Skip to content

Skip to table of contents

ਪਤੀ-ਪਤਨੀਆਂ ਦੀਆਂ ਕੁਝ ਸ਼ਿਕਾਇਤਾਂ ਦੇ ਹੱਲ

ਪਤੀ-ਪਤਨੀਆਂ ਦੀਆਂ ਕੁਝ ਸ਼ਿਕਾਇਤਾਂ ਦੇ ਹੱਲ

ਪਤੀ-ਪਤਨੀਆਂ ਦੀਆਂ ਕੁਝ ਸ਼ਿਕਾਇਤਾਂ ਦੇ ਹੱਲ

ਬਾਈਬਲ ਇਹ ਨਹੀਂ ਕਹਿੰਦੀ ਕਿ ਵਿਆਹੇ ਲੋਕਾਂ ਦੀ ਜ਼ਿੰਦਗੀ ਸੌਖੀ ਹੋਵੇਗੀ। ਰੱਬ ਨੇ ਪੌਲੁਸ ਰਸੂਲ ਤੋਂ ਲਿਖਵਾਇਆ ਕਿ ਪਤੀ-ਪਤਨੀ ਨੂੰ “ਜੀਵਨ ਵਿਚ ਮੁਸ਼ਕਲਾਂ ਪੇਸ਼ ਆਉਣਗੀਆਂ।” (1 ਕੁਰਿੰਥੀਆਂ 7:28, ERV) ਪਰ ਪਤੀ-ਪਤਨੀ ਆਪਣੀਆਂ ਮੁਸ਼ਕਲਾਂ ਘਟਾਉਣ ਅਤੇ ਆਪਣੀ ਖ਼ੁਸ਼ੀ ਵਧਾਉਣ ਲਈ ਕਾਫ਼ੀ ਕੁਝ ਕਰ ਸਕਦੇ ਹਨ। ਹੇਠਾਂ ਦਿੱਤੀਆਂ ਕੁਝ ਛੇ ਸ਼ਿਕਾਇਤਾਂ ’ਤੇ ਗੌਰ ਕਰੋ ਜੋ ਪਤੀ-ਪਤਨੀ ਇਕ-ਦੂਜੇ ਨੂੰ ਕਰਦੇ ਹਨ ਅਤੇ ਦੇਖੋ ਕਿ ਬਾਈਬਲ ਦੇ ਅਸੂਲ ਕਿੱਦਾਂ ਮਦਦ ਕਰ ਸਕਦੇ ਹਨ।

1

ਸ਼ਿਕਾਇਤ:

“ਅਸੀਂ ਇਕ-ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਾਂ।”

ਬਾਈਬਲ ਦਾ ਅਸੂਲ:

“ਸਭਨਾਂ ਗੱਲਾਂ ਨੂੰ ਪਰਖੋ, ਖਰੀਆਂ ਨੂੰ ਫੜੀ ਰੱਖੋ।”1 ਥੱਸਲੁਨੀਕੀਆਂ 5:21.

ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਰੋ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿਓ। ਧਿਆਨ ਦਿਓ ਕਿ ਤੁਸੀਂ ਆਪਣਾ ਸਮਾਂ ਕਿੱਦਾਂ ਵਰਤਦੇ ਹੋ। ਇੱਦਾਂ ਨਾ ਹੋਵੇ ਕਿ ਇੱਕੋ ਘਰ ਵਿਚ ਰਹਿਣ ਦੇ ਬਾਵਜੂਦ ਤੁਸੀਂ ਅਲੱਗ-ਅਲੱਗ ਜ਼ਿੰਦਗੀ ਜੀਣ ਲੱਗ ਪਓ। ਇਹ ਸੱਚ ਹੈ ਕਿ ਤੁਸੀਂ ਹਰ ਵੇਲੇ ਇਕ-ਦੂਜੇ ਨਾਲ ਸਮਾਂ ਨਹੀਂ ਬਿਤਾ ਸਕਦੇ ਕਿਉਂਕਿ ਤੁਹਾਨੂੰ ਨੌਕਰੀ ਵੀ ਕਰਨੀ ਪੈਂਦੀ ਹੈ ਅਤੇ ਹੋਰ ਜ਼ਰੂਰੀ ਕੰਮ-ਕਾਰ ਵੀ ਕਰਨੇ ਪੈਂਦੇ ਹਨ। ਪਰ ਜਿੱਥੋਂ ਤਕ ਹੋ ਸਕੇ ਤੁਹਾਨੂੰ ਆਪਣੇ ਸਾਥੀ ਨੂੰ ਪਹਿਲ ਦੇਣੀ ਚਾਹੀਦੀ ਹੈ ਨਾ ਕਿ ਆਪਣੇ ਸ਼ੌਂਕ ਪੂਰੇ ਕਰਨੇ ਜਾਂ ਦੋਸਤਾਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ।

ਕਈ ਪਤੀ-ਪਤਨੀ ਜਾਣ-ਬੁੱਝ ਕੇ ਜ਼ਿਆਦਾ ਸਮਾਂ ਆਪਣੇ ਹੀ ਕੰਮਾਂ ਵਿਚ ਲਾਉਂਦੇ ਹਨ ਤਾਂਕਿ ਉਨ੍ਹਾਂ ਨੂੰ ਆਪਣੇ ਸਾਥੀ ਨਾਲ ਸਮਾਂ ਨਾ ਗੁਜ਼ਾਰਨਾ ਪਵੇ। ਅਜਿਹੇ ਪਤੀ-ਪਤਨੀ ਇਕ-ਦੂਜੇ ਤੋਂ ਦੂਰ ਹੀ ਨਹੀਂ ਹੁੰਦੇ ਜਾਂਦੇ, ਸਗੋਂ ਉਹ ਮੁਸ਼ਕਲਾਂ ਤੋਂ ਭੱਜ ਰਹੇ ਹਨ। ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋ ਰਿਹਾ ਹੈ, ਤਾਂ ਪਤਾ ਕਰੋ ਕਿ ਇਸ ਦਾ ਕਾਰਨ ਕੀ ਹੈ ਅਤੇ ਮੁਸ਼ਕਲ ਦਾ ਹੱਲ ਲੱਭੋ। ਇਕ-ਦੂਜੇ ਨਾਲ ਸਮਾਂ ਗੁਜ਼ਾਰ ਕੇ ਹੀ ਤੁਹਾਡਾ ਆਪਸੀ ਪਿਆਰ ਵਧੇਗਾ ਅਤੇ ਤੁਸੀਂ ‘ਇੱਕ ਸਰੀਰ ਹੋਵੋਗੇ।’—ਉਤਪਤ 2:24.

ਕਈਆਂ ਨੇ ਇਹ ਸਲਾਹ ਕਿਵੇਂ ਲਾਗੂ ਕੀਤੀ ਹੈ: ਆਸਟ੍ਰੇਲੀਆ ਵਿਚ ਰਹਿਣ ਵਾਲੇ ਐਂਡਰੂ * ਅਤੇ ਟੈਨਜੀ ਦੇ ਵਿਆਹ ਨੂੰ ਦਸ ਸਾਲ ਹੋ ਗਏ ਹਨ। ਐਂਡਰੂ ਕਹਿੰਦਾ ਹੈ: “ਮੈਂ ਦੇਖਿਆ ਹੈ ਕਿ ਬਹੁਤ ਜ਼ਿਆਦਾ ਕੰਮ ਕਰਨ ਅਤੇ ਦੋਸਤਾਂ ਨਾਲ ਸਮਾਂ ਗੁਜ਼ਾਰਨ ਕਰਕੇ ਪਤੀ-ਪਤਨੀ ਵਿਚ ਦੂਰੀਆਂ ਵਧ ਸਕਦੀਆਂ ਹਨ। ਇਸ ਲਈ ਮੈਂ ਤੇ ਮੇਰੀ ਪਤਨੀ ਸਮਾਂ ਕੱਢ ਕੇ ਇਕ-ਦੂਜੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਾਂ।”

ਡੇਵ ਅਤੇ ਜੇਨ ਅਮਰੀਕਾ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਵਿਆਹ ਨੂੰ 22 ਸਾਲ ਹੋ ਚੁੱਕੇ ਹਨ। ਉਹ ਹਰ ਸ਼ਾਮ ਅੱਧਾ ਘੰਟਾ ਇਕੱਠੇ ਬਹਿ ਕੇ ਗੱਲਾਂ ਕਰਦੇ ਹਨ। ਜੇਨ ਕਹਿੰਦੀ ਹੈ: “ਅਸੀਂ ਇਹ ਸਮਾਂ ਆਪਣੇ ਲਈ ਕੱਢਦੇ ਹਾਂ ਅਤੇ ਕਿਸੇ ਵੀ ਚੀਜ਼ ਨੂੰ ਇਸ ਵਿਚ ਰੁਕਾਵਟ ਨਹੀਂ ਬਣਨ ਦਿੰਦੇ।”

2

ਸ਼ਿਕਾਇਤ:

“ਮੇਰਾ ਸਾਥੀ ਸਿਰਫ਼ ਆਪਣੇ ਬਾਰੇ ਸੋਚਦਾ ਹੈ।”

ਬਾਈਬਲ ਦਾ ਅਸੂਲ:

“ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।”1 ਕੁਰਿੰਥੀਆਂ 10:24.

ਜੇ ਪਤੀ-ਪਤਨੀ ਵਿੱਚੋਂ ਇਕ ਖ਼ੁਦਗਰਜ਼ ਹੈ ਅਤੇ ਉਹ ਸਿਰਫ਼ ਆਪਣੀਆਂ ਲੋੜਾਂ ਬਾਰੇ ਸੋਚਦਾ ਹੈ, ਤਾਂ ਉਹ ਕਦੇ ਖ਼ੁਸ਼ ਨਹੀਂ ਰਹਿ ਸਕਦਾ ਭਾਵੇਂ ਉਹ ਕਿੰਨੀ ਹੀ ਵਾਰ ਵਿਆਹ ਕਿਉਂ ਨਾ ਕਰਾ ਲਵੇ। ਵਿਆਹ ਤਦ ਹੀ ਸਫ਼ਲ ਹੁੰਦਾ ਹੈ ਜਦੋਂ ਦੋਵੇਂ ਪਤੀ-ਪਤਨੀ ਸਿਰਫ਼ ਲੈਣਾ ਹੀ ਨਹੀਂ, ਸਗੋਂ ਦੇਣਾ ਵੀ ਸਿੱਖਦੇ ਹਨ। ਯਿਸੂ ਨੇ ਇਸ ਦਾ ਕਾਰਨ ਦੱਸਿਆ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.

ਕਈਆਂ ਨੇ ਇਹ ਸਲਾਹ ਕਿਵੇਂ ਲਾਗੂ ਕੀਤੀ ਹੈ: ਮਰੀਯਾ ਅਤੇ ਮਾਰਟਿਨ ਮੈਕਸੀਕੋ ਵਿਚ ਰਹਿੰਦੇ ਹਨ। ਉਨ੍ਹਾਂ ਦੇ ਵਿਆਹ ਨੂੰ 39 ਸਾਲ ਹੋ ਚੁੱਕੇ ਹਨ। ਪਰ ਉਨ੍ਹਾਂ ਦੀ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਸੀ। ਉਨ੍ਹਾਂ ਨੂੰ ਯਾਦ ਹੈ ਕਿ ਇਕ ਵਾਰ ਉਨ੍ਹਾਂ ਵਿਚ ਕੀ ਹੋਇਆ ਸੀ। ਮਰੀਯਾ ਕਹਿੰਦੀ ਹੈ: “ਇਕ ਵਾਰ ਸਾਡੇ ਦੋਨਾਂ ਵਿਚ ਤੂੰ-ਤੂੰ ਮੈਂ-ਮੈਂ ਹੋ ਗਈ। ਮੈਂ ਮਾਰਟਿਨ ਨੂੰ ਖੂਬ ਖਰੀ-ਖੋਟੀ ਸੁਣਾਈ ਅਤੇ ਉਸ ਨੂੰ ਬਹੁਤ ਬੁਰਾ ਲੱਗਾ। ਬਾਅਦ ਵਿਚ ਮੈਂ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਮੇਰੀ ਇਕ ਨਾ ਸੁਣੀ।” ਮਾਰਟਿਨ ਕਹਿੰਦਾ ਹੈ: “ਜਦੋਂ ਸਾਡੀ ਬਹਿਸ ਹੋਈ, ਤਾਂ ਮੈਂ ਸੋਚਣ ਲੱਗ ਪਿਆ ਕਿ ਅਸੀਂ ਹੁਣ ਇਕੱਠੇ ਨਹੀਂ ਰਹਿ ਸਕਦੇ। ਮੈਂ ਸੋਚਿਆ ਕਿ ਹੁਣ ਸੁਲ੍ਹਾ ਕਰਨ ਦਾ ਕੋਈ ਫ਼ਾਇਦਾ ਨਹੀਂ।”

ਮਾਰਟਿਨ ਚਾਹੁੰਦਾ ਸੀ ਕਿ ਮਰੀਯਾ ਉਸ ਦੀ ਇੱਜ਼ਤ ਕਰੇ ਤੇ ਮਰੀਯਾ ਚਾਹੁੰਦੀ ਸੀ ਕਿ ਮਾਰਟਿਨ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੇ। ਦੋਵੇਂ ਸਿਰਫ਼ ਆਪਣੇ ਹੀ ਬਾਰੇ ਸੋਚ ਰਹੇ ਸਨ।

ਉਹ ਇਸ ਮੁਸ਼ਕਲ ਦਾ ਹੱਲ ਕਿਵੇਂ ਲੱਭ ਸਕੇ? ਮਾਰਟਿਨ ਕਹਿੰਦਾ ਹੈ: “ਜਦ ਮੇਰਾ ਗੁੱਸਾ ਠੰਢਾ ਹੋ ਗਿਆ, ਤਾਂ ਅਸੀਂ ਬਹਿ ਕੇ ਫ਼ੈਸਲਾ ਕੀਤਾ ਕਿ ਅਸੀਂ ਬਾਈਬਲ ਦੀ ਸਲਾਹ ਮੁਤਾਬਕ ਇਕ-ਦੂਜੇ ਨਾਲ ਪਿਆਰ ਅਤੇ ਇੱਜ਼ਤ ਨਾਲ ਪੇਸ਼ ਆਵਾਂਗੇ। ਇਨ੍ਹਾਂ ਸਾਲਾਂ ਦੌਰਾਨ ਅਸੀਂ ਸਿੱਖਿਆ ਹੈ ਕਿ ਭਾਵੇਂ ਜਿੰਨੀਆਂ ਮਰਜ਼ੀ ਮੁਸ਼ਕਲਾਂ ਆ ਜਾਣ, ਜੇ ਅਸੀਂ ਰੱਬ ਤੋਂ ਮਦਦ ਮੰਗੀਏ ਅਤੇ ਬਾਈਬਲ ਦੀ ਸਲਾਹ ਉੱਤੇ ਚੱਲੀਏ, ਤਾਂ ਅਸੀਂ ਇਨ੍ਹਾਂ ਮੁਸ਼ਕਲਾਂ ਨੂੰ ਪਾਰ ਕਰ ਸਕਦੇ ਹਾਂ।”—ਯਸਾਯਾਹ 48:17, 18; ਅਫ਼ਸੀਆਂ 4:31, 32.

3

ਸ਼ਿਕਾਇਤ:

“ਮੇਰਾ ਸਾਥੀ ਆਪਣਾ ਫ਼ਰਜ਼ ਨਹੀਂ ਨਿਭਾਉਂਦਾ।”

ਬਾਈਬਲ ਦਾ ਅਸੂਲ:

“ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।”ਰੋਮੀਆਂ 14:12.

ਜੇ ਸਿਰਫ਼ ਇਕ ਜਣਾ ਆਪਣਾ ਫ਼ਰਜ਼ ਨਿਭਾਵੇ, ਤਾਂ ਪਤੀ-ਪਤਨੀ ਪੂਰੀ ਤਰ੍ਹਾਂ ਖ਼ੁਸ਼ ਨਹੀਂ ਹੋ ਸਕਦੇ। ਹਾਲਾਤ ਉਦੋਂ ਹੋਰ ਵੀ ਵਿਗੜ ਜਾਣਗੇ ਜੇ ਦੋਵੇਂ ਜਣੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਬਜਾਇ ਇਕ-ਦੂਜੇ ਵਿਚ ਕਸੂਰ ਕੱਢਦੇ ਰਹਿਣਗੇ।

ਜੇ ਤੁਸੀਂ ਹਮੇਸ਼ਾ ਇਹ ਹੀ ਸੋਚਦੇ ਰਹਿੰਦੇ ਹੋ ਕਿ ਤੁਹਾਡਾ ਸਾਥੀ ਆਪਣਾ ਫ਼ਰਜ਼ ਪੂਰਾ ਨਹੀਂ ਕਰਦਾ, ਤਾਂ ਤੁਹਾਡੇ ਘਰ ਵਿਚ ਕਲੇਸ਼ ਹੁੰਦਾ ਹੀ ਰਹੇਗਾ। ਇਹ ਖ਼ਾਸ ਕਰਕੇ ਉਦੋਂ ਸੱਚ ਹੋਵੇਗਾ ਜੇ ਤੁਸੀਂ ਆਪਣੇ ਸਾਥੀ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਆਪਣੇ ਫ਼ਰਜ਼ ਪੂਰੇ ਕਰਨੇ ਛੱਡ ਦਿਓ। ਦੂਜੇ ਪਾਸੇ, ਜੇ ਤੁਸੀਂ ਚੰਗੇ ਸਾਥੀ ਬਣਨ ਦੀ ਕੋਸ਼ਿਸ਼ ਕਰੋ, ਤਾਂ ਤੁਹਾਡਾ ਆਪਸੀ ਰਿਸ਼ਤਾ ਬਿਹਤਰ ਬਣੇਗਾ। (1 ਪਤਰਸ 3:1-3) ਸਭ ਤੋਂ ਵੱਧ ਤੁਸੀਂ ਦਿਖਾਓਗੇ ਕਿ ਤੁਸੀਂ ਵਿਆਹ ਦੇ ਇੰਤਜ਼ਾਮ ਦੀ ਕਦਰ ਕਰਦੇ ਹੋ ਅਤੇ ਇਸ ਤੋਂ ਰੱਬ ਖ਼ੁਸ਼ ਹੋਵੇਗਾ।—1 ਪਤਰਸ 2:19.

ਕਈਆਂ ਨੇ ਇਹ ਸਲਾਹ ਕਿਵੇਂ ਲਾਗੂ ਕੀਤੀ ਹੈ: ਕਿਮ ਅਤੇ ਉਸ ਦਾ ਪਤੀ ਕੋਰੀਆ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਵਿਆਹ ਨੂੰ 38 ਸਾਲ ਹੋ ਗਏ ਹਨ। ਕਿਮ ਦੱਸਦੀ ਹੈ: “ਕਈ ਵਾਰ ਮੇਰਾ ਪਤੀ ਮੇਰੇ ਨਾਲ ਗੁੱਸੇ ਹੋ ਕੇ ਗੱਲ ਨਹੀਂ ਕਰਦਾ ਤੇ ਮੈਨੂੰ ਪਤਾ ਵੀ ਨਹੀਂ ਹੁੰਦਾ ਕਿਉਂ। ਫਿਰ ਮੈਨੂੰ ਇੱਦਾਂ ਲੱਗਦਾ ਕਿ ਉਹ ਹੁਣ ਮੈਨੂੰ ਅੱਗੇ ਜਿੰਨਾ ਪਿਆਰ ਨਹੀਂ ਕਰਦਾ। ਕਈ ਵਾਰ ਮੈਂ ਸੋਚਦੀ ਹਾਂ, ‘ਮੈਂ ਉਸ ਨੂੰ ਕਿਉਂ ਸਮਝਣ ਦੀ ਕੋਸ਼ਿਸ਼ ਕਰਾਂ ਜੇ ਉਹ ਮੈਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ।’”

ਕਿਮ ਇਸ ਗੱਲ ਨੂੰ ਆਪਣੇ ਦਿਲ ’ਤੇ ਲਾ ਸਕਦੀ ਹੈ, ਪਰ ਉਹ ਇਸ ਤਰ੍ਹਾਂ ਨਹੀਂ ਕਰਦੀ। ਉਹ ਦੱਸਦੀ ਹੈ, “ਮੈਂ ਸਿੱਖਿਆ ਹੈ ਕਿ ਉਸ ਨਾਲ ਗੁੱਸੇ ਹੋਣ ਦੀ ਬਜਾਇ ਘਰ ਵਿਚ ਸ਼ਾਂਤੀ ਬਣਾਈ ਰੱਖਣੀ ਜ਼ਰੂਰੀ ਹੈ। ਅਖ਼ੀਰ ਵਿਚ ਅਸੀਂ ਸ਼ਾਂਤ ਹੋ ਕੇ ਸੁਲ੍ਹਾ ਕਰ ਲੈਂਦੇ ਹਾਂ।”—ਯਾਕੂਬ 3:18.

4

ਸ਼ਿਕਾਇਤ:

“ਮੇਰੀ ਤੀਵੀਂ ਮੇਰੀ ਗੱਲ ਨਹੀਂ ਸੁਣਦੀ।”

ਬਾਈਬਲ ਦਾ ਅਸੂਲ:

“ਹਰੇਕ ਪੁਰਖ ਦਾ ਸਿਰ ਮਸੀਹ ਹੈ।”1 ਕੁਰਿੰਥੀਆਂ 11:3.

ਜਿਹੜਾ ਪਤੀ ਇਸ ਤਰ੍ਹਾਂ ਕਹਿੰਦਾ ਹੈ, ਉਸ ਨੂੰ ਪਹਿਲਾਂ ਆਪ ਦੇਖਣਾ ਚਾਹੀਦਾ ਹੈ ਕਿ ਉਹ ਆਪਣੇ ਸਿਰ, ਯਿਸੂ ਮਸੀਹ, ਦੇ ਅਧੀਨ ਰਹਿੰਦਾ ਹੈ ਕਿ ਨਹੀਂ। ਯਿਸੂ ਦੀ ਮਿਸਾਲ ਉੱਤੇ ਚੱਲ ਕੇ ਪਤੀ ਦਿਖਾ ਸਕਦਾ ਹੈ ਕਿ ਉਹ ਯਿਸੂ ਦੇ ਅਧੀਨ ਹੈ।

ਪੌਲੁਸ ਰਸੂਲ ਨੇ ਲਿਖਿਆ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” (ਅਫ਼ਸੀਆਂ 5:25) ਯਿਸੂ ਨੇ ਆਪਣੇ ਚੇਲਿਆਂ ’ਤੇ ‘ਹੁਕਮ ਨਹੀਂ ਚਲਾਇਆ’ ਸੀ। (ਮਰਕੁਸ 10:42-44) ਉਸ ਨੇ ਉਨ੍ਹਾਂ ਨੂੰ ਸਾਫ਼ ਹਿਦਾਇਤਾਂ ਦਿੱਤੀਆਂ ਅਤੇ ਲੋੜ ਪੈਣ ਤੇ ਉਨ੍ਹਾਂ ਨੂੰ ਤਾੜਿਆ ਵੀ। ਪਰ ਉਹ ਉਨ੍ਹਾਂ ਨਾਲ ਕਦੇ ਸਖ਼ਤੀ ਨਾਲ ਪੇਸ਼ ਨਹੀਂ ਆਇਆ, ਸਗੋਂ ਪਿਆਰ ਨਾਲ ਪੇਸ਼ ਆਇਆ। ਨਾਲੇ ਉਹ ਸਮਝਦਾ ਸੀ ਕਿ ਉਸ ਦੇ ਚੇਲੇ ਕਿੰਨਾ ਕੁ ਕਰ ਸਕਦੇ ਸਨ। (ਮੱਤੀ 11:29, 30; ਮਰਕੁਸ 6:30, 31; 14:37, 38) ਉਹ ਹਮੇਸ਼ਾ ਉਨ੍ਹਾਂ ਦਾ ਭਲਾ ਚਾਹੁੰਦਾ ਸੀ।—ਮੱਤੀ 20:25-28.

ਇਕ ਪਤੀ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ, ‘ਕੀ ਅਧੀਨਗੀ ਅਤੇ ਔਰਤਾਂ ਬਾਰੇ ਮੇਰੇ ਵਿਚਾਰ ਸਮਾਜ ਦੀਆਂ ਰੀਤਾਂ-ਰਿਵਾਜਾਂ ਉੱਤੇ ਆਧਾਰਿਤ ਹਨ ਜਾਂ ਬਾਈਬਲ ਦੀ ਸਲਾਹ ’ਤੇ? ਮਿਸਾਲ ਲਈ, ਤੁਸੀਂ ਉਸ ਤੀਵੀਂ ਬਾਰੇ ਕੀ ਸੋਚੋਗੇ ਜੋ ਆਪਣੇ ਪਤੀ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੈ, ਪਰ ਆਦਰ ਨਾਲ ਆਪਣੇ ਵਿਚਾਰ ਦੱਸਦੀ ਹੈ? ਬਾਈਬਲ ਵਿਚ ਅਬਰਾਹਾਮ ਦੀ ਪਤਨੀ ਸਾਰਾਹ ਨੇ ਆਪਣੇ ਪਤੀ ਦੇ ਅਧੀਨ ਰਹਿ ਕੇ ਪਤਨੀਆਂ ਲਈ ਚੰਗੀ ਮਿਸਾਲ ਕਾਇਮ ਕੀਤੀ। (1 ਪਤਰਸ 3:1, 6) ਫਿਰ ਵੀ ਜਦ ਉਸ ਨੇ ਦੇਖਿਆ ਕਿ ਉਸ ਦੇ ਪਰਿਵਾਰ ਨੂੰ ਖ਼ਤਰਾ ਸੀ, ਤਾਂ ਉਸ ਨੇ ਆਪਣੇ ਦਿਲ ਦੀ ਗੱਲ ਕਹੀ ਭਾਵੇਂ ਅਬਰਾਹਾਮ ਇਸ ਨਾਲ ਸਹਿਮਤ ਨਹੀਂ ਸੀ।—ਉਤਪਤ 16:5; 21:9-12.

ਸਾਰਾਹ ਆਪਣੇ ਦਿਲ ਦੀ ਗੱਲ ਕਹਿਣ ਤੋਂ ਡਰਦੀ ਨਹੀਂ ਸੀ ਕਿਉਂਕਿ ਅਬਰਾਹਾਮ ਜ਼ਾਲਮ ਨਹੀਂ ਸੀ। ਜਿਹੜਾ ਪਤੀ ਬਾਈਬਲ ਦੀ ਸਲਾਹ ’ਤੇ ਚੱਲਦਾ ਹੈ ਉਹ ਆਪਣੀ ਪਤਨੀ ਨੂੰ ਡਰਾ-ਧਮਕਾ ਕੇ ਨਹੀਂ ਰੱਖਦਾ ਅਤੇ ਨਾ ਹੀ ਉਹ ਜ਼ਿੱਦ ਕਰਦਾ ਹੈ ਕਿ ਪਤਨੀ ਉਸ ਦੀ ਹਰ ਗੱਲ ਮੰਨੇ। ਜੇ ਪਤੀ ਪਿਆਰ ਤੋਂ ਕੰਮ ਲਵੇ, ਤਾਂ ਉਸ ਦੀ ਪਤਨੀ ਉਸ ਦਾ ਆਦਰ ਕਰੇਗੀ।

ਕਈਆਂ ਨੇ ਇਹ ਸਲਾਹ ਕਿਵੇਂ ਲਾਗੂ ਕੀਤੀ ਹੈ: ਜੇਮਜ਼, ਜਿਸ ਦੇ ਵਿਆਹ ਨੂੰ ਅੱਠ ਸਾਲ ਹੋ ਗਏ ਹਨ, ਇੰਗਲੈਂਡ ਵਿਚ ਰਹਿੰਦਾ ਹੈ। ਉਹ ਕਹਿੰਦਾ ਹੈ, “ਮੈਂ ਅਜੇ ਵੀ ਸਿੱਖ ਰਿਹਾ ਹਾਂ ਕਿ ਕੋਈ ਅਹਿਮ ਫ਼ੈਸਲਾ ਕਰਨ ਤੋਂ ਪਹਿਲਾਂ ਮੈਨੂੰ ਆਪਣੀ ਪਤਨੀ ਦੀ ਰਾਇ ਲੈਣੀ ਚਾਹੀਦੀ ਹੈ। ਮੈਂ ਸਿਰਫ਼ ਆਪਣੇ ਬਾਰੇ ਸੋਚਣ ਦੀ ਬਜਾਇ ਉਸ ਬਾਰੇ ਵੀ ਸੋਚਦਾ ਹਾਂ।”

ਅਮਰੀਕਾ ਵਿਚ ਰਹਿਣ ਵਾਲੇ ਜੋਰਜ ਦੇ ਵਿਆਹ ਨੂੰ 59 ਸਾਲ ਹੋ ਚੁੱਕੇ ਹਨ। ਉਹ ਦੱਸਦਾ ਹੈ, “ਮੈਂ ਆਪਣੀ ਪਤਨੀ ਨੂੰ ਆਪਣੇ ਪੈਰਾਂ ਦੀ ਜੁੱਤੀ ਕਦੀ ਨਹੀਂ ਸਮਝਿਆ। ਮੇਰੇ ਲਈ ਤਾਂ ਉਹ ਇਕ ਸਮਝਦਾਰ ਅਤੇ ਕਾਬਲ ਸਾਥੀ ਹੈ।”—ਕਹਾਉਤਾਂ 31:10.

5

ਸ਼ਿਕਾਇਤ:

“ਮੇਰਾ ਪਤੀ ਘਰ ਵਿਚ ਕੋਈ ਕੰਮ ਨਹੀਂ ਕਰਦਾ।”

ਬਾਈਬਲ ਦਾ ਅਸੂਲ:

“ਬੁੱਧਵਾਨ ਤੀਵੀਂ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖਣੀ ਆਪਣੀਂ ਹੀ ਹੱਥੀਂ ਉਹ ਨੂੰ ਢਾਹ ਦਿੰਦੀ ਹੈ।”ਕਹਾਉਤਾਂ 14:1.

ਜੇ ਤੁਹਾਡਾ ਪਤੀ ਫ਼ੈਸਲੇ ਕਰਨ ਜਾਂ ਘਰ-ਬਾਰ ਚਲਾਉਣ ਵਿਚ ਢਿੱਲਾ ਹੈ, ਤਾਂ ਤੁਹਾਡੇ ਕੋਲ ਤਿੰਨ ਰਸਤੇ ਹਨ। (1) ਤੁਸੀਂ ਉਸ ਦੀਆਂ ਕਮੀਆਂ ਸੁਣਾਉਂਦੇ ਰਹਿ ਸਕਦੇ ਹੋ। (2) ਤੁਸੀਂ ਆਪ ਸਾਰੇ ਫ਼ੈਸਲੇ ਕਰਨ ਲੱਗ ਸਕਦੇ ਹੋ ਜਾਂ (3) ਤੁਸੀਂ ਉਸ ਦੀ ਤਾਰੀਫ਼ ਕਰ ਸਕਦੇ ਹੋ ਜਦ ਉਹ ਥੋੜ੍ਹੀ-ਬਹੁਤੀ ਕੋਸ਼ਿਸ਼ ਕਰਦਾ ਹੈ। ਜੇ ਤੁਸੀਂ ਪਹਿਲੇ ਦੋ ਰਾਹਾਂ ਵਿੱਚੋਂ ਇਕ ਚੁਣੋਗੇ, ਤਾਂ ਤੁਸੀਂ ਆਪਣੇ ਹੀ ਹੱਥਾਂ ਨਾਲ ਆਪਣੇ ਘਰ ਨੂੰ ਢਾਹ ਰਹੇ ਹੋਵੋਗੇ। ਤੀਜਾ ਰਾਹ ਚੁਣ ਕੇ ਤੁਸੀਂ ਆਪਣੇ ਆਪਸੀ ਰਿਸ਼ਤੇ ਨੂੰ ਮਜ਼ਬੂਤ ਕਰੋਗੇ।

ਬਹੁਤ ਸਾਰੇ ਆਦਮੀ ਪਿਆਰ ਨਾਲੋਂ ਇੱਜ਼ਤ ਚਾਹੁੰਦੇ ਹਨ। ਸੋ ਜੇ ਤੁਸੀਂ ਆਪਣੇ ਪਤੀ ਦੀ ਇੱਜ਼ਤ ਅਤੇ ਉਸ ਦੀਆਂ ਕੋਸ਼ਿਸ਼ਾਂ ਦੀ ਕਦਰ ਕਰੋਗੇ, ਤਾਂ ਸ਼ਾਇਦ ਉਹ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇ। ਇਹ ਸੱਚ ਹੈ ਕਿ ਤੁਸੀਂ ਹਰ ਗੱਲ ਵਿਚ ਆਪਣੇ ਪਤੀ ਨਾਲ ਸਹਿਮਤ ਨਹੀਂ ਹੋਵੋਗੇ। ਜੇ ਇਸ ਤਰ੍ਹਾਂ ਹੋਵੇ, ਤਾਂ ਤੁਹਾਨੂੰ ਇਸ ਬਾਰੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ। (ਕਹਾਉਤਾਂ 18:13) ਤੁਹਾਡੇ ਬੋਲਣ ਦੇ ਢੰਗ ਤੋਂ ਤੁਸੀਂ ਜਾਂ ਤਾਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰ ਸਕਦੇ ਹੋ ਜਾਂ ਉਸ ਨੂੰ ਤੋੜ ਸਕਦੇ ਹੋ। (ਕਹਾਉਤਾਂ 21:9; 27:15) ਜੇ ਤੁਸੀਂ ਇੱਜ਼ਤ ਨਾਲ ਪੇਸ਼ ਆਓਗੇ, ਤਾਂ ਤੁਹਾਨੂੰ ਆਪਣੀ ਮਿਹਨਤ ਦਾ ਫਲ ਮਿਲੇਗਾ ਅਤੇ ਤੁਹਾਡਾ ਪਤੀ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸਿੱਖ ਲਵੇਗਾ।

ਕਈਆਂ ਨੇ ਇਹ ਸਲਾਹ ਕਿਵੇਂ ਲਾਗੂ ਕੀਤੀ ਹੈ: ਮਿਸ਼ੈਲ, ਜਿਸ ਦੇ ਵਿਆਹ ਨੂੰ 30 ਸਾਲ ਹੋ ਗਏ ਹਨ, ਅਮਰੀਕਾ ਵਿਚ ਰਹਿੰਦੀ ਹੈ। ਉਹ ਦੱਸਦੀ ਹੈ: “ਮੇਰੀ ਮਾਂ ਨੇ ਇਕੱਲੀ ਹੋਣ ਦੇ ਬਾਵਜੂਦ ਮੈਨੂੰ ਤੇ ਮੇਰੀਆਂ ਭੈਣਾਂ ਨੂੰ ਪਾਲਿਆ। ਉਸ ਨੂੰ ਸਾਰੇ ਫ਼ੈਸਲੇ ਖ਼ੁਦ ਕਰਨੇ ਪੈਂਦੇ ਸਨ ਅਤੇ ਮੈਂ ਵੀ ਉਸ ਵਰਗੀ ਸੀ। ਇਸ ਕਰਕੇ ਮੇਰੇ ਲਈ ਆਪਣੇ ਪਤੀ ਦੇ ਅਧੀਨ ਰਹਿਣਾ ਔਖਾ ਹੈ। ਮਿਸਾਲ ਲਈ, ਆਪਣੇ ਫ਼ੈਸਲੇ ਖ਼ੁਦ ਕਰਨ ਦੀ ਬਜਾਇ ਮੈਨੂੰ ਆਪਣੇ ਪਤੀ ਦੀ ਸਲਾਹ ਲੈਣੀ ਸਿੱਖਣੀ ਪਈ ਹੈ।”

ਆਸਟ੍ਰੇਲੀਆ ਵਿਚ ਰਹਿਣ ਵਾਲੀ ਰੇਚਲ ਦਾ ਵਿਆਹ ਮਾਰਕ ਨਾਲ ਹੋਇਆ ਹੈ ਤੇ ਉਨ੍ਹਾਂ ਦੇ ਵਿਆਹ ਨੂੰ ਹੁਣ 21 ਸਾਲ ਹੋ ਗਏ ਹਨ। ਉਸ ਦੇ ਪਾਲਣ-ਪੋਸਣ ਦਾ ਅਸਰ ਉਸ ਉੱਤੇ ਵੀ ਪਿਆ ਹੈ। ਉਹ ਯਾਦ ਕਰਦੀ ਹੈ: “ਮੇਰੀ ਮੰਮੀ ਨੇ ਮੇਰੇ ਡੈਡੀ ਦੀ ਗੱਲ ਕਦੇ ਨਹੀਂ ਮੰਨੀ। ਸਾਡੇ ਘਰ ਵਿਚ ਤੂੰ-ਤੂੰ ਮੈਂ-ਮੈਂ ਹੁੰਦੀ ਰਹਿੰਦੀ ਸੀ। ਵਿਆਹ ਹੋਣ ਤੋਂ ਬਾਅਦ ਪਹਿਲਾਂ-ਪਹਿਲਾਂ ਮੈਂ ਵੀ ਆਪਣੀ ਮੰਮੀ ਦੀ ਰੀਸ ਕੀਤੀ। ਪਰ ਸਮੇਂ ਦੇ ਬੀਤਣ ਨਾਲ ਮੈਂ ਦੇਖਿਆ ਕਿ ਆਪਣੇ ਪਤੀ ਦੀ ਇੱਜ਼ਤ ਕਰਨ ਬਾਰੇ ਬਾਈਬਲ ਦੀ ਸਲਾਹ ਬਹੁਤ ਵਧੀਆ ਹੈ। ਮੈਂ ਤੇ ਮਾਰਕ ਹੁਣ ਪਹਿਲਾਂ ਨਾਲੋਂ ਬਹੁਤ ਖ਼ੁਸ਼ ਹਾਂ।”

6

ਸ਼ਿਕਾਇਤ:

“ਬਸ, ਹੋਰ ਨਹੀਂ ਸਹਾਰ ਹੁੰਦਾ। ਮੈਨੂੰ ਉਸ ਦੀਆਂ ਆਦਤਾਂ ਤੋਂ ਬਹੁਤ ਖਿਝ ਆਉਂਦੀ ਹੈ।”

ਬਾਈਬਲ ਦਾ ਅਸੂਲ:

“ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ।”ਕੁਲੁੱਸੀਆਂ 3:13.

ਜਦੋਂ ਤੁਸੀਂ ਸ਼ੁਰੂ-ਸ਼ੁਰੂ ਵਿਚ ਇਕ-ਦੂਜੇ ਨੂੰ ਜਾਣਨ ਲੱਗੇ ਸੀ, ਤਾਂ ਤੁਸੀਂ ਇਕ-ਦੂਜੇ ਦੀਆਂ ਕਮੀਆਂ-ਕਮਜ਼ੋਰੀਆਂ ਵੱਲ ਧਿਆਨ ਦੇਣ ਦੀ ਬਜਾਇ ਇਕ-ਦੂਜੇ ਦੀਆਂ ਖੂਬੀਆਂ ਵੱਲ ਧਿਆਨ ਦਿੰਦੇ ਸੀ। ਕੀ ਤੁਸੀਂ ਹੁਣ ਵੀ ਇਸ ਤਰ੍ਹਾਂ ਕਰ ਸਕਦੇ ਹੋ? ਇਹ ਸੱਚ ਹੈ ਕਿ ਕਈ ਵਾਰ ਗਿਲੇ-ਸ਼ਿਕਵੇ ਹੋਣਗੇ, ਪਰ ਆਪਣੇ ਆਪ ਨੂੰ ਪੁੱਛੋ: ‘ਕੀ ਮੈਂ ਆਪਣੇ ਸਾਥੀ ਦੀਆਂ ਖੂਬੀਆਂ ਵੱਲ ਜ਼ਿਆਦਾ ਧਿਆਨ ਦਿੰਦਾ ਹਾਂ ਜਾਂ ਉਸ ਦੀਆਂ ਕਮੀਆਂ ਵੱਲ?’

ਯਿਸੂ ਨੇ ਇਕ ਵਧੀਆ ਉਦਾਹਰਣ ਦੇ ਕੇ ਸਮਝਾਇਆ ਕਿ ਸਾਨੂੰ ਦੂਸਰਿਆਂ ਦੀਆਂ ਗ਼ਲਤੀਆਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਉਸ ਨੇ ਪੁੱਛਿਆ, “ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈਂ ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ?” (ਮੱਤੀ 7:3) ਕੱਖ ਘਾਹ ਦੀ ਛੋਟੀ ਜਿਹੀ ਪੱਤੀ ਹੋ ਸਕਦੀ ਹੈ। ਪਰ ਸ਼ਤੀਰ ਇਕ ਲੱਕੜ ਦਾ ਗਾਡਰ ਹੋ ਸਕਦਾ ਹੈ ਜੋ ਘਰ ਦੀ ਛੱਤ ਦਾ ਸਹਾਰਾ ਹੁੰਦਾ ਹੈ। ਯਿਸੂ ਦੇ ਕਹਿਣ ਦਾ ਕੀ ਮਤਲਬ ਸੀ? “ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖੋਂ ਕੱਢ ਤਾਂ ਚੰਗੀ ਤਰਾਂ ਵੇਖ ਕੇ ਤੂੰ ਉਸ ਕੱਖ ਨੂੰ ਆਪਣੇ ਭਾਈ ਦੀ ਅੱਖੋਂ ਕੱਢ ਸੱਕੇਂਗਾ।”—ਮੱਤੀ 7:5.

ਯਿਸੂ ਨੇ ਇਸ ਉਦਾਹਰਣ ਦੇਣ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਖ਼ਬਰਦਾਰ ਕੀਤਾ ਸੀ: “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ ਕਿਉਂਕਿ ਜਿਸ ਨਿਆਉਂ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਨਾਲ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ।” (ਮੱਤੀ 7:1, 2) ਜੇ ਤੁਸੀਂ ਚਾਹੁੰਦੇ ਹੋ ਕਿ ਰੱਬ ਤੁਹਾਡੀਆਂ ਗ਼ਲਤੀਆਂ ਨਾ ਦੇਖੇ, ਤਾਂ ਤੁਹਾਨੂੰ ਵੀ ਆਪਣੇ ਸਾਥੀ ਵਿਚ ਹਮੇਸ਼ਾ ਗ਼ਲਤੀਆਂ ਨਹੀਂ ਕੱਢਣੀਆਂ ਚਾਹੀਦੀਆਂ।—ਮੱਤੀ 6:14, 15.

ਕਈਆਂ ਨੇ ਇਹ ਸਲਾਹ ਕਿਵੇਂ ਲਾਗੂ ਕੀਤੀ ਹੈ: ਸਾਇਮਨ ਨਾਲ ਜੈਨੀ ਦੇ ਵਿਆਹ ਨੂੰ ਨੌਂ ਸਾਲ ਹੋ ਗਏ ਹਨ ਅਤੇ ਉਹ ਇੰਗਲੈਂਡ ਵਿਚ ਰਹਿੰਦੇ ਹਨ। ਉਹ ਦੱਸਦੀ ਹੈ: “ਮੈਨੂੰ ਆਪਣੇ ਪਤੀ ਦੀ ਇਸ ਆਦਤ ’ਤੇ ਬਹੁਤ ਖਿਝ ਆਉਂਦੀ ਹੈ ਕਿ ਉਹ ਪੈਰ ਤੇ ਆ ਕੇ ਹੀ ਫ਼ੈਸਲੇ ਕਰਦਾ ਹੈ। ਮੈਂ ਆਪਣੇ ਆਪ ’ਤੇ ਹੈਰਾਨ ਹਾਂ ਕਿਉਂਕਿ ਜਦੋਂ ਅਸੀਂ ਪਹਿਲਾਂ-ਪਹਿਲਾਂ ਇਕ-ਦੂਜੇ ਨੂੰ ਜਾਣਨ ਲੱਗੇ ਸੀ, ਤਾਂ ਮੈਨੂੰ ਉਹ ਦੀ ਇਹ ਆਦਤ ਬਹੁਤ ਚੰਗੀ ਲੱਗਦੀ ਸੀ। ਪਰ ਹੁਣ ਮੈਂ ਸਮਝਦੀ ਹਾਂ ਕਿ ਮੇਰੇ ਵਿਚ ਬਹੁਤ ਵੀ ਗ਼ਲਤੀਆਂ ਹਨ, ਜਿਵੇਂ ਕਿ ਮੈਂ ਖ਼ੁਦ ਫ਼ੈਸਲੇ ਕਰਨੇ ਪਸੰਦ ਕਰਦੀ ਹਾਂ। ਮੈਂ ਅਤੇ ਸਾਇਮਨ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇਕ-ਦੂਜੇ ਦੀਆਂ ਕਮੀਆਂ-ਕਮਜ਼ੋਰੀਆਂ ਬਾਰੇ ਜ਼ਿਆਦਾ ਨਾ ਸੋਚੀਏ।”

ਕਰਟ, ਜੋ ਮਿਸ਼ੈਲ ਨਾਲ ਵਿਆਹਿਆ ਹੈ, ਕਹਿੰਦਾ ਹੈ: “ਜੇ ਤੁਸੀਂ ਆਪਣੇ ਸਾਥੀ ਦੀਆਂ ਕਮੀਆਂ ਬਾਰੇ ਹੀ ਸੋਚਦੇ ਰਹੋਗੇ, ਤਾਂ ਤੁਸੀਂ ਉਨ੍ਹਾਂ ਵਿਚ ਹਮੇਸ਼ਾ ਗ਼ਲਤੀਆਂ ਕੱਢਦੇ ਰਹੋਗੇ। ਮੈਂ ਆਪਣੀ ਪਤਨੀ ਦੇ ਉਨ੍ਹਾਂ ਗੁਣਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰਦਾ ਹਾਂ ਜਿਨ੍ਹਾਂ ਕਰਕੇ ਮੈਂ ਉਸ ਨਾਲ ਵਿਆਹ ਕੀਤਾ ਸੀ।”

ਸਫ਼ਲਤਾ ਦਾ ਰਾਜ਼

ਇਨ੍ਹਾਂ ਤਜਰਬਿਆਂ ਤੋਂ ਪਤਾ ਲੱਗਦਾ ਹੈ ਕਿ ਵਿਆਹ ਵਿਚ ਮੁਸ਼ਕਲਾਂ ਤਾਂ ਆਉਣਗੀਆਂ, ਪਰ ਇਹ ਮੁਸ਼ਕਲਾਂ ਪਾਰ ਵੀ ਕੀਤੀਆਂ ਜਾ ਸਕਦੀਆਂ ਹਨ। ਇਸ ਦਾ ਰਾਜ਼ ਕੀ ਹੈ? ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਜੋੜੋ ਅਤੇ ਬਾਈਬਲ ਦੀ ਸਲਾਹ ਨੂੰ ਲਾਗੂ ਕਰਨ ਲਈ ਤਿਆਰ ਰਹੋ।

ਐਲਿਕਸ ਅਤੇ ਈਟੋਹਨ ਨਾਈਜੀਰੀਆ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਵਿਆਹ ਨੂੰ 20 ਸਾਲ ਤੋਂ ਉੱਪਰ ਹੋ ਗਏ ਹਨ। ਉਨ੍ਹਾਂ ਨੇ ਆਪਣੇ ਰਿਸ਼ਤੇ ਵਿਚ ਸਫ਼ਲਤਾ ਦਾ ਰਾਜ਼ ਪਾਇਆ ਹੈ। ਐਲਿਕਸ ਦੱਸਦਾ ਹੈ: “ਮੈਂ ਦੇਖਿਆ ਹੈ ਕਿ ਬਾਈਬਲ ਦੀ ਸਲਾਹ ਲਾਗੂ ਕਰਨ ਨਾਲ ਤਕਰੀਬਨ ਕੋਈ ਵੀ ਮੁਸ਼ਕਲ ਸੁਲਝਾਈ ਜਾ ਸਕਦੀ ਹੈ।” ਉਸ ਦੀ ਪਤਨੀ ਈਟੋਹਨ ਕਹਿੰਦੀ ਹੈ: “ਅਸੀਂ ਸਿੱਖਿਆ ਹੈ ਕਿ ਇਕੱਠੇ ਬੈਠ ਕੇ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ ਅਤੇ ਇਹ ਵੀ ਕਿ ਬਾਈਬਲ ਦੇ ਕਹਿਣ ਵਾਂਗ ਸਾਨੂੰ ਇਕ-ਦੂਜੇ ਨੂੰ ਪਿਆਰ ਅਤੇ ਧੀਰਜ ਦਿਖਾਉਣਾ ਚਾਹੀਦਾ ਹੈ। ਸਾਨੂੰ ਹੁਣ ਪਹਿਲਾਂ ਨਾਲੋਂ ਘੱਟ ਮੁਸ਼ਕਲਾਂ ਆਉਂਦੀਆਂ ਹਨ।”

ਕੀ ਤੁਸੀਂ ਜਾਣਨਾ ਚਾਹੋਗੇ ਕਿ ਬਾਈਬਲ ਤੁਹਾਡੇ ਪਰਿਵਾਰ ਨੂੰ ਕਿਵੇਂ ਸੁਖੀ ਬਣਾ ਸਕਦੀ ਹੈ? ਜੇ ਹਾਂ, ਤਾਂ ਤੁਸੀਂ ਯਹੋਵਾਹ ਦੇ ਗਵਾਹਾਂ ਤੋਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਨਾਂ ਦੀ ਕਿਤਾਬ ਮੰਗ ਸਕਦੇ ਹੋ ਅਤੇ ਉਸ ਦਾ 14ਵਾਂ ਅਧਿਆਇ ਪੜ੍ਹ ਸਕਦੇ ਹੋ। * (w11-E 02/01)

[ਫੁਟਨੋਟ]

^ ਪੈਰਾ 10 ਕੁਝ ਨਾਂ ਬਦਲੇ ਗਏ ਹਨ।

^ ਪੈਰਾ 63 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ਾ 4 ਉੱਤੇ ਤਸਵੀਰ]

ਕੀ ਅਸੀਂ ਇਕ ਦੂਜੇ ਲਈ ਸਮਾਂ ਕੱਢਦੇ ਹਾਂ?

[ਸਫ਼ਾ 5 ਉੱਤੇ ਤਸਵੀਰ]

ਕੀ ਮੈਂ ਸਿਰਫ਼ ਲੈਂਦਾ ਹੀ ਨਹੀਂ, ਪਰ ਦਿੰਦਾ ਵੀ ਹਾਂ?

[ਸਫ਼ਾ 6 ਉੱਤੇ ਤਸਵੀਰ]

ਆਪਣੇ ਸਾਥੀ ਨਾਲ ਸੁਲ੍ਹਾ ਕਰਨ ਵਿਚ ਕੀ ਮੈਂ ਪਹਿਲ ਕਰਦਾ ਹਾਂ?

[ਸਫ਼ਾ 7 ਉੱਤੇ ਤਸਵੀਰ]

ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ਕੀ ਮੈਂ ਆਪਣੀ ਪਤਨੀ ਦੀ ਰਾਇ ਲੈਂਦਾ ਹਾਂ?

[ਸਫ਼ਾ 9 ਉੱਤੇ ਤਸਵੀਰ]

ਕੀ ਮੈਂ ਆਪਣੇ ਸਾਥੀ ਦੀਆਂ ਖੂਬੀਆਂ ਬਾਰੇ ਸੋਚਦਾ ਹਾਂ?