Skip to content

Skip to table of contents

ਸ੍ਰਿਸ਼ਟੀਕਰਤਾ ਵੱਲੋਂ ਇਕ ਸਦੀਵੀ ਦਾਤ

ਸ੍ਰਿਸ਼ਟੀਕਰਤਾ ਵੱਲੋਂ ਇਕ ਸਦੀਵੀ ਦਾਤ

ਸ੍ਰਿਸ਼ਟੀਕਰਤਾ ਵੱਲੋਂ ਇਕ ਸਦੀਵੀ ਦਾਤ

ਕੀ ਤੁਸੀਂ ਇਹ ਜਾਣ ਕੇ ਹੈਰਾਨ ਨਹੀਂ ਹੁੰਦੇ ਕਿ ਜਿਹੜੀਆਂ ਚੀਜ਼ਾਂ ਵਿਗਿਆਨੀਆਂ ਅਨੁਸਾਰ ਜੀਵਨ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਹਨ, ਉਨ੍ਹਾਂ ਦਾ ਜ਼ਿਕਰ ਜਾਂ ਉਨ੍ਹਾਂ ਵੱਲ ਇਸ਼ਾਰਾ ਉਤਪਤ ਦੀ ਕਿਤਾਬ ਦੇ ਪਹਿਲੇ ਅਧਿਆਇ ਵਿਚ ਕੀਤਾ ਗਿਆ ਹੈ? ਪਰ ਇਹ ਚੀਜ਼ਾਂ ਕੀ ਹਨ?

ਜੀਉਂਦੀਆਂ ਚੀਜ਼ਾਂ ਦੇ ਵਧਣ-ਫੁੱਲਣ ਲਈ ਬਹੁਤ ਸਾਰੇ ਪਾਣੀ ਦੀ ਲੋੜ ਹੈ ਜਿਸ ਦਾ ਜ਼ਿਕਰ ਉਤਪਤ 1:2 ਵਿਚ ਕੀਤਾ ਗਿਆ ਹੈ। ਪਰ ਗ੍ਰਹਿ ਉੱਤੇ ਪਾਣੀ ਰਹਿਣ ਲਈ ਸਹੀ ਤਾਪਮਾਨ ਦਾ ਹੋਣਾ ਵੀ ਜ਼ਰੂਰੀ ਹੈ। ਇਸ ਲਈ ਲਾਜ਼ਮੀ ਹੈ ਕਿ ਗ੍ਰਹਿ ਸੂਰਜ ਤੋਂ ਐਨ ਸਹੀ ਫ਼ਾਸਲੇ ਤੇ ਹੋਵੇ। ਉਤਪਤ ਦਾ ਬਿਰਤਾਂਤ ਵਾਰ-ਵਾਰ ਧਰਤੀ ਉੱਤੇ ਸੂਰਜ ਦੇ ਅਸਰ ਵੱਲ ਧਿਆਨ ਖਿੱਚਦਾ ਹੈ।

ਇਨਸਾਨ ਦੇ ਰਹਿਣ ਲਾਇਕ ਹੋਣ ਲਈ ਗ੍ਰਹਿ ਉੱਤੇ ਗੈਸਾਂ ਦਾ ਸਹੀ ਮਿਸ਼ਰਣ ਹੋਣਾ ਜ਼ਰੂਰੀ ਹੈ। ਇਸ ਗੱਲ ਦਾ ਜ਼ਿਕਰ ਉਤਪਤ 1:6-8 ਵਿਚ ਕੀਤਾ ਗਿਆ ਹੈ। ਉਤਪਤ 1:11, 12 ਵਿਚ ਦੱਸਿਆ ਗਿਆ ਹੈ ਕਿ ਸਾਗ ਪੱਤ ਦੀ ਪੈਦਾਵਾਰ ਕਾਰਨ ਆਕਸੀਜਨ ਵਿਚ ਕਿਸ ਤਰ੍ਹਾਂ ਵਾਧਾ ਹੁੰਦਾ ਹੈ। ਜਿਸ ਗ੍ਰਹਿ ਤੇ ਵੱਖੋ-ਵੱਖਰੀਆਂ ਕਿਸਮਾਂ ਦੇ ਜਾਨਵਰ ਹੋਣ, ਉਸ ਉੱਤੇ ਸੁੱਕੀ ਤੇ ਉਪਜਾਊ ਜ਼ਮੀਨ ਦੀ ਵੀ ਲੋੜ ਹੈ ਤਾਂਕਿ ਉਹ ਵਧ-ਫੁੱਲ ਸਕਣ। ਇਸ ਬਾਰੇ ਉਤਪਤ 1:9-12 ਵਿਚ ਦੱਸਿਆ ਗਿਆ ਹੈ। ਅਖ਼ੀਰ ਵਿਚ ਚੰਗੇ ਮੌਸਮ ਲਈ ਜ਼ਰੂਰੀ ਹੈ ਕਿ ਗ੍ਰਹਿ ਸਹੀ ਥਾਂ ਅਤੇ ਸਹੀ ਕੋਣ ਤੇ ਝੁਕਿਆ ਹੋਵੇ। ਧਰਤੀ ਦੇ ਮਾਮਲੇ ਵਿਚ ਇਹ ਕੰਮ ਚੰਦ ਦੀ ਗੁਰੂਤਾ ਖਿੱਚ ਦੁਆਰਾ ਪੂਰਾ ਹੁੰਦਾ ਹੈ। ਚੰਦ ਅਤੇ ਉਸ ਦੇ ਕੁਝ ਫ਼ਾਇਦਿਆਂ ਬਾਰੇ ਉਤਪਤ 1:14, 16 ਵਿਚ ਦੱਸਿਆ ਗਿਆ ਹੈ।

ਪਰ ਉਤਪਤ ਦੀ ਕਿਤਾਬ ਦੇ ਲਿਖਾਰੀ ਮੂਸਾ ਨੂੰ ਅੱਜ ਦੀ ਵਿਗਿਆਨਕ ਜਾਣਕਾਰੀ ਤੋਂ ਬਗੈਰ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਕਿੱਦਾਂ ਪਤਾ ਸੀ? ਕੀ ਮੂਸਾ ਕੋਲ ਕੋਈ ਖ਼ਾਸ ਯੋਗਤਾ ਸੀ ਜਿਸ ਦੁਆਰਾ ਉਸ ਨੇ ਇਹ ਸਾਰੀਆਂ ਗੱਲਾਂ ਸਮਝ ਲਈਆਂ? ਇਸ ਦਾ ਜਵਾਬ ਹੈ ਕਿ ਜ਼ਮੀਨ-ਆਸਮਾਨ ਦੇ ਸ੍ਰਿਸ਼ਟੀਕਰਤਾ ਨੇ ਉਸ ਨੂੰ ਇਹ ਗੱਲਾਂ ਲਿਖਣ ਲਈ ਪ੍ਰੇਰਿਤ ਕੀਤਾ ਸੀ। ਇਹ ਗੱਲ ਯਾਦ ਰੱਖਣ ਯੋਗ ਹੈ ਕਿਉਂਕਿ ਉਤਪਤ ਦੀ ਪੋਥੀ ਵਿਚ ਲਿਖੀਆਂ ਸਾਰੀਆਂ ਗੱਲਾਂ ਵਿਗਿਆਨਕ ਖੋਜਾਂ ਨਾਲ ਮੇਲ ਖਾਂਦੀਆਂ ਹਨ।

ਬਾਈਬਲ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਵਿਸ਼ਵ ਦੀਆਂ ਨਿਰਾਲੀਆਂ ਚੀਜ਼ਾਂ ਦਾ ਕੋਈ-ਨ-ਕੋਈ ਮਕਸਦ ਜ਼ਰੂਰ ਹੈ। ਜ਼ਬੂਰਾਂ ਦੀ ਪੋਥੀ 115:16 ਵਿਚ ਲਿਖਿਆ ਹੈ ਕਿ “ਅਕਾਸ਼ ਯਹੋਵਾਹ ਦੇ ਅਕਾਸ਼ ਹਨ, ਪਰ ਧਰਤੀ ਉਹ ਨੇ ਮਨੁੱਖ ਮਾਤ੍ਰ ਦੇ ਵੰਸ ਨੂੰ ਦਿੱਤੀ ਹੈ।” ਇਕ ਹੋਰ ਜ਼ਬੂਰ ਵਿਚ ਲਿਖਿਆ ਹੈ: “ਤੈਂ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ, ਭਈ ਉਹ ਸਦਾ ਤੀਕ ਅਟੱਲ ਰਹੇ।” (ਜ਼ਬੂਰਾਂ ਦੀ ਪੋਥੀ 104:5) ਜੇ ਸਾਡੇ ਵਿਸ਼ਵ ਅਤੇ ਇਸ ਸੁੰਦਰ ਧਰਤੀ ਨੂੰ ਸ੍ਰਿਸ਼ਟੀਕਰਤਾ ਨੇ ਸੋਚ-ਸਮਝ ਕੇ ਬਣਾਇਆ ਹੈ, ਤਾਂ ਫਿਰ ਇਹ ਮੰਨਣਾ ਜਾਇਜ਼ ਹੈ ਕਿ ਉਹ ਇਨ੍ਹਾਂ ਚੀਜ਼ਾਂ ਨੂੰ ਬਰਕਰਾਰ ਰੱਖਣ ਦੇ ਵੀ ਯੋਗ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਪੂਰੇ ਭਰੋਸੇ ਨਾਲ ਇਸ ਸ਼ਾਨਦਾਰ ਵਾਅਦੇ ਦੀ ਪੂਰਤੀ ਦੀ ਉਡੀਕ ਕਰ ਸਕਦੇ ਹੋ ਕਿ “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰਾਂ ਦੀ ਪੋਥੀ 37:29) ਪਰਮੇਸ਼ੁਰ ਨੇ “[ਧਰਤੀ] ਨੂੰ ਬੇਡੌਲ ਨਹੀਂ ਉਤਪਤ ਕੀਤਾ,” ਸਗੋਂ “ਉਹ ਨੇ ਵੱਸਣ ਲਈ ਉਸ ਨੂੰ ਸਾਜਿਆ।” (ਯਸਾਯਾਹ 45:18) ਜੀ ਹਾਂ, ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਕੰਮਾਂ ਦੀ ਕਦਰ ਕਰਨ ਵਾਲੇ ਲੋਕ ਸਦਾ ਲਈ ਧਰਤੀ ਉੱਤੇ ਵੱਸਣ।

ਬਾਈਬਲ ਅਨੁਸਾਰ ਯਿਸੂ ਧਰਤੀ ਤੇ ਇਸ ਲਈ ਆਇਆ ਸੀ ਤਾਂਕਿ ਉਹ ਲੋਕਾਂ ਨੂੰ ਪਰਮੇਸ਼ੁਰ ਬਾਰੇ ਅਤੇ ਆਗਿਆਕਾਰ ਇਨਸਾਨਾਂ ਨੂੰ ਸਦਾ ਦੀ ਜ਼ਿੰਦਗੀ ਦੇਣ ਦੇ ਪਰਮੇਸ਼ੁਰ ਦੇ ਮਕਸਦ ਬਾਰੇ ਸਿਖਾ ਸਕੇ। (ਯੂਹੰਨਾ 3:16) ਸਾਨੂੰ ਭਰੋਸਾ ਦਿਵਾਇਆ ਜਾਂਦਾ ਹੈ ਕਿ ਬਹੁਤ ਜਲਦ ਪਰਮੇਸ਼ੁਰ ‘ਓਹਨਾਂ ਦਾ ਨਾਸ ਕਰੇਗਾ ਜੋ ਧਰਤੀ ਦਾ ਨਾਸ’ ਕਰਦੇ ਹਨ। (ਪਰਕਾਸ਼ ਦੀ ਪੋਥੀ 11:18) ਪਰ ਜੋ ਲੋਕ ਪਰਮੇਸ਼ੁਰ ਵੱਲੋਂ ਬਚਾਅ ਦੇ ਕੀਤੇ ਪ੍ਰਬੰਧ ਤੋਂ ਫ਼ਾਇਦਾ ਉਠਾਉਂਦੇ ਹਨ, ਉਹ ਬਚਾਏ ਜਾਣਗੇ ਭਾਵੇਂ ਉਹ ਕਿਸੇ ਵੀ ਕੌਮ ਦੇ ਹੋਣ। (ਪਰਕਾਸ਼ ਦੀ ਪੋਥੀ 7:9, 14) ਜ਼ਿੰਦਗੀ ਕਿੰਨੀ ਖ਼ੂਬਸੂਰਤ ਹੋਵੇਗੀ ਜਦੋਂ ਲੋਕ ਪਰਮੇਸ਼ੁਰ ਦੀਆਂ ਬਣਾਈਆਂ ਗਈਆਂ ਨਿਰਾਲੀਆਂ ਚੀਜ਼ਾਂ ਬਾਰੇ ਹੋਰ ਸਿੱਖਣਗੇ ਅਤੇ ਉਨ੍ਹਾਂ ਦਾ ਪੂਰਾ ਆਨੰਦ ਮਾਣਨਗੇ।—ਉਪਦੇਸ਼ਕ ਦੀ ਪੋਥੀ 3:11; ਰੋਮੀਆਂ 8:21.

[ਸਫ਼ਾ 8 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

NASA photo