Skip to content

Skip to table of contents

ਸੰਸਾਰ ਉੱਤੇ ਨਜ਼ਰ

ਸੰਸਾਰ ਉੱਤੇ ਨਜ਼ਰ

ਮੈਕਸੀਕੋ ਦੀ ਖਾੜੀ

ਅਪ੍ਰੈਲ 2010 ਵਿਚ ਇਕ ਤੇਲ ਪੰਪ ਕਰਨ ਵਾਲੇ ਸਮੁੰਦਰੀ ਸਟੇਸ਼ਨ ਦੀ ਦੁਰਘਟਨਾ ਤੋਂ ਬਾਅਦ ਤਕਰੀਬਨ 3 ਮਹੀਨਿਆਂ ਤਕ ਵੱਡੀ ਮਾਤਰਾ ਵਿਚ ਤੇਲ ਅਤੇ ਗੈਸ ਸਮੁੰਦਰ ਵਿਚ ਰਿਸਦੇ ਰਹੇ। ਖੋਜਕਾਰਾਂ ਦੀ ਇਕ ਟੀਮ ਨੇ ਅਧਿਐਨ ਕਰ ਕੇ ਦੇਖਿਆ ਕਿ ਇਸ ਤੋਂ ਢਾਈ ਮਹੀਨਿਆਂ ਬਾਅਦ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਕੁਝ ਰਸਾਇਣ ਗਾਇਬ ਹੋ ਗਏ। ਉਹ ਇਸ ਸਿੱਟੇ ’ਤੇ ਪਹੁੰਚੇ ਕਿ ਮੀਥੇਨ ਨੂੰ ਬੈਕਟੀਰੀਆ ਨਿਗਲ਼ ਗਏ। ਪਰ ਕੁਝ ਮਾਹਰਾਂ ਨੂੰ ਸ਼ੱਕ ਹੈ। ਉਹ ਮੰਨਦੇ ਹਨ ਕਿ ਜ਼ਿਆਦਾਤਰ ਤੇਲ ਸਮੁੰਦਰੀ ਤਲ ’ਤੇ ਬੈਠ ਗਿਆ।

ਰੂਸ

ਇਕ ਸਰਵੇਖਣ ਮੁਤਾਬਕ 18 ਤੋਂ 35 ਸਾਲ ਦੇ 59% ਰੂਸੀ ਲੋਕ ਮੰਨਦੇ ਹਨ ਕਿ “ਜ਼ਿੰਦਗੀ ਵਿਚ ਕਾਮਯਾਬ ਹੋਣ ਲਈ ਕਦੇ-ਕਦੇ ਤੁਹਾਨੂੰ ਆਪਣੇ ਨੈਤਿਕ ਅਸੂਲਾਂ ਨੂੰ ਤੋੜਨਾ ਪੈਂਦਾ ਹੈ।”—ਰੋਸਿਸਕਾਇਆ ਗਾਜ਼ਿਅਤਾ ਅਖ਼ਬਾਰ।

ਪੀਰੂ

ਕੁਝ ਸਭ ਤੋਂ ਪੁਰਾਣੇ ਲੱਭੇ ਗੁੱਲਾਂ (ਜਿਵੇਂ ਉੱਪਰ ਦਿਖਾਇਆ ਗਿਆ ਹੈ) ਤੋਂ ਪਤਾ ਲੱਗਦਾ ਹੈ ਕਿ ਉੱਤਰੀ ਪੀਰੂ ਦੇ ਲੋਕ ਤਕਰੀਬਨ 3,000 ਸਾਲ ਪਹਿਲਾਂ ਮੱਕੀ ਦੀਆਂ ਖਿੱਲਾਂ ਭੁੰਨਦੇ ਸਨ ਅਤੇ ਮੱਕੀ ਪੀਸ ਕੇ ਆਟਾ ਬਣਾਉਂਦੇ ਸਨ।

ਇਟਲੀ

ਆਦਰੀਆ-ਰੋਵੀਗੋ ਪ੍ਰਾਂਤ ਦਾ ਕੈਥੋਲਿਕ ਬਿਸ਼ਪ ਲੂਚੋ ਸੋਰਾਵੀਤੋ ਡਾ ਫਰਾਂਚਿਸਕੀ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਆਪਣਾ ਧਾਰਮਿਕ ਸੰਦੇਸ਼ “ਲੋਕਾਂ ਕੋਲ ਜਾ ਕੇ” ਦੇਣਾ ਚਾਹੀਦਾ ਹੈ ਜਿੱਥੇ ਉਹ ਰਹਿੰਦੇ ਹਨ। ਉਹ ਕਹਿੰਦਾ ਹੈ ਕਿ “ਸਾਨੂੰ ਪਾਦਰੀਆਂ ਨੂੰ ਚਰਚ ਦੀਆਂ ਘੰਟੀਆਂ ਦੇ ਨਾਲ-ਨਾਲ ਘਰਾਂ ਦੀਆਂ ਘੰਟੀਆਂ ਵਜਾ ਕੇ ਆਪਣੇ ਲੋਕਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ।”

ਦੱਖਣੀ ਅਫ਼ਰੀਕਾ

ਦਵਾਈ ਵਜੋਂ ਵਰਤਣ ਲਈ ਗ਼ੈਰ-ਕਾਨੂੰਨੀ ਢੰਗ ਨਾਲ ਵੇਚੇ ਜਾਂਦੇ ਗੈਂਡੇ ਦੇ ਸਿੰਗ ਦੀ ਪ੍ਰਤੀ ਕਿਲੋਗ੍ਰਾਮ ਕੀਮਤ ਵਧ ਕੇ 65,000 ਅਮਰੀਕੀ ਡਾਲਰ ਹੋ ਗਈ ਹੈ। 2011 ਵਿਚ ਦੱਖਣੀ ਅਫ਼ਰੀਕਾ ਵਿਚ ਸ਼ਿਕਾਰੀਆਂ ਨੇ 448 ਗੈਂਡੇ ਮਾਰ ਮੁਕਾਏ। ਉਨ੍ਹਾਂ ਦੇ ਸਿੰਗਾਂ ਦੀ ਤਲਾਸ਼ ਵਿਚ ਲੋਕਾਂ ਨੇ ਯੂਰਪੀ ਅਜਾਇਬ ਘਰਾਂ ਅਤੇ ਨੀਲਾਮੀ ਘਰਾਂ ਵਿਚ ਸੰਨ੍ਹ ਮਾਰੀ ਹੈ। ਮੰਨਿਆ ਜਾਂਦਾ ਹੈ ਕਿ ਯੂਰਪੀ ਚਿੜੀਆ-ਘਰਾਂ ਵਿਚ ਗੈਂਡੇ ਖ਼ਤਰੇ ਵਿਚ ਹਨ। (g13 01-E)