Skip to content

Skip to table of contents

ਪਰਮੇਸ਼ੁਰ ਤੇ ਇਨਸਾਨਾਂ ਦੀ ਨਜ਼ਰ ਵਿਚ ਆਦਰਯੋਗ ਵਿਆਹ-ਸ਼ਾਦੀ

ਪਰਮੇਸ਼ੁਰ ਤੇ ਇਨਸਾਨਾਂ ਦੀ ਨਜ਼ਰ ਵਿਚ ਆਦਰਯੋਗ ਵਿਆਹ-ਸ਼ਾਦੀ

ਪਰਮੇਸ਼ੁਰ ਤੇ ਇਨਸਾਨਾਂ ਦੀ ਨਜ਼ਰ ਵਿਚ ਆਦਰਯੋਗ ਵਿਆਹ-ਸ਼ਾਦੀ

“ਕਾਨਾ ਵਿੱਚ ਇੱਕ ਵਿਆਹ ਹੋਇਆ ਅਤੇ . . . ਯਿਸੂ ਅਰ ਉਹ ਦੇ ਚੇਲੇ ਵੀ ਵਿਆਹ ਵਿੱਚ ਬੁਲਾਏ ਗਏ।”—ਯੂਹੰਨਾ 2:1, 2.

1. ਕਾਨਾ ਵਿਚ ਹੋਏ ਵਿਆਹ ਦੇ ਬਿਰਤਾਂਤ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

ਯਿਸੂ, ਉਸ ਦੀ ਮਾਤਾ ਅਤੇ ਉਸ ਦੇ ਕਈ ਚੇਲੇ ਵਿਆਹ ਦੇ ਮੌਕੇ ਤੇ ਮਿਲਣ ਵਾਲੀਆਂ ਖ਼ੁਸ਼ੀਆਂ ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਕਾਨਾ ਵਿਚ ਹੋਏ ਇਕ ਵਿਆਹ ਵਿਚ ਤਾਂ ਯਿਸੂ ਨੇ ਆਪਣਾ ਪਹਿਲਾ ਚਮਤਕਾਰ ਕਰ ਕੇ ਉਸ ਵਿਆਹ ਦੇ ਸ਼ੁਭ ਮੌਕੇ ਦੀਆਂ ਖ਼ੁਸ਼ੀਆਂ ਨੂੰ ਚਾਰ ਚੰਨ ਲਾ ਦਿੱਤੇ ਸਨ। (ਯੂਹੰਨਾ 2:1-11) ਤੁਸੀਂ ਵੀ ਯਹੋਵਾਹ ਦੇ ਭਗਤਾਂ ਦੇ ਵਿਆਹਾਂ ਵਿਚ ਗਏ ਹੋਵੋਗੇ। ਜਾਂ ਹੋ ਸਕਦਾ ਹੈ ਕਿ ਤੁਹਾਡਾ ਆਪਣਾ ਵਿਆਹ ਹੋਣ ਵਾਲਾ ਹੈ ਜਾਂ ਤੁਸੀਂ ਆਪਣੇ ਕਿਸੇ ਦੋਸਤ ਦੇ ਵਿਆਹ ਦੀਆਂ ਤਿਆਰੀਆਂ ਕਰਨ ਵਿਚ ਉਸ ਦਾ ਹੱਥ ਵਟਾ ਰਹੇ ਹੋ। ਖ਼ੁਸ਼ੀ ਦੇ ਇਸ ਮੌਕੇ ਦੀ ਤਿਆਰੀ ਕਰਨ ਵੇਲੇ ਅਸੀਂ ਕਿਨ੍ਹਾਂ ਕੁਝ ਗੱਲਾਂ ਨੂੰ ਚੇਤੇ ਰੱਖ ਸਕਦੇ ਹਾਂ?

2. ਬਾਈਬਲ ਵਿਆਹ-ਸ਼ਾਦੀ ਬਾਰੇ ਕੀ ਕਹਿੰਦੀ ਹੈ?

2 ਯਹੋਵਾਹ ਦੇ ਗਵਾਹਾਂ ਨੇ ਦੇਖਿਆ ਹੈ ਕਿ ਵਿਆਹ-ਸ਼ਾਦੀ ਦੇ ਮਾਮਲੇ ਵਿਚ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਸਲਾਹ ਉੱਤੇ ਚੱਲਣਾ ਬਹੁਤ ਫ਼ਾਇਦੇਮੰਦ ਹੈ। (2 ਤਿਮੋਥਿਉਸ 3:16, 17) ਬਾਈਬਲ ਮਸੀਹੀਆਂ ਨੂੰ ਇਹ ਨਹੀਂ ਦੱਸਦੀ ਹੈ ਕਿ ਉਨ੍ਹਾਂ ਨੂੰ ਵਿਆਹ ਕਿਵੇਂ ਕਰਾਉਣਾ ਚਾਹੀਦਾ ਹੈ ਕਿਉਂਕਿ ਜ਼ਮਾਨੇ ਦੇ ਬਦਲਣ ਨਾਲ ਵਿਆਹ ਦੀਆਂ ਰਸਮਾਂ ਵੀ ਬਦਲ ਜਾਂਦੀਆਂ ਹਨ। ਇਸ ਤੋਂ ਇਲਾਵਾ, ਹਰ ਥਾਂ ਦੇ ਆਪੋ-ਆਪਣੇ ਰੀਤੀ-ਰਿਵਾਜ ਅਤੇ ਕਾਨੂੰਨ ਹੁੰਦੇ ਹਨ। ਮਿਸਾਲ ਲਈ, ਪ੍ਰਾਚੀਨ ਇਸਰਾਏਲ ਵਿਚ ਵਿਆਹ ਬਹੁਤ ਸਾਦੇ ਹੁੰਦੇ ਸਨ। ਵਿਆਹ ਵਾਲੇ ਦਿਨ ਲਾੜਾ ਜਾ ਕੇ ਕੁੜੀ ਨੂੰ ਆਪਣੇ ਘਰ ਜਾਂ ਆਪਣੇ ਪਿਉ ਦੇ ਘਰ ਲੈ ਆਉਂਦਾ ਸੀ। (ਉਤਪਤ 24:67; ਯਸਾਯਾਹ 61:10; ਮੱਤੀ 1:24) ਉਨ੍ਹੀਂ ਦਿਨੀਂ ਇਸੇ ਨੂੰ ਵਿਆਹ ਦੀ ਰਸਮ ਮੰਨਿਆ ਜਾਂਦਾ ਸੀ।

3. ਕਾਨਾ ਵਿਚ ਯਿਸੂ ਨੇ ਕਿਸ ਮੌਕੇ ਤੇ ਚਮਤਕਾਰ ਕੀਤਾ ਸੀ?

3 ਪ੍ਰਾਚੀਨ ਇਸਰਾਏਲ ਵਿਚ ਮੁੰਡੇ ਵਾਲੇ ਕੁੜੀ ਨੂੰ ਘਰ ਲਿਆਉਣ ਤੋਂ ਬਾਅਦ ਵਿਆਹ ਦੀ ਖ਼ੁਸ਼ੀ ਵਿਚ ਦਾਅਵਤ ਦਿੰਦੇ ਸਨ। ਇਸ ਦੀ ਇਕ ਮਿਸਾਲ ਯੂਹੰਨਾ 2:1 ਵਿਚ ਦਿੱਤੀ ਗਈ ਹੈ। ਪੰਜਾਬੀ ਬਾਈਬਲਾਂ ਵਿਚ ਇਸ ਆਇਤ ਵਿਚ ਸਿਰਫ਼ ਇੰਨਾ ਹੀ ਦੱਸਿਆ ਹੈ ਕਿ ‘ਕਾਨਾ ਵਿੱਚ ਇੱਕ ਵਿਆਹ ਹੋਇਆ।’ ਪਰ ਮੂਲ ਬਾਈਬਲ ਵਿਚ ਜਿਹੜਾ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਸ ਦਾ ਸਹੀ ਮਤਲਬ ਹੈ ‘ਵਿਆਹ ਭੋਜ।’ * ਇਸ ਦੀਆਂ ਕੁਝ ਮਿਸਾਲਾਂ ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ ਮੱਤੀ 22:2-10; 25:10 ਅਤੇ ਲੂਕਾ 14:8 ਵਿਚ ਦੇਖੀਆਂ ਜਾ ਸਕਦੀਆਂ ਹਨ। ਕਾਨਾ ਵਿਚ ਹੋਏ ਵਿਆਹ ਦਾ ਪੂਰਾ ਬਿਰਤਾਂਤ ਪੜ੍ਹਨ ਤੇ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਵਿਆਹ ਦੀ ਦਾਅਵਤ ਵਿਚ ਗਿਆ ਸੀ ਤੇ ਉੱਥੇ ਉਸ ਨੇ ਚਮਤਕਾਰ ਕਰ ਕੇ ਪਾਣੀ ਨੂੰ ਮੈ ਵਿਚ ਬਦਲਿਆ ਸੀ। ਪਰ ਅੱਜ-ਕੱਲ੍ਹ ਵਿਆਹ-ਸ਼ਾਦੀ ਕਰਨ ਦਾ ਢੰਗ ਬਹੁਤ ਬਦਲ ਗਿਆ ਹੈ।

4. ਕਈ ਮਸੀਹੀ ਕਿਹੋ ਜਿਹਾ ਵਿਆਹ ਕਰਾਉਣਾ ਪਸੰਦ ਕਰਦੇ ਹਨ ਅਤੇ ਕਿਉਂ?

4 ਅੱਜ ਕਈ ਦੇਸ਼ਾਂ ਵਿਚ ਮਸੀਹੀਆਂ ਨੂੰ ਵਿਆਹ ਕਰਾਉਣ ਲਈ ਕਈ ਕਾਨੂੰਨੀ ਮੰਗਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਕਾਨੂੰਨੀ ਮੰਗਾਂ ਪੂਰੀਆਂ ਕਰਨ ਤੋਂ ਬਾਅਦ ਉਹ ਕਿਸੇ ਵੀ ਜਾਇਜ਼ ਤਰੀਕੇ ਨਾਲ ਵਿਆਹ ਕਰਾ ਸਕਦੇ ਹਨ। ਮਿਸਾਲ ਲਈ, ਕੁਝ ਲੋਕ ਆਪਣਾ ਵਿਆਹ ਜੱਜ ਜਾਂ ਮੇਅਰ ਦੀ ਹਾਜ਼ਰੀ ਵਿਚ ਜਾਂ ਫਿਰ ਸਰਕਾਰ ਵੱਲੋਂ ਨਿਯੁਕਤ ਕੀਤੇ ਕਿਸੇ ਮੈਰਿਜ ਰਜਿਸਟਰਾਰ ਦੀ ਹਾਜ਼ਰੀ ਵਿਚ ਕਰਾਉਂਦੇ ਹਨ। ਉਹ ਸ਼ਾਇਦ ਆਪਣੇ ਕੁਝ ਸਕੇ-ਸੰਬੰਧੀਆਂ ਜਾਂ ਦੋਸਤਾਂ-ਮਿੱਤਰਾਂ ਨੂੰ ਇਸ ਖ਼ੁਸ਼ੀ ਦੇ ਮੌਕੇ ਤੇ ਸੱਦਣ ਜਾਂ ਫਿਰ ਸ਼ਾਇਦ ਉਹ ਇਕ-ਅੱਧ ਲੋਕਾਂ ਨੂੰ ਆਪਣੇ ਵਿਆਹ ਦੇ ਚਸ਼ਮਦੀਦ ਗਵਾਹਾਂ ਦੇ ਤੌਰ ਤੇ ਦਸਤਖਤ ਕਰਨ ਲਈ ਬੁਲਾਉਣ। (ਯਿਰਮਿਯਾਹ 33:11; ਯੂਹੰਨਾ 3:29) ਇਸੇ ਤਰ੍ਹਾਂ, ਕੁਝ ਮਸੀਹੀ ਵਿਆਹ ਦੀ ਵੱਡੀ ਸਾਰੀ ਦਾਅਵਤ ਦੇਣ ਦੀ ਬਜਾਇ ਥੋੜ੍ਹੇ ਜਿਹੇ ਦੋਸਤਾਂ-ਮਿੱਤਰਾਂ ਨੂੰ ਖਾਣੇ ਤੇ ਸੱਦ ਲੈਂਦੇ ਹਨ। ਚਾਹੇ ਅਸੀਂ ਵੱਡੀ ਦਾਅਵਤ ਰੱਖੀਏ ਜਾਂ ਛੋਟੀ, ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਇਸ ਮਾਮਲੇ ਵਿਚ ਸਾਰਿਆਂ ਦੀ ਆਪੋ-ਆਪਣੀ ਪਸੰਦ ਹੁੰਦੀ ਹੈ।—ਰੋਮੀਆਂ 14:3, 4.

5. ਮਸੀਹੀਆਂ ਦੇ ਵਿਆਹਾਂ ਵਿਚ ਅਕਸਰ ਬਾਈਬਲ ਉੱਤੇ ਆਧਾਰਿਤ ਭਾਸ਼ਣ ਕਿਉਂ ਦਿੱਤਾ ਜਾਂਦਾ ਹੈ ਅਤੇ ਇਸ ਵਿਚ ਕੀ ਕੁਝ ਦੱਸਿਆ ਜਾਂਦਾ ਹੈ?

5 ਆਮ ਤੌਰ ਤੇ ਯਹੋਵਾਹ ਦੇ ਗਵਾਹਾਂ ਦੇ ਵਿਆਹ ਵੇਲੇ ਕਿੰਗਡਮ ਹਾਲ ਵਿਚ ਜਾਂ ਮੈਰਿਜ-ਹਾਲ ਵਿਚ ਬਾਈਬਲ-ਆਧਾਰਿਤ ਭਾਸ਼ਣ ਦਿੱਤਾ ਜਾਂਦਾ ਹੈ। * ਕਿਉਂ? ਕਿਉਂਕਿ ਉਹ ਜਾਣਦੇ ਹਨ ਕਿ ਵਿਆਹ ਦਾ ਪ੍ਰਬੰਧ ਯਹੋਵਾਹ ਵੱਲੋਂ ਹੈ। ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਆਪਣੇ ਬਚਨ ਵਿਚ ਵਧੀਆ ਸਲਾਹ ਦਿੱਤੀ ਹੈ ਜਿਸ ਤੇ ਚੱਲ ਕੇ ਪਤੀ-ਪਤਨੀ ਆਪਣੀ ਵਿਆਹੁਤਾ ਜ਼ਿੰਦਗੀ ਦਾ ਸੁਖ ਮਾਣ ਸਕਦੇ ਹਨ। (ਉਤਪਤ 2:22-24; ਮਰਕੁਸ 10:6-9; ਅਫ਼ਸੀਆਂ 5:22-33) ਜ਼ਿਆਦਾਤਰ ਨਵ-ਵਿਆਹੇ ਜੋੜੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਰਿਸ਼ਤੇਦਾਰ ਤੇ ਦੋਸਤ-ਮਿੱਤਰ ਉਨ੍ਹਾਂ ਦੀ ਖ਼ੁਸ਼ੀ ਵਿਚ ਸ਼ਾਮਲ ਹੋਣ। ਪਰ ਵੱਖ-ਵੱਖ ਥਾਵਾਂ ਤੇ ਵੱਖੋ-ਵੱਖਰੇ ਕਾਨੂੰਨੀ ਨਿਯਮ, ਮੰਗਾਂ ਅਤੇ ਰੀਤੀ-ਰਿਵਾਜ ਹੁੰਦੇ ਹਨ। ਸਾਨੂੰ ਇਨ੍ਹਾਂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ? ਇਸ ਲੇਖ ਵਿਚ ਅਸੀਂ ਕੁਝ ਥਾਵਾਂ ਦੀਆਂ ਕਾਨੂੰਨੀ ਮੰਗਾਂ ਬਾਰੇ ਚਰਚਾ ਕਰਾਂਗੇ। ਇਨ੍ਹਾਂ ਵਿੱਚੋਂ ਕਈ ਸ਼ਾਇਦ ਤੁਹਾਡੇ ਦੇਸ਼ ਜਾਂ ਸਮਾਜ ਦੀਆਂ ਕਾਨੂੰਨੀ ਮੰਗਾਂ ਤੋਂ ਵੱਖਰੀਆਂ ਹੋਣ। ਪਰ ਫਿਰ ਵੀ ਅਸੀਂ ਕੁਝ ਆਮ ਸਿਧਾਂਤਾਂ ਵੱਲ ਧਿਆਨ ਦੇ ਸਕਦੇ ਹਾਂ ਜੋ ਪਰਮੇਸ਼ੁਰ ਦੇ ਸੇਵਕਾਂ ਲਈ ਮਹੱਤਵਪੂਰਣ ਹਨ।

ਕਾਨੂੰਨ ਦੀ ਪਾਲਣਾ ਕਰੋ

6, 7. ਸਾਨੂੰ ਵਿਆਹ ਸੰਬੰਧੀ ਕਾਨੂੰਨੀ ਮੰਗਾਂ ਕਿਉਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਕਿਵੇਂ?

6 ਇਹ ਸੱਚ ਹੈ ਕਿ ਯਹੋਵਾਹ ਨੇ ਵਿਆਹ ਦੀ ਸ਼ੁਰੂਆਤ ਕੀਤੀ ਸੀ। ਪਰ ਮਨੁੱਖੀ ਸਰਕਾਰਾਂ ਦੁਆਰਾ ਵਿਆਹ-ਸ਼ਾਦੀ ਸੰਬੰਧੀ ਬਣਾਏ ਗਏ ਕਾਨੂੰਨਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਹੈ। ਇੱਦਾਂ ਕਰਨਾ ਸਹੀ ਹੈ ਕਿਉਂਕਿ ਯਿਸੂ ਨੇ ਕਿਹਾ ਸੀ ਕਿ “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦਿਓ।” (ਮਰਕੁਸ 12:17) ਪੌਲੁਸ ਰਸੂਲ ਨੇ ਵੀ ਹਿਦਾਇਤ ਦਿੱਤੀ ਸੀ: “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੀ ਵੱਲੋਂ ਨਾ ਹੋਵੇ ਅਤੇ ਜਿੰਨੀਆਂ ਹਕੂਮਤਾਂ ਹਨ ਓਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ।”—ਰੋਮੀਆਂ 13:1; ਤੀਤੁਸ 3:1.

7 ਜ਼ਿਆਦਾਤਰ ਦੇਸ਼ਾਂ ਵਿਚ “ਕੈਸਰ” ਯਾਨੀ ਸਰਕਾਰ ਦੁਆਰਾ ਵਿਆਹ-ਸ਼ਾਦੀ ਸੰਬੰਧੀ ਕਈ ਕਾਨੂੰਨ ਹੁੰਦੇ ਹਨ। ਸੋ ਜਦੋਂ ਮਸੀਹੀ ਮੁੰਡਾ-ਕੁੜੀ ਵਿਆਹ ਕਰਾਉਣ ਦਾ ਫ਼ੈਸਲਾ ਕਰਦੇ ਹਨ, ਤਾਂ ਉਹ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਕਾਨੂੰਨ ਮੁਤਾਬਕ ਉਨ੍ਹਾਂ ਨੂੰ ਸ਼ਾਇਦ ਲਸੰਸ ਲੈਣਾ ਪਵੇ ਜਾਂ ਸਰਕਾਰ ਦੁਆਰਾ ਠਹਿਰਾਏ ਮੈਰਿਜ ਰਜਿਸਟਰਾਰ ਕੋਲ ਜਾਣਾ ਪਵੇ। ਹੋ ਸਕਦਾ ਕਿ ਉਨ੍ਹਾਂ ਨੂੰ ਆਪਣਾ ਵਿਆਹ ਰਜਿਸਟਰ ਵੀ ਕਰਾਉਣਾ ਪਵੇ। ਪਹਿਲੀ ਸਦੀ ਵਿਚ ਜਦੋਂ ਕੈਸਰ ਔਗੂਸਤੁਸ ਨੇ ਪੂਰੇ ਰੋਮੀ ਸਾਮਰਾਜ ਵਿਚ “ਮਰਦੁਮਸ਼ੁਮਾਰੀ” ਕਰਾਈ ਸੀ, ਤਾਂ ਉਸ ਨੇ ਨਾਗਰਿਕਾਂ ਨੂੰ ਆਪੋ-ਆਪਣੇ ਜੱਦੀ ਪਿੰਡ ਜਾ ਕੇ ਨਾਂ ਰਜਿਸਟਰ ਕਰਨ ਦਾ ਹੁਕਮ ਦਿੱਤਾ ਸੀ। ਉਦੋਂ ਯੂਸੁਫ਼ ਤੇ ਮਰਿਯਮ ਨੇ ਆਪਣਾ ‘ਨਾਉਂ ਲਿਖਾਉਣ’ ਲਈ ਬੈਤਲਹਮ ਜਾ ਕੇ ਕਾਨੂੰਨ ਦੀ ਪਾਲਣਾ ਕੀਤੀ ਸੀ।—ਲੂਕਾ 2:1-5.

8. ਵਿਆਹ ਦਾ ਬੰਧਨ ਕਿੰਨੇ ਚਿਰ ਲਈ ਹੁੰਦਾ ਹੈ ਅਤੇ ਯਹੋਵਾਹ ਦੇ ਗਵਾਹ ਕਿਵੇਂ ਦਿਖਾਉਂਦੇ ਹਨ ਕਿ ਉਹ ਇਸ ਗੱਲ ਨੂੰ ਮੰਨਦੇ ਹਨ?

8 ਜਦੋਂ ਮਸੀਹੀ ਮੁੰਡਾ-ਕੁੜੀ ਕਾਨੂੰਨ ਅਨੁਸਾਰ ਵਿਆਹ ਕਰਾਉਂਦੇ ਹਨ, ਤਾਂ ਪਰਮੇਸ਼ੁਰ ਦੀ ਨਜ਼ਰ ਵਿਚ ਉਹ ਜ਼ਿੰਦਗੀ ਭਰ ਲਈ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝ ਜਾਂਦੇ ਹਨ। ਸੋ ਯਹੋਵਾਹ ਦੇ ਗਵਾਹ ਵਾਰ-ਵਾਰ ਵਿਆਹ ਦੀਆਂ ਰਸਮਾਂ ਨਹੀਂ ਦੁਹਰਾਉਂਦੇ ਅਤੇ ਨਾ ਹੀ ਉਹ 25ਵੀਂ ਜਾਂ 50ਵੀਂ ਵਰ੍ਹੇ-ਗੰਢ ਤੇ ਇਕ-ਦੂਜੇ ਦਾ ਜੀਵਨ-ਭਰ ਸਾਥ ਨਿਭਾਉਣ ਦਾ ਫਿਰ ਤੋਂ ਵਾਅਦਾ ਕਰਦੇ ਹਨ। (ਮੱਤੀ 5:37) (ਕੁਝ ਪਾਦਰੀ ਕਹਿੰਦੇ ਹਨ ਕਿ ਸਿਵਲ ਜਾਂ ਕੋਰਟ ਮੈਰਿਜ ਨੂੰ ਉਦੋਂ ਤਕ ਜਾਇਜ਼ ਵਿਆਹ ਨਹੀਂ ਮੰਨਿਆ ਜਾ ਸਕਦਾ ਜਦ ਤਕ ਕੋਈ ਪਾਦਰੀ ਮੁੰਡੇ-ਕੁੜੀ ਦਾ ਵਿਆਹ ਕਰਾ ਕੇ ਉਨ੍ਹਾਂ ਨੂੰ ਪਤੀ-ਪਤਨੀ ਕਰਾਰ ਨਾ ਦੇਵੇ।) ਕਈ ਦੇਸ਼ਾਂ ਵਿਚ ਕੁਝ ਯਹੋਵਾਹ ਦੇ ਗਵਾਹਾਂ ਨੂੰ ਮੈਰਿਜ ਰਜਿਸਟਰਾਰ ਦੇ ਤੌਰ ਤੇ ਨਿਯੁਕਤ ਕੀਤਾ ਜਾਂਦਾ ਹੈ। ਇਸ ਲਈ ਵਿਆਹ ਦਾ ਭਾਸ਼ਣ ਦੇਣ ਮਗਰੋਂ ਵਿਆਹ ਦੀ ਰਸਮ ਕਿੰਗਡਮ ਹਾਲ ਵਿਚ ਹੀ ਪੂਰੀ ਕੀਤੀ ਜਾ ਸਕਦੀ ਹੈ। ਕਿੰਗਡਮ ਹਾਲ ਵਿਚ ਯਹੋਵਾਹ ਪਰਮੇਸ਼ੁਰ ਦੀ ਭਗਤੀ ਕੀਤੀ ਜਾਂਦੀ ਹੈ, ਸੋ ਇੱਥੇ ਵਿਆਹ ਦੇ ਪਵਿੱਤਰ ਬੰਧਨ ਬਾਰੇ ਭਾਸ਼ਣ ਦੇਣਾ ਉਚਿਤ ਹੋਵੇਗਾ।

9. (ੳ) ਸਿਵਲ ਮੈਰਿਜ ਕਰਾਉਣ ਤੋਂ ਬਾਅਦ ਮੁੰਡਾ-ਕੁੜੀ ਕੀ ਕਰ ਸਕਦੇ ਹਨ? (ਅ) ਕਿੰਗਡਮ ਹਾਲ ਦੀ ਵਰਤੋਂ ਸੰਬੰਧੀ ਕਲੀਸਿਯਾ ਦੇ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਹੈ?

9 ਕੁਝ ਦੇਸ਼ਾਂ ਵਿਚ ਮੁੰਡੇ-ਕੁੜੀ ਨੂੰ ਸਰਕਾਰੀ ਦਫ਼ਤਰ ਜਾ ਕੇ ਵਿਆਹ ਕਰਾਉਣਾ ਪੈਂਦਾ ਹੈ ਜਿਵੇਂ ਕਿ ਸਿਟੀ ਹਾਲ ਵਿਚ ਜਾਂ ਕਿਸੇ ਸਰਕਾਰੀ ਅਫ਼ਸਰ ਦੇ ਦਫ਼ਤਰ ਵਿਚ। ਕਾਨੂੰਨੀ ਰਸਮ ਪੂਰੀ ਕਰਨ ਤੋਂ ਬਾਅਦ ਉਸੇ ਦਿਨ ਜਾਂ ਅਗਲੇ ਦਿਨ ਕਿੰਗਡਮ ਹਾਲ ਵਿਚ ਵਿਆਹ ਦਾ ਭਾਸ਼ਣ ਦਿੱਤਾ ਜਾ ਸਕਦਾ ਹੈ। (ਇਹ ਜਲਦ ਤੋਂ ਜਲਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਿਵਲ ਮੈਰਿਜ ਕਰਾਉਣ ਤੇ ਮੁੰਡਾ-ਕੁੜੀ ਪਰਮੇਸ਼ੁਰ, ਇਨਸਾਨ ਅਤੇ ਮਸੀਹੀ ਕਲੀਸਿਯਾ ਦੀ ਨਜ਼ਰ ਵਿਚ ਵਿਆਹੇ ਹੋਏ ਹਨ।) ਜੇ ਲਾੜਾ-ਲਾੜੀ ਸਿਵਲ ਮੈਰਿਜ ਕਰਨ ਤੋਂ ਬਾਅਦ ਕਿੰਗਡਮ ਹਾਲ ਦੀ ਵਰਤੋਂ ਕਰਨ ਬਾਰੇ ਸੋਚ ਰਹੇ ਹਨ, ਤਾਂ ਉਨ੍ਹਾਂ ਨੂੰ ਪਹਿਲਾਂ ਹੀ ਉੱਥੇ ਦੀ ਕਲੀਸਿਯਾ ਸੇਵਾ ਕਮੇਟੀ ਦੇ ਬਜ਼ੁਰਗਾਂ ਦੀ ਇਜਾਜ਼ਤ ਲੈ ਲੈਣੀ ਚਾਹੀਦੀ ਹੈ। ਬਜ਼ੁਰਗ ਪੱਕਾ ਕਰਨਗੇ ਕਿ ਮੁੰਡੇ-ਕੁੜੀ ਦੋਨਾਂ ਦੀ ਕਲੀਸਿਯਾ ਵਿਚ ਨੇਕਨਾਮੀ ਹੈ। ਉਹ ਧਿਆਨ ਰੱਖਣਗੇ ਕਿ ਜਿਸ ਸਮੇਂ ਮੁੰਡਾ-ਕੁੜੀ ਹਾਲ ਨੂੰ ਵਰਤਣਾ ਚਾਹੁੰਦੇ ਹਨ, ਉਹ ਸਮਾਂ ਕਲੀਸਿਯਾ ਦੀ ਕਿਸੇ ਸਭਾ ਜਾਂ ਹੋਰ ਪ੍ਰੋਗ੍ਰਾਮਾਂ ਦਾ ਸਮਾਂ ਨਾ ਹੋਵੇ। (1 ਕੁਰਿੰਥੀਆਂ 14:33, 40) ਜੇ ਮੁੰਡਾ-ਕੁੜੀ ਕਿੰਗਡਮ ਹਾਲ ਨੂੰ ਸਜਾਉਣਾ ਚਾਹੁੰਦੇ ਹਨ, ਤਾਂ ਪਹਿਲਾਂ ਉਨ੍ਹਾਂ ਨੂੰ ਬਜ਼ੁਰਗਾਂ ਦੀ ਇਜਾਜ਼ਤ ਲੈਣੀ ਚਾਹੀਦੀ ਹੈ। ਬਜ਼ੁਰਗ ਫ਼ੈਸਲਾ ਕਰਨਗੇ ਕਿ ਵਿਆਹ ਦੇ ਇਸ ਪ੍ਰੋਗ੍ਰਾਮ ਬਾਰੇ ਕਲੀਸਿਯਾ ਵਿਚ ਘੋਸ਼ਣਾ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ।

10. ਜੇ ਮੁੰਡੇ-ਕੁੜੀ ਨੇ ਸਿਵਲ ਮੈਰਿਜ ਕਰਾ ਲਈ ਹੈ, ਤਾਂ ਇਸ ਦਾ ਵਿਆਹ ਦੇ ਭਾਸ਼ਣ ਉੱਤੇ ਕੀ ਅਸਰ ਪਵੇਗਾ?

10 ਵਿਆਹ ਦਾ ਭਾਸ਼ਣ ਦੇਣ ਵਾਲਾ ਮਸੀਹੀ ਬਜ਼ੁਰਗ ਬੜੇ ਪਿਆਰ ਅਤੇ ਆਦਰ ਭਰੇ ਅੰਦਾਜ਼ ਨਾਲ ਨਵ-ਵਿਆਹੁਤਾ ਜੋੜੇ ਨੂੰ ਪਰਮੇਸ਼ੁਰੀ ਅਸੂਲਾਂ ਤੇ ਚੱਲਣ ਦੀ ਪ੍ਰੇਰਣਾ ਦੇਵੇਗਾ। ਜੇ ਜੋੜੇ ਦੀ ਸਿਵਲ ਮੈਰਿਜ ਹੋ ਚੁੱਕੀ ਹੈ, ਤਾਂ ਭਾਸ਼ਣਕਾਰ ਇਸ ਦਾ ਜ਼ਿਕਰ ਕਰੇਗਾ। ਜੇ ਕਾਨੂੰਨੀ ਰਸਮ ਦੌਰਾਨ ਜੋੜੇ ਨੇ ਇਕ-ਦੂਜੇ ਦਾ ਜੀਵਨ-ਭਰ ਸਾਥ ਨਿਭਾਉਣ ਦੀ ਸਹੁੰ ਨਹੀਂ ਖਾਧੀ ਸੀ, ਤਾਂ ਉਹ ਭਾਸ਼ਣ ਦੌਰਾਨ ਇਹ ਸਹੁੰ ਖਾ ਸਕਦੇ ਹਨ। * ਪਰ ਜੇ ਸਿਵਲ ਮੈਰਿਜ ਕਰਾਉਣ ਵੇਲੇ ਉਨ੍ਹਾਂ ਨੇ ਸਹੁੰ ਖਾਧੀ ਸੀ, ਲੇਕਿਨ ਉਹ ਯਹੋਵਾਹ ਅਤੇ ਕਲੀਸਿਯਾ ਦੇ ਸਾਮ੍ਹਣੇ ਫਿਰ ਤੋਂ ਸਹੁੰ ਖਾਣੀ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਭੂਤਕਾਲ ਵਿਚ ਵਾਕ ਬੋਲਣੇ ਚਾਹੀਦੇ ਹਨ ਜਿਵੇਂ ‘ਮੈਂ ਤੈਨੂੰ ਆਪਣੀ ਪਤਨੀ ਸਵੀਕਾਰ ਕਰਦਾ ਹਾਂ’ ਦੀ ਥਾਂ ‘ਮੈਂ ਤੈਨੂੰ ਆਪਣੀ ਪਤਨੀ ਸਵੀਕਾਰ ਕਰ ਚੁੱਕਾ ਹਾਂ’ ਵਗੈਰਾ। ਇਸ ਤਰ੍ਹਾਂ ਉਹ ਦਿਖਾਉਣਗੇ ਕਿ ਉਹ ਕਾਨੂੰਨੀ ਤੌਰ ਤੇ ਪਹਿਲਾਂ ਹੀ ‘ਜੋੜ ਦਿੱਤੇ’ ਗਏ ਹਨ।—ਮੱਤੀ 19:6; 22:21.

11. ਕਈ ਥਾਵਾਂ ਤੇ ਵਿਆਹ ਕਿਵੇਂ ਹੁੰਦਾ ਹੈ ਅਤੇ ਇਸ ਦਾ ਵਿਆਹ ਦੇ ਭਾਸ਼ਣ ਉੱਤੇ ਕੀ ਅਸਰ ਪੈਂਦਾ ਹੈ?

11 ਕਈ ਦੇਸ਼ਾਂ ਵਿਚ ਵਿਆਹ ਸੰਬੰਧੀ ਕੋਈ ਕਾਨੂੰਨੀ ਰਸਮ ਨਹੀਂ ਹੁੰਦੀ। ਵਿਆਹ ਕਰਾਉਣ ਲਈ ਮੁੰਡੇ-ਕੁੜੀ ਨੂੰ ਸਿਰਫ਼ ਰਜਿਸਟਰੇਸ਼ਨ ਫਾਰਮ ਤੇ ਦਸਤਖਤ ਕਰ ਕੇ ਫਾਰਮ ਸਰਕਾਰੀ ਅਧਿਕਾਰੀ ਨੂੰ ਦੇਣਾ ਪੈਂਦਾ ਹੈ ਜਿਸ ਤੇ ਵਿਆਹ ਰਜਿਸਟਰ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਪਤੀ-ਪਤਨੀ ਮੰਨੇ ਜਾਂਦੇ ਹਨ ਅਤੇ ਫਾਰਮ ਤੇ ਦਿੱਤੀ ਤਾਰੀਖ਼ ਹੀ ਉਨ੍ਹਾਂ ਦੇ ਵਿਆਹ ਦੀ ਤਾਰੀਖ਼ ਹੁੰਦੀ ਹੈ। ਵਿਆਹ ਰਜਿਸਟਰ ਕਰਾਉਣ ਤੋਂ ਬਾਅਦ ਨਵ-ਵਿਆਹੁਤਾ ਜੋੜਾ ਕਿੰਗਡਮ ਹਾਲ ਵਿਚ ਕਲੀਸਿਯਾ ਦੇ ਕਿਸੇ ਮਸੀਹੀ ਬਜ਼ੁਰਗ ਨੂੰ ਵਿਆਹ ਦਾ ਭਾਸ਼ਣ ਦੇਣ ਲਈ ਕਹਿ ਸਕਦਾ ਹੈ। ਭਾਸ਼ਣਕਾਰ ਮਹਿਮਾਨਾਂ ਨੂੰ ਦੱਸੇਗਾ ਕਿ ਲਾੜੇ-ਲਾੜੀ ਦਾ ਵਿਆਹ ਰਜਿਸਟਰ ਹੋ ਚੁੱਕਾ ਹੈ। ਉਨ੍ਹਾਂ ਦੁਆਰਾ ਇਕ-ਦੂਜੇ ਦਾ ਜੀਵਨ-ਭਰ ਸਾਥ ਨਿਭਾਉਣ ਦੀ ਸਹੁੰ ਖਾਣ ਸੰਬੰਧੀ ਪੈਰਾ 10 ਅਤੇ ਉਸ ਦੇ ਫੁਟਨੋਟ ਵਿਚ ਦਿੱਤੀ ਜਾਣਕਾਰੀ ਅਨੁਸਾਰ ਚੱਲੋ। ਸਾਰੇ ਮਹਿਮਾਨ ਨਵ-ਵਿਆਹੁਤਾ ਜੋੜੇ ਦੀ ਖ਼ੁਸ਼ੀ ਵਿਚ ਸ਼ਰੀਕ ਹੁੰਦੇ ਹਨ ਅਤੇ ਉਹ ਭਾਸ਼ਣ ਵਿਚ ਦਿੱਤੀ ਸਲਾਹ ਤੋਂ ਲਾਭ ਹਾਸਲ ਕਰਦੇ ਹਨ।—ਸਰੇਸ਼ਟ ਗੀਤ 3:11.

ਰਵਾਇਤੀ ਵਿਆਹ ਅਤੇ ਸਿਵਲ ਮੈਰਿਜ

12. ਰਵਾਇਤੀ ਵਿਆਹ ਕੀ ਹੁੰਦਾ ਹੈ ਅਤੇ ਇਹੋ ਜਿਹਾ ਵਿਆਹ ਕਰਾਉਣ ਤੋਂ ਬਾਅਦ ਕੀ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ?

12 ਕੁਝ ਦੇਸ਼ਾਂ ਵਿਚ ਵਿਆਹ ਰਵਾਇਤੀ ਤਰੀਕੇ ਨਾਲ ਹੁੰਦਾ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਮੁੰਡਾ-ਕੁੜੀ ਵਿਆਹ ਕੀਤੇ ਬਿਨਾਂ ਇਕੱਠੇ ਰਹਿੰਦੇ ਹਨ? ਨਹੀਂ, ਸਗੋਂ ਰਵਾਇਤੀ ਵਿਆਹ ਉਹ ਹੁੰਦਾ ਹੈ ਜੋ ਕਿਸੇ ਕਬੀਲੇ ਜਾਂ ਸਮਾਜ ਦੇ ਰਸਮਾਂ-ਰਿਵਾਜਾਂ ਮੁਤਾਬਕ ਕੀਤਾ ਜਾਂਦਾ ਹੈ। ਮਿਸਾਲ ਲਈ, ਕੁਝ ਸਮਾਜਾਂ ਵਿਚ ਮੁੰਡੇ ਵੱਲੋਂ ਕੁੜੀ ਦੇ ਮਾਪਿਆਂ ਨੂੰ ਕੁਝ ਕੀਮਤ ਅਦਾ ਕਰਨੀ ਹੀ ਵਿਆਹ ਦੀ ਰਸਮ ਮੰਨੀ ਜਾਂਦੀ ਹੈ। ਸਰਕਾਰ ਇਸ ਨੂੰ ਕਾਨੂੰਨੀ ਵਿਆਹ ਮੰਨਦੀ ਹੈ। ਇਸ ਲਈ ਰਵਾਇਤੀ ਵਿਆਹ ਕਰਾਉਣ ਵਾਲੇ ਮੁੰਡਾ-ਕੁੜੀ ਸਰਕਾਰ ਦੀਆਂ ਨਜ਼ਰਾਂ ਵਿਚ ਅਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਵਿਆਹੇ ਹੋਏ ਹਨ। ਰਵਾਇਤੀ ਵਿਆਹ ਕਰਨ ਤੋਂ ਬਾਅਦ ਆਮ ਤੌਰ ਤੇ ਮੁੰਡਾ-ਕੁੜੀ ਸਰਕਾਰੀ ਦਫ਼ਤਰ ਜਾ ਕੇ ਆਪਣਾ ਵਿਆਹ ਰਜਿਸਟਰ ਕਰਾ ਲੈਂਦੇ ਹਨ ਜਿਸ ਤੇ ਉਨ੍ਹਾਂ ਨੂੰ ਵਿਆਹ ਦਾ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਸ ਸਰਟੀਫਿਕੇਟ ਦੇ ਬਹੁਤ ਫ਼ਾਇਦੇ ਹੁੰਦੇ ਹਨ। ਮਿਸਾਲ ਲਈ, ਜੇ ਪਤੀ ਦੀ ਅਚਾਨਕ ਮੌਤ ਹੋ ਜਾਵੇ, ਤਾਂ ਇਹ ਸਰਟੀਫਿਕੇਟ ਉਸ ਦੀ ਵਿਧਵਾ ਅਤੇ ਬੱਚਿਆਂ ਦੀ ਕਾਨੂੰਨੀ ਤੌਰ ਤੇ ਰਾਖੀ ਕਰ ਸਕਦਾ ਹੈ। ਕਲੀਸਿਯਾ ਨੂੰ ਇਹੋ ਜਿਹੇ ਰਵਾਇਤੀ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀ ਨੂੰ ਜਲਦ ਤੋਂ ਜਲਦ ਵਿਆਹ ਰਜਿਸਟਰ ਕਰਨ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਇਹ ਧਿਆਨ ਦੇਣ ਯੋਗ ਗੱਲ ਹੈ ਕਿ ਮੂਸਾ ਦੀ ਬਿਵਸਥਾ ਅਨੁਸਾਰ ਵਿਆਹ ਅਤੇ ਜਨਮ ਨੂੰ ਕਾਨੂੰਨੀ ਤੌਰ ਤੇ ਦਰਜ ਕੀਤਾ ਜਾਂਦਾ ਸੀ।—ਮੱਤੀ 1:1-16.

13. ਰਵਾਇਤੀ ਵਿਆਹ ਕਰਾਉਣ ਤੋਂ ਬਾਅਦ ਵਿਆਹ ਦੇ ਭਾਸ਼ਣ ਦੇ ਸੰਬੰਧ ਵਿਚ ਕੀ ਕਰਨਾ ਸਹੀ ਹੋਵੇਗਾ?

13 ਰਵਾਇਤੀ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀਆਂ ਨੂੰ ਕਾਨੂੰਨੀ ਤੌਰ ਤੇ ਪਤੀ-ਪਤਨੀ ਮੰਨਿਆ ਜਾਂਦਾ ਹੈ। ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ, ਵਿਆਹ ਕਰਨ ਤੋਂ ਬਾਅਦ ਨਵ-ਵਿਆਹੁਤਾ ਜੋੜਾ ਸ਼ਾਇਦ ਕਿੰਗਡਮ ਹਾਲ ਵਿਚ ਵਿਆਹ ਦਾ ਭਾਸ਼ਣ ਸੁਣਨ ਅਤੇ ਇਕ-ਦੂਜੇ ਦਾ ਜੀਵਨ-ਭਰ ਸਾਥ ਨਿਭਾਉਣ ਦੀ ਸਹੁੰ ਖਾਣ ਦਾ ਇੰਤਜ਼ਾਮ ਕਰ ਸਕਦਾ ਹੈ। ਭਾਸ਼ਣਕਾਰ ਸਾਰਿਆਂ ਨੂੰ ਦੱਸੇਗਾ ਕਿ ਲਾੜੇ-ਲਾੜੀ ਦਾ ਵਿਆਹ ਹੋ ਚੁੱਕਾ ਹੈ। ਵਿਆਹ ਦਾ ਇੱਕੋ ਭਾਸ਼ਣ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ ਇੱਕੋ ਵਾਰ ਵਿਆਹ ਹੋਇਆ ਹੈ ਜੋ ਕਿ ਰਵਾਇਤੀ ਤਰੀਕੇ ਨਾਲ ਹੋਇਆ ਸੀ। ਵਿਆਹ ਕਰਾਉਣ ਤੋਂ ਤੁਰੰਤ ਬਾਅਦ ਕਿੰਗਡਮ ਹਾਲ ਵਿਚ ਭਾਸ਼ਣ ਦੇਣ ਨਾਲ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਉਹ ਵਿਆਹ ਦੇ ਪਵਿੱਤਰ ਬੰਧਨ ਵਿਚ ਬੱਝ ਚੁੱਕੇ ਹਨ। ਇਸ ਤਰ੍ਹਾਂ ਉਨ੍ਹਾਂ ਦਾ ਵਿਆਹ ਸਾਰਿਆਂ ਦੀਆਂ ਨਜ਼ਰਾਂ ਵਿਚ ਆਦਰਯੋਗ ਮੰਨਿਆ ਜਾਵੇਗਾ।

14. ਜਿਨ੍ਹਾਂ ਥਾਵਾਂ ਤੇ ਲੋਕ ਰਵਾਇਤੀ ਵਿਆਹ ਅਤੇ ਸਿਵਲ ਮੈਰਿਜ ਕਰਾ ਸਕਦੇ ਹਨ, ਉੱਥੇ ਯਹੋਵਾਹ ਦੇ ਗਵਾਹ ਕੀ ਕਰਨਗੇ?

14 ਕੁਝ ਦੇਸ਼ਾਂ ਵਿਚ ਜਿੱਥੇ ਰਵਾਇਤੀ ਵਿਆਹਾਂ ਨੂੰ ਕਾਨੂੰਨੀ ਮੰਨਿਆ ਜਾਂਦਾ ਹੈ, ਉੱਥੇ ਸਿਵਲ ਮੈਰਿਜ ਕਰਾਉਣ ਦਾ ਵੀ ਪ੍ਰਬੰਧ ਹੁੰਦਾ ਹੈ। ਸਿਵਲ ਮੈਰਿਜ ਆਮ ਤੌਰ ਤੇ ਸਰਕਾਰੀ ਅਫ਼ਸਰ ਕਰਾਉਂਦਾ ਹੈ ਜਿਸ ਦੌਰਾਨ ਲਾੜਾ-ਲਾੜੀ ਇਕ-ਦੂਜੇ ਦਾ ਜੀਵਨ-ਭਰ ਸਾਥ ਨਿਭਾਉਣ ਦੀ ਸਹੁੰ ਖਾਂਦੇ ਹਨ ਅਤੇ ਰਜਿਸਟਰ ਵਿਚ ਦਸਤਖਤ ਕਰਦੇ ਹਨ। ਕੁਝ ਯਹੋਵਾਹ ਦੇ ਗਵਾਹ ਰਵਾਇਤੀ ਵਿਆਹ ਕਰਾਉਣ ਦੀ ਥਾਂ ਸਿਵਲ ਮੈਰਿਜ ਕਰਾਉਣਾ ਪਸੰਦ ਕਰਦੇ ਹਨ। ਦੋਨਾਂ ਤਰੀਕਿਆਂ ਨਾਲ ਵਿਆਹ ਕਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਕਾਨੂੰਨ ਦੀ ਨਜ਼ਰ ਵਿਚ ਦੋਵੇਂ ਤਰੀਕੇ ਹੀ ਜਾਇਜ਼ ਹਨ। ਵਿਆਹ ਦੇ ਭਾਸ਼ਣ ਅਤੇ ਸਹੁੰ ਖਾਣ ਦੇ ਸੰਬੰਧ ਵਿਚ 9ਵੇਂ ਤੇ 10ਵੇਂ ਪੈਰੇ ਵਿਚ ਦਿੱਤੀ ਜਾਣਕਾਰੀ ਅਨੁਸਾਰ ਚੱਲੋ। ਯਹੋਵਾਹ ਦੇ ਗਵਾਹਾਂ ਲਈ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਉਹ ਅਜਿਹੇ ਜਾਇਜ਼ ਤਰੀਕੇ ਨਾਲ ਵਿਆਹ ਕਰਾਉਣ ਜੋ ਪਰਮੇਸ਼ੁਰ ਤੇ ਇਨਸਾਨ ਦੋਨਾਂ ਦੀਆਂ ਨਜ਼ਰਾਂ ਵਿਚ ਆਦਰਯੋਗ ਹੋਵੇ।—ਲੂਕਾ 20:25; 1 ਪਤਰਸ 2:13, 14.

ਵਿਆਹ ਨੂੰ ਆਦਰਯੋਗ ਬਣਾਈ ਰੱਖੋ

15, 16. ਵਿਆਹ ਵੇਲੇ ਆਦਰ ਕਿਵੇਂ ਦਿਖਾਇਆ ਜਾਣਾ ਚਾਹੀਦਾ ਹੈ?

15 ਹਜ਼ਾਰਾਂ ਸਾਲ ਪਹਿਲਾਂ ਜਦੋਂ ਫ਼ਾਰਸ ਦੇਸ਼ ਦੇ ਇਕ ਰਾਜੇ ਦੀ ਮਲਕਾ ਨੇ ਉਸ ਦਾ ਹੁਕਮ ਮੰਨਣ ਤੋਂ ਇਨਕਾਰ ਕੀਤਾ, ਤਾਂ ਰਾਜੇ ਦੇ ਮੁੱਖ ਸਲਾਹਕਾਰ ਮਮੂਕਾਨ ਨੇ ਰਾਜੇ ਨੂੰ ਅਜਿਹਾ ਕਦਮ ਚੁੱਕਣ ਦੀ ਸਲਾਹ ਦਿੱਤੀ ਜਿਸ ਦੇ ਨਤੀਜੇ ਵਜੋਂ ‘ਸਾਰੀਆਂ ਇਸਤ੍ਰੀਆਂ ਆਪਣੇ ਪਤੀਆਂ ਦਾ ਆਦਰ ਕਰਨਗੀਆਂ।’ (ਅਸਤਰ 1:20) ਅੱਜ ਮਸੀਹੀ ਪਤਨੀਆਂ ਕਿਸੇ ਮਨੁੱਖੀ ਰਾਜੇ ਦੇ ਹੁਕਮ ਕਰਕੇ ਨਹੀਂ, ਬਲਕਿ ਦਿਲੋਂ ਆਪਣੇ ਪਤੀ ਦਾ ਆਦਰ ਕਰਦੀਆਂ ਹਨ। ਇਸੇ ਤਰ੍ਹਾਂ ਮਸੀਹੀ ਪਤੀ ਵੀ ਆਪਣੀਆਂ ਪਤਨੀਆਂ ਦਾ ਆਦਰ ਕਰਦੇ ਹਨ ਤੇ ਉਨ੍ਹਾਂ ਦੀ ਦਿਲੋਂ ਤਾਰੀਫ਼ ਕਰਦੇ ਹਨ। (ਕਹਾਉਤਾਂ 31:11, 30; 1 ਪਤਰਸ 3:7) ਪਤੀ-ਪਤਨੀ ਨੂੰ ਵਿਆਹ ਦੇ ਦਿਨ ਤੋਂ ਹੀ ਇਕ-ਦੂਸਰੇ ਦਾ ਆਦਰ-ਮਾਣ ਕਰਨਾ ਚਾਹੀਦਾ ਹੈ।

16 ਵਿਆਹ ਦੇ ਦਿਨ ਤੇ ਲਾੜੇ-ਲਾੜੀ ਨੂੰ ਤਾਂ ਇਕ-ਦੂਜੇ ਦਾ ਆਦਰ ਕਰਨਾ ਹੀ ਚਾਹੀਦਾ ਹੈ, ਪਰ ਵਿਆਹ ਦਾ ਭਾਸ਼ਣ ਦੇਣ ਵਾਲੇ ਭਰਾ ਨੂੰ ਵੀ ਮਾਣ-ਮਰਯਾਦਾ ਵਿਚ ਰਹਿ ਕੇ ਭਾਸ਼ਣ ਦੇਣ ਦੀ ਲੋੜ ਹੈ। ਭਾਸ਼ਣ ਦਿੰਦੇ ਵੇਲੇ ਉਹ ਲਾੜੇ-ਲਾੜੀ ਨੂੰ ਸੰਬੋਧਨ ਕਰ ਕੇ ਉਨ੍ਹਾਂ ਦਾ ਆਦਰ ਕਰੇਗਾ। ਉਹ ਵਿਆਹ ਦੇ ਪਵਿੱਤਰ ਬੰਧਨ ਦਾ ਮਜ਼ਾਕ ਨਹੀਂ ਉਡਾਏਗਾ ਤੇ ਨਾ ਹੀ ਲੋਕ-ਕਥਾਵਾਂ ਦੇ ਆਧਾਰ ਤੇ ਉਨ੍ਹਾਂ ਨੂੰ ਨਸੀਹਤਾਂ ਦੇਵੇਗਾ। ਉਸ ਨੂੰ ਲਾੜੇ-ਲਾੜੀ ਬਾਰੇ ਇੱਦਾਂ ਦੀ ਕੋਈ ਗੱਲ ਨਹੀਂ ਕਰਨੀ ਚਾਹੀਦੀ ਜਿਸ ਤੇ ਉਹ ਅਤੇ ਮਹਿਮਾਨ ਸ਼ਰਮ ਨਾਲ ਪਾਣੀ-ਪਾਣੀ ਹੋ ਜਾਣ। ਇਸ ਦੀ ਬਜਾਇ, ਉਹ ਯਹੋਵਾਹ ਅਤੇ ਉਸ ਦੀਆਂ ਉੱਤਮ ਨਸੀਹਤਾਂ ਉੱਤੇ ਜ਼ੋਰ ਦਿੰਦੇ ਹੋਏ ਬੜੇ ਪਿਆਰ ਤੇ ਸਤਿਕਾਰ ਨਾਲ ਭਾਸ਼ਣ ਦੇਵੇਗਾ। ਜੀ ਹਾਂ, ਆਦਰ ਭਰੇ ਅੰਦਾਜ਼ ਨਾਲ ਦਿੱਤਾ ਭਾਸ਼ਣ ਨਵ-ਵਿਆਹੁਤਾ ਜੋੜੇ ਦੀ ਮਦਦ ਕਰੇਗਾ ਕਿ ਉਹ ਆਪਣੇ ਵਿਆਹੁਤਾ ਜੀਵਨ ਨੂੰ ਸਫ਼ਲ ਬਣਾ ਕੇ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਕਰਨ।

17. ਮਸੀਹੀ ਵਿਆਹਾਂ ਦੇ ਸੰਬੰਧ ਵਿਚ ਅਸੀਂ ਕਾਨੂੰਨ ਦੀ ਪਾਲਣਾ ਕਿਉਂ ਕਰਦੇ ਹਾਂ?

17 ਇਸ ਲੇਖ ਵਿਚ ਤੁਸੀਂ ਵਿਆਹ ਦੀ ਕਾਨੂੰਨੀ ਕਾਰਵਾਈ ਬਾਰੇ ਕਈ ਗੱਲਾਂ ਸਿੱਖੀਆਂ ਹਨ। ਹੋ ਸਕਦਾ ਕਿ ਕੁਝ ਗੱਲਾਂ ਤੁਹਾਡੇ ਇਲਾਕੇ ਵਿਚ ਲਾਗੂ ਨਾ ਹੁੰਦੀਆਂ ਹੋਣ। ਪਰ ਸਾਨੂੰ ਸਾਰਿਆਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਵਿਆਹ ਦੇ ਮਾਮਲੇ ਵਿਚ ਯਹੋਵਾਹ ਦੇ ਗਵਾਹਾਂ ਲਈ ਕਾਨੂੰਨ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। (ਲੂਕਾ 20:25) ਪੌਲੁਸ ਨੇ ਤਾਕੀਦ ਕੀਤੀ: “ਸਭਨਾਂ ਦਾ ਹੱਕ ਭਰ ਦਿਓ। ਜਿਹ ਨੂੰ ਹਾਲਾ ਚਾਹੀਦਾ ਹੈ ਹਾਲਾ ਦਿਓ, ਜਿਹ ਨੂੰ ਮਸੂਲ ਚਾਹੀਦਾ ਹੈ ਮਸੂਲ ਦਿਓ, . . . ਜਿਹ ਦਾ ਆਦਰ ਚਾਹੀਦਾ ਹੈ ਆਦਰ ਕਰੋ।” (ਰੋਮੀਆਂ 13:7) ਹਾਂ, ਇਹ ਜ਼ਰੂਰੀ ਹੈ ਕਿ ਮਸੀਹੀ ਹੋਣ ਦੇ ਨਾਤੇ ਅਸੀਂ ਸਰਕਾਰ ਦੇ ਬਣਾਏ ਕਾਇਦੇ-ਕਾਨੂੰਨਾਂ ਨੂੰ ਮੰਨੀਏ ਕਿਉਂਕਿ ਮਨੁੱਖੀ ਸਰਕਾਰਾਂ ਪਰਮੇਸ਼ੁਰ ਦੀ ਇਜਾਜ਼ਤ ਨਾਲ ਕੰਮ ਕਰਦੀਆਂ ਹਨ।

18. ਵਿਆਹ ਦੀ ਰਸਮ ਤੋਂ ਇਲਾਵਾ ਸਾਨੂੰ ਕਿਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਬਾਰੇ ਸਾਨੂੰ ਕਿੱਥੋਂ ਜਾਣਕਾਰੀ ਮਿਲ ਸਕਦੀ ਹੈ?

18 ਵਿਆਹ ਦੀ ਰਸਮ ਪੂਰੀ ਕਰਨ ਤੋਂ ਬਾਅਦ ਅਕਸਰ ਮਸੀਹੀ ਜੋੜੇ ਆਪਣੇ ਸਕੇ-ਸੰਬੰਧੀਆਂ ਤੇ ਦੋਸਤਾਂ-ਮਿੱਤਰਾਂ ਨੂੰ ਖਾਣੇ ਤੇ ਬੁਲਾਉਂਦੇ ਹਨ। ਯਿਸੂ ਵੀ ਇਸੇ ਤਰ੍ਹਾਂ ਦੀ ਇਕ ਦਾਅਵਤ ਵਿਚ ਗਿਆ ਸੀ। ਵਿਆਹ ਦੀ ਦਾਅਵਤ ਦੇਣ ਜਾਂ ਉਸ ਵਿਚ ਮਹਿਮਾਨ ਬਣ ਕੇ ਜਾਣ ਸੰਬੰਧੀ ਸਾਨੂੰ ਬਾਈਬਲ ਦੇ ਕਿਹੜੇ ਸਿਧਾਂਤ ਚੇਤੇ ਰੱਖਣੇ ਚਾਹੀਦੇ ਹਨ ਤਾਂਕਿ ਪਰਮੇਸ਼ੁਰ ਦੀ ਮਹਿਮਾ ਹੋਵੇ ਤੇ ਨਵ-ਵਿਆਹੁਤਾ ਜੋੜੇ ਅਤੇ ਮਸੀਹੀ ਕਲੀਸਿਯਾ ਦੀ ਨੇਕਨਾਮੀ ਤੇ ਵੀ ਕੋਈ ਧੱਬਾ ਨਾ ਲੱਗੇ? ਅਗਲੇ ਲੇਖ ਵਿਚ ਅਸੀਂ ਇਸ ਬਾਰੇ ਹੋਰ ਚਰਚਾ ਕਰਾਂਗੇ। *

[ਫੁਟਨੋਟ]

^ ਪੈਰਾ 3 ਵਿਆਹ-ਭੋਜ ਤੋਂ ਇਲਾਵਾ, ਇਹ ਯੂਨਾਨੀ ਸ਼ਬਦ ਹੋਰ ਦਾਅਵਤਾਂ ਲਈ ਵੀ ਵਰਤਿਆ ਜਾ ਸਕਦਾ ਹੈ।—ਅਸਤਰ 9:22, ਸੈਪਟੁਜਿੰਟ ਬਾਈਬਲ।

^ ਪੈਰਾ 5 ਭਾਸ਼ਣਕਾਰ ਨੂੰ ਇਕ ਰੂਪ-ਰੇਖਾ ਦਿੱਤੀ ਜਾਂਦੀ ਹੈ ਜਿਸ ਦਾ ਵਿਸ਼ਾ ਹੈ: “ਪਰਮੇਸ਼ੁਰ ਦੀ ਨਜ਼ਰ ਵਿਚ ਆਦਰਯੋਗ ਵਿਆਹ।” ਇਹ ਭਾਸ਼ਣ 30 ਮਿੰਟਾਂ ਦਾ ਹੁੰਦਾ ਹੈ। ਭਾਸ਼ਣਕਾਰ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਮਕ ਕਿਤਾਬ ਅਤੇ ਯਹੋਵਾਹ ਦੇ ਗਵਾਹਾਂ ਦੀਆਂ ਹੋਰ ਪ੍ਰਕਾਸ਼ਨਾਂ ਵਿੱਚੋਂ ਵਧੀਆ ਬਾਈਬਲੀ ਸਲਾਹ ਦਿੰਦਾ ਹੈ। ਇਸ ਸਲਾਹ ਤੋਂ ਲਾੜਾ-ਲਾੜੀ ਅਤੇ ਸਾਰੇ ਮਹਿਮਾਨਾਂ ਨੂੰ ਫ਼ਾਇਦਾ ਹੁੰਦਾ ਹੈ।

^ ਪੈਰਾ 10 ਆਮ ਤੌਰ ਤੇ ਯਹੋਵਾਹ ਦੇ ਗਵਾਹ ਇਨ੍ਹਾਂ ਸ਼ਬਦਾਂ ਮੁਤਾਬਕ ਇਕ-ਦੂਜੇ ਦਾ ਜੀਵਨ-ਭਰ ਸਾਥ ਨਿਭਾਉਣ ਦੀ ਸਹੁੰ ਖਾਂਦੇ ਹਨ। ਲਾੜੇ ਲਈ: “ਮੈਂ [ਲਾੜੇ ਦਾ ਨਾਂ] ਤੈਨੂੰ [ਲਾੜੀ ਦਾ ਨਾਂ] ਨੂੰ ਆਪਣੀ ਪਤਨੀ ਸਵੀਕਾਰ ਕਰਦਾ ਹਾਂ। ਪਵਿੱਤਰ ਬਾਈਬਲ ਵਿਚ ਮਸੀਹੀ ਪਤੀਆਂ ਲਈ ਦਿੱਤੇ ਪਰਮੇਸ਼ੁਰ ਦੇ ਨਿਯਮਾਂ ਅਨੁਸਾਰ ਮੈਂ ਤੈਨੂੰ ਜ਼ਿੰਦਗੀ ਭਰ ਪਿਆਰ ਕਰਨ ਅਤੇ ਤੇਰਾ ਖ਼ਿਆਲ ਰੱਖਣ ਦਾ ਵਾਅਦਾ ਕਰਦਾ ਹਾਂ।” . . . “ਮੈਂ [ਲਾੜੀ ਦਾ ਨਾਂ] ਤੁਹਾਨੂੰ [ਲਾੜੇ ਦਾ ਨਾਂ] ਨੂੰ ਆਪਣਾ ਪਤੀ ਸਵੀਕਾਰ ਕਰਦੀ ਹਾਂ। ਪਵਿੱਤਰ ਬਾਈਬਲ ਵਿਚ ਮਸੀਹੀ ਪਤਨੀਆਂ ਲਈ ਦਿੱਤੇ ਪਰਮੇਸ਼ੁਰ ਦੇ ਨਿਯਮਾਂ ਅਨੁਸਾਰ ਮੈਂ ਤੁਹਾਨੂੰ ਜ਼ਿੰਦਗੀ ਭਰ ਪਿਆਰ ਕਰਨ, ਤੁਹਾਡਾ ਖ਼ਿਆਲ ਰੱਖਣ ਅਤੇ ਮਾਣ-ਸਤਿਕਾਰ ਕਰਨ ਦਾ ਵਾਅਦਾ ਕਰਦੀ ਹਾਂ।”

ਕੀ ਤੁਹਾਨੂੰ ਯਾਦ ਹੈ?

• ਸਾਨੂੰ ਵਿਆਹ ਸੰਬੰਧੀ ਕਾਨੂੰਨੀ ਅਤੇ ਪਰਮੇਸ਼ੁਰੀ ਮੰਗਾਂ ਪੂਰੀਆਂ ਕਿਉਂ ਕਰਨੀਆਂ ਚਾਹੀਦੀਆਂ ਹਨ?

• ਜੇ ਮਸੀਹੀ ਜੋੜਾ ਸਿਵਲ ਮੈਰਿਜ ਕਰਾਉਂਦਾ ਹੈ, ਤਾਂ ਉਸ ਤੋਂ ਜਲਦੀ ਬਾਅਦ ਉਹ ਕੀ ਕਰਨ ਦਾ ਫ਼ੈਸਲਾ ਕਰ ਸਕਦਾ ਹੈ?

• ਕਿੰਗਡਮ ਹਾਲ ਵਿਚ ਵਿਆਹ ਦਾ ਭਾਸ਼ਣ ਦੇਣ ਦੇ ਕੀ ਫ਼ਾਇਦੇ ਹਨ?

[ਸਵਾਲ]

[ਸਫ਼ਾ 18 ਉੱਤੇ ਤਸਵੀਰ]

ਪ੍ਰਾਚੀਨ ਇਸਰਾਏਲ ਵਿਚ ਵਿਆਹ ਦੀ ਇਹੋ ਰਸਮ ਸੀ ਕਿ ਲਾੜਾ ਜਾ ਕੇ ਲਾੜੀ ਨੂੰ ਆਪਣੇ ਜਾਂ ਆਪਣੇ ਪਿਉ ਦੇ ਘਰ ਲੈ ਆਉਂਦਾ ਸੀ

[ਸਫ਼ਾ 21 ਉੱਤੇ ਤਸਵੀਰ]

ਰਵਾਇਤੀ ਵਿਆਹ ਕਰਾਉਣ ਮਗਰੋਂ ਮਸੀਹੀ ਜੋੜਾ ਕਿੰਗਡਮ ਹਾਲ ਵਿਚ ਵਿਆਹ ਦੇ ਭਾਸ਼ਣ ਦਾ ਪ੍ਰਬੰਧ ਕਰ ਸਕਦਾ ਹੈ