Skip to content

Skip to table of contents

ਹਰ ਕੰਮ ਹੱਦ ਵਿਚ ਰਹਿ ਕੇ ਕਰੋ!

ਹਰ ਕੰਮ ਹੱਦ ਵਿਚ ਰਹਿ ਕੇ ਕਰੋ!

ਹਰ ਕੰਮ ਹੱਦ ਵਿਚ ਰਹਿ ਕੇ ਕਰੋ!

ਯਹੋਵਾਹ ਦੇ ਹਰ ਕੰਮ ਵਿਚ ਸੰਤੁਲਨ ਹੈ ਯਾਨੀ ਉਹ ਹੱਦੋਂ ਬਾਹਰ ਕੁਝ ਵੀ ਨਹੀਂ ਕਰਦਾ। “ਉਸ ਦੀ ਕਰਨੀ ਪੂਰੀ ਹੈ,” ਇਸ ਲਈ ਉਹ ਪਾਪੀਆਂ ਦਾ ਨਿਆਂ ਸਖ਼ਤੀ ਨਾਲ ਨਹੀਂ ਕਰਦਾ, ਸਗੋਂ ਨਿਆਂ ਕਰਨ ਵੇਲੇ ਹਮੇਸ਼ਾ ਦਇਆ ਤੋਂ ਕੰਮ ਲੈਂਦਾ ਹੈ। (ਬਿਵਸਥਾ ਸਾਰ 32:4) ਉਸ ਦਾ ਪਿਆਰ ਜਜ਼ਬਾਤੀ ਨਹੀਂ ਹੈ, ਸਗੋਂ ਉੱਚੇ ਅਸੂਲਾਂ ਤੇ ਆਧਾਰਿਤ ਹੈ। (ਜ਼ਬੂਰਾਂ ਦੀ ਪੋਥੀ 89:14; 103:13, 14) ਸਾਡੇ ਪਹਿਲੇ ਮਾਂ-ਬਾਪ ਹਰ ਪੱਖੋਂ ਮੁਕੰਮਲ ਸ੍ਰਿਸ਼ਟ ਕੀਤੇ ਗਏ ਸਨ। ਉਨ੍ਹਾਂ ਨੇ ਆਪਣੀਆਂ ਹੱਦਾਂ ਦੇ ਅੰਦਰ-ਅੰਦਰ ਰਹਿਣਾ ਸੀ। ਪਰ ਪਾਪ ਕਰਨ ਕਰਕੇ ਉਹ ਨਾਮੁਕੰਮਲ ਬਣ ਗਏ ਤੇ ਉਨ੍ਹਾਂ ਵਿਚ ਨੁਕਸ ਆ ਗਿਆ। ਇਸ ਤਰ੍ਹਾਂ ਉਹ ਆਪਣਾ ਸੰਤੁਲਨ ਗੁਆ ਬੈਠੇ।—ਬਿਵਸਥਾ ਸਾਰ 32:5.

ਮਿਸਾਲ ਲਈ, ਕੀ ਤੁਸੀਂ ਕਦੇ ਅਜਿਹੀ ਕਾਰ ਵਿਚ ਜਾਂ ਸਾਈਕਲ ਤੇ ਬੈਠ ਕੇ ਸਫ਼ਰ ਕੀਤਾ ਹੈ ਜਿਸ ਦਾ ਟਾਇਰ ਫੁੱਲਿਆ ਹੋਵੇ? ਟਾਇਰ ਵਿਚ ਇਹ ਨੁਕਸ ਹੋਣ ਕਰਕੇ ਸਫ਼ਰ ਦੌਰਾਨ ਤੁਹਾਨੂੰ ਹਚਕੋਲੇ ਲੱਗੇ ਹੋਣੇ ਅਤੇ ਇਹ ਖ਼ਤਰਨਾਕ ਵੀ ਰਿਹਾ ਹੋਣਾ। ਟਾਇਰ ਹੋਰ ਜ਼ਿਆਦਾ ਖ਼ਰਾਬ ਹੋ ਜਾਣ ਜਾਂ ਫੱਟਣ ਤੋਂ ਪਹਿਲਾਂ-ਪਹਿਲਾਂ ਤੁਹਾਨੂੰ ਸ਼ਾਇਦ ਇਸ ਦੀ ਮੁਰੰਮਤ ਕਰਾਉਣੀ ਪਈ ਹੋਵੇ। ਇਸੇ ਤਰ੍ਹਾਂ ਨਾਮੁਕੰਮਲ ਹੋਣ ਕਰਕੇ ਸਾਡੀਆਂ ਸ਼ਖ਼ਸੀਅਤਾਂ ਵਿਚ ਵੀ ਨੁਕਸ ਹੈ। ਜੇ ਅਸੀਂ ਇਹ ਨੁਕਸ ਵਧਣ ਦੇਈਏ, ਤਾਂ ਸਾਡੀ ਜ਼ਿੰਦਗੀ ਦਾ ਸਫ਼ਰ ਸੁਹਾਵਣਾ ਨਹੀਂ ਪਰ ਮੁਸ਼ਕਲਾਂ ਭਰਿਆ ਤੇ ਖ਼ਤਰਨਾਕ ਬਣ ਸਕਦਾ ਹੈ।

ਜੇ ਅਸੀਂ ਧਿਆਨ ਨਾ ਰੱਖੀਏ, ਤਾਂ ਸਾਡੇ ਸਦਗੁਣ ਔਗੁਣਾਂ ਵਿਚ ਬਦਲ ਕੇ ਸਾਡਾ ਨੁਕਸਾਨ ਕਰਨਗੇ। ਮਿਸਾਲ ਲਈ ਮੂਸਾ ਦੀ ਬਿਵਸਥਾ ਅਨੁਸਾਰ ਇਸਰਾਏਲੀਆਂ ਨੂੰ ਆਪਣੇ ਵਸਤਰਾਂ ਦੀਆਂ ਕਿਨਾਰੀਆਂ ਉੱਤੇ ਝਾਲਰਾਂ ਲਾਉਣ ਦਾ ਹੁਕਮ ਸੀ, ਪਰ ਯਿਸੂ ਦੇ ਜ਼ਮਾਨੇ ਦੇ ਗ੍ਰੰਥੀ ਦਿਖਾਵੇ ਲਈ ਆਪਣੇ ਵਸਤਰਾਂ ਉੱਤੇ ‘ਝਾਲਰਾਂ ਵਧਾ ਕੇ’ ਲਾਉਂਦੇ ਸਨ। ਉਹ ਦੂਸਰਿਆਂ ਨਾਲੋਂ ਪਵਿੱਤਰ ਦਿਖਣਾ ਚਾਹੁੰਦੇ ਸਨ।—ਮੱਤੀ 23:5; ਗਿਣਤੀ 15:38-40.

ਕਈ ਲੋਕ ਅੱਜ ਸਨਸਨੀਖੇਜ਼ ਹਰਕਤਾਂ ਕਰ ਕੇ ਦੂਸਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਅਸਲ ਵਿਚ ਉਹ ਸ਼ਾਇਦ ਕਹਿ ਰਹੇ ਹੋਣ ਕਿ “ਮੈਨੂੰ ਦੇਖੋ। ਮੇਰੀ ਵੀ ਆਪਣੀ ਪਛਾਣ ਹੈ!” ਪਰ ਪਹਿਰਾਵੇ ਜਾਂ ਵਤੀਰੇ ਦੀਆਂ ਹੱਦਾਂ ਟੱਪਣ ਨਾਲ ਮਸੀਹੀ ਕਦੇ ਵੀ ਸੱਚੀ ਖ਼ੁਸ਼ੀ ਹਾਸਲ ਨਹੀਂ ਕਰ ਸਕਦੇ।

ਨੌਕਰੀ ਪ੍ਰਤੀ ਸਹੀ ਰਵੱਈਆ

ਅਸੀਂ ਭਾਵੇਂ ਕੋਈ ਵੀ ਹੋਈਏ ਤੇ ਜਿੱਥੇ ਮਰਜ਼ੀ ਰਹਿੰਦੇ ਹੋਈਏ, ਜੇ ਅਸੀਂ ਕੰਮ ਕਰੀਏ, ਤਾਂ ਸਾਡੀ ਜ਼ਿੰਦਗੀ ਨੂੰ ਮਕਸਦ ਮਿਲਦਾ ਹੈ। ਸਾਨੂੰ ਕੰਮ ਕਰ ਕੇ ਸੰਤੁਸ਼ਟੀ ਹਾਸਲ ਕਰਨ ਲਈ ਸ੍ਰਿਸ਼ਟ ਕੀਤਾ ਗਿਆ ਸੀ। (ਉਤਪਤ 2:15) ਇਸ ਕਰਕੇ ਬਾਈਬਲ ਆਲਸ ਦੀ ਨਿੰਦਿਆ ਕਰਦੀ ਹੈ। ਪੌਲੁਸ ਰਸੂਲ ਨੇ ਸਾਫ਼-ਸਾਫ਼ ਕਿਹਾ: “ਜੇ ਕੋਈ ਕੰਮ ਧੰਦਾ ਕਰਨੋਂ ਨੱਕ ਵੱਟਦਾ ਹੈ ਤਾਂ ਰੋਟੀ ਵੀ ਨਾ ਖਾਵੇ।” (2 ਥੱਸਲੁਨੀਕੀਆਂ 3:10) ਅਸਲ ਵਿਚ, ਕੰਮ-ਚੋਰ ਬੰਦਾ ਗ਼ਰੀਬੀ ਨੂੰ ਸੱਦਾ ਦਿੰਦਾ ਹੈ ਤੇ ਪਰਮੇਸ਼ੁਰ ਵੀ ਉਸ ਨਾਲ ਨਾਰਾਜ਼ ਹੁੰਦਾ ਹੈ।

ਦੂਸਰੇ ਪਾਸੇ ਕਈਆਂ ਲੋਕਾਂ ਨੂੰ ਕੰਮ ਦਾ ਅਮਲ ਹੁੰਦਾ ਹੈ ਤੇ ਉਹ ਕੰਮ ਦੇ ਗ਼ੁਲਾਮ ਬਣ ਜਾਂਦੇ ਹਨ। ਉਨ੍ਹਾਂ ਨੂੰ ਕੰਮ ਤੋਂ ਸਿਵਾਇ ਹੋਰ ਕੁਝ ਨਹੀਂ ਸੁੱਝਦਾ। ਘਰੋਂ ਸਵੇਰੇ ਨਿਕਲਦੇ ਹਨ ਤੇ ਦੇਰ ਰਾਤ ਨੂੰ ਘਰ ਮੁੜਦੇ ਹਨ। ਉਹ ਆਪਣੀ ਸਫ਼ਾਈ ਦਿੰਦਿਆਂ ਸ਼ਾਇਦ ਕਹਿਣ ਕਿ ਉਹ ਆਪਣੇ ਪਰਿਵਾਰਾਂ ਦੇ ਸੁੱਖ-ਆਰਾਮ ਲਈ ਹੀ ਹੱਡ-ਤੋੜ ਮਿਹਨਤ ਕਰਦੇ ਹਨ। ਪਰ ਅਫ਼ਸੋਸ, ਉਨ੍ਹਾਂ ਦੇ ਇਸ ਅਮਲ ਦਾ ਉਨ੍ਹਾਂ ਦੇ ਪਰਿਵਾਰਾਂ ਨੂੰ ਹੀ ਨੁਕਸਾਨ ਹੁੰਦਾ ਹੈ! ਇਕ ਔਰਤ ਜਿਸ ਦਾ ਪਤੀ ਸਿਰ ਸੁੱਟੀ ਕੰਮ ਵਿਚ ਲੱਗਾ ਰਹਿੰਦਾ ਹੈ, ਨੇ ਕਿਹਾ: “ਮੈਂ ਖ਼ੁਸ਼ੀ-ਖ਼ੁਸ਼ੀ ਐਸ਼ੋ-ਆਰਾਮ ਦੀਆਂ ਇਹ ਸਾਰੀਆਂ ਚੀਜ਼ਾਂ ਦੇ ਦਿਆਂਗੀ ਜੇ ਮੇਰਾ ਪਤੀ ਮੇਰੇ ਨਾਲ ਤੇ ਬੱਚਿਆਂ ਨਾਲ ਹੋਵੇ।” ਕੰਮ ਤੇ ਲੋੜ ਤੋਂ ਵੱਧ ਸਮਾਂ ਗੁਜ਼ਾਰਨ ਵਾਲੇ ਲੋਕਾਂ ਨੂੰ ਰਾਜਾ ਸੁਲੇਮਾਨ ਦੇ ਸ਼ਬਦਾਂ ਉੱਤੇ ਗੌਰ ਕਰਨਾ ਚਾਹੀਦਾ ਹੈ: “ਤਦ ਮੈਂ ਓਹਨਾਂ ਸਭਨਾਂ ਕੰਮਾਂ ਨੂੰ ਜੋ ਮੇਰਿਆ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਡਿੱਠਾ, ਅਤੇ ਵੇਖੋ, ਓਹ ਸਾਰਿਆਂ ਦੇ ਸਾਰੇ ਵਿਅਰਥ ਅਤੇ ਹਵਾ ਦਾ ਫੱਕਣਾ ਸੀ ਅਤੇ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ।”—ਉਪਦੇਸ਼ਕ ਦੀ ਪੋਥੀ 2:11.

ਅਸੀਂ ਦੇਖ ਸਕਦੇ ਹਾਂ ਕਿ ਸਾਨੂੰ ਕੰਮ ਵਿਚ ਵੀ ਸੰਤੁਲਨ ਰੱਖਣ ਦੀ ਲੋੜ ਹੈ। ਸਾਨੂੰ ਮਿਹਨਤ ਤਾਂ ਕਰਨੀ ਚਾਹੀਦੀ ਹੈ, ਪਰ ਇਸ ਦੇ ਨਾਲੋ-ਨਾਲ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਹੈ ਕਿ ਕੰਮ ਦੇ ਗ਼ੁਲਾਮ ਬਣ ਕੇ ਅਸੀਂ ਆਪਣੀ ਖ਼ੁਸ਼ੀ ਤੇ ਹੋਰ ਵੀ ਕੀਮਤੀ ਚੀਜ਼ਾਂ ਗੁਆ ਸਕਦੇ ਹਾਂ।—ਉਪਦੇਸ਼ਕ ਦੀ ਪੋਥੀ 4:5, 6.

ਮਨ-ਪਰਚਾਵੇ ਦੀ ਹੱਦ

ਬਾਈਬਲ ਵਿਚ ਸਾਡੇ ਜ਼ਮਾਨੇ ਬਾਰੇ ਪਹਿਲਾਂ ਦੱਸਿਆ ਗਿਆ ਹੈ ਕਿ “ਮਨੁੱਖ . . . ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।” (2 ਤਿਮੋਥਿਉਸ 3:2, 4) ਸ਼ਤਾਨ ਪਰਮੇਸ਼ੁਰ ਦੇ ਭਗਤਾਂ ਨੂੰ ਮਨ-ਪਰਚਾਵੇ ਦੇ ਮੱਕੜੀਜਾਲ ਵਿਚ ਫਸਾਉਣ ਵਿਚ ਬੜਾ ਮਾਹਰ ਹੈ। ਅੱਜ-ਕੱਲ੍ਹ ਲੋਕ ਮਨੋਰੰਜਨ ਵਾਸਤੇ ਬੇਹੱਦ ਖ਼ਤਰਨਾਕ ਖੇਡਾਂ ਵਿਚ ਹਿੱਸਾ ਲੈਂਦੇ ਹਨ। ਨਵੀਆਂ ਤੋਂ ਨਵੀਆਂ ਖ਼ਤਰਨਾਕ ਖੇਡਾਂ ਬਣਾਏ ਜਾਣ ਦੇ ਨਾਲੋ-ਨਾਲ ਖਿਡਾਰੀ ਵੀ ਵਧ ਰਹੇ ਹਨ। ਇਹ ਖੇਡਾਂ ਇੰਨੀਆਂ ਮਸ਼ਹੂਰ ਕਿਉਂ ਹਨ? ਲੋਕ ਆਪਣੇ ਰੋਜ਼ਾਨਾ ਦੇ ਕੰਮ-ਧੰਦਿਆਂ ਤੋਂ ਅੱਕ ਜਾਂਦੇ ਹਨ ਜਿਸ ਕਰਕੇ ਉਹ ਅਜਿਹੀਆਂ ਖ਼ਤਰਨਾਕ ਤੋਂ ਖ਼ਤਰਨਾਕ ਖੇਡਾਂ ਵਗੈਰਾ ਵਿਚ ਦਿਲ ਬਹਿਲਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਜ਼ਿਆਦਾ ਤੋਂ ਜ਼ਿਆਦਾ ਉਤੇਜਨਾ ਪ੍ਰਾਪਤ ਕਰਨ ਲਈ ਉਹ ਹੋਰ ਤੋਂ ਹੋਰ ਖ਼ਤਰੇ ਸਹੇੜਦੇ ਹਨ। ਰੱਬ ਦੇ ਪ੍ਰੇਮੀ ਜ਼ਿੰਦਗੀ ਨੂੰ ਕੀਮਤੀ ਸਮਝਦੇ ਹਨ ਤੇ ਆਪਣੇ ਜੀਵਨ-ਦਾਤੇ ਦੀ ਕਦਰ ਕਰਦੇ ਹਨ। ਇਸ ਕਰਕੇ ਉਹ ਖ਼ਤਰਨਾਕ ਖੇਡਾਂ ਵਿਚ ਹਿੱਸਾ ਨਹੀਂ ਲੈਂਦੇ।—ਜ਼ਬੂਰਾਂ ਦੀ ਪੋਥੀ 36:9.

ਪਰਮੇਸ਼ੁਰ ਨੇ ਪਹਿਲੀ ਮਨੁੱਖੀ ਜੋੜੀ ਨੂੰ ਸ੍ਰਿਸ਼ਟ ਕਰ ਕੇ ਕਿੱਥੇ ਰੱਖਿਆ ਸੀ? ਅਦਨ ਦੇ ਬਾਗ਼ ਵਿਚ ਜਿਸ ਦਾ ਇਬਰਾਨੀ ਭਾਸ਼ਾ ਵਿਚ ਅਰਥ ਹੈ “ਖ਼ੁਸ਼ੀ” ਜਾਂ “ਆਨੰਦ।” (ਉਤਪਤ 2:8) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਚਾਹੁੰਦਾ ਸੀ ਕਿ ਇਨਸਾਨ ਜ਼ਿੰਦਗੀ ਦਾ ਆਨੰਦ ਲੈਣ।

ਆਨੰਦ ਕਰਨ ਦੇ ਸੰਬੰਧ ਵਿਚ ਯਿਸੂ ਨੇ ਸਾਡੇ ਲਈ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ। ਉਹ ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਇੱਛਾ ਪੂਰੀ ਕਰਨ ਵਿਚ ਲੱਗਾ ਰਿਹਾ ਤੇ ਉਸ ਨੇ ਉਸ ਦੇ ਕਾਇਦੇ-ਕਾਨੂੰਨਾਂ ਨੂੰ ਮੰਨਣ ਵਿਚ ਕਦੇ ਵੀ ਅਣਗਹਿਲੀ ਨਹੀਂ ਕੀਤੀ। ਜਦੋਂ ਉਹ ਥੱਕਿਆ ਵੀ ਹੁੰਦਾ ਸੀ, ਉਦੋਂ ਵੀ ਉਹ ਲੋੜਵੰਦਾਂ ਲਈ ਸਮਾਂ ਕੱਢਦਾ ਸੀ। (ਮੱਤੀ 14:13, 14) ਯਿਸੂ ਦਾਅਵਤਾਂ ਤੇ ਵੀ ਜਾਂਦਾ ਸੀ ਤੇ ਆਰਾਮ ਕਰਨ ਅਤੇ ਤਾਜ਼ਾ ਦਮ ਹੋਣ ਲਈ ਵੀ ਸਮਾਂ ਕੱਢਦਾ ਸੀ। ਪਰ ਉਹ ਇਹ ਵੀ ਜਾਣਦਾ ਸੀ ਕਿ ਉਸ ਦੇ ਦੁਸ਼ਮਣ ਇਸ ਗੱਲੋਂ ਉਸ ਦੀ ਨਿੰਦਿਆ ਕਰਦੇ ਸਨ। ਉਨ੍ਹਾਂ ਨੇ ਉਸ ਬਾਰੇ ਕਿਹਾ: “ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ।” (ਲੂਕਾ 7:34; 10:38; 11:37) ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਰੱਬ ਦੇ ਭਗਤਾਂ ਨੂੰ ਸਾਰੇ ਸੁੱਖ ਤਿਆਗ ਦੇਣੇ ਚਾਹੀਦੇ ਹਨ।

ਮਨੋਰੰਜਨ ਦੀਆਂ ਹੱਦਾਂ ਨਾ ਪਾਰ ਕਰ ਕੇ ਸਾਡਾ ਹੀ ਭਲਾ ਹੋਵੇਗਾ। ਜ਼ਿੰਦਗੀ ਵਿਚ ਐਸ਼ੋ-ਆਰਾਮ ਪਿੱਛੇ ਭੱਜਦੇ ਰਹਿਣ ਨਾਲ ਸੱਚੀ ਖ਼ੁਸ਼ੀ ਨਹੀਂ ਮਿਲ ਸਕਦੀ। ਇਵੇਂ ਕਰਨ ਨਾਲ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ। ਪਰ ਸਾਨੂੰ ਜ਼ਿੰਦਗੀ ਵਿਚ ਦਿਲਪਰਚਾਵਾ ਕਰਨਾ ਛੱਡ ਨਹੀਂ ਦੇਣਾ ਚਾਹੀਦਾ ਤੇ ਨਾ ਹੀ ਦੂਸਰਿਆਂ ਦੀ ਨੁਕਤਾਚੀਨੀ ਕਰਨੀ ਚਾਹੀਦੀ ਹੈ ਜੋ ਹੱਦ ਵਿਚ ਰਹਿ ਕੇ ਦਿਲਪਰਚਾਵਾ ਕਰਦੇ ਹਨ।—ਉਪਦੇਸ਼ਕ ਦੀ ਪੋਥੀ 2:24; 3:1-4.

ਸੰਤੁਲਿਤ ਜ਼ਿੰਦਗੀ ਵਿਚ ਖ਼ੁਸ਼ੀ ਪਾਓ

ਯਾਕੂਬ ਨਾਂ ਦੇ ਚੇਲੇ ਨੇ ਲਿਖਿਆ ਸੀ: “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ।” (ਯਾਕੂਬ 3:2) ਹੱਦਾਂ ਵਿਚ ਰਹਿਣ ਦੀ ਕੋਸ਼ਿਸ਼ ਕਰਦੇ ਹੋਏ ਵੀ ਅਸੀਂ ਹੱਦ ਪਾਰ ਕਰ ਸਕਦੇ ਹਾਂ। ਤਾਂ ਫਿਰ ਅਸੀਂ ਆਪਣਾ ਸੰਤੁਲਨ ਕਿਵੇਂ ਕਾਇਮ ਰੱਖ ਸਕਦੇ ਹਾਂ? ਸਾਨੂੰ ਆਪਣੇ ਗੁਣ-ਔਗੁਣ ਪਛਾਣਨੇ ਚਾਹੀਦੇ ਹਨ। ਇਹ ਕਰਨਾ ਸੌਖਾ ਨਹੀਂ ਹੈ। ਅਸੀਂ ਕਈ ਮਾਮਲਿਆਂ ਵਿਚ ਸ਼ਾਇਦ ਹੱਦੋਂ ਬਾਹਰ ਚਲੇ ਜਾਈਏ ਤੇ ਸਾਨੂੰ ਇਸ ਗੱਲ ਦਾ ਸ਼ਾਇਦ ਅਹਿਸਾਸ ਵੀ ਨਾ ਹੋਵੇ। ਇਸ ਲਈ ਅਸੀਂ ਸਮਝਦਾਰ ਮਸੀਹੀਆਂ ਨਾਲ ਸੰਗਤ ਕਰ ਕੇ ਅਤੇ ਉਨ੍ਹਾਂ ਦੀ ਚੰਗੀ ਸਲਾਹ ਤੇ ਚੱਲ ਕੇ ਗ਼ਲਤੀਆਂ ਕਰਨ ਤੋਂ ਬਚ ਸਕਦੇ ਹਾਂ। (ਗਲਾਤੀਆਂ 6:1) ਅਸੀਂ ਕਲੀਸਿਯਾ ਵਿਚ ਕਿਸੇ ਭਰੋਸੇਯੋਗ ਦੋਸਤ ਜਾਂ ਤਜਰਬੇਕਾਰ ਬਜ਼ੁਰਗ ਦੀ ਸਲਾਹ ਲੈ ਸਕਦੇ ਹਾਂ। ਬਾਈਬਲ ਤੇ ਆਧਾਰਿਤ ਸਲਾਹ “ਸ਼ੀਸ਼ੇ” ਦਾ ਕੰਮ ਕਰਦੀ ਹੈ। ਇਸ ਦੇ ਜ਼ਰੀਏ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਕਿੱਦਾਂ ਦੇ ਲੱਗਦੇ ਹਾਂ।—ਯਾਕੂਬ 1:22-25.

ਖ਼ੁਸ਼ੀ ਦੀ ਗੱਲ ਹੈ ਕਿ ਹੱਦਾਂ ਵਿਚ ਰਹਿ ਕੇ ਕੰਮ ਕਰਨਾ ਮੁਮਕਿਨ ਹੈ। ਅਸੀਂ ਯਹੋਵਾਹ ਦੀ ਮਦਦ ਤੇ ਆਪਣੀਆਂ ਕੋਸ਼ਿਸ਼ਾਂ ਨਾਲ ਸੰਤੁਲਿਤ ਅਤੇ ਖ਼ੁਸ਼ ਰਹਿ ਸਕਦੇ ਹਾਂ। ਭੈਣਾਂ-ਭਰਾਵਾਂ ਨਾਲ ਸਾਡਾ ਰਿਸ਼ਤਾ ਬਿਹਤਰ ਬਣ ਸਕਦਾ ਹੈ ਤੇ ਅਸੀਂ ਉਨ੍ਹਾਂ ਲਈ ਚੰਗੀਆਂ ਮਿਸਾਲਾਂ ਕਾਇਮ ਕਰ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ। ਵੱਡੀ ਗੱਲ ਇਹ ਹੈ ਕਿ ਅਸੀਂ ਆਪਣੇ ਪਿਆਰੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰ ਸਕਦੇ ਹਾਂ ਜੋ ਹਰ ਪੱਖੋਂ ਸੰਤੁਲਨ ਦੀ ਸਭ ਤੋਂ ਵਧੀਆ ਮਿਸਾਲ ਹੈ।—ਅਫ਼ਸੀਆਂ 5:1.

[ਸਫ਼ਾ 28 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

©Greg Epperson/​age fotostock