Skip to content

Skip to table of contents

ਤੁਹਾਡੇ ਵਿਆਹ ਦਾ ਦਿਨ ਖ਼ੁਸ਼ੀ ਭਰਿਆ ਤੇ ਆਦਰਯੋਗ ਹੋਵੇ

ਤੁਹਾਡੇ ਵਿਆਹ ਦਾ ਦਿਨ ਖ਼ੁਸ਼ੀ ਭਰਿਆ ਤੇ ਆਦਰਯੋਗ ਹੋਵੇ

ਤੁਹਾਡੇ ਵਿਆਹ ਦਾ ਦਿਨ ਖ਼ੁਸ਼ੀ ਭਰਿਆ ਤੇ ਆਦਰਯੋਗ ਹੋਵੇ

ਗੋਰਡਨ ਨਾਂ ਦੇ ਇਕ ਮਸੀਹੀ ਨੇ ਕਿਹਾ: “ਮੇਰੇ ਵਿਆਹ ਦਾ ਦਿਨ ਮੇਰੀ ਜ਼ਿੰਦਗੀ ਦਾ ਇਕ ਸਭ ਤੋਂ ਅਹਿਮ ਤੇ ਖ਼ੁਸ਼ੀਆਂ ਭਰਿਆ ਦਿਨ ਸੀ।” ਉਸ ਦਾ ਵਿਆਹ ਹੋਏ ਨੂੰ 60 ਸਾਲ ਹੋ ਚੁੱਕੇ ਹਨ। ਸੱਚੇ ਮਸੀਹੀਆਂ ਲਈ ਉਨ੍ਹਾਂ ਦੇ ਵਿਆਹ ਦਾ ਦਿਨ ਇੰਨਾ ਅਹਿਮ ਕਿਉਂ ਹੁੰਦਾ ਹੈ? ਕਿਉਂਕਿ ਇਸ ਦਿਨ ਉਹ ਯਹੋਵਾਹ ਪਰਮੇਸ਼ੁਰ ਅੱਗੇ ਆਪਣੇ ਜੀਵਨ ਸਾਥੀ ਦਾ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕਰਦੇ ਹਨ। (ਮੱਤੀ 22:37; ਅਫ਼ਸੀਆਂ 5:22-29) ਵਿਆਹ ਕਰਾਉਣ ਬਾਰੇ ਸੋਚ ਰਹੇ ਮੁੰਡਾ-ਕੁੜੀ ਆਪਣੇ ਵਿਆਹ ਦੇ ਦਿਨ ਦਾ ਪੂਰਾ ਮਜ਼ਾ ਲੈਣਾ ਚਾਹੁੰਦੇ ਹਨ, ਪਰ ਇਸ ਦੇ ਨਾਲ ਹੀ ਉਹ ਵਿਆਹ ਦੀ ਸ਼ੁਰੂਆਤ ਕਰਨ ਵਾਲੇ ਪਰਮੇਸ਼ੁਰ ਯਹੋਵਾਹ ਦੀ ਵੀ ਵਡਿਆਈ ਕਰਨੀ ਚਾਹੁੰਦੇ ਹਨ।—ਉਤਪਤ 2:18-24; ਮੱਤੀ 19:5, 6.

ਲਾੜਾ ਇਸ ਖ਼ੁਸ਼ੀ ਭਰੇ ਮੌਕੇ ਨੂੰ ਆਦਰਯੋਗ ਕਿਵੇਂ ਬਣਾ ਸਕਦਾ ਹੈ? ਲਾੜੀ ਆਪਣੇ ਪਤੀ ਅਤੇ ਯਹੋਵਾਹ ਦਾ ਕਿਸ ਤਰ੍ਹਾਂ ਸਨਮਾਨ ਕਰ ਸਕਦੀ ਹੈ? ਪਰਾਹੁਣੇ ਵਿਆਹ ਦੇ ਦਿਨ ਦੀ ਖ਼ੁਸ਼ੀ ਵਿਚ ਕਿਵੇਂ ਵਾਧਾ ਕਰ ਸਕਦੇ ਹਨ? ਆਓ ਆਪਾਂ ਇਨ੍ਹਾਂ ਸਵਾਲਾਂ ਦੇ ਜਵਾਬ ਪਾਉਣ ਲਈ ਬਾਈਬਲ ਦੇ ਕੁਝ ਅਸੂਲਾਂ ਉੱਤੇ ਵਿਚਾਰ ਕਰੀਏ, ਜਿਨ੍ਹਾਂ ਤੇ ਚੱਲ ਕੇ ਵਿਆਹ ਦੇ ਸ਼ੁਭ ਮੌਕੇ ਤੇ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨੂੰ ਘਟਾਇਆ ਜਾ ਸਕਦਾ ਹੈ।

ਵਿਆਹ ਦੀਆਂ ਤਿਆਰੀਆਂ ਕਰਨ ਦੀ ਮੁੱਖ ਜ਼ਿੰਮੇਵਾਰੀ ਕਿਸ ਦੀ ਹੈ?

ਬਹੁਤ ਸਾਰੇ ਦੇਸ਼ਾਂ ਵਿਚ ਸਰਕਾਰ ਵੱਲੋਂ ਕੁਝ ਯਹੋਵਾਹ ਦੇ ਗਵਾਹਾਂ ਨੂੰ ਮੈਰਿਜ ਰਜਿਸਟਰਾਰ ਨਿਯੁਕਤ ਕੀਤਾ ਜਾਂਦਾ ਹੈ। ਪਰ ਕਈ ਦੇਸ਼ਾਂ ਵਿਚ ਇਹ ਕੰਮ ਸਿਰਫ਼ ਸਰਕਾਰੀ ਅਧਿਕਾਰੀ ਹੀ ਕਰ ਸਕਦਾ ਹੈ। ਇੱਦਾਂ ਹੋਣ ਤੇ ਵਿਆਹ ਤੋਂ ਬਾਅਦ ਮੁੰਡਾ-ਕੁੜੀ ਬਾਈਬਲ ਤੇ ਆਧਾਰਿਤ ਭਾਸ਼ਣ ਦਾ ਪ੍ਰਬੰਧ ਕਰ ਸਕਦੇ ਹਨ। ਇਸ ਭਾਸ਼ਣ ਵਿਚ ਲਾੜੇ ਨੂੰ ਚੇਤੇ ਕਰਾਇਆ ਜਾਂਦਾ ਹੈ ਕਿ ਪਰਮੇਸ਼ੁਰ ਨੇ ਉਸ ਨੂੰ ਪਰਿਵਾਰ ਦਾ ਮੁਖੀ ਠਹਿਰਾਇਆ ਹੈ। (1 ਕੁਰਿੰਥੀਆਂ 11:3) ਇਸ ਕਰਕੇ ਵਿਆਹ ਦੇ ਦਿਨ ਜੋ ਕੁਝ ਹੁੰਦਾ ਹੈ, ਉਸ ਲਈ ਮੁੱਖ ਤੌਰ ਤੇ ਲਾੜਾ ਜ਼ਿੰਮੇਵਾਰ ਹੋਵੇਗਾ। ਪਰ ਆਮ ਕਰਕੇ ਵਿਆਹ ਅਤੇ ਰਿਸੈਪਸ਼ਨ ਦੇ ਪ੍ਰਬੰਧ ਕਾਫ਼ੀ ਸਮਾਂ ਪਹਿਲਾਂ ਹੀ ਕਰ ਲਏ ਜਾਂਦੇ ਹਨ। ਇਸ ਮਾਮਲੇ ਵਿਚ ਲਾੜੇ ਨੂੰ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ?

ਇਕ ਮੁਸ਼ਕਲ ਤਾਂ ਇਹ ਹੈ ਕਿ ਮੁੰਡੇ-ਕੁੜੀ ਦੇ ਰਿਸ਼ਤੇਦਾਰ ਆਪਣੇ ਮੁਤਾਬਕ ਵਿਆਹ ਦੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਰੋਡੋਲਫੋ ਇਕ ਮੈਰਿਜ ਰਜਿਸਟਰਾਰ ਹੈ। ਉਹ ਦੱਸਦਾ ਹੈ: “ਕਈ ਵਾਰ ਰਿਸ਼ਤੇਦਾਰ ਮੁੰਡੇ ਤੇ ਬਹੁਤ ਜ਼ੋਰ ਪਾਉਂਦੇ ਹਨ, ਖ਼ਾਸ ਕਰਕੇ ਜੇ ਰਿਸ਼ਤੇਦਾਰ ਰਿਸੈਪਸ਼ਨ ਦਾ ਖ਼ਰਚਾ ਦੇ ਰਹੇ ਹੋਣ। ਉਹ ਆਪਣੀ ਗੱਲ ਮੰਨਵਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਵਿਆਹ ਅਤੇ ਰਿਸੈਪਸ਼ਨ ਕਿੱਦਾਂ ਦੀ ਹੋਣੀ ਚਾਹੀਦੀ ਹੈ। ਇਸ ਨਾਲ ਮੁੰਡੇ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਨਹੀਂ ਮਿਲਦਾ।”

ਮੈਕਸ 35 ਸਾਲਾਂ ਤੋਂ ਯਹੋਵਾਹ ਦੇ ਗਵਾਹਾਂ ਦਾ ਮੈਰਿਜ ਰਜਿਸਟਰਾਰ ਰਿਹਾ ਹੈ। ਉਹ ਦੱਸਦਾ ਹੈ: “ਮੈਂ ਦੇਖਿਆ ਹੈ ਕਿ ਆਮ ਤੌਰ ਤੇ ਕੁੜੀ ਫ਼ੈਸਲਾ ਕਰਦੀ ਹੈ ਕਿ ਵਿਆਹ ਅਤੇ ਰਿਸੈਪਸ਼ਨ ਕਿੱਦਾਂ ਦੀ ਹੋਣੀ ਚਾਹੀਦੀ ਹੈ ਤੇ ਮੁੰਡੇ ਤੋਂ ਜ਼ਿਆਦਾ ਪੁੱਛਿਆ ਨਹੀਂ ਜਾਂਦਾ।” ਡੇਵਿਡ ਨੇ ਵੀ ਕਈ ਗਵਾਹਾਂ ਦਾ ਵਿਆਹ ਕਰਾਇਆ ਹੈ। ਉਸ ਦਾ ਕਹਿਣਾ ਹੈ: “ਕਦੀ-ਕਦੀ ਮੁੰਡਾ ਹੀ ਫ਼ੈਸਲੇ ਕਰਨ ਵਿਚ ਢਿੱਲਾ ਹੁੰਦਾ ਹੈ ਤੇ ਵਿਆਹ ਦੀਆਂ ਤਿਆਰੀਆਂ ਵਿਚ ਉਹ ਬਹੁਤਾ ਕੁਝ ਨਹੀਂ ਕਰਦਾ।” ਇਸ ਮਾਮਲੇ ਵਿਚ ਮੁੰਡਾ ਆਪਣੀ ਜ਼ਿੰਮੇਵਾਰੀ ਕਿਵੇਂ ਪੂਰੀ ਕਰ ਸਕਦਾ ਹੈ?

ਸਲਾਹ-ਮਸ਼ਵਰਾ ਕਰਨ ਨਾਲ ਖ਼ੁਸ਼ੀ ਵਧਦੀ ਹੈ

ਵਿਆਹ ਦੀਆਂ ਤਿਆਰੀਆਂ ਸੰਬੰਧੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਜ਼ਰੂਰੀ ਹੈ ਕਿ ਮੁੰਡਾ ਆਪਣੀ ਹੋਣ ਵਾਲੀ ਪਤਨੀ ਨਾਲ, ਘਰਦਿਆਂ ਨਾਲ ਅਤੇ ਹੋਰ ਪਰਿਪੱਕ ਮਸੀਹੀਆਂ ਨਾਲ ਸਲਾਹ-ਮਸ਼ਵਰਾ ਕਰੇ ਜੋ ਬਾਈਬਲ ਵਿੱਚੋਂ ਉਸ ਨੂੰ ਸਲਾਹ ਦੇਣਗੇ। ਬਾਈਬਲ ਸਾਫ਼-ਸਾਫ਼ ਦੱਸਦੀ ਹੈ: “ਬਿਨਾਂ ਸਲਾਹ ਲਿਆ ਯੋਜਨਾਵਾਂ ਅਸਫਲ ਹੋ ਜਾਂਦੀਆਂ ਹਨ।” (ਕਹਾਉਤਾਂ 15:22, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਹਿਲਾਂ ਹੀ ਦੂਸਰਿਆਂ ਨਾਲ ਗੱਲ ਕਰ ਲੈਣ ਨਾਲ ਬਾਅਦ ਵਿਚ ਸਮੱਸਿਆਵਾਂ ਖੜ੍ਹੀਆਂ ਨਹੀਂ ਹੋਣਗੀਆਂ।

ਜੀ ਹਾਂ, ਇਹ ਬਹੁਤ ਜ਼ਰੂਰੀ ਹੈ ਕਿ ਮੁੰਡਾ-ਕੁੜੀ ਦੋਵੇਂ ਬੈਠ ਕੇ ਵਿਆਹ ਦੀਆਂ ਤਿਆਰੀਆਂ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਗੱਲ ਕਰਨ। ਕਿਉਂ? ਆਈਵਨ ਤੇ ਉਸ ਦੀ ਪਤਨੀ ਡੈਲਵਿਨ ਦੀ ਗੱਲ ਤੇ ਗੌਰ ਕਰੋ ਜਿਨ੍ਹਾਂ ਦੇ ਵਿਆਹ ਨੂੰ ਕਈ ਸਾਲ ਹੋ ਗਏ ਹਨ। ਇਨ੍ਹਾਂ ਦੋਵਾਂ ਦਾ ਸਭਿਆਚਾਰਕ ਪਿਛੋਕੜ ਵੱਖਰਾ ਸੀ। ਆਪਣੇ ਵਿਆਹ ਨੂੰ ਯਾਦ ਕਰਦਿਆਂ ਆਈਵਨ ਦੱਸਦਾ ਹੈ: “ਮੈਂ ਕਈ ਗੱਲਾਂ ਦਾ ਫ਼ੈਸਲਾ ਕਰ ਲਿਆ ਸੀ ਜਿਵੇਂ ਕਿ ਵਿਆਹ ਕਿੱਦਾਂ ਹੋਵੇਗਾ, ਰਿਸੈਪਸ਼ਨ ਤੇ ਮੇਰੇ ਸਾਰੇ ਦੋਸਤ-ਮਿੱਤਰ ਆਉਣਗੇ, ਵਿਆਹ ਦਾ ਵੱਡਾ ਸਾਰਾ ਕੇਕ ਕੱਟਿਆ ਜਾਏਗਾ ਤੇ ਡੈਲਵਿਨ ਵਿਆਹ ਦਾ ਚਿੱਟਾ ਗਾਊਨ ਪਾਏਗੀ। ਪਰ ਡੈਲਵਿਨ ਇਹ ਸਭ ਨਹੀਂ ਚਾਹੁੰਦੀ ਸੀ, ਸਗੋਂ ਉਹ ਸਾਦਾ ਜਿਹਾ ਵਿਆਹ ਚਾਹੁੰਦੀ ਸੀ। ਉਸ ਨੇ ਤਾਂ ਇਹ ਵੀ ਸੋਚਿਆ ਸੀ ਕਿ ਉਹ ਵੈਡਿੰਗ ਗਾਊਨ ਦੀ ਬਜਾਇ ਕੁਝ ਹੋਰ ਪਾਵੇਗੀ।”

ਇਸ ਜੋੜੇ ਨੇ ਇਸ ਮਸਲੇ ਨੂੰ ਕਿਵੇਂ ਹੱਲ ਕੀਤਾ? ਪਿਆਰ ਨਾਲ ਖੁੱਲ੍ਹ ਕੇ ਗੱਲ ਕਰਨ ਦੁਆਰਾ। (ਕਹਾਉਤਾਂ 12:18) ਆਈਵਨ ਦੱਸਦਾ ਹੈ: “ਅਸੀਂ ਵਿਆਹ ਬਾਰੇ ਕਈ ਬਾਈਬਲ-ਆਧਾਰਿਤ ਲੇਖ ਪੜ੍ਹੇ, ਜਿਵੇਂ ਕਿ ਪਹਿਰਾਬੁਰਜ, 15 ਅਪ੍ਰੈਲ 1984. * ਇਹ ਲੇਖ ਪੜ੍ਹ ਕੇ ਅਸੀਂ ਵਿਆਹ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਨੂੰ ਜਾਣਿਆ। ਕਿਉਂਕਿ ਅਸੀਂ ਦੋਵੇਂ ਵੱਖੋ-ਵੱਖਰੇ ਪਿਛੋਕੜਾਂ ਤੋਂ ਸਾਂ, ਇਸ ਲਈ ਸਾਨੂੰ ਕਈ ਗੱਲਾਂ ਵਿਚ ਸਮਝੌਤਾ ਕਰਨਾ ਪਿਆ। ਇਕ-ਦੂਜੇ ਦੀ ਪਸੰਦ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਵਿਆਹ ਦੀਆਂ ਤਿਆਰੀਆਂ ਕੀਤੀਆਂ।”

ਐਰਟ ਤੇ ਪੈਨੀ ਨੇ ਵੀ ਇਸੇ ਤਰ੍ਹਾਂ ਕੀਤਾ ਸੀ। ਆਪਣੇ ਵਿਆਹ ਦੇ ਦਿਨ ਬਾਰੇ ਐਰਟ ਕਹਿੰਦਾ ਹੈ: “ਮੈਂ ਤੇ ਪੈਨੀ ਨੇ ਵਿਆਹ ਬਾਰੇ ਆਪੋ-ਆਪਣੀ ਪਸੰਦ ਬਾਰੇ ਗੱਲ ਕੀਤੀ ਤੇ ਫਿਰ ਇਕ-ਦੂਜੇ ਦੀ ਪਸੰਦ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਵਿਆਹ ਦੀਆਂ ਤਿਆਰੀਆਂ ਕੀਤੀਆਂ। ਅਸੀਂ ਆਪਣੇ ਵਿਆਹ ਦੇ ਦਿਨ ਤੇ ਯਹੋਵਾਹ ਦੀ ਬਰਕਤ ਲਈ ਪ੍ਰਾਰਥਨਾ ਕੀਤੀ। ਮੈਂ ਆਪਣੇ ਅਤੇ ਪੈਨੀ ਦੇ ਮਾਤਾ-ਪਿਤਾ ਤੇ ਕਲੀਸਿਯਾ ਦੇ ਸਿਆਣੇ ਵਿਆਹੇ ਭੈਣਾਂ-ਭਰਾਵਾਂ ਦੀ ਸਲਾਹ ਵੀ ਲਈ। ਉਨ੍ਹਾਂ ਨੇ ਸਾਨੂੰ ਚੰਗੇ ਸੁਝਾਅ ਦਿੱਤੇ। ਨਤੀਜੇ ਵਜੋਂ ਸਾਡਾ ਵਿਆਹ ਦਾ ਦਿਨ ਬਹੁਤ ਹੀ ਖ਼ੁਸ਼ੀਆਂ-ਭਰਿਆ ਸੀ।”

ਚੱਜ ਦੇ ਕੱਪੜੇ

ਮੁੰਡਾ-ਕੁੜੀ ਆਪਣੇ ਵਿਆਹ ਤੇ ਸਜਦੇ-ਧੱਜਦੇ ਹਨ। (ਜ਼ਬੂਰਾਂ ਦੀ ਪੋਥੀ 45:8-15) ਉਹ ਵਿਆਹ ਦੇ ਕੱਪੜੇ ਪਸੰਦ ਕਰਨ ਤੇ ਖ਼ਰੀਦਣ ਵਿਚ ਕਾਫ਼ੀ ਸਮਾਂ ਤੇ ਪੈਸਾ ਲਾਉਂਦੇ ਹਨ। ਬਾਈਬਲ ਦੇ ਕਿਹੜੇ ਅਸੂਲ ਉਨ੍ਹਾਂ ਦੀ ਅਜਿਹੇ ਕੱਪੜੇ ਚੁਣਨ ਵਿਚ ਮਦਦ ਕਰ ਸਕਦੇ ਹਨ ਜਿਨ੍ਹਾਂ ਨੂੰ ਪਾ ਕੇ ਉਹ ਇੱਜ਼ਤਦਾਰ ਵੀ ਲੱਗਣ ਤੇ ਸੋਹਣੇ ਵੀ?

ਜ਼ਰਾ ਲਾੜੀ ਦੇ ਕੱਪੜਿਆਂ ਵੱਲ ਧਿਆਨ ਦਿਓ। ਹਰ ਕੁੜੀ ਦੀ ਆਪੋ-ਆਪਣੀ ਪਸੰਦ ਹੁੰਦੀ ਹੈ ਤੇ ਹਰ ਦੇਸ਼ ਵਿਚ ਕੱਪੜਿਆਂ ਦਾ ਸਟਾਈਲ ਵੀ ਵੱਖੋ-ਵੱਖਰਾ ਹੁੰਦਾ ਹੈ। ਫਿਰ ਵੀ ਬਾਈਬਲ ਦੀ ਸਲਾਹ ਹਰ ਜਗ੍ਹਾ ਲਾਗੂ ਕੀਤੀ ਜਾ ਸਕਦੀ ਹੈ। ਬਾਈਬਲ ਸਲਾਹ ਦਿੰਦੀ ਹੈ ਕਿ ਔਰਤਾਂ “ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨ।” ਇਹ ਸਲਾਹ ਮਸੀਹੀ ਔਰਤਾਂ ਤੇ ਹਰ ਸਮੇਂ ਲਾਗੂ ਹੁੰਦੀ ਹੈ, ਵਿਆਹ ਵਾਲੇ ਦਿਨ ਵੀ। ਵਿਆਹ ਦੀ ਖ਼ੁਸ਼ੀ ਨੂੰ ਵਧਾਉਣ ਲਈ ਜ਼ਰੂਰੀ ਨਹੀਂ ਕਿ ‘ਭਾਰੇ ਮੁੱਲ ਦੇ ਬਸਤ੍ਰ’ ਪਾਏ ਜਾਣ। (1 ਤਿਮੋਥਿਉਸ 2:9; 1 ਪਤਰਸ 3:3, 4) ਇਹ ਸਲਾਹ ਲਾਗੂ ਕਰਨ ਦਾ ਬਹੁਤ ਫ਼ਾਇਦਾ ਹੋਵੇਗਾ।

ਡੇਵਿਡ ਜਿਸ ਦਾ ਉੱਪਰ ਜ਼ਿਕਰ ਕੀਤਾ ਗਿਆ ਹੈ, ਦੱਸਦਾ ਹੈ: “ਬਹੁਤ ਸਾਰੇ ਜੋੜੇ ਬਾਈਬਲ ਦੇ ਅਸੂਲਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਉਨ੍ਹਾਂ ਦੀ ਸਿਫ਼ਤ ਕੀਤੀ ਜਾਣੀ ਚਾਹੀਦੀ ਹੈ। ਪਰ ਕਈ ਵਿਆਹਾਂ ਵਿਚ ਦੇਖਿਆ ਗਿਆ ਹੈ ਕਿ ਲਾੜੀਆਂ ਤੇ ਉਨ੍ਹਾਂ ਦੀਆਂ ਸਹੇਲੀਆਂ ਦੇ ਕੱਪੜਿਆਂ ਦੇ ਗਲੇ ਬਹੁਤ ਵੱਡੇ ਸਨ ਜਾਂ ਉਨ੍ਹਾਂ ਦੇ ਕੱਪੜਿਆਂ ਵਿੱਚੋਂ ਆਰ-ਪਾਰ ਦਿੱਸਦਾ ਸੀ।” ਮਸੀਹੀ ਕਲੀਸਿਯਾ ਦਾ ਇਕ ਬਜ਼ੁਰਗ ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਨੂੰ ਮਿਲ ਕੇ ਵਿਆਹ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਰੱਖਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। ਕਿਵੇਂ? ਉਹ ਉਨ੍ਹਾਂ ਨੂੰ ਪੁੱਛਦਾ ਹੈ ਕਿ ਉਹ ਜਿਹੜੇ ਕੱਪੜੇ ਸਿਲਾਉਣ ਬਾਰੇ ਸੋਚ ਰਹੇ ਹਨ, ਉਹ ਮਸੀਹੀ ਸਭਾਵਾਂ ਵਿਚ ਪਾਏ ਜਾ ਸਕਦੇ ਹਨ ਜਾਂ ਨਹੀਂ। ਇਹ ਸੱਚ ਹੈ ਕਿ ਵਿਆਹ ਦੇ ਕੱਪੜਿਆਂ ਦਾ ਸਟਾਈਲ ਮੀਟਿੰਗ ਵਿਚ ਪਾਏ ਜਾਂਦੇ ਕੱਪੜਿਆਂ ਤੋਂ ਵੱਖਰਾ ਹੁੰਦਾ ਹੈ ਤੇ ਇਹ ਸ਼ਾਇਦ ਸਥਾਨਕ ਰਿਵਾਜਾਂ ਤੇ ਨਿਰਭਰ ਕਰੇ। ਪਰ ਵਿਆਹ ਦੇ ਦਿਨ ਮੁੰਡੇ-ਕੁੜੀ ਦੇ ਕੱਪੜੇ ਉੱਚੇ ਮਸੀਹੀ ਮਿਆਰਾਂ ਅਨੁਸਾਰ ਹੋਣੇ ਚਾਹੀਦੇ ਹਨ। ਭਾਵੇਂ ਦੁਨਿਆਵੀ ਲੋਕ ਸੋਚਣ ਕਿ ਬਾਈਬਲ ਦੇ ਨੈਤਿਕ ਮਿਆਰ ਪੁਰਾਣੇ ਹਨ, ਪਰ ਸੱਚੇ ਮਸੀਹੀ ਦੁਨੀਆਂ ਵਰਗੇ ਨਹੀਂ ਬਣਨਾ ਚਾਹੁਣਗੇ।—ਰੋਮੀਆਂ 12:2; 1 ਪਤਰਸ 4:4.

ਪੈਨੀ ਕਹਿੰਦੀ ਹੈ: “ਕੱਪੜਿਆਂ ਤੇ ਰਿਸੈਪਸ਼ਨ ਵੱਲ ਪੂਰਾ ਧਿਆਨ ਦੇਣ ਦੀ ਬਜਾਇ ਮੈਂ ਤੇ ਐਰਟ ਨੇ ਵਿਆਹ ਦੀ ਰਸਮ ਵੱਲ ਜ਼ਿਆਦਾ ਧਿਆਨ ਦਿੱਤਾ। ਇਹ ਵਿਆਹ ਦਾ ਸਭ ਤੋਂ ਅਹਿਮ ਹਿੱਸਾ ਸੀ। ਉਸ ਦਿਨ ਦੀਆਂ ਦੋ ਖ਼ਾਸ ਗੱਲਾਂ ਮੈਨੂੰ ਯਾਦ ਹਨ। ਇਹ ਨਹੀਂ ਕਿ ਮੈਂ ਕੀ ਪਾਇਆ ਸੀ ਜਾਂ ਕੀ ਖਾਧਾ ਸੀ, ਸਗੋਂ ਇਹ ਕਿ ਜਿਸ ਆਦਮੀ ਨੂੰ ਮੈਂ ਪਿਆਰ ਕਰਦੀ ਸੀ ਉਸ ਨਾਲ ਵਿਆਹ ਕਰ ਕੇ ਮੈਂ ਕਿੰਨੀ ਖ਼ੁਸ਼ ਸੀ ਅਤੇ ਉਸ ਦਿਨ ਕੌਣ-ਕੌਣ ਸਾਡੀ ਖ਼ੁਸ਼ੀ ਵਿਚ ਸ਼ਾਮਲ ਹੋਏ ਸਨ।” ਵਿਆਹ ਦੀਆਂ ਤਿਆਰੀਆਂ ਕਰ ਰਹੇ ਮੁੰਡੇ-ਕੁੜੀਆਂ ਨੂੰ ਇਹ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ।

ਕਿੰਗਡਮ ਹਾਲ ਵਿਚ ਵਿਆਹ

ਬਹੁਤ ਸਾਰੇ ਮਸੀਹੀ ਮੁੰਡੇ-ਕੁੜੀਆਂ ਕਿੰਗਡਮ ਹਾਲ ਵਿਚ ਵਿਆਹ ਕਰਾਉਂਦੇ ਹਨ। ਕਿਉਂ? ਇਕ ਜੋੜੇ ਨੇ ਇਸ ਦਾ ਕਾਰਨ ਦੱਸਿਆ: “ਸਾਨੂੰ ਪਤਾ ਸੀ ਕਿ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ ਸ਼ੁਰੂਆਤ ਯਹੋਵਾਹ ਨੇ ਕੀਤੀ ਸੀ। ਕਿੰਗਡਮ ਹਾਲ ਵਿਚ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ, ਇਸ ਲਈ ਕਿੰਗਡਮ ਹਾਲ ਵਿਚ ਵਿਆਹ ਕਰਾਉਣ ਨਾਲ ਸਾਨੂੰ ਇਹ ਗੱਲ ਯਾਦ ਰਹੀ ਕਿ ਯਹੋਵਾਹ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ। ਹੋਰ ਜਗ੍ਹਾ ਵਿਆਹ ਕਰਾਉਣ ਦੀ ਬਜਾਇ ਕਿੰਗਡਮ ਹਾਲ ਵਿਚ ਵਿਆਹ ਕਰਾਉਣ ਦਾ ਇਕ ਹੋਰ ਫ਼ਾਇਦਾ ਇਹ ਸੀ ਕਿ ਸਾਡੇ ਉਨ੍ਹਾਂ ਰਿਸ਼ਤੇਦਾਰਾਂ ਨੂੰ ਜੋ ਸੱਚਾਈ ਵਿਚ ਨਹੀਂ ਹਨ, ਪਤਾ ਲੱਗ ਗਿਆ ਕਿ ਯਹੋਵਾਹ ਦੀ ਭਗਤੀ ਸਾਡੇ ਲਈ ਕਿੰਨੀ ਅਹਿਮੀਅਤ ਰੱਖਦੀ ਹੈ।”

ਜੇ ਕਲੀਸਿਯਾ ਦੇ ਬਜ਼ੁਰਗ ਵਿਆਹ ਵਾਸਤੇ ਕਿੰਗਡਮ ਹਾਲ ਵਰਤਣ ਦੀ ਇਜਾਜ਼ਤ ਦਿੰਦੇ ਹਨ, ਤਾਂ ਮੁੰਡੇ-ਕੁੜੀ ਨੂੰ ਵਿਆਹ ਦੀਆਂ ਤਿਆਰੀਆਂ ਸੰਬੰਧੀ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ। ਵਿਆਹ ਲਈ ਸਮੇਂ ਸਿਰ ਕਿੰਗਡਮ ਹਾਲ ਪਹੁੰਚ ਕੇ ਮੁੰਡਾ-ਕੁੜੀ ਆਏ ਮਹਿਮਾਨਾਂ ਦੀ ਇੱਜ਼ਤ ਕਰਦੇ ਹਨ। ਨਾਲੇ ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਰਾ ਕੁਝ ਵਧੀਆ ਤਰੀਕੇ ਨਾਲ ਹੋਵੇ। * (1 ਕੁਰਿੰਥੀਆਂ 14:40) ਉਹ ਕਿੰਗਡਮ ਹਾਲ ਵਿਚ ਦਿਖਾਵੇ ਵਾਲਾ ਜਾਂ ਮੌਜ-ਮਸਤੀ ਵਾਲਾ ਮਾਹੌਲ ਪੈਦਾ ਕਰਨ ਤੋਂ ਪਰਹੇਜ਼ ਕਰਨਗੇ ਜੋ ਅਕਸਰ ਦੁਨਿਆਵੀ ਵਿਆਹਾਂ ਵਿਚ ਦੇਖਿਆ ਜਾਂਦਾ ਹੈ।—1 ਯੂਹੰਨਾ 2:15, 16.

ਵਿਆਹ ਵਿਚ ਸੱਦੇ ਗਏ ਮਹਿਮਾਨ ਵੀ ਦਿਖਾ ਸਕਦੇ ਹਨ ਕਿ ਉਹ ਵਿਆਹ ਸੰਬੰਧੀ ਯਹੋਵਾਹ ਦਾ ਨਜ਼ਰੀਆ ਰੱਖਦੇ ਹਨ। ਉਦਾਹਰਣ ਲਈ, ਉਹ ਇਹ ਆਸ ਨਹੀਂ ਰੱਖਣਗੇ ਕਿ ਇਹ ਵਿਆਹ ਦੂਸਰੇ ਵਿਆਹਾਂ ਦੇ ਮੁਕਾਬਲੇ ਜ਼ਿਆਦਾ ਠਾਠ-ਬਾਠ ਵਾਲਾ ਹੋਵੇ। ਸਿਆਣੇ ਮਸੀਹੀਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਕਿੰਗਡਮ ਹਾਲ ਵਿਚ ਬਾਈਬਲ ਤੇ ਆਧਾਰਿਤ ਭਾਸ਼ਣ ਸੁਣਨਾ ਦਾਅਵਤ ਜਾਂ ਰਿਸੈਪਸ਼ਨ ਨਾਲੋਂ ਜ਼ਿਆਦਾ ਅਹਿਮ ਤੇ ਫ਼ਾਇਦੇਮੰਦ ਹੈ। ਜੇ ਕਿਸੇ ਵਜ੍ਹਾ ਕਰਕੇ ਸਿਰਫ਼ ਇੱਕੋ ਜਗ੍ਹਾ ਜਾਇਆ ਜਾ ਸਕਦਾ ਹੈ, ਤਾਂ ਚੰਗਾ ਹੋਵੇਗਾ ਕਿ ਮਹਿਮਾਨ ਕਿੰਗਡਮ ਹਾਲ ਭਾਸ਼ਣ ਸੁਣਨ ਲਈ ਜਾਣ। ਵਿਲਿਅਮ ਨਾਂ ਦੇ ਇਕ ਬਜ਼ੁਰਗ ਨੇ ਕਿਹਾ: “ਜੇ ਮਹਿਮਾਨ ਬਿਨਾਂ ਵਜ੍ਹਾ ਕਿੰਗਡਮ ਹਾਲ ਨਹੀਂ ਜਾਂਦੇ, ਪਰ ਰਿਸੈਪਸ਼ਨ ਵਿਚ ਪਹੁੰਚ ਜਾਂਦੇ ਹਨ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਵਿਆਹ ਦੀ ਪਵਿੱਤਰਤਾ ਦੀ ਕਦਰ ਨਹੀਂ ਕਰਦੇ। ਭਾਵੇਂ ਸਾਨੂੰ ਰਿਸੈਪਸ਼ਨ ਤੇ ਆਉਣ ਦਾ ਸੱਦਾ ਨਾ ਵੀ ਮਿਲਿਆ ਹੋਵੇ, ਤਾਂ ਵੀ ਅਸੀਂ ਕਿੰਗਡਮ ਹਾਲ ਵਿਚ ਵਿਆਹ ਦੀ ਰਸਮ ਵਿਚ ਹਾਜ਼ਰ ਹੋ ਕੇ ਮੁੰਡੇ-ਕੁੜੀ ਦਾ ਸਨਮਾਨ ਕਰਦੇ ਹਾਂ ਅਤੇ ਜੋ ਰਿਸ਼ਤੇਦਾਰ ਸੱਚਾਈ ਵਿਚ ਨਹੀਂ ਹਨ, ਉਨ੍ਹਾਂ ਨੂੰ ਅਸੀਂ ਵਧੀਆ ਗਵਾਹੀ ਦਿੰਦੇ ਹਾਂ।”

ਵਿਆਹ ਤੋਂ ਬਾਅਦ ਖ਼ੁਸ਼ੀਆਂ-ਭਰੀ ਜ਼ਿੰਦਗੀ

ਵਿਆਹ ਨੂੰ ਵੀ ਅੱਜ ਕਾਰੋਬਾਰ ਬਣਾ ਦਿੱਤਾ ਗਿਆ ਹੈ। ਇਕ ਰਿਪੋਰਟ ਅਨੁਸਾਰ ਆਮ ਤੌਰ ਤੇ ਅਮਰੀਕਾ ਵਿਚ ਵਿਆਹ ਤੇ “22,000 ਡਾਲਰ ਖ਼ਰਚ ਹੁੰਦਾ ਹੈ ਜੋ ਕਿ ਇਕ ਅਮਰੀਕੀ ਪਰਿਵਾਰ ਦੀ [ਸਾਲਾਨਾ] ਆਮਦਨੀ ਦਾ ਅੱਧਾ ਹਿੱਸਾ ਹੈ।” ਵਿਆਹ ਦੀ ਤੜਕ-ਭੜਕ ਦੀਆਂ ਮਸ਼ਹੂਰੀਆਂ ਦੇਖ ਕੇ ਬਹੁਤ ਸਾਰੇ ਮੁੰਡੇ-ਕੁੜੀਆਂ ਜਾਂ ਉਨ੍ਹਾਂ ਦੇ ਪਰਿਵਾਰ ਵਿਆਹ ਉੱਤੇ ਦਿਲ ਖੋਲ੍ਹ ਕੇ ਖ਼ਰਚ ਕਰਦੇ ਹਨ ਤੇ ਕਈ ਸਾਲਾਂ ਲਈ ਕਰਜ਼ੇ ਹੇਠ ਦੱਬੇ ਜਾਂਦੇ ਹਨ। ਕੀ ਇਸ ਤਰ੍ਹਾਂ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਸਮਝਦਾਰੀ ਹੋਵੇਗੀ? ਜੋ ਲੋਕ ਬਾਈਬਲ ਦੇ ਅਸੂਲਾਂ ਬਾਰੇ ਨਹੀਂ ਜਾਣਦੇ ਜਾਂ ਇਨ੍ਹਾਂ ਦੀ ਕਦਰ ਨਹੀਂ ਕਰਦੇ, ਉਹ ਲੋਕ ਇਸ ਤਰ੍ਹਾਂ ਦੀ ਫ਼ਜ਼ੂਲਖ਼ਰਚੀ ਕਰਦੇ ਹਨ। ਪਰ ਸੱਚੇ ਮਸੀਹੀ ਇਸ ਤਰ੍ਹਾਂ ਦੀ ਗ਼ਲਤੀ ਨਹੀਂ ਕਰਨਗੇ।

ਬਹੁਤ ਸਾਰੇ ਮਸੀਹੀਆਂ ਨੇ ਆਪਣੇ ਵਿਆਹ ਤੇ ਭੀੜ ਇਕੱਠੀ ਨਹੀਂ ਕੀਤੀ ਤੇ ਨਾ ਹੀ ਫ਼ਜ਼ੂਲਖ਼ਰਚੀ ਕੀਤੀ, ਸਗੋਂ ਉਨ੍ਹਾਂ ਨੇ ਵਿਆਹ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਅਪਣਾਇਆ ਹੈ। ਇਸ ਤਰ੍ਹਾਂ ਉਨ੍ਹਾਂ ਨੇ ਪੈਸਾ ਤੇ ਸਮਾਂ ਬਚਾਇਆ ਜੋ ਉਨ੍ਹਾਂ ਨੇ ਪਰਮੇਸ਼ੁਰ ਦੀ ਹੋਰ ਜ਼ਿਆਦਾ ਸੇਵਾ ਕਰਨ ਵਿਚ ਲਗਾਇਆ। (ਮੱਤੀ 6:33) ਲੋਇਡ ਤੇ ਐਲਿਗਜ਼ਾਨਡ੍ਰਾ ਨੇ ਇਸੇ ਤਰ੍ਹਾਂ ਕੀਤਾ ਜੋ ਆਪਣੇ ਵਿਆਹ ਤੋਂ ਬਾਅਦ 17 ਸਾਲਾਂ ਤੋਂ ਪਾਇਨੀਅਰੀ ਕਰਨ ਦਾ ਆਨੰਦ ਮਾਣ ਰਹੇ ਹਨ। ਲੋਇਡ ਕਹਿੰਦਾ ਹੈ: “ਕਈ ਲੋਕ ਸ਼ਾਇਦ ਕਹਿਣ ਕਿ ਸਾਡਾ ਵਿਆਹ ਬਹੁਤ ਸਾਦਾ ਸੀ, ਪਰ ਉਸ ਦਿਨ ਮੈਂ ਤੇ ਐਲਿਗਜ਼ਾਨਡ੍ਰਾ ਬਹੁਤ ਖ਼ੁਸ਼ ਸੀ। ਅਸੀਂ ਮਹਿਸੂਸ ਕੀਤਾ ਕਿ ਵਿਆਹ ਕਰਕੇ ਸਾਡੇ ਸਿਰ ਤੇ ਕਰਜ਼ਾ ਨਹੀਂ ਚੜ੍ਹਨਾ ਚਾਹੀਦਾ, ਸਗੋਂ ਇਸ ਤੋਂ ਸਾਨੂੰ ਦੋਵਾਂ ਨੂੰ ਖ਼ੁਸ਼ੀ ਮਿਲਣੀ ਚਾਹੀਦੀ ਹੈ।”

ਐਲਿਗਜ਼ਾਨਡ੍ਰਾ ਦੱਸਦੀ ਹੈ: “ਵਿਆਹ ਤੋਂ ਪਹਿਲਾਂ ਮੈਂ ਪਾਇਨੀਅਰੀ ਕਰਦੀ ਸੀ ਅਤੇ ਮੈਂ ਵਿਆਹ ਤੇ ਜ਼ਿਆਦਾ ਖ਼ਰਚਾ ਕਰਨ ਲਈ ਪਾਇਨੀਅਰੀ ਛੱਡਣੀ ਨਹੀਂ ਚਾਹੁੰਦੀ ਸੀ। ਸਾਡਾ ਵਿਆਹ ਦਾ ਦਿਨ ਬਹੁਤ ਹੀ ਵਧੀਆ ਰਿਹਾ। ਪਰ ਇਹ ਸਾਡੀ ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ ਹੀ ਸੀ। ਅਸੀਂ ਸਿਰਫ਼ ਵਿਆਹ ਕਰਾਉਣ ਉੱਤੇ ਪੂਰਾ ਧਿਆਨ ਨਾ ਦੇਣ ਦੀ ਸਲਾਹ ਨੂੰ ਲਾਗੂ ਕੀਤਾ। ਅਸੀਂ ਹਮੇਸ਼ਾ ਇਹੀ ਕੋਸ਼ਿਸ਼ ਕੀਤੀ ਕਿ ਯਹੋਵਾਹ ਦੀਆਂ ਹਿਦਾਇਤਾਂ ਉੱਤੇ ਚੱਲ ਕੇ ਅਸੀਂ ਆਪਣੀ ਵਿਆਹੁਤਾ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਈਏ। ਇਸ ਵਿਚ ਯਹੋਵਾਹ ਨੇ ਸਾਡੀ ਮਦਦ ਕੀਤੀ ਹੈ।” *

ਜੀ ਹਾਂ, ਵਿਆਹ ਦਾ ਦਿਨ ਬਹੁਤ ਹੀ ਖ਼ਾਸ ਹੁੰਦਾ ਹੈ। ਉਸ ਦਿਨ ਪ੍ਰਤੀ ਤੁਹਾਡੇ ਨਜ਼ਰੀਏ ਅਤੇ ਰਵੱਈਏ ਤੋਂ ਪਤਾ ਲੱਗੇਗਾ ਕਿ ਤੁਹਾਡੀ ਵਿਆਹੁਤਾ ਜ਼ਿੰਦਗੀ ਕਿੱਦਾਂ ਦੀ ਹੋਵੇਗੀ। ਇਸ ਲਈ ਯਹੋਵਾਹ ਦੇ ਅਸੂਲਾਂ ਤੇ ਚੱਲੋ। (ਕਹਾਉਤਾਂ 3:5, 6) ਵਿਆਹ ਦੇ ਦਿਨ ਬਾਰੇ ਯਹੋਵਾਹ ਦਾ ਨਜ਼ਰੀਆ ਰੱਖੋ। ਘਰ-ਗ੍ਰਹਿਸਥੀ ਚਲਾਉਣ ਵਿਚ ਪਰਮੇਸ਼ੁਰ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਇਕ-ਦੂਜੇ ਦਾ ਸਾਥ ਦਿਓ। ਇਸ ਤਰ੍ਹਾਂ ਤੁਸੀਂ ਵਿਆਹ ਦੀ ਨੀਂਹ ਪੱਕੀ ਕਰੋਗੇ ਅਤੇ ਯਹੋਵਾਹ ਦੀ ਬਰਕਤ ਨਾਲ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀਆਂ ਮਾਣੋਗੇ।—ਕਹਾਉਤਾਂ 18:22.

[ਫੁਟਨੋਟ]

^ ਪੈਰਾ 11 ਹੋਰ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਜਾਗਰੂਕ ਬਣੋ!, 8 ਫਰਵਰੀ 2002 (ਅੰਗ੍ਰੇਜ਼ੀ) ਵਿਚ ਦਿੱਤੇ ਲੇਖ ਪੜ੍ਹੋ।

^ ਪੈਰਾ 20 ਜੇ ਮੁੰਡਾ-ਕੁੜੀ ਕਿੰਗਡਮ ਹਾਲ ਵਿਚ ਵਿਆਹ ਦੀਆਂ ਫੋਟੋਆਂ ਖਿਚਵਾਉਣੀਆਂ ਚਾਹੁੰਦੇ ਹਨ ਜਾਂ ਫ਼ਿਲਮ ਬਣਾਉਣੀ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਫੋਟੋ ਜਾਂ ਵਿਡਿਓ ਲੈਣ ਵਾਲੇ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਹੈ ਕਿ ਉਹ ਇਹੋ ਜਿਹੀਆਂ ਫੋਟੋਆਂ ਨਾ ਖਿੱਚੇ ਜਾਂ ਫ਼ਿਲਮ ਨਾ ਬਣਾਵੇ, ਜਿਸ ਨਾਲ ਵਿਆਹ ਦਾ ਆਦਰ ਘਟੇ।

^ ਪੈਰਾ 25 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਰਿਵਾਰਕ ਖ਼ੁਸ਼ੀ ਦਾ ਰਾਜ਼ ਦਾ ਸਫ਼ਾ 26 ਦੇਖੋ।

[ਸਫ਼ਾ 29 ਉੱਤੇ ਤਸਵੀਰ]

ਵਿਆਹ ਦੀਆਂ ਤਿਆਰੀਆਂ ਕਰਦੇ ਵੇਲੇ ਮੁੰਡੇ-ਕੁੜੀ ਨੂੰ ਆਪਸ ਵਿਚ ਖੁੱਲ੍ਹ ਕੇ, ਪਰ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ

[ਸਫ਼ਾ 31 ਉੱਤੇ ਤਸਵੀਰ]

ਵਿਆਹ ਦੇ ਦਿਨ ਬਾਰੇ ਯਹੋਵਾਹ ਦਾ ਨਜ਼ਰੀਆ ਰੱਖੋ