Skip to content

Skip to table of contents

‘ਉਹ ਨੇ ਯਹੋਵਾਹ ਪਰਮੇਸ਼ੁਰ ਦੀ ਮਿੰਨਤ ਕੀਤੀ’

‘ਉਹ ਨੇ ਯਹੋਵਾਹ ਪਰਮੇਸ਼ੁਰ ਦੀ ਮਿੰਨਤ ਕੀਤੀ’

ਪਰਮੇਸ਼ੁਰ ਨੂੰ ਜਾਣੋ

‘ਉਹ ਨੇ ਯਹੋਵਾਹ ਪਰਮੇਸ਼ੁਰ ਦੀ ਮਿੰਨਤ ਕੀਤੀ’

ਇਕ ਆਦਮੀ ਨੇ ਰੱਬ ਦੇ ਰਾਹਾਂ ਨੂੰ ਛੱਡ ਕੇ ਵੱਡੀਆਂ-ਵੱਡੀਆਂ ਗ਼ਲਤੀਆਂ ਕੀਤੀਆਂ। ਉਸ ਨੇ ਕਿਹਾ: “ਮੈਂ ਆਪਣੀਆਂ ਨਜ਼ਰਾਂ ਵਿਚ ਗਿਰ ਗਿਆ ਸੀ।” ਜਦੋਂ ਉਹ ਦਿਲੋਂ ਪਛਤਾਵਾ ਕਰ ਕੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਲੱਗਾ, ਤਾਂ ਉਸ ਨੇ ਸੋਚਿਆ ਕਿ ਰੱਬ ਉਸ ਨੂੰ ਕਦੇ ਮਾਫ਼ ਨਹੀਂ ਕਰੇਗਾ। ਪਰ ਇਸ ਆਦਮੀ ਨੂੰ ਬਾਈਬਲ ਵਿਚ ਮਨੱਸ਼ਹ ਦੀ ਕਹਾਣੀ ਪੜ੍ਹ ਕੇ ਬੜਾ ਹੌਸਲਾ ਮਿਲਿਆ ਜੋ ਕਿ 2 ਇਤਹਾਸ 33:1-17 ਵਿਚ ਪਾਈ ਜਾਂਦੀ ਹੈ। ਜੇ ਤੁਸੀਂ ਵੀ ਆਪਣੀਆਂ ਪਿੱਛਲੀਆਂ ਗ਼ਲਤੀਆਂ ਕਰਕੇ ਇਸ ਆਦਮੀ ਦੀ ਤਰ੍ਹਾਂ ਸੋਚਦੇ ਹੋ, ਤਾਂ ਮਨੱਸ਼ਹ ਦੀ ਮਿਸਾਲ ਤੋਂ ਤੁਹਾਨੂੰ ਵੀ ਦਿਲਾਸਾ ਮਿਲ ਸਕਦਾ ਹੈ।

ਮਨੱਸ਼ਹ ਦੀ ਪਰਵਰਿਸ਼ ਇਕ ਅਜਿਹੇ ਪਰਿਵਾਰ ਵਿਚ ਹੋਈ ਜੋ ਰੱਬ ਦੇ ਅਸੂਲਾਂ ’ਤੇ ਚੱਲਦਾ ਸੀ। ਉਸ ਦਾ ਪਿਤਾ ਹਿਜ਼ਕੀਯਾਹ ਯਹੂਦਾਹ ਦੇ ਰਾਜਿਆਂ ਵਿੱਚੋਂ ਇਕ ਚੰਗਾ ਰਾਜਾ ਸੀ। ਮਨੱਸ਼ਹ ਦਾ ਜਨਮ ਉਦੋਂ ਹੋਇਆ ਜਦੋਂ ਰੱਬ ਨੇ ਉਸ ਦੇ ਪਿਤਾ ਹਿਜ਼ਕੀਯਾਹ ਦੀ ਉਮਰ ਚਮਤਕਾਰੀ ਢੰਗ ਨਾਲ ਵਧਾ ਦਿੱਤੀ ਸੀ। (2 ਰਾਜਿਆਂ 20:1-11) ਕੋਈ ਸ਼ੱਕ ਨਹੀਂ ਕਿ ਹਿਜ਼ਕੀਯਾਹ ਮੰਨਦਾ ਸੀ ਕਿ ਇਹ ਪੁੱਤਰ ਉਸ ਨੂੰ ਰੱਬ ਦੀ ਮਿਹਰ ਨਾਲ ਮਿਲਿਆ ਸੀ ਤੇ ਹਿਜ਼ਕੀਯਾਹ ਨੇ ਜ਼ਰੂਰ ਉਸ ਵਿਚ ਯਹੋਵਾਹ ਅਤੇ ਉਸ ਦੀ ਭਗਤੀ ਲਈ ਪਿਆਰ ਬਿਠਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਪਰ ਬੱਚੇ ਹਮੇਸ਼ਾ ਆਪਣੇ ਮਾਪਿਆਂ ਦੀ ਚੰਗੀ ਮਿਸਾਲ ’ਤੇ ਨਹੀਂ ਚੱਲਦੇ। ਅਜਿਹਾ ਹੀ ਕੁਝ ਮਨੱਸ਼ਹ ਨਾਲ ਵੀ ਹੋਇਆ।

ਮਨੱਸ਼ਹ ਮਸੀਂ 12 ਸਾਲਾਂ ਦਾ ਹੋਣਾ ਜਦ ਉਸ ਦੇ ਪਿਤਾ ਦੀ ਮੌਤ ਹੋ ਗਈ। ਅਫ਼ਸੋਸ ਦੀ ਗੱਲ ਹੈ ਕਿ ਮਨੱਸ਼ਹ ਨੇ “ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ।” (ਆਇਤ 1, 2) ਇਸ ਤਰ੍ਹਾਂ ਉਸ ਨੇ ਕਿਉਂ ਕੀਤਾ? ਕੀ ਇਸ ਨਵੇਂ ਰਾਜੇ ਉੱਤੇ ਉਨ੍ਹਾਂ ਸਲਾਹਕਾਰਾਂ ਦਾ ਅਸਰ ਪਿਆ ਜਿਹੜੇ ਯਹੋਵਾਹ ਪਰਮੇਸ਼ੁਰ ਦੀ ਭਗਤੀ ਨਹੀਂ ਕਰਦੇ ਸਨ? ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ। ਇਹ ਇੰਨਾ ਜ਼ਰੂਰ ਦੱਸਦੀ ਹੈ ਕਿ ਮਨੱਸ਼ਹ ਨੇ ਮੂਰਤੀ-ਪੂਜਾ ਤੋਂ ਇਲਾਵਾ ਬਹੁਤ ਸਾਰੇ ਜ਼ੁਲਮ ਕੀਤੇ। ਉਸ ਨੇ ਦੇਵੀ-ਦੇਵਤਿਆਂ ਲਈ ਜਗਵੇਦੀਆਂ ਬਣਾਈਆਂ, ਆਪਣੇ ਪੁੱਤਰਾਂ ਦੀਆਂ ਬਲੀਆਂ ਦਿੱਤੀਆਂ, ਜਾਦੂ-ਟੂਣੇ ਕੀਤੇ ਅਤੇ ਯਰੂਸ਼ਲਮ ਵਿਚ ਯਹੋਵਾਹ ਦੇ ਮੰਦਰ ਵਿਚ ਇਕ ਮੂਰਤੀ ਖੜ੍ਹੀ ਕੀਤੀ। ਮਨੱਸ਼ਹ ਇੰਨਾ ਜ਼ਿੱਦੀ ਤੇ ਘਮੰਡੀ ਸੀ ਕਿ ਉਸ ਨੇ ਯਹੋਵਾਹ ਦੀਆਂ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਹ ਇਹ ਵੀ ਭੁੱਲ ਗਿਆ ਕਿ ਉਸ ਦਾ ਜਨਮ ਯਹੋਵਾਹ ਦੀ ਮਿਹਰ ਕਰਕੇ ਹੀ ਹੋਇਆ ਸੀ।—ਆਇਤ 3-10.

ਅਖ਼ੀਰ ਵਿਚ ਯਹੋਵਾਹ ਨੇ ਮਨੱਸ਼ਹ ਨੂੰ ਬਾਬਲੀ ਲੋਕਾਂ ਦੇ ਹੱਥ ਕਰ ਦਿੱਤਾ। ਉੱਥੇ ਕੈਦ ਵਿਚ ਮਨੱਸ਼ਹ ਨੂੰ ਆਪਣੀ ਜ਼ਿੰਦਗੀ ਬਾਰੇ ਸੋਚਣ ਦਾ ਮੌਕਾ ਮਿਲਿਆ। ਕੀ ਉਹ ਸਮਝ ਗਿਆ ਕਿ ਬੇਜਾਨ ਮੂਰਤੀਆਂ ਵਿਚ ਉਸ ਨੂੰ ਬਚਾਉਣ ਦੀ ਤਾਕਤ ਨਹੀਂ ਸੀ? ਕੀ ਉਸ ਨੇ ਆਪਣੇ ਪਿਤਾ ਤੋਂ ਬਚਪਨ ਵਿਚ ਮਿਲੀ ਸਿੱਖਿਆ ਬਾਰੇ ਸੋਚਿਆ ਸੀ? ਜੋ ਵੀ ਹੋਇਆ, ਮਨੱਸ਼ਹ ਹੁਣ ਬਦਲ ਗਿਆ ਸੀ। ਬਾਈਬਲ ਦੱਸਦੀ ਹੈ: ‘ਉਹ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਮਿੰਨਤ ਕੀਤੀ ਅਤੇ ਆਪਣੇ ਆਪ ਨੂੰ ਬਹੁਤ ਅਧੀਨ ਕੀਤਾ। ਉਹ ਨੇ ਉਸ ਅੱਗੇ ਪ੍ਰਾਰਥਨਾ ਕੀਤੀ।’ (ਆਇਤ 12, 13) ਪਰ ਇੰਨੇ ਵੱਡੇ-ਵੱਡੇ ਪਾਪ ਕਰਨ ਤੋਂ ਬਾਅਦ ਕੀ ਰੱਬ ਉਸ ਨੂੰ ਮਾਫ਼ ਕਰ ਸਕਦਾ ਸੀ?

ਮਨੱਸ਼ਹ ਦੇ ਦਿਲੋਂ ਕੀਤੇ ਪਛਤਾਵੇ ਤੋਂ ਯਹੋਵਾਹ ਬਹੁਤ ਖ਼ੁਸ਼ ਹੋਇਆ। ਯਹੋਵਾਹ ਨੇ ਉਸ ਦੇ ਤਰਲਿਆਂ ਨੂੰ ਸੁਣ ਲਿਆ ਅਤੇ “ਉਹ ਨੂੰ ਉਹ ਦੇ ਰਾਜ ਵਿੱਚ ਯਰੂਸ਼ਲਮ ਨੂੰ ਮੋੜ ਲਿਆਇਆ।” (ਆਇਤ 13) ਆਪਣੇ ਪਛਤਾਵੇ ਦਾ ਸਬੂਤ ਦੇਣ ਲਈ ਮਨੱਸ਼ਹ ਨੇ ਆਪਣੀਆਂ ਗ਼ਲਤੀਆਂ ਸੁਧਾਰਨ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ। ਉਸ ਨੇ ਆਪਣੇ ਰਾਜ ਵਿੱਚੋਂ ਮੂਰਤੀ-ਪੂਜਾ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਅਤੇ ਲੋਕਾਂ ਨੂੰ ਯਹੋਵਾਹ “ਪਰਮੇਸ਼ੁਰ ਦੀ ਉਪਾਸਨਾ” ਕਰਨ ਦੀ ਹੱਲਾਸ਼ੇਰੀ ਦਿੱਤੀ।—ਆਇਤ 15-17.

ਜੇ ਤੁਸੀਂ ਆਪਣੀਆਂ ਗ਼ਲਤੀਆਂ ਕਰਕੇ ਖ਼ੁਦ ਨੂੰ ਰੱਬ ਦੀ ਮਾਫ਼ੀ ਦੇ ਲਾਇਕ ਨਹੀਂ ਸਮਝਦੇ, ਤਾਂ ਮਨੱਸ਼ਹ ਦੀ ਮਿਸਾਲ ਤੋਂ ਹੌਸਲਾ ਪਾਓ। ਇਹ ਕਹਾਣੀ ਪਰਮੇਸ਼ੁਰ ਦੇ ਬਚਨ, ਬਾਈਬਲ, ਵਿਚ ਪਾਈ ਜਾਂਦੀ ਹੈ। (ਰੋਮੀਆਂ 15:4) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜਾਣੀਏ ਕਿ ਉਹ “ਮਾਫ਼ ਕਰਨ ਵਾਲਾ” ਪਰਮੇਸ਼ੁਰ ਹੈ। (ਭਜਨ 86:5, CL) ਯਹੋਵਾਹ ਲੋਕਾਂ ਦੇ ਪਾਪ ਨਹੀਂ, ਸਗੋਂ ਉਨ੍ਹਾਂ ਦਾ ਦਿਲ ਦੇਖਦਾ ਹੈ। ਜੇ ਗ਼ਲਤੀ ਕਰਨ ਵਾਲਾ ਇਨਸਾਨ ਸਾਫ਼ ਦਿਲ ਨਾਲ ਪ੍ਰਾਰਥਨਾ ਕਰੇ, ਆਪਣੇ ਗ਼ਲਤ ਰਾਹ ਤੋਂ ਮੁੜੇ ਅਤੇ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰੇ, ਤਾਂ ਉਹ ਮਨੱਸ਼ਹ ਵਾਂਗ ਯਹੋਵਾਹ ਦੀ ਮਾਫ਼ੀ ਪਾ ਸਕਦਾ ਹੈ।—ਯਸਾਯਾਹ 1:18; 55:6, 7. (w11-E 01/01)