Skip to content

Skip to table of contents

ਪਰਿਵਾਰ ਦੀ ਮਦਦ ਲਈ | ਮਾਪੇ

ਆਪਣੇ ਅੱਲ੍ਹੜ ਬੱਚਿਆਂ ਨਾਲ ਕਿਵੇਂ ਗੱਲ ਕਰੀਏ

ਆਪਣੇ ਅੱਲ੍ਹੜ ਬੱਚਿਆਂ ਨਾਲ ਕਿਵੇਂ ਗੱਲ ਕਰੀਏ

ਚੁਣੌਤੀ

ਛੋਟੇ ਹੁੰਦਿਆਂ ਤੁਹਾਡਾ ਬੱਚਾ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਲੈਂਦਾ ਸੀ। ਪਰ ਅੱਲ੍ਹੜ ਉਮਰ ਵਿਚ ਉਹ ਤੁਹਾਨੂੰ ਕੁਝ ਵੀ ਨਹੀਂ ਦੱਸਦਾ। ਜਦ ਤੁਸੀਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਉਹ ਹਾਂ ਜਾਂ ਨਾਂਹ ਵਿਚ ਜਵਾਬ ਦਿੰਦਾ ਹੈ ਜਾਂ ਬਹਿਸ ਕਰਨ ਲੱਗ ਜਾਂਦਾ ਜਿਸ ਕਰਕੇ ਘਰ ਮੈਦਾਨੇ-ਜੰਗ ਬਣ ਜਾਂਦਾ ਹੈ।

ਤੁਸੀਂ ਆਪਣੇ ਬੱਚਿਆਂ ਨਾਲ ਗੱਲ ਕਰਨੀ ਸਿੱਖ ਸਕਦੇ ਹੋ। ਪਰ ਪਹਿਲਾਂ ਦੋ ਗੱਲਾਂ ’ਤੇ ਗੌਰ ਕਰੋ ਜਿਨ੍ਹਾਂ ਕਾਰਨ ਚੁਣੌਤੀ ਆ ਸਕਦੀ ਹੈ। *

ਚੁਣੌਤੀ ਕਿਉਂ ਆਉਂਦੀ ਹੈ?

ਆਜ਼ਾਦੀ ਦੀ ਧੁਨ। ਜ਼ਿੰਮੇਵਾਰ ਇਨਸਾਨ ਬਣਨ ਲਈ ਤੁਹਾਡੇ ਅੱਲ੍ਹੜ ਬੱਚੇ ਨੂੰ ਇਕ ਅਰਥ ਵਿਚ ਮੁਸਾਫ਼ਰ ਬਣੇ ਰਹਿਣ ਦੀ ਬਜਾਇ ਹੌਲੀ-ਹੌਲੀ ਡਰਾਈਵਰ ਬਣਨਾ ਪੈਂਦਾ ਹੈ ਤੇ ਜ਼ਿੰਦਗੀ ਦੇ ਚੁਣੌਤੀਆਂ ਭਰੇ ਰਾਹ ਵਿੱਚੋਂ ਗੁਜ਼ਰਨਾ ਪੈਂਦਾ ਹੈ। ਕੁਝ ਬੱਚੇ ਲੋੜ ਤੋਂ ਜ਼ਿਆਦਾ ਆਜ਼ਾਦੀ ਚਾਹੁੰਦੇ ਹਨ। ਦੂਜੇ ਪਾਸੇ, ਕੁਝ ਮਾਪੇ ਬਹੁਤ ਘੱਟ ਆਜ਼ਾਦੀ ਦਿੰਦੇ ਹਨ। ਇਸ ਖਿੱਚੋ-ਤਾਣ ਕਰਕੇ ਮਾਪਿਆਂ ਤੇ ਬੱਚਿਆਂ ਵਿਚਕਾਰ ਹੁੱਲੜ ਮਚਿਆ ਰਹਿੰਦਾ ਹੈ। 16 ਸਾਲ ਦਾ ਬ੍ਰੈਡ * ਸ਼ਿਕਾਇਤ ਕਰਦਾ ਹੈ: “ਮੇਰੇ ਮਾਂ-ਬਾਪ ਮੇਰੀ ਜ਼ਿੰਦਗੀ ਦੇ ਹਰ ਪਹਿਲੂ ’ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਜੇ ਉਨ੍ਹਾਂ ਨੇ ਮੈਨੂੰ 18 ਸਾਲ ਦਾ ਹੋਣ ਤਕ ਜ਼ਿਆਦਾ ਖੁੱਲ੍ਹ ਨਾ ਦਿੱਤੀ, ਤਾਂ ਮੈਂ ਘਰ ਛੱਡ ਕੇ ਚਲੇ ਜਾਣਾ!”

ਗਹਿਰਾ ਸੋਚ-ਵਿਚਾਰ। ਛੋਟੇ ਬੱਚੇ ਹਾਂ ਜਾਂ ਨਾਂਹ ਵਿਚ ਹੀ ਸੋਚਦੇ ਹਨ, ਪਰ ਅੱਲ੍ਹੜ ਉਮਰ ਦੇ ਬੱਚੇ ਡੂੰਘਾਈ ਨਾਲ ਸੋਚ ਕੇ ਕਿਸੇ ਨਤੀਜੇ ’ਤੇ ਪਹੁੰਚਦੇ ਹਨ। ਇਹ ਗਹਿਰੇ ਸੋਚ-ਵਿਚਾਰ ਦਾ ਇਕ ਅਹਿਮ ਪਹਿਲੂ ਹੈ ਜੋ ਸਹੀ ਫ਼ੈਸਲੇ ਕਰਨ ਵਿਚ ਇਕ ਨੌਜਵਾਨ ਦੀ ਮਦਦ ਕਰਦਾ ਹੈ। ਇਸ ਮਿਸਾਲ ’ਤੇ ਗੌਰ ਕਰੋ: ਇਕ ਬੱਚੇ ਨੂੰ ਇਨਸਾਫ਼ ਦੀ ਇਹ ਛੋਟੀ ਜਿਹੀ ਗੱਲ ਆਸਾਨ ਲੱਗਦੀ ਹੈ: ‘ਮੰਮੀ ਨੇ ਬਿਸਕੁਟ ਦੇ ਦੋ ਟੁਕੜੇ ਕਰ ਕੇ ਅੱਧਾ ਮੈਨੂੰ ਦੇ ਦਿੱਤਾ ਤੇ ਅੱਧਾ ਮੇਰੇ ਭਰਾ ਨੂੰ।’ ਇਸ ਮਾਮਲੇ ਵਿਚ ਗਣਿਤ ਦਾ ਫ਼ਾਰਮੂਲਾ ਵਰਤ ਕੇ ਇਨਸਾਫ਼ ਕੀਤਾ ਗਿਆ। ਪਰ ਅੱਲ੍ਹੜ ਉਮਰ ਦੇ ਬੱਚਿਆਂ ਨੂੰ ਇਹ ਗੱਲ ਇੰਨੀ ਆਸਾਨ ਨਹੀਂ ਲੱਗਦੀ। ਆਖ਼ਰਕਾਰ ਇਨਸਾਫ਼ ਕਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਨਾਲ ਹਮੇਸ਼ਾ ਇੱਕੋ ਜਿਹਾ ਵਰਤਾਓ ਕਰੋਗੇ ਤੇ ਇੱਕੋ ਜਿਹਾ ਵਰਤਾਓ ਕਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਮੇਸ਼ਾ ਇਨਸਾਫ਼ ਕਰੋਗੇ। ਗਹਿਰਾ ਸੋਚ-ਵਿਚਾਰ ਕਰਨ ਨਾਲ ਤੁਹਾਡਾ ਬੱਚਾ ਇਸ ਤਰ੍ਹਾਂ ਦੀਆਂ ਉਲਝਣ ਵਿਚ ਪਾਉਣ ਵਾਲੀਆਂ ਗੱਲਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਸਮੱਸਿਆ ਕੀ ਖੜ੍ਹੀ ਹੋ ਸਕਦੀ ਹੈ? ਇਸ ਕਾਰਨ ਉਹ ਤੁਹਾਡੇ ਨਾਲ ਵੀ ਉਲਝ ਸਕਦਾ ਹੈ।

ਤੁਸੀਂ ਕੀ ਕਰ ਸਕਦੇ ਹੋ

ਜਦੋਂ ਮੌਕਾ ਮਿਲੇ, ਤਾਂ ਆਮ ਗੱਲਾਂ ਕਰੋ। ਇਨ੍ਹਾਂ ਮੌਕਿਆਂ ਦਾ ਲਾਭ ਉਠਾਓ। ਮਿਸਾਲ ਲਈ, ਕਈ ਮਾਪਿਆਂ ਨੇ ਦੇਖਿਆ ਹੈ ਕਿ ਅੱਲ੍ਹੜ ਬੱਚੇ ਉਦੋਂ ਜ਼ਿਆਦਾ ਗੱਲ ਕਰਦੇ ਹਨ ਜਦੋਂ ਉਹ ਕੋਈ ਕੰਮ ਕਰਦੇ ਹੋਣ ਜਾਂ ਕਾਰ ਵਿਚ ਨਾਲ ਬੈਠੇ ਅਤੇ ਜਦੋਂ ਆਮ੍ਹੋ-ਸਾਮ੍ਹਣੇ ਹੋਣ ਦੀ ਬਜਾਇ ਨਾਲ-ਨਾਲ ਤੁਰੇ ਜਾਂਦੇ ਹੋਣ।—ਬਾਈਬਲ ਦਾ ਅਸੂਲ: ਬਿਵਸਥਾ ਸਾਰ 6:6, 7.

ਗੱਲਬਾਤ ਛੋਟੀ ਰੱਖੋ। ਤੁਹਾਨੂੰ ਹਰ ਛੋਟੀ-ਛੋਟੀ ਗੱਲ ’ਤੇ ਬਹਿਸ ਕਰਨ ਦੀ ਲੋੜ ਨਹੀਂ। ਇਸ ਦੀ ਬਜਾਇ ਆਪਣੀ ਗੱਲ ਕਹੋ . . . ਤੇ ਦੁਬਾਰਾ ਇਹੀ ਗੱਲ ਨਾ ਛੇੜੋ। ਬਾਅਦ ਵਿਚ ਤੁਹਾਡਾ ਬੱਚਾ ਤੁਹਾਡੀ ਗੱਲ ਸਮਝ ਜਾਵੇਗਾ ਜਦੋਂ ਉਹ ਇਕੱਲਾ ਇਸ ਬਾਰੇ ਸੋਚ-ਵਿਚਾਰ ਕਰੇਗਾ। ਉਸ ਨੂੰ ਇਸ ਤਰ੍ਹਾਂ ਕਰਨ ਦਾ ਮੌਕਾ ਦਿਓ।—ਬਾਈਬਲ ਦਾ ਅਸੂਲ: ਕਹਾਉਤਾਂ 1:1-4.

ਅੜੇ ਨਾ ਰਹੋ, ਸੁਣੋ। ਬਿਨਾਂ ਟੋਕੇ ਧਿਆਨ ਨਾਲ ਗੱਲ ਸੁਣੋ ਤਾਂਕਿ ਤੁਸੀਂ ਉਸ ਦੀ ਸਾਰੀ ਸਮੱਸਿਆ ਸਮਝ ਸਕੋ। ਜਵਾਬ ਦਿੰਦੇ ਸਮੇਂ ਸਮਝਦਾਰੀ ਵਰਤੋ। ਜੇ ਤੁਸੀਂ ਆਪਣੇ ਅਸੂਲਾਂ ’ਤੇ ਅੜੇ ਰਹੇ, ਤਾਂ ਤੁਹਾਡਾ ਬੱਚਾ ਇਨ੍ਹਾਂ ਨੂੰ ਕਿਸੇ-ਨਾ-ਕਿਸੇ ਤਰੀਕੇ ਨਾਲ ਤੋੜਨ ਦੀ ਕੋਸ਼ਿਸ਼ ਕਰੇਗਾ। ਆਪਣੇ ਬੱਚੇ ਦੇ ਕਰੀਬ ਰਹੋ ਨਾਂ ਦੀ ਕਿਤਾਬ (ਅੰਗ੍ਰੇਜ਼ੀ) ਚੇਤਾਵਨੀ ਦਿੰਦੀ ਹੈ: “ਬੱਚੇ ਦੋਹਰੀ ਜ਼ਿੰਦਗੀ ਜੀਣ ਲੱਗ ਜਾਂਦੇ ਹਨ। ਇਕ ਪਾਸੇ ਉਹ ਮਾਪਿਆਂ ਨੂੰ ਉਹੀ ਗੱਲ ਦੱਸਦੇ ਹਨ ਜਿਹੜੀ ਉਹ ਸੁਣਨੀ ਚਾਹੁੰਦੇ ਹਨ ਤੇ ਜਦੋਂ ਉਹ ਮਾਪਿਆਂ ਦੀਆਂ ਨਜ਼ਰਾਂ ਤੋਂ ਓਹਲੇ ਹੁੰਦੇ ਹਨ, ਤਾਂ ਉਹ ਆਪਣੀ ਮਰਜ਼ੀ ਕਰਦੇ ਹਨ।”—ਬਾਈਬਲ ਦਾ ਅਸੂਲ: ਫ਼ਿਲਿੱਪੀਆਂ 4:5.

ਸ਼ਾਂਤ ਰਹੋ। 17 ਸਾਲਾਂ ਦੀ ਕੈਰੀ ਕਹਿੰਦੀ ਹੈ: “ਜਦੋਂ ਮੈਂ ਤੇ ਮੰਮੀ ਕਿਸੇ ਗੱਲ ’ਤੇ ਰਾਜ਼ੀ ਨਹੀਂ ਹੁੰਦੀਆਂ, ਤਾਂ ਮੇਰੀ ਮੰਮੀ ਮੇਰੀ ਹਰ ਗੱਲ ਦਾ ਬੁਰਾ ਮਨਾਉਂਦੀ ਹੈ। ਮੈਂ ਪਰੇਸ਼ਾਨ ਹੋ ਜਾਂਦੀ ਹਾਂ ਤੇ ਸਾਡੇ ਵਿਚ ਤੂੰ-ਤੂੰ ਮੈਂ-ਮੈਂ ਹੋਣ ਲੱਗ ਜਾਂਦੀ ਹੈ।” ਗੱਲ ਨੂੰ ਵਧਾਈ ਜਾਣ ਦੀ ਬਜਾਇ ਕੁਝ ਅਜਿਹਾ ਕਹੋ ਜਿਸ ਤੋਂ ਲੱਗੇ ਕਿ ਤੁਸੀਂ ਆਪਣੇ ਬੱਚੇ ਦੇ ਜਜ਼ਬਾਤਾਂ ਨੂੰ ਸਮਝਦੇ ਹੋ। ਮਿਸਾਲ ਲਈ, ਇਸ ਤਰ੍ਹਾਂ ਨਾ ਕਹੋ ਕਿ “ਇਹ ਕੋਈ ਫ਼ਿਕਰ ਵਾਲੀ ਗੱਲ ਨਹੀਂ!” ਪਰ ਇਹ ਕਹੋ: “ਮੈਂ ਸਮਝ ਸਕਦਾ ਹਾਂ ਕਿ ਤੈਨੂੰ ਇਸ ਗੱਲ ਬਾਰੇ ਇੰਨਾ ਫ਼ਿਕਰ ਕਿਉਂ ਹੈ।”—ਬਾਈਬਲ ਦਾ ਅਸੂਲ: ਕਹਾਉਤਾਂ 10:19.

ਜਿੰਨੀ ਹੋ ਸਕੇ ਸੇਧ ਦਿਓ ਨਾ ਕਿ ਹੁਕਮ। ਤੁਹਾਡੇ ਬੱਚੇ ਦੀ ਸੋਚ-ਵਿਚਾਰ ਕਰਨ ਦੀ ਕਲਾ ਮਾਸ-ਪੇਸ਼ੀਆਂ ਦੀ ਤਰ੍ਹਾਂ ਹੈ ਜਿਨ੍ਹਾਂ ਨੂੰ ਵਿਕਸਿਤ ਹੋਣ ਦੀ ਲੋੜ ਹੁੰਦੀ ਹੈ। ਇਸ ਲਈ ਜਦ ਉਸ ਅੱਗੇ ਕੋਈ ਸਮੱਸਿਆ ਖੜ੍ਹੀ ਹੁੰਦੀ ਹੈ, ਤਾਂ ਤੁਸੀਂ ਉਸ ਲਈ “ਕਸਰਤ” ਨਾ ਕਰੋ ਯਾਨੀ ਸਮੱਸਿਆ ਦਾ ਹੱਲ ਨਾ ਦੱਸੋ। ਉਸ ਨਾਲ ਗੱਲਬਾਤ ਕਰਦਿਆਂ ਉਸ ਨੂੰ ਕੁਝ ਵੱਖੋ-ਵੱਖਰੇ ਹੱਲ ਲੱਭਣ ਦਾ ਮੌਕਾ ਦਿਓ। ਫਿਰ ਉਸ ਨੂੰ ਕੁਝ ਸੁਝਾਅ ਦੇਣ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ: “ਇਹ ਕੁਝ ਸੁਝਾਅ ਹਨ। ਇਕ-ਦੋ ਦਿਨ ਸੋਚ-ਵਿਚਾਰ ਕਰਨ ਤੋਂ ਬਾਅਦ ਆਪਾਂ ਫਿਰ ਗੱਲ ਕਰਾਂਗੇ ਕਿ ਤੈਨੂੰ ਕਿਹੜਾ ਹੱਲ ਚੰਗਾ ਲੱਗਾ ਤੇ ਕਿਉਂ।”—ਬਾਈਬਲ ਦਾ ਅਸੂਲ: ਇਬਰਾਨੀਆਂ 5:14. (g13 01-E)

^ ਪੇਰਗ੍ਰੈਫ 5 ਭਾਵੇਂ ਇਸ ਲੇਖ ਵਿਚ ਮੁੰਡੇ ਦੀ ਗੱਲ ਕੀਤੀ ਗਈ ਹੈ, ਪਰ ਇਹ ਸਿਧਾਂਤ ਮੁੰਡੇ-ਕੁੜੀਆਂ ਦੋਵਾਂ ’ਤੇ ਲਾਗੂ ਹੁੰਦੇ ਹਨ।

^ ਪੇਰਗ੍ਰੈਫ 7 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।