Skip to content

Skip to table of contents

ਅਦਲੇ ਦਾ ਬਦਲਾ ਲੈਣਾ—ਕੀ ਇਹ ਠੀਕ ਹੈ?

ਅਦਲੇ ਦਾ ਬਦਲਾ ਲੈਣਾ—ਕੀ ਇਹ ਠੀਕ ਹੈ?

ਅਦਲੇ ਦਾ ਬਦਲਾ ਲੈਣਾ​—ਕੀ ਇਹ ਠੀਕ ਹੈ?

ਲੋਕ ਮੰਨਦੇ ਹਨ ਕਿ ਅਦਲੇ ਦਾ ਬਦਲਾ ਲੈਣ ਨਾਲ ਹੀ ਚੈਨ ਆਉਂਦੀ ਹੈ। ਜਦ ਕੋਈ ਸਾਡੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਂਦਾ ਹੈ, ਤਾਂ ਸਾਨੂੰ ਗੁੱਸਾ ਚੜ੍ਹ ਜਾਂਦਾ ਹੈ। ਇਹ ਇਸ ਲਈ ਹੈ ਕਿਉਂਕਿ ਸਾਡੇ ਅੰਦਰ ਸਹੀ ਤੇ ਗ਼ਲਤ ਪਛਾਣਨ ਦੀ ਯੋਗਤਾ ਹੈ। ਸੋ ਜਦ ਬੇਇਨਸਾਫ਼ੀ ਹੁੰਦੀ ਹੈ ਸਾਡੇ ਅੰਦਰ ਦੀ ਆਵਾਜ਼ ਇਨਸਾਫ਼ ਮੰਗਦੀ ਹੈ। ਪਰ ਇਨਸਾਫ਼ ਕਿੱਦਾਂ ਮਿਲ ਸਕਦਾ ਹੈ?

ਲੋਕ ਸੋਚਦੇ ਹਨ ਕਿ ਜਦ ਕੋਈ ਉਨ੍ਹਾਂ ਨੂੰ ਥੱਪੜ ਮਾਰਦਾ ਹੈ, ਧੱਕਾ ਮਾਰਦਾ ਹੈ, ਬੁਰਾ-ਭਲਾ ਕਹਿੰਦਾ ਹੈ, ਗਾਲਾਂ ਕੱਢਦਾ ਹੈ, ਕੁੱਟਦਾ-ਮਾਰਦਾ ਹੈ, ਲੁੱਟਦਾ ਹੈ, ਵਗੈਰਾ, ਤਾਂ ਬਦਲਾ ਲੈਣਾ ਠੀਕ ਹੈ। ਤੁਹਾਨੂੰ ਕਿੱਦਾਂ ਲੱਗਦਾ ਹੈ ਜਦ ਤੁਹਾਡੇ ਨਾਲ ਕੋਈ ਇੱਦਾਂ ਕਰਦਾ ਹੈ? ਕਈ ਲੋਕ ਤਾਂ ਕਹਿੰਦੇ ਹਨ: ‘ਮੈਂ ਬਦਲਾ ਲੈ ਕੇ ਹੀ ਰਹਿਣਾ!’

ਅਮਰੀਕਾ ਵਿਚ ਜਦ ਟੀਚਰਾਂ ਨੇ ਬੱਚਿਆਂ ਨੂੰ ਤਾੜਨਾ ਦਿੱਤੀ ਹੈ, ਤਾਂ ਬਦਲਾ ਲੈਣ ਲਈ ਕਈ ਬੱਚਿਆਂ ਨੇ ਉਨ੍ਹਾਂ ਉੱਤੇ ਗ਼ਲਤ ਇਲਜ਼ਾਮ ਲਗਾਏ ਹਨ। ਨਿਊ ਓਰਲੀਨਜ਼ ਵਿਚ ਟੀਚਰਾਂ ਦੀ ਇਕ ਯੂਨੀਅਨ ਦੀ ਪ੍ਰੈਜ਼ੀਡੈਂਟ ਕਹਿੰਦੀ ਹੈ: “ਇਕ ਵਾਰ ਕਿਸੇ ਟੀਚਰ ਉੱਤੇ ਬਦਸਲੂਕੀ ਦਾ ਇਲਜ਼ਾਮ ਲਗਾਇਆ ਜਾਵੇ, ਤਾਂ ਉਸ ਦੇ ਨਾਂ ’ਤੇ ਹਮੇਸ਼ਾ ਲਈ ਦਾਗ਼ ਲੱਗ ਜਾਂਦਾ ਹੈ।” ਭਾਵੇਂ ਬਾਅਦ ਵਿਚ ਇਹ ਸਾਬਤ ਕੀਤਾ ਜਾਵੇ ਕਿ ਇਲਜ਼ਾਮ ਝੂਠਾ ਸੀ, ਫਿਰ ਵੀ ਦਾਗ਼ ਨਹੀਂ ਮਿਟਦਾ।

ਕਈ ਲੋਕ ਕੰਮ ਤੇ ਆਪਣੇ ਮਾਲਕਾਂ ਨਾਲ ਨਾਰਾਜ਼ ਹੋ ਕੇ ਕੰਪਨੀ ਦੇ ਕੰਪਿਊਟਰਾਂ ਤੋਂ ਜ਼ਰੂਰੀ ਫਾਈਲਾਂ ਮਿਟਾ ਦਿੰਦੇ ਹਨ ਜਾਂ ਉਨ੍ਹਾਂ ਦਾ ਨੁਕਸਾਨ ਕਰ ਦਿੰਦੇ ਹਨ। ਦੂਸਰੇ ਲੋਕ ਕੰਪਨੀ ਦੀ ਕੋਈ ਜ਼ਰੂਰੀ ਜਾਣਕਾਰੀ ਚੋਰੀ ਕਰ ਕੇ ਉਸ ਨੂੰ ਵੇਚ ਜਾਂ ਦੂਜਿਆਂ ਨੂੰ ਦੇ ਦਿੰਦੇ ਹਨ। ਇਲੈਕਟ੍ਰਾਨਿਕ ਫਾਈਲਾਂ ਚੋਰੀ ਕਰਨ ਤੋਂ ਇਲਾਵਾ ਨਿਊ ਯਾਰਕ ਟਾਈਮਜ਼ ਦੇ ਮੁਤਾਬਕ “ਲੋਕ ਕੰਮ ਤੇ ਹੋਰ ਵੀ ਬਹੁਤ ਕੁਝ ਚੋਰੀ ਕਰਦੇ ਹਨ।” ਜਦ ਕਿਸੇ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ, ਤਾਂ ਕਈ ਕੰਪਨੀਆਂ ਪਹਿਰੇਦਾਰ ਨੂੰ ਕਾਮੇ ਨਾਲ ਭੇਜ ਕੇ ਉਸ ਦਾ ਸਾਰਾ ਸਮਾਨ ਇਕੱਠਾ ਕਰਾਉਂਦੀਆਂ ਹਨ। ਫਿਰ ਪਹਿਰੇਦਾਰ ਉਸ ਨੂੰ ਦਫ਼ਤਰ ਤੋਂ ਬਾਹਰ ਤਕ ਲੈ ਜਾਂਦਾ ਹੈ ਤਾਂਕਿ ਜਾਂਦਾ-ਜਾਂਦਾ ਕਾਮਾ ਬਦਲਾ ਲੈ ਕੇ ਕੰਪਨੀ ਦਾ ਨੁਕਸਾਨ ਨਾ ਕਰੇ।

ਜ਼ਿਆਦਾਤਰ ਲੋਕ ਉਨ੍ਹਾਂ ਤੋਂ ਬਦਲਾ ਲੈਂਦੇ ਹਨ ਜੋ ਉਨ੍ਹਾਂ ਦੇ ਸਭ ਤੋਂ ਕਰੀਬ ਹਨ ਜਿਵੇਂ ਕਿ ਦੋਸਤ, ਕੰਮ ਦੇ ਸਾਥੀ ਜਾਂ ਪਰਿਵਾਰ ਦੇ ਮੈਂਬਰ। ਜਦ ਕਿਸੇ ਦੀ ਕਹਿਣੀ ਜਾਂ ਕਰਨੀ ਕਰਕੇ ਤੁਹਾਨੂੰ ਦੁੱਖ ਪਹੁੰਚਦਾ ਹੈ, ਤਾਂ ਤੁਸੀਂ ਵੀ ਸ਼ਾਇਦ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੋ। ਜੇ ਕੋਈ ਦੋਸਤ ਤੁਹਾਨੂੰ ਟੁੱਟ ਕੇ ਪੈਂਦਾ ਹੈ, ਤਾਂ ਕੀ ਤੁਸੀਂ ਵੀ ਟੁੱਟ ਕੇ ਪੈਂਦੇ ਹੋ? ਜੇ ਕੋਈ ਪਰਿਵਾਰ ਦਾ ਮੈਂਬਰ ਤੁਹਾਨੂੰ ਨਾਰਾਜ਼ ਕਰਦਾ ਹੈ, ਤਾਂ ਕੀ ਤੁਸੀਂ ਬਦਲਾ ਲੈਣ ਦੀ ਸੋਚਦੇ ਹੋ? ਸਾਡੇ ਕਿਸੇ ਆਪਣੇ ਨਾਲ ਇਸ ਤਰ੍ਹਾਂ ਕਰਨਾ ਕਿੰਨਾ ਸੌਖਾ ਹੈ!

ਬਦਲਾ ਲੈਣ ਦੇ ਬੁਰੇ ਅੰਜਾਮ

ਕਈ ਵਾਰ ਲੋਕ ਇਸ ਲਈ ਬਦਲਾ ਲੈਂਦੇ ਹਨ ਕਿਉਂਕਿ ਉਨ੍ਹਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੀ ਹੈ। ਮਿਸਾਲ ਲਈ, ਬਾਈਬਲ ਦੱਸਦੀ ਹੈ ਕਿ ਜਦ ਪਰਮੇਸ਼ੁਰ ਦੇ ਸੇਵਕ ਯਾਕੂਬ ਦੇ ਪੁੱਤਰਾਂ ਨੂੰ ਪਤਾ ਲੱਗਿਆ ਕਿ ਕਨਾਨ ਵਿਚ ਰਹਿਣ ਵਾਲੇ ਸ਼ਕਮ ਨੇ ਉਨ੍ਹਾਂ ਦੀ ਭੈਣ ਦੀਨਾਹ ਦੀ ਇੱਜ਼ਤ ਲੁੱਟੀ ਸੀ, ਤਾਂ ਉਹ “ਗੁੱਸੇ ਨਾਲ ਭਰ ਗਏ।” (ਉਤਪਤ 34:1-7, ERV) ਆਪਣੀ ਭੈਣ ਦਾ ਬਦਲਾ ਲੈਣ ਲਈ ਯਾਕੂਬ ਦੇ ਦੋ ਪੁੱਤਰਾਂ ਨੇ ਸ਼ਕਮ ਤੇ ਉਸ ਦੇ ਘਰਾਣੇ ਖ਼ਿਲਾਫ਼ ਸਾਜ਼ਸ਼ ਘੜੀ। ਸ਼ਿਮਓਨ ਅਰ ਲੇਵੀ ਕਨਾਨੀ ਲੋਕਾਂ ਨੂੰ ਧੋਖਾ ਦੇ ਕੇ ਸ਼ਹਿਰ ਵਿਚ ਵੜ ਗਏ ਤੇ ਉਨ੍ਹਾਂ ਨੇ ਸ਼ਕਮ ਦੇ ਨਾਲ-ਨਾਲ ਹਰ ਇਕ ਬੰਦੇ ਨੂੰ ਮਾਰ ਸੁੱਟਿਆ।—ਉਤਪਤ 34:13-27.

ਕੀ ਇਸ ਖ਼ੂਨ-ਖ਼ਰਾਬੇ ਨਾਲ ਗੱਲ ਨਿਬੇੜੀ ਗਈ ਸੀ? ਜਦ ਯਾਕੂਬ ਨੂੰ ਪਤਾ ਲੱਗਿਆ ਕਿ ਉਸ ਦੇ ਪੁੱਤਰਾਂ ਨੇ ਕੀ ਕੀਤਾ, ਤਾਂ ਉਸ ਨੇ ਉਨ੍ਹਾਂ ਨੂੰ ਤਾੜਿਆ: ‘ਤੁਸਾਂ ਮੈਨੂੰ ਔਖਾ ਕੀਤਾ ਅਰ ਏਸ ਦੇਸ ਦੇ ਵਸਨੀਕਾਂ ਵਿੱਚ ਤੁਸਾਂ ਮੈਨੂੰ ਘਿਣਾਉਣਾ ਕੀਤਾ ਸੋ ਓਹ ਮੇਰੇ ਵਿਰੁੱਧ ਇਕੱਠੇ ਹੋਕੇ ਮੈਨੂੰ ਮਾਰਨਗੇ ਸੋ ਮੇਰਾ ਅਰ ਮੇਰੇ ਘਰ ਦਾ ਸੱਤਿਆ ਨਾਸ ਹੋ ਜਾਵੇਗਾ।’ (ਉਤਪਤ 34:30) ਗੱਲ ਨਜਿੱਠਣ ਦੀ ਬਜਾਇ ਬਦਲਾ ਲੈਣ ਨਾਲ ਉਨ੍ਹਾਂ ’ਤੇ ਹੋਰ ਮੁਸੀਬਤਾਂ ਆਈਆਂ। ਯਾਕੂਬ ਦੇ ਪਰਿਵਾਰ ਨੂੰ ਹੁਣ ਇਹ ਡਰ ਸੀ ਕਿ ਉਨ੍ਹਾਂ ਦੇ ਨਾਰਾਜ਼ ਗੁਆਂਢੀ ਕਿਤੇ ਉਨ੍ਹਾਂ ਤੇ ਹਮਲਾ ਨਾ ਕਰ ਦੇਣ। ਸ਼ਾਇਦ ਇਸ ਖ਼ਤਰੇ ਤੋਂ ਬਚਾਉਣ ਲਈ ਪਰਮੇਸ਼ੁਰ ਨੇ ਯਾਕੂਬ ਅਤੇ ਉਸ ਦੇ ਪਰਿਵਾਰ ਨੂੰ ਉਸ ਇਲਾਕੇ ਤੋਂ ਬੈਤਏਲ ਨਾਂ ਦੀ ਜਗ੍ਹਾ ਜਾਣ ਲਈ ਕਿਹਾ।—ਉਤਪਤ 35:1, 5.

ਜੋ ਕੁਝ ਦੀਨਾਹ ਨਾਲ ਬੀਤਿਆ ਤੇ ਉਸ ਤੋਂ ਬਾਅਦ ਜੋ ਹੋਇਆ ਇਸ ਤੋਂ ਅਸੀਂ ਇਕ ਜ਼ਰੂਰੀ ਸਬਕ ਸਿੱਖਦੇ ਹਾਂ। ਜਦ ਵੀ ਕੋਈ ਬਦਲਾ ਲੈਂਦਾ ਹੈ, ਤਾਂ ਗੱਲ ਉੱਥੇ ਹੀ ਨਹੀਂ ਖ਼ਤਮ ਹੁੰਦੀ। ਲੋਕ ਵਾਰ-ਵਾਰ ਇਕ-ਦੂਜੇ ਤੋਂ ਬਦਲਾ ਲੈਂਦੇ ਹੀ ਰਹਿੰਦੇ ਹਨ ਤੇ ਇਸ ਦੇ ਬੁਰੇ ਹੀ ਅੰਜਾਮ ਨਿਕਲਦੇ ਹਨ।

ਦੁੱਖ ਦਾ ਚੱਕਰ

ਜੇ ਕਿਸੇ ਨੇ ਸਾਨੂੰ ਨਾਰਾਜ਼ ਕੀਤਾ ਹੈ ਅਤੇ ਅਸੀਂ ਬਦਲਾ ਲੈਣ ਬਾਰੇ ਹੀ ਸੋਚਦੇ ਰਹਾਂਗੇ, ਤਾਂ ਸਾਡਾ ਹੀ ਨੁਕਸਾਨ ਹੋਵੇਗਾ। ਮਾਫ਼ੀ ਬਾਰੇ ਲਿਖੀ ਇਕ ਕਿਤਾਬ ਦੱਸਦੀ ਹੈ: “ਤੁਹਾਡੇ ਅੰਦਰ ਗੁੱਸੇ ਦੀ ਅੱਗ ਬਲਦੀ ਰਹਿੰਦੀ ਹੈ। ਬੀਤੀਆਂ ਗੱਲਾਂ ਬਾਰੇ ਸੋਚਣ, ਅੰਦਰੋਂ-ਅੰਦਰੀਂ ਲੋਕਾਂ ਨੂੰ ਗਾਲ੍ਹੀ ਦੇਣ ਤੇ ਬਦਲਾ ਲੈਣ ਦੀਆਂ ਸਾਜ਼ਸ਼ਾਂ ਘੜਨ ਵਿਚ ਤੁਹਾਡਾ ਸਾਰਾ ਸਮਾਂ ਤੇ ਜ਼ੋਰ ਲੱਗ ਜਾਂਦਾ ਹੈ। ਬਾਈਬਲ ਠੀਕ ਹੀ ਕਹਿੰਦੀ ਹੈ ਕਿ “ਖ਼ੁਣਸ ਹੱਡੀਆਂ ਦਾ ਸਾੜ ਹੈ।”—ਕਹਾਉਤਾਂ 14:30.

ਕੀ ਕੋਈ ਖ਼ੁਸ਼ ਹੋ ਸਕਦਾ ਹੈ ਜੇ ਉਸ ਵਿਚ ਨਫ਼ਰਤ ਦੀ ਅੱਗ ਬਲ ਰਹੀ ਹੋਵੇ? ਇਕ ਲਿਖਾਰੀ ਨੇ ਇਸ ਬਾਰੇ ਕਿਹਾ: “ਜੇ ਤੁਹਾਨੂੰ ਲੱਗਦਾ ਹੈ ਕਿ ਬਦਲਾ ਲੈ ਕੇ ਤੁਸੀਂ ਖ਼ੁਸ਼ ਹੋਵੋਗੇ, ਤਾਂ ਜ਼ਰਾ ਉਨ੍ਹਾਂ ਲੋਕਾਂ ਦੇ ਚਿਹਰੇ ਦੇਖੋ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਬਦਲਾ ਲੈਂਦੇ ਬਿਤਾਈ ਹੈ।”

ਜ਼ਰਾ ਸੋਚੋ ਕਿ ਉਨ੍ਹਾਂ ਦੇਸ਼ਾਂ ਵਿਚ ਕੀ ਹੁੰਦਾ ਹੈ ਜਿੱਥੇ ਨਸਲ ਜਾਂ ਧਰਮ ਦੇ ਨਾਂ ਤੇ ਲੜਾਈਆਂ ਹੁੰਦੀਆਂ ਹਨ। ਖ਼ੂਨ ਦੇ ਬਦਲੇ ਖ਼ੂਨ ਕੀਤਾ ਜਾਂਦਾ ਹੈ ਤੇ ਇਸ ਤਰ੍ਹਾਂ ਨਫ਼ਰਤ ਤੇ ਮੌਤ ਦਾ ਚੱਕਰ ਚੱਲਦਾ ਰਹਿੰਦਾ ਹੈ। ਮਿਸਾਲ ਲਈ, ਜਦ ਇਕ ਆਤੰਕਵਾਦੀ ਹਮਲੇ ਵਿਚ 18 ਨੌਜਵਾਨ ਮਾਰੇ ਗਏ, ਤਾਂ ਰੋਂਦੀ-ਪਿੱਟਦੀ ਇਕ ਔਰਤ ਨੇ ਕਿਹਾ: “ਸਾਨੂੰ ਵੀ ਹਜ਼ਾਰ ਵਾਰ ਇਸ ਦਾ ਬਦਲਾ ਲੈਣਾ ਚਾਹੀਦਾ ਹੈ!” ਇਸ ਤਰ੍ਹਾਂ ਖ਼ੂਨ-ਖ਼ਰਾਬਾ ਵਧਦਾ ਹੈ ਅਤੇ ਬਹੁਤ ਸਾਰੇ ਲੋਕ ਇਸ ਚੱਕਰ ਵਿਚ ਪੈ ਜਾਂਦੇ ਹਨ।

ਅੱਖ ਦੇ ਬਦਲੇ ਅੱਖ

ਕਈ ਲੋਕ ਸੋਚਦੇ ਹਨ ਕਿ ਬਾਈਬਲ ਮੁਤਾਬਕ ਬਦਲਾ ਲੈਣਾ ਠੀਕ ਹੈ। ਉਹ ਕਹਿੰਦੇ ਹਨ ਕਿ ਬਾਈਬਲ ਵਿਚ ਤਾਂ ਇਹ ਲਿਖਿਆ ਹੈ ਕਿ “ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।” (ਲੇਵੀਆਂ 24:20, CL) ਇਹ ਪੜ੍ਹ ਕੇ ਸ਼ਾਇਦ ਇਵੇਂ ਲੱਗੇ ਕਿ ਕਾਨੂੰਨ ਮੁਤਾਬਕ “ਅੱਖ ਦੇ ਬਦਲੇ ਅੱਖ” ਲੈਣੀ ਠੀਕ ਸੀ। ਪਰ ਅਸਲ ਵਿਚ ਇਹ ਕਾਨੂੰਨ ਲੋਕਾਂ ਨੂੰ ਬਦਲਾ ਲੈਣ ਤੋਂ ਰੋਕਦਾ ਸੀ। ਕਿਵੇਂ?

ਜੇ ਇਕ ਇਸਰਾਏਲੀ ਕਿਸੇ ਦੂਸਰੇ ਇਸਰਾਏਲੀ ਨਾਲ ਲੜਦੇ ਹੋਏ ਉਸ ਦੀ ਅੱਖ ਕੱਢ ਦਿੰਦਾ, ਤਾਂ ਕਾਨੂੰਨ ਮੁਤਾਬਕ ਉਸ ਨੂੰ ਇਸ ਦੀ ਸਜ਼ਾ ਦਿੱਤੀ ਜਾਂਦੀ ਸੀ। ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਬੇਕਸੂਰ ਇਸਰਾਏਲੀ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈ ਕੇ ਉਸ ਤੋਂ ਜਾਂ ਉਸ ਦੇ ਪਰਿਵਾਰ ਤੋਂ ਜਾ ਕੇ ਬਦਲਾ ਲੈ ਸਕਦਾ ਸੀ। ਕਾਨੂੰਨ ਮੁਤਾਬਕ ਉਸ ਨੂੰ ਆਪਣਾ ਕੇਸ ਨਿਆਈਆਂ ਸਾਮ੍ਹਣੇ ਲਿਆਉਣਾ ਪੈਂਦਾ ਸੀ ਜੋ ਉਸ ਨੂੰ ਇਨਸਾਫ਼ ਦਿਲਾ ਸਕਦੇ ਸਨ। ਇਹ ਜਾਣਦੇ ਹੋਏ ਕਿ ਅਪਰਾਧੀ ਨੂੰ ਉਸ ਦੀ ਕੀਤੀ ਦੀ ਸਜ਼ਾ ਮਿਲੇਗੀ ਬੇਕਸੂਰ ਵਿਅਕਤੀ ਨੂੰ ਬਦਲਾ ਲੈਣ ਤੋਂ ਰੋਕ ਸਕਦੀ ਸੀ। ਪਰ ਇਸ ਤੋਂ ਇਲਾਵਾ ਪਰਮੇਸ਼ੁਰ ਦੇ ਹੋਰ ਵੀ ਕਾਨੂੰਨ ਸਨ ਜੋ ਇੱਥੇ ਲਾਗੂ ਹੁੰਦੇ ਹਨ।

ਇਹ ਕਾਨੂੰਨ ਦੇਣ ਤੋਂ ਪਹਿਲਾਂ ਯਹੋਵਾਹ ਪਰਮੇਸ਼ੁਰ ਨੇ ਮੂਸਾ ਰਾਹੀਂ ਇਸਰਾਏਲ ਦੀ ਕੌਮ ਨੂੰ ਦੱਸਿਆ: ‘ਤੂੰ ਆਪਣੇ ਭਰਾ ਨਾਲ ਆਪਣੇ ਮਨ ਵਿੱਚ ਵੈਰ ਨਾ ਰੱਖੀਂ। ਤੂੰ ਬਦਲਾ ਨਾ ਲਵੀਂ, ਨਾ ਵੈਰ ਰੱਖੀਂ।’ (ਲੇਵੀਆਂ 19:17, 18) ਸਾਨੂੰ ਸਮਝਣਾ ਚਾਹੀਦਾ ਹੈ ਕਿ “ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ” ਦੇ ਕਾਨੂੰਨ ਤੋਂ ਇਲਾਵਾ ਹੋਰ ਵੀ ਕਈ ਕਾਨੂੰਨ ਸਨ। ਯਿਸੂ ਨੇ ਇਹ ਕਿਹਾ ਸੀ ਕਿ ਸਭ ਤੋਂ ਵੱਡੇ ਕਾਨੂੰਨ ਇਹ ਸਨ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ” ਅਤੇ “ਤੂੰ ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” (ਮੱਤੀ 22:37-40) ਇਸ ਨੂੰ ਧਿਆਨ ਵਿਚ ਰੱਖਦੇ ਹੋਏ ਮਸੀਹੀਆਂ ਨੂੰ ਕੀ ਕਰਨਾ ਚਾਹੀਦਾ ਹੈ ਜਦ ਉਨ੍ਹਾਂ ਨਾਲ ਬੇਇਨਸਾਫ਼ੀ ਹੁੰਦੀ ਹੈ?

ਸ਼ਾਂਤੀ ਬਣਾਈ ਰੱਖੋ

“ਸ਼ਾਂਤੀ ਦਾਤਾ ਪਰਮੇਸ਼ੁਰ” ਚਾਹੁੰਦਾ ਹੈ ਕਿ ਉਸ ਦੇ ਸੇਵਕ ਸ਼ਾਂਤੀ ਜਾਂ ‘ਮਿਲਾਪ ਨੂੰ ਲੱਭਣ ਅਤੇ ਉਹ ਦਾ ਪਿੱਛਾ ਕਰਨ।’ (ਇਬਰਾਨੀਆਂ 13:20; 1 ਪਤਰਸ 3:11) ਪਰ ਕੀ ਇਹ ਸਲਾਹ ਸੱਚ-ਮੁੱਚ ਕੰਮ ਕਰਦੀ ਹੈ?

ਜਦ ਯਿਸੂ ਧਰਤੀ ਉੱਤੇ ਸੀ, ਤਾਂ ਉਸ ਦੇ ਦੁਸ਼ਮਣਾਂ ਨੇ ਉਸ ਉੱਤੇ ਥੁੱਕਿਆ, ਉਸ ਨੂੰ ਕੋਰੜੇ ਮਾਰੇ ਅਤੇ ਸਤਾਇਆ। ਉਸ ਦੇ ਇਕ ਦੋਸਤ ਨੇ ਉਸ ਨਾਲ ਦਗ਼ਾ ਕੀਤੀ ਤੇ ਉਸ ਦੇ ਚੇਲੇ ਉਸ ਨੂੰ ਛੱਡ ਕੇ ਚਲੇ ਗਏ। (ਮੱਤੀ 26:48-50; 27:27-31) ਕੀ ਯਿਸੂ ਨੇ ਬਦਲਾ ਲਿਆ ਸੀ? ਪਤਰਸ ਰਸੂਲ ਨੇ ਜਵਾਬ ਦਿੱਤਾ ਕਿ ਉਹ “ਦੁਖ ਪਾ ਕੇ ਦਬਕਾ ਨਾ ਦਿੰਦਾ ਸੀ ਸਗੋਂ ਆਪਣੇ ਆਪ ਨੂੰ ਉਹ ਦੇ ਹੱਥ ਸੌਂਪਦਾ ਸੀ ਜਿਹੜਾ ਜਥਾਰਥ ਨਿਆਉਂ ਕਰਦਾ ਹੈ।”—1 ਪਤਰਸ 2:23.

ਪਤਰਸ ਨੇ ਸਮਝਾਇਆ: “ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।” (1 ਪਤਰਸ 2:21) ਮਸੀਹੀਆਂ ਨੂੰ ਵੀ ਯਿਸੂ ਵਾਂਗ ਬੇਇਨਸਾਫ਼ੀਆਂ ਸਹਿਣੀਆਂ ਪੈਂਦੀਆਂ ਹਨ। ਇਸ ਦੇ ਸੰਬੰਧ ਵਿਚ ਯਿਸੂ ਨੇ ਖ਼ੁਦ ਕਿਹਾ ਸੀ: “ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੋ।”—ਮੱਤੀ 5:44, 45.

ਯਿਸੂ ਦੀ ਰੀਸ ਕਰਨ ਵਾਲੇ ਕੀ ਕਰਦੇ ਹਨ ਜਦ ਉਨ੍ਹਾਂ ਨਾਲ ਬੇਇਨਸਾਫ਼ੀ ਹੁੰਦੀ ਹੈ ਜਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਹੋਈ ਹੈ? ਬਾਈਬਲ ਕਹਿੰਦੀ ਹੈ: “ਸਮਝਦਾਰ ਛੇਤੀ ਭੜਕਦਾ ਨਹੀਂ, ਅਤੇ ਉਸ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਦੂਜਿਆਂ ਨੂੰ ਮਾਫ਼ ਕਰ ਦਿੰਦਾ ਹੈ।” (ਕਹਾਉਤਾਂ 19:11, CL) ਉਹ ਇਸ ਸਲਾਹ ਨੂੰ ਵੀ ਮੰਨਦੇ ਹਨ: “ਬੁਰਿਆਈ ਤੋਂ ਨਾ ਹਾਰ ਸਗੋਂ ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ।” (ਰੋਮੀਆਂ 12:21) ਅੱਜ ਬਦਲਾ ਲੈਣ ਬਾਰੇ ਦੁਨੀਆਂ ਦੇ ਸੋਚ-ਵਿਚਾਰਾਂ ਤੋਂ ਇਹ ਸਲਾਹ ਕਿੰਨੀ ਵੱਖਰੀ ਹੈ! ਬਦਲਾ ਲੈਣ ਦੀ ਬਜਾਇ ਪਿਆਰ ਨਾਲ ਮਸੀਹੀ ‘ਦੂਜਿਆਂ ਨੂੰ ਮਾਫ਼ ਕਰ ਦਿੰਦੇ ਹਨ’ ਕਿਉਂਕਿ ਪਿਆਰ “ਬੁਰਾ ਨਹੀਂ ਮੰਨਦਾ।”—1 ਕੁਰਿੰਥੀਆਂ 13:5.

ਕੀ ਇਸ ਦਾ ਇਹ ਮਤਲਬ ਹੈ ਕਿ ਜੇ ਅਸੀਂ ਕਿਸੇ ਜੁਰਮ ਦੇ ਸ਼ਿਕਾਰ ਬਣੀਏ ਜਾਂ ਸਾਨੂੰ ਧਮਕਾਇਆ ਜਾਵੇ, ਤਾਂ ਸਾਨੂੰ ਇਸ ਬਾਰੇ ਕੁਝ ਨਹੀਂ ਕਰਨਾ ਚਾਹੀਦਾ? ਨਹੀਂ! ਜਦ ਪੌਲੁਸ ਨੇ ਕਿਹਾ ਕਿ “ਭਲਿਆਈ ਨਾਲ ਬੁਰਿਆਈ ਨੂੰ ਜਿੱਤ ਲੈ,” ਤਾਂ ਉਸ ਦਾ ਇਹ ਮਤਲਬ ਨਹੀਂ ਸੀ ਕਿ ਮਸੀਹੀਆਂ ਨੂੰ ਚੁੱਪ ਕਰ ਕੇ ਬੇਇਨਸਾਫ਼ੀ ਸਹਿ ਲੈਣੀ ਚਾਹੀਦੀ ਹੈ। ਇਸ ਦੇ ਉਲਟ ਸਾਨੂੰ ਆਪਣੀ ਹਿਫਾਜ਼ਤ ਕਰਨ ਦਾ ਪੂਰਾ ਹੱਕ ਹੈ। ਜੇ ਸਾਡੇ ਉੱਤੇ ਹਮਲਾ ਕੀਤਾ ਜਾਵੇ ਜਾਂ ਸਾਡਾ ਘਰ ਲੁੱਟਿਆ ਜਾਵੇ, ਤਾਂ ਅਸੀਂ ਪੁਲਸ ਸੱਦ ਸਕਦੇ ਹੋ। ਜੇ ਕੰਮ ਤੇ ਜਾਂ ਸਕੂਲੇ ਅਜਿਹੀ ਕੋਈ ਗੱਲ ਹੋਵੇ, ਤਾਂ ਅਸੀਂ ਅਧਿਕਾਰੀਆਂ ਦੀ ਮਦਦ ਲੈ ਸਕਦੇ ਹਾਂ।—ਰੋਮੀਆਂ 13:3, 4.

ਫਿਰ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਦੁਨੀਆਂ ਵਿਚ ਇਨਸਾਫ਼ ਬਹੁਤ ਘੱਟ ਮਿਲਦਾ ਹੈ। ਅਸਲ ਵਿਚ ਬਹੁਤ ਜਣਿਆਂ ਨੇ ਆਪਣੀ ਪੂਰੀ ਜ਼ਿੰਦਗੀ ਇਨਸਾਫ਼ ਦੁਆਉਣ ਵਿਚ ਬਿਤਾਈ ਹੈ। ਪਰ ਜਦ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ, ਤਾਂ ਉਨ੍ਹਾਂ ਦੀ ਆਸ ਅਧੂਰੀ ਰਹਿ ਜਾਂਦੀ ਹੈ ਤੇ ਉਨ੍ਹਾਂ ਦੇ ਦਿਲ ਵਿਚ ਜ਼ਹਿਰ ਭਰ ਜਾਂਦਾ ਹੈ।

ਸ਼ਤਾਨ ਤਾਂ ਚਾਹੁੰਦਾ ਹੈ ਕਿ ਬਦਲਾ ਲੈਣ ਕਰਕੇ ਲੋਕਾਂ ਵਿਚ ਨਫ਼ਰਤ ਵਧੇ ਅਤੇ ਉਨ੍ਹਾਂ ਵਿਚ ਫੁੱਟ ਪਵੇ। (1 ਯੂਹੰਨਾ 3:7, 8) ਲੇਕਿਨ ਇਸ ਤੋਂ ਬਿਹਤਰ ਹੋਵੇਗਾ ਜੇ ਅਸੀਂ ਬਾਈਬਲ ਦੇ ਇਨ੍ਹਾਂ ਸ਼ਬਦਾਂ ਨੂੰ ਮਨ ਵਿਚ ਰੱਖੀਏ: “ਆਪਣਾ ਬਦਲਾ ਨਾ ਲਓ ਪਰ ਕ੍ਰੋਧ ਨੂੰ ਜਾਣ ਦਿਓ ਕਿਉਂ ਜੋ ਲਿਖਿਆ ਹੋਇਆ ਹੈ ਕਿ ਪ੍ਰਭੁ ਆਖਦਾ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਟਾ ਲਾਹਵਾਂਗਾ।” (ਰੋਮੀਆਂ 12:19) ਸਾਰੇ ਮਾਮਲੇ ਯਹੋਵਾਹ ਦੇ ਹੱਥਾਂ ਵਿਚ ਛੱਡ ਕੇ ਅਸੀਂ ਦੁੱਖ, ਕ੍ਰੋਧ ਅਤੇ ਹਿੰਸਾ ਤੋਂ ਬਚ ਕੇ ਰਹਿੰਦੇ ਹਾਂ।—ਕਹਾਉਤਾਂ 3:3-6.

(w09 9/1)

[ਸਫ਼ਾ 12 ਉੱਤੇ ਸੁਰਖੀ]

“ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ” ਅਤੇ “ਤੂੰ ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ ਕਰ”

[ਸਫ਼ਾ 13 ਉੱਤੇ ਤਸਵੀਰਾਂ]

ਪਿਆਰ “ਬੁਰਾ ਨਹੀਂ ਮੰਨਦਾ।”—1 ਕੁਰਿੰਥੀਆਂ 13:5