾਣ।—1 ਤਿਮੋਥਿਉਸ 1:5, 19.

^ ਪੈਰਾ 42 ਸੋਸ਼ਲ ਨੈੱਟਵਰਕਿੰਗ ਬਾਰੇ ਹੋਰ ਜਾਣਕਾਰੀ ਲਈ ਬੱਚਿਆਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣਾ ਸਿਖਾਓ ਜਾਗਰੂਕ ਬਣੋ! ਜਨਵਰੀ-ਮਾਰਚ 2012, ਸਫ਼ੇ 14-21 ਦੇਖੋ।

[ਸਫ਼ਾ 31 ਉੱਤੇ ਡੱਬੀ]

ਸਾਈਨ ਆਊਟ!

ਜੇ ਤੁਸੀਂ ਆਪਣੇ ਕੰਪਿਊਟਰ ’ਤੇ ਨਹੀਂ ਹੁੰਦੇ ਅਤੇ ਆਪਣੇ ਅਕਾਊਂਟ ਨੂੰ ਖੁੱਲ੍ਹਾ ਛੱਡ ਦਿੰਦੇ ਹੋ, ਤਾਂ ਇਸ ਗੱਲ ਦਾ ਖ਼ਤਰਾ ਹੋ ਸਕਦਾ ਹੈ ਕਿ ਦੂਸਰੇ ਤੁਹਾਡੇ ਪੇਜ ਉੱਤੇ ਕੋਈ ਜਾਣਕਾਰੀ ਪੋਸਟ ਕਰ ਸਕਦੇ ਹਨ। ਰੋਬਰਟ ਵਿਲਸਨ ਨਾਂ ਦੇ ਵਕੀਲ ਅਨੁਸਾਰ ਇਹ “ਖੁੱਲ੍ਹੀ ਥਾਂ ਤੇ ਆਪਣਾ ਬਟੂਆ ਜਾਂ ਮੋਬਾਇਲ ਛੱਡਣ ਦੇ ਬਰਾਬਰ ਹੈ। ਕੋਈ ਵੀ ਬੈਠ ਕੇ ਤੁਹਾਡੇ ਵਾਲ ’ਤੇ ਗੱਲਾਂ ਪੋਸਟ ਕਰ ਸਕਦਾ ਹੈ।” ਉਹ ਇਹ ਸਲਾਹ ਦਿੰਦਾ ਹੈ: “ਸਾਈਨ ਆਊਟ ਕਰਨਾ ਕਦੇ ਨਾ ਭੁੱਲੋ।”

[ਸਫ਼ਾ 31 ਉੱਤੇ ਡੱਬੀ]

ਖ਼ਤਰਾ ਮੁੱਲ ਲੈਣਾ!

ਕੰਸਿਊਮਰ ਰਸਾਲੇ ਵੱਲੋਂ ਕੀਤੇ ਗਏ ਇਕ ਸਰਵੇ ਮੁਤਾਬਕ ਸੋਸ਼ਲ ਨੈੱਟਵਰਕ ਵਰਤਣ ਵਾਲੇ ਕਈ ਲੋਕ “ਖ਼ਤਰਾ ਮੁੱਲ ਲੈਂਦੇ ਹਨ ਜਿਸ ਕਾਰਨ ਉਨ੍ਹਾਂ ਦੇ ਘਰ ਨੂੰ ਸੰਨ੍ਹ ਲੱਗ ਸਕਦੀ ਹੈ, ਉਨ੍ਹਾਂ ਦੀ ਨਿੱਜੀ ਜਾਣਕਾਰੀ ਚੁਰਾਈ ਜਾ ਸਕਦੀ ਹੈ ਅਤੇ ਕੋਈ ਉਨ੍ਹਾਂ ਦੇ ਪਿੱਛੇ ਪੈ ਸਕਦਾ ਹੈ। 15% ਲੋਕਾਂ ਨੇ ਆਪਣੇ ਪੇਜ ’ਤੇ ਪੋਸਟ ਕਰ ਦਿੱਤਾ ਕਿ ਉਹ ਕਿੱਥੇ ਹਨ ਜਾਂ ਕਿੱਥੇ ਜਾਣ ਵਾਲੇ ਹਨ, 34% ਲੋਕਾਂ ਨੇ ਆਪਣੀ ਜਨਮ ਤਾਰੀਖ਼ ਪੋਸਟ ਕੀਤੀ ਅਤੇ 21% ਲੋਕਾਂ ਨੇ ਘਰ ਰਹਿੰਦੇ ਆਪਣੇ ਬੱਚਿਆਂ ਦੇ ਨਾਂ ਤੇ ਫੋਟੋਆਂ ਪੋਸਟ ਕੀਤੀਆਂ।”