Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਡਿਪਰੈਸ਼ਨ

ਡਿਪਰੈਸ਼ਨ

ਡਿਪਰੈਸ਼ਨ ਕੀ ਹੈ?

“ਮੈਂ ਝੁਕ ਕੇ ਬਹੁਤ ਹੀ ਨੀਵਾਂ ਹੋ ਚੁਕਾ ਹਾਂ, ਮੈਂ ਸਾਰਾ ਦਿਨ ਸੋਗੀ ਹਾਲਤ ਵਿਚ ਰਹਿੰਦਾ ਹਾਂ।”​—ਭਜਨ 38:6, CL.

ਖੋਜਕਾਰ ਕੀ ਕਹਿੰਦੇ ਹਨ

ਹਰ ਕੋਈ ਕਦੇ-ਨਾ-ਕਦੇ ਦੁਖੀ ਜਾਂ ਨਿਰਾਸ਼ ਮਹਿਸੂਸ ਕਰਦਾ ਹੈ। ਪਰ ਜਿਨ੍ਹਾਂ ਲੋਕਾਂ ਨੂੰ ਡਿਪਰੈਸ਼ਨ ਦਾ ਰੋਗ ਹੁੰਦਾ ਹੈ ਉਹ ਹਰ ਸਮੇਂ ਦੁਖੀ ਜਾਂ ਨਿਰਾਸ਼ ਰਹਿੰਦੇ ਹਨ ਤੇ ਆਪਣੇ ਰੋਜ਼ ਦੇ ਕੰਮ ਨਹੀਂ ਕਰ ਸਕਦੇ। ਸਾਰੇ ਮਾਹਰ ਇਸ ਗੱਲ ’ਤੇ ਸਹਿਮਤ ਨਹੀਂ ਕਿ ਕੋਈ ਉਦਾਸ ਕਦੋਂ ਹੁੰਦਾ ਹੈ ਤੇ ਕਿਸੇ ਨੂੰ ਡਿਪਰੈਸ਼ਨ ਕਦੋਂ ਹੁੰਦਾ ਹੈ। ਪਰ ਇਹ ਕਹਿਣਾ ਠੀਕ ਹੈ ਕਿ ਜਿਨ੍ਹਾਂ ਲੋਕਾਂ ਨੂੰ ਡਿਪਰੈਸ਼ਨ ਹੁੰਦਾ ਹੈ ਉਹ ਬਹੁਤ ਨਿਰਾਸ਼ ਹੋ ਜਾਂਦੇ ਹਨ ਤੇ ਆਪਣੇ ਆਪ ਨੂੰ ਨਿਕੰਮੇ ਸਮਝਣ ਤੇ ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨ ਲੱਗ ਪੈਂਦੇ ਹਨ।

ਬਾਈਬਲ ਕੀ ਕਹਿੰਦੀ ਹੈ

ਬਾਈਬਲ ਵਿਚ ਕਈ ਆਦਮੀਆਂ ਤੇ ਔਰਤਾਂ ਬਾਰੇ ਦੱਸਿਆ ਗਿਆ ਹੈ ਜੋ ਬਹੁਤ ਉਦਾਸ ਜਾਂ ਨਿਰਾਸ਼ ਹੋਏ ਸਨ। ਮਿਸਾਲ ਲਈ, ਹੰਨਾਹ “ਦਾ ਮਨ ਬਹੁਤ ਉਦਾਸ ਹੋਇਆ।” (1 ਸਮੂਏਲ 1:10) ਇਕ ਵਾਰ ਏਲੀਯਾਹ ਨਬੀ ਇੰਨਾ ਨਿਰਾਸ਼ ਹੋਇਆ ਕਿ ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਦੀ ਜਾਨ ਲੈ ਲਵੇ!​—1 ਰਾਜਿਆਂ 19:4.

ਪਹਿਲੀ ਸਦੀ ਦੇ ਮਸੀਹੀਆਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ “ਨਿਰਾਸ਼ ਲੋਕਾਂ ਨੂੰ ਦਿਲਾਸਾ” ਦੇਣ। (1 ਥੱਸਲੁਨੀਕੀਆਂ 5:14) ਇਕ ਕਿਤਾਬ ਮੁਤਾਬਕ ‘ਨਿਰਾਸ਼ ਲੋਕ’ ਉਨ੍ਹਾਂ ਨੂੰ ਕਿਹਾ ਗਿਆ ਹੈ ਜੋ “ਜ਼ਿੰਦਗੀ ਦੇ ਤਣਾਅ ਕਰਕੇ ਥੋੜ੍ਹੇ ਸਮੇਂ ਲਈ ਉਦਾਸੀ ਵਿਚ ਡੁੱਬ ਜਾਂਦੇ ਹਨ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਵੀ ਵਫ਼ਾਦਾਰ ਆਦਮੀ ਤੇ ਔਰਤ ਕਦੇ-ਕਦਾਈਂ ਨਿਰਾਸ਼ ਹੋਏ ਸਨ।

ਕੀ ਨਿਰਾਸ਼ ਵਿਅਕਤੀ ਆਪਣੀ ਹਾਲਤ ਲਈ ਜ਼ਿੰਮੇਵਾਰ ਹੁੰਦਾ ਹੈ?

‘ਸਾਰੀ ਸ੍ਰਿਸ਼ਟੀ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਦੁੱਖ ਝੱਲ ਰਹੀ ਹੈ।’​—ਰੋਮੀਆਂ 8:22.

ਬਾਈਬਲ ਕੀ ਕਹਿੰਦੀ ਹੈ

ਬਾਈਬਲ ਦੱਸਦੀ ਹੈ ਕਿ ਪਹਿਲੇ ਜੋੜੇ ਦੀ ਗ਼ਲਤੀ ਕਰਕੇ ਸਾਨੂੰ ਬੀਮਾਰੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਮਿਸਾਲ ਲਈ, ਜ਼ਬੂਰਾਂ ਦੀ ਪੋਥੀ 51:5 ਵਿਚ ਲਿਖਿਆ ਹੈ: “ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ।” ਰੋਮੀਆਂ 5:12 ਵਿਚ ਦੱਸਿਆ ਗਿਆ ਹੈ: “ਇਕ ਆਦਮੀ [ਪਹਿਲੇ ਇਨਸਾਨ, ਆਦਮ] ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।” ਆਦਮ ਦੀ ਔਲਾਦ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਵਿਰਸੇ ਵਿਚ ਪਾਪ ਮਿਲਿਆ ਹੈ। ਇਸ ਕਰਕੇ ਸਾਨੂੰ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਲੱਗਦੀਆਂ ਹਨ। ਨਤੀਜੇ ਵਜੋਂ ਬਾਈਬਲ ਕਹਿੰਦੀ ਹੈ: ‘ਸਾਰੀ ਸ੍ਰਿਸ਼ਟੀ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਦੁੱਖ ਝੱਲ ਰਹੀ ਹੈ।’ (ਰੋਮੀਆਂ 8:22) ਪਰ ਬਾਈਬਲ ਸਾਨੂੰ ਉਹ ਆਸ ਦਿੰਦੀ ਹੈ ਜੋ ਸਾਨੂੰ ਅੱਜ ਕੋਈ ਡਾਕਟਰ ਨਹੀਂ ਦੇ ਸਕਦਾ। ਪਰਮੇਸ਼ੁਰ ਦਾ ਵਾਅਦਾ ਹੈ ਕਿ ਨਵੀਂ ਦੁਨੀਆਂ ਵਿਚ ਸਾਰੀਆਂ ਬੀਮਾਰੀਆਂ, ਇੱਥੋਂ ਤਕ ਕਿ ਡਿਪਰੈਸ਼ਨ ਵੀ, ਖ਼ਤਮ ਕਰ ਦਿੱਤੀਆਂ ਜਾਣਗੀਆਂ।​—ਪ੍ਰਕਾਸ਼ ਦੀ ਕਿਤਾਬ 21:4.

ਤੁਸੀਂ ਡਿਪਰੈਸ਼ਨ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?

‘ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲੇ ਹੋਇਆਂ ਨੂੰ ਬਚਾਉਂਦਾ ਹੈ।’​—ਜ਼ਬੂਰਾਂ ਦੀ ਪੋਥੀ 34:18.

ਤੁਹਾਡੇ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?

ਤੁਸੀਂ ਹਮੇਸ਼ਾ ਆਪਣੇ ਹਾਲਾਤਾਂ ਨੂੰ ਕੰਟ੍ਰੋਲ ਨਹੀਂ ਕਰ ਸਕਦੇ ਤੇ ਸਾਡੇ ਸਾਰਿਆਂ ’ਤੇ ਬੁਰਾ ਸਮਾਂ ਆਉਂਦਾ ਹੈ। (ਉਪਦੇਸ਼ਕ ਦੀ ਪੋਥੀ 9:11, 12) ਪਰ ਜ਼ਿੰਦਗੀ ਵਿਚ ਨਿਰਾਸ਼ਾ ਤੋਂ ਬਚਣ ਲਈ ਤੁਸੀਂ ਜ਼ਰੂਰ ਕੁਝ ਕਦਮ ਚੁੱਕ ਸਕਦੇ ਹੋ।

ਬਾਈਬਲ ਕੀ ਕਹਿੰਦੀ ਹੈ

ਬਾਈਬਲ ਕਹਿੰਦੀ ਹੈ ਕਿ ਬੀਮਾਰ ਲੋਕਾਂ ਨੂੰ ਡਾਕਟਰ ਦੀ ਲੋੜ ਹੁੰਦੀ ਹੈ। (ਲੂਕਾ 5:31) ਇਸ ਲਈ ਜੇ ਤੁਹਾਨੂੰ ਡਿਪਰੈਸ਼ਨ ਹੈ, ਤਾਂ ਡਾਕਟਰ ਤੋਂ ਮਦਦ ਲੈਣ ਵਿਚ ਕੋਈ ਬੁਰਾਈ ਨਹੀਂ। ਬਾਈਬਲ ਪ੍ਰਾਰਥਨਾ ਕਰਨ ’ਤੇ ਵੀ ਜ਼ੋਰ ਦਿੰਦੀ ਹੈ। ਮਿਸਾਲ ਲਈ, ਜ਼ਬੂਰਾਂ ਦੀ ਪੋਥੀ 55:22 ਵਿਚ ਲਿਖਿਆ ਹੈ: “ਆਪਣਾ ਭਾਰ ਯਹੋਵਾਹ ਉੱਤੇ ਸੁੱਟ, ਅਤੇ ਉਹ ਤੈਨੂੰ ਸੰਭਾਲੇਗਾ, ਓਹ ਧਰਮੀ ਨੂੰ ਕਦੇ ਡੋਲਣ ਨਾ ਦੇਵੇਗਾ।” ਪ੍ਰਾਰਥਨਾ ਸਿਰਫ਼ ਚੰਗਾ ਮਹਿਸੂਸ ਕਰਨ ਦਾ ਇਕ ਤਰੀਕਾ ਹੀ ਨਹੀਂ ਹੈ, ਸਗੋਂ ਯਹੋਵਾਹ ਪਰਮੇਸ਼ੁਰ ਨਾਲ ਦਿਲੋਂ ਗੱਲ ਕਰਨ ਦਾ ਜ਼ਰੀਆ ਹੈ ਜੋ “ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ।”​—ਜ਼ਬੂਰਾਂ ਦੀ ਪੋਥੀ 34:18.

ਕਿਸੇ ਚੰਗੇ ਦੋਸਤ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਨਾਲ ਵੀ ਫ਼ਾਇਦਾ ਹੋ ਸਕਦਾ ਹੈ। (ਕਹਾਉਤਾਂ 17:17) ਡਾਨੀਏਲਾ ਯਹੋਵਾਹ ਦੀ ਇਕ ਗਵਾਹ ਹੈ। ਉਹ ਦੱਸਦੀ ਹੈ: “ਮੈਨੂੰ ਡਿਪਰੈਸ਼ਨ ਸੀ ਤੇ ਮੇਰੀ ਮੰਡਲੀ ਦੇ ਇਕ ਬਜ਼ੁਰਗ ਨੇ ਮੈਨੂੰ ਇਸ ਬਾਰੇ ਗੱਲ ਕਰਨ ਦੀ ਹੱਲਾਸ਼ੇਰੀ ਦਿੱਤੀ। ਭਾਵੇਂ ਕਿ ਮੈਂ ਕਈ ਸਾਲ ਇਸ ਬਾਰੇ ਕੋਈ ਗੱਲ ਨਹੀਂ ਸੀ ਕੀਤੀ, ਪਰ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਪਹਿਲਾਂ ਹੀ ਇਸ ਬਾਰੇ ਗੱਲ ਕਰ ਲੈਣੀ ਚਾਹੀਦੀ ਸੀ। ਗੱਲ ਕਰਨ ਤੋਂ ਬਾਅਦ ਮੇਰਾ ਜੀਅ ਹਲਕਾ ਹੋ ਗਿਆ।” (g13 10-E)