Skip to content

Skip to table of contents

ਨਿਮਰ ਲੋਕ ਯਹੋਵਾਹ ਨੂੰ ਬਹੁਤ ਪਿਆਰੇ ਹਨ

ਨਿਮਰ ਲੋਕ ਯਹੋਵਾਹ ਨੂੰ ਬਹੁਤ ਪਿਆਰੇ ਹਨ

ਪਰਮੇਸ਼ੁਰ ਨੂੰ ਜਾਣੋ

ਨਿਮਰ ਲੋਕ ਯਹੋਵਾਹ ਨੂੰ ਬਹੁਤ ਪਿਆਰੇ ਹਨ

ਗਿਣਤੀ 12:1-15

ਹੰਕਾਰ, ਈਰਖਾ ਅਤੇ ਸੁਆਰਥ ਵਰਗੇ ਔਗੁਣ ਉਨ੍ਹਾਂ ਲੋਕਾਂ ਵਿਚ ਦਿਖਾਈ ਦਿੰਦੇ ਹਨ ਜੋ ਇਸ ਦੁਨੀਆਂ ਵਿਚ ਅੱਗੇ ਵਧਣਾ ਚਾਹੁੰਦੇ ਹਨ। ਪਰ ਕੀ ਅਜਿਹੇ ਔਗੁਣ ਪੈਦਾ ਕਰਨ ਨਾਲ ਅਸੀਂ ਯਹੋਵਾਹ ਦੇ ਨਜ਼ਦੀਕ ਜਾ ਸਕਦੇ ਹਾਂ? ਨਹੀਂ, ਕਿਉਂਕਿ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਲੋਕ ਨਿਮਰ ਹੋਣ। ਗਿਣਤੀ ਦੇ 12ਵੇਂ ਅਧਿਆਏ ਤੋਂ ਇਹ ਸਾਫ਼ ਪਤਾ ਲੱਗਦਾ ਹੈ। ਇੱਥੇ ਉਸ ਸਮੇਂ ਦੀ ਗੱਲ ਕੀਤੀ ਗਈ ਹੈ ਜਦ ਇਸਰਾਏਲੀਆਂ ਨੂੰ ਮਿਸਰ ਤੋਂ ਛੁਡਾਇਆ ਗਿਆ ਸੀ ਅਤੇ ਉਹ ਸੀਨਈ ਦੀ ਉਜਾੜ ਵਿਚ ਸਨ।

ਮਿਰਯਮ ਅਤੇ ਹਾਰੂਨ ਨੇ ਆਪਣੇ ਛੋਟੇ ਭਰਾ “ਮੂਸਾ ਦੇ ਵਿਰੁੱਧ . . . ਗੱਲਾਂ ਕੀਤੀਆਂ।” (ਆਇਤ 1) ਉਨ੍ਹਾਂ ਨੇ ਮੂਸਾ ਨਾਲ ਗੱਲ ਕਰਨ ਦੀ ਬਜਾਇ ਦੂਜਿਆਂ ਕੋਲ ਜਾ ਕੇ ਉਸ ਦੀ ਸ਼ਿਕਾਇਤ ਕੀਤੀ। ਲੱਗਦਾ ਹੈ ਕਿ ਮਿਰਯਮ ਨੇ ਇਸ ਵਿਚ ਪਹਿਲ ਕੀਤੀ ਤੇ ਇਸੇ ਲਈ ਇਸ ਬਿਰਤਾਂਤ ਵਿਚ ਉਸ ਦਾ ਜ਼ਿਕਰ ਪਹਿਲਾਂ ਆਉਂਦਾ ਹੈ। ਮੂਸਾ ਦੇ ਖ਼ਿਲਾਫ਼ ਗੱਲ ਕਰਨ ਦਾ ਪਹਿਲਾ ਕਾਰਨ ਇਹ ਸੀ ਕਿ ਉਸ ਨੇ ਕੂਸ਼ ਦੇਸ਼ ਦੀ ਇਕ ਔਰਤ ਨਾਲ ਵਿਆਹ ਕਰਾਇਆ ਸੀ। ਕੀ ਮਿਰਯਮ ਇਹ ਸੋਚ ਕੇ ਅੰਦਰੋਂ-ਅੰਦਰੀਂ ਸੜ ਰਹੀ ਸੀ ਕਿ ਇਸ ਗ਼ੈਰ-ਇਸਰਾਏਲੀ ਔਰਤ ਕਾਰਨ ਉਸ ਨੂੰ ਹੁਣ ਕੋਈ ਨਹੀਂ ਪੁੱਛੇਗਾ?

ਬੁੜਬੁੜਾਉਣ ਦੇ ਹੋਰ ਵੀ ਕਾਰਨ ਸਨ। ਮਿਰਯਮ ਅਤੇ ਹਾਰੂਨ ਨੇ ਕਿਹਾ: “ਯਹੋਵਾਹ ਨੇ ਮੂਸਾ ਨਾਲ ਹੀ ਗੱਲਾਂ ਕੀਤੀਆਂ ਹਨ ਅਤੇ ਸਾਡੇ ਨਾਲ ਗੱਲਾਂ ਨਹੀਂ ਕੀਤੀਆਂ?” (ਆਇਤ 2) ਕੀ ਉਹ ਅਸਲ ਵਿਚ ਇਸ ਲਈ ਬੁੜਬੁੜਾ ਰਹੇ ਸਨ ਕਿਉਂਕਿ ਉਹ ਖ਼ੁਦ ਲੋਕਾਂ ਦੀ ਅਗਵਾਈ ਕਰ ਕੇ ਮਾਨਤਾ ਪਾਉਣੀ ਚਾਹੁੰਦੇ ਸਨ?

ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਮੂਸਾ ਨੇ ਖ਼ੁਦ ਇਨ੍ਹਾਂ ਸ਼ਿਕਾਇਤਾਂ ਦਾ ਜਵਾਬ ਨਹੀਂ ਦਿੱਤਾ, ਸਗੋਂ ਉਹ ਚੁੱਪ ਕਰ ਕੇ ਇਨ੍ਹਾਂ ਨੂੰ ਸਹਿੰਦਾ ਗਿਆ। ਉਸ ਦੇ ਧੀਰਜ ਕਰਕੇ ਹੀ ਬਾਈਬਲ ਕਹਿੰਦੀ ਹੈ ਕਿ ਉਹ ਧਰਤੀ ਉੱਤੇ ਸਭ ਤੋਂ ਨਿਮਰ ਇਨਸਾਨ ਸੀ। * (ਆਇਤ 3) ਮੂਸਾ ਨੂੰ ਆਪਣੀ ਸਫ਼ਾਈ ਦੇਣ ਦੀ ਕੋਈ ਲੋੜ ਨਹੀਂ ਸੀ। ਯਹੋਵਾਹ ਸਭ ਕੁਝ ਸੁਣ ਰਿਹਾ ਸੀ ਅਤੇ ਉਹ ਮੂਸਾ ਦੇ ਹੱਕ ਵਿਚ ਬੋਲਿਆ।

ਯਹੋਵਾਹ ਦੇ ਭਾਣੇ ਮਿਰਯਮ ਤੇ ਹਾਰੂਨ ਉਸ ਦੇ ਖ਼ਿਲਾਫ਼ ਬੁੜਬੁੜਾ ਰਹੇ ਸਨ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਸੀ ਕਿ ਯਹੋਵਾਹ ਨੇ ਹੀ ਮੂਸਾ ਨੂੰ ਆਗੂ ਵਜੋਂ ਚੁਣਿਆ ਸੀ। ਉਨ੍ਹਾਂ ਨੂੰ ਤਾੜਦੇ ਹੋਏ ਪਰਮੇਸ਼ੁਰ ਨੇ ਉਨ੍ਹਾਂ ਨੂੰ ਯਾਦ ਦਿਲਾਇਆ ਕਿ ਮੂਸਾ ਨਾਲ ਉਸ ਦਾ ਖ਼ਾਸ ਰਿਸ਼ਤਾ ਸੀ: ‘ਮੈਂ ਉਹ ਦੇ ਨਾਲ ਆਹਮੋ ਸਾਹਮਣੇ ਖੁੱਲ੍ਹ ਕੇ ਗੱਲਾਂ ਕਰਦਾ ਹਾਂ।’ ਫਿਰ ਉਸ ਨੇ ਮਿਰਯਮ ਤੇ ਹਾਰੂਨ ਨੂੰ ਪੁੱਛਿਆ: ‘ਤੁਸੀਂ ਮੂਸਾ ਦੇ ਵਿਰੁੱਧ ਬੋਲਣ ਤੋਂ ਕਿਉਂ ਨਾ ਡਰੇ?’ (ਆਇਤ 8) ਮੂਸਾ ਦੇ ਵਿਰੁੱਧ ਬੋਲ ਕੇ ਉਹ ਯਹੋਵਾਹ ਦੇ ਵਿਰੁੱਧ ਬੋਲ ਰਹੇ ਸਨ। ਯਹੋਵਾਹ ਦਾ ਅਪਮਾਨ ਕਰਨ ਕਰਕੇ ਉਨ੍ਹਾਂ ਨੂੰ ਉਸ ਦਾ ਗੁੱਸਾ ਦੇਖਣਾ ਪਿਆ।

ਮਿਰਯਮ ਹੀ ਇਸ ਮੁਸੀਬਤ ਦੀ ਜੜ੍ਹ ਸੀ ਅਤੇ ਇਸ ਕਰਕੇ ਉਸ ਨੂੰ ਯਹੋਵਾਹ ਤੋਂ ਕੋੜ੍ਹ ਦੀ ਬੀਮਾਰੀ ਲੱਗੀ। ਹਾਰੂਨ ਨੇ ਮੂਸਾ ਦੇ ਤਰਲੇ ਕੀਤੇ ਕਿ ਉਹ ਮਿਰਯਮ ਲਈ ਯਹੋਵਾਹ ਅੱਗੇ ਅਰਦਾਸ ਕਰੇ। ਜ਼ਰਾ ਸੋਚੋ, ਹੁਣ ਮਿਰਯਮ ਸਿਰਫ਼ ਉਸ ਇਨਸਾਨ ਦੀ ਅਰਦਾਸ ਰਾਹੀਂ ਠੀਕ ਹੋ ਸਕਦੀ ਸੀ ਜਿਸ ਦੀ ਉਸ ਨੇ ਸ਼ਿਕਾਇਤ ਕੀਤੀ ਸੀ! ਮੂਸਾ ਨੇ ਹਲੀਮ ਹੋ ਕੇ ਹਾਰੂਨ ਦੀ ਗੱਲ ਸੁਣੀ। ਇਸ ਬਿਰਤਾਂਤ ਵਿਚ ਪਹਿਲੀ ਵਾਰ ਗੱਲ ਕਰਦੇ ਹੋਏ ਮੂਸਾ ਨੇ ਆਪਣੀ ਭੈਣ ਦੇ ਲਈ ਯਹੋਵਾਹ ਅੱਗੇ ਮਿੰਨਤ ਕੀਤੀ। ਮਿਰਯਮ ਕੋੜ੍ਹ ਤੋਂ ਠੀਕ ਤਾਂ ਹੋ ਗਈ, ਪਰ ਉਸ ਨੂੰ ਸੱਤ ਦਿਨਾਂ ਲਈ ਬਾਕੀ ਲੋਕਾਂ ਤੋਂ ਵੱਖਰਾ ਰਹਿ ਕੇ ਸ਼ਰਮ ਸਹਿਣੀ ਪਈ।

ਇਸ ਬਿਰਤਾਂਤ ਤੋਂ ਅਸੀਂ ਕਿਹੜੀਆਂ ਗੱਲਾਂ ਸਿੱਖਦੇ ਹਾਂ? ਇਹ ਕਿ ਯਹੋਵਾਹ ਨੂੰ ਕਿਹੜੇ ਗੁਣ ਪਸੰਦ ਹਨ ਅਤੇ ਕਿਹੜੇ ਨਹੀਂ। ਜੇ ਅਸੀਂ ਪਰਮੇਸ਼ੁਰ ਦੇ ਨੇੜੇ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਵਿੱਚੋਂ ਹੰਕਾਰ, ਈਰਖਾ ਅਤੇ ਸੁਆਰਥ ਵਰਗੇ ਔਗੁਣ ਕੱਢਣ ਦੀ ਲੋੜ ਹੈ। ਯਹੋਵਾਹ ਨਿਮਰ ਲੋਕਾਂ ਨੂੰ ਪਿਆਰ ਕਰਦਾ ਹੈ। ਉਸ ਦਾ ਵਾਅਦਾ ਹੈ ਕਿ ਨਿਮਰ ਲੋਕ “ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰਾਂ ਦੀ ਪੋਥੀ 37:11; ਯਾਕੂਬ 4:6. (w09 8/1)

[ਫੁਟਨੋਟ]

^ ਪੈਰਾ 7 ਇਕ ਨਿਮਰ ਇਨਸਾਨ ਸਬਰ ਨਾਲ ਬੇਇਨਸਾਫ਼ੀ ਨੂੰ ਸਹਿ ਲੈਂਦਾ ਹੈ ਅਤੇ ਬਦਲਾ ਲੈਣ ਬਾਰੇ ਨਹੀਂ ਸੋਚਦਾ।