Skip to content

Skip to table of contents

ਆਤਸ਼ਬਾਜ਼ੀ ਨਾਲ ਇਨਸਾਨ ਦਾ ਮੋਹ

ਆਤਸ਼ਬਾਜ਼ੀ ਨਾਲ ਇਨਸਾਨ ਦਾ ਮੋਹ

ਆਤਸ਼ਬਾਜ਼ੀ ਨਾਲ ਇਨਸਾਨ ਦਾ ਮੋਹ

ਪੰਜਾਬ ਦਾ ਮੇਲਾ ਹੋਵੇ ਜਾਂ ਵਿਸ਼ਵ ਪ੍ਰਸਿੱਧ ਓਲੰਪਕ ਖੇਡਾਂ, ਇਹ ਆਤਸ਼ਬਾਜ਼ੀ ਦੇ ਬਗੈਰ ਅਧੂਰੀਆਂ ਹਨ। ਅਮਰੀਕਾ ਅਤੇ ਫਰਾਂਸ ਦੋਨਾਂ ਦੇਸ਼ਾਂ ਦੇ ਆਜ਼ਾਦੀ ਦਿਵਸ ਤੇ ਆਕਾਸ਼ ਆਤਸ਼ਬਾਜ਼ੀਆਂ ਨਾਲ ਜਗਮਗਾ ਉੱਠਦਾ ਹੈ। ਇਸ ਤੋਂ ਇਲਾਵਾ, ਹਰ ਸਾਲ 31 ਦਸੰਬਰ ਨੂੰ ਦੁਨੀਆਂ ਦੇ ਤਕਰੀਬਨ ਹਰ ਵੱਡੇ ਸ਼ਹਿਰ ਵਿਚ ਲੋਕ ਪਟਾਕਿਆਂ ਅਤੇ ਆਤਸ਼ਬਾਜ਼ੀਆਂ ਨਾਲ ਨਵੇਂ ਸਾਲ ਦਾ ਸੁਆਗਤ ਕਰਦੇ ਹਨ।

ਪਰ ਆਤਸ਼ਬਾਜ਼ੀ ਨਾਲ ਇਨਸਾਨਾਂ ਦੇ ਮੋਹ ਦੀ ਕਹਾਣੀ ਕਦੋਂ ਸ਼ੁਰੂ ਹੋਈ? ਰੰਗ-ਬਰੰਗੀ ਰੌਸ਼ਨੀ ਦੀ ਵਰਖਾ ਕਰਨ ਵਾਲੀਆਂ ਇਹ ਆਤਸ਼ਬਾਜ਼ੀਆਂ ਕਿਵੇਂ ਬਣਾਈਆਂ ਜਾਂਦੀਆਂ ਹਨ?

ਪੂਰਬੀ ਲੋਕਾਂ ਦੀ ਦੇਣ

ਜ਼ਿਆਦਾਤਰ ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਕਿ ਪਟਾਕਿਆਂ ਦੀ ਕਾਢ ਚੀਨੀ ਲੋਕਾਂ ਨੇ ਲਗਭਗ ਦਸਵੀਂ ਸਦੀ ਵਿਚ ਕੱਢੀ ਸੀ। ਚੀਨੀ ਰਸਾਇਣ-ਵਿਗਿਆਨੀਆਂ ਨੇ ਸ਼ੋਰੇ (ਪੋਟਾਸ਼ੀਅਮ ਨਾਈਟ੍ਰੇਟ) ਨਾਲ ਗੰਧਕ ਅਤੇ ਕੋਲਾ ਮਿਲਾ ਕੇ ਇਕ ਵਿਸਫੋਟਕ ਮਸਾਲੇ ਦੀ ਖੋਜ ਕੀਤੀ। ਬਾਅਦ ਵਿਚ ਇਸ ਮਸਾਲੇ ਨੂੰ ਸ਼ਾਇਦ 13ਵੀਂ ਸਦੀ ਦਾ ਇਤਾਲਵੀ ਖੋਜੀ ਮਾਰਕੋ ਪੋਲੋ ਜਾਂ ਅਰਬ ਵਪਾਰੀ ਯੂਰਪ ਵਿਚ ਲੈ ਗਏ ਸਨ। ਚੌਦ੍ਹਵੀਂ ਸਦੀ ਤਕ ਆਤਸ਼ਬਾਜ਼ੀ ਦੇ ਸ਼ਾਨਦਾਰ ਨਜ਼ਾਰਿਆਂ ਨੇ ਯੂਰਪੀ ਲੋਕਾਂ ਦੇ ਦਿਲਾਂ ਨੂੰ ਮੋਹ ਲਿਆ ਸੀ।

ਪਰ ਉਹੋ ਮਸਾਲਾ ਜਿਸ ਨੇ ਲੋਕਾਂ ਦੇ ਜੀਆਂ ਨੂੰ ਖ਼ੁਸ਼ ਕੀਤਾ, ਉਸੇ ਨੇ ਯੂਰਪ ਦੇ ਇਤਿਹਾਸ ਦਾ ਰੁਖ ਵੀ ਬਦਲ ਦਿੱਤਾ। ਮੈਦਾਨੇ-ਜੰਗ ਵਿਚ ਸਿਪਾਹੀਆਂ ਨੇ ਇਸ ਮਸਾਲੇ ਨੂੰ ਬੰਦੂਕਾਂ ਅਤੇ ਤੋਪਾਂ ਵਿਚ ਇਸਤੇਮਾਲ ਕਰ ਕੇ ਦੁਸ਼ਮਣਾਂ ਦੇ ਕਿਲੇ ਤਹਿਸ-ਨਹਿਸ ਕੀਤੇ ਅਤੇ ਰਾਜਿਆਂ-ਮਹਾਰਾਜਿਆਂ ਦੇ ਤਖ਼ਤ ਉਲਟਾ ਦਿੱਤੇ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦਾ ਕਹਿਣਾ ਹੈ ਕਿ “ਯੂਰਪੀ ਮੱਧਕਾਲ ਦੌਰਾਨ ਸਿੱਕਾ-ਬਾਰੂਦ ਦੇ ਨਾਲ-ਨਾਲ ਪਟਾਕੇ ਵੀ ਪੱਛਮੀ ਦੇਸ਼ਾਂ ਵਿਚ ਪਹੁੰਚ ਗਏ। ਯੂਰਪ ਵਿਚ ਫ਼ੌਜ ਦੇ ਇਕ ਵਿਸਫੋਟਕ ਮਾਹਰ ਨੂੰ ਪਟਾਕੇ ਬਣਾਉਣ ਦਾ ਕੰਮ ਸੌਂਪਿਆ ਗਿਆ ਤਾਂਕਿ ਦੇਸ਼ ਦੀ ਜਿੱਤ ਅਤੇ ਯੁੱਧਬੰਦੀ ਦੀ ਖ਼ੁਸ਼ੀ ਪਟਾਕਿਆਂ ਅਤੇ ਆਤਸ਼ਬਾਜ਼ੀਆਂ ਨਾਲ ਮਨਾਈ ਜਾ ਸਕੇ।”

ਪਰ ਇਸ ਦੌਰਾਨ, ਲੱਗਦਾ ਸੀ ਕਿ ਚੀਨੀ ਲੋਕ ਇਸ ਗੱਲ ਤੋਂ ਅਣਜਾਣ ਸਨ ਕਿ ਪਟਾਕਿਆਂ ਵਿਚਲਾ ਮਸਾਲਾ ਕਿੰਨੀ ਤਬਾਹੀ ਮਚਾ ਸਕਦਾ ਸੀ। ਚੀਨ ਵਿਚ ਪ੍ਰਚਾਰ ਕਰਨ ਗਏ ਇਕ ਇਤਾਲਵੀ ਜੈਸੂਇਟ ਮਿਸ਼ਨਰੀ ਮਾਟੇਓ ਰੀਟਚੀ ਨੇ 16ਵੀਂ ਸਦੀ ਵਿਚ ਲਿਖਿਆ: “ਚੀਨੀ ਲੋਕ ਬੰਦੂਕਾਂ ਤੇ ਤੋਪਾਂ ਚਲਾਉਣ ਵਿਚ ਬਹੁਤ ਕੱਚੇ ਹਨ ਅਤੇ ਲੜਾਈਆਂ ਵਿਚ ਇਨ੍ਹਾਂ ਚੀਜ਼ਾਂ ਦੀ ਘੱਟ ਹੀ ਵਰਤੋਂ ਕਰਦੇ ਹਨ। ਪਰ ਖੇਡਾਂ ਅਤੇ ਤਿਉਹਾਰਾਂ ਤੇ ਉਹ ਆਤਸ਼ਬਾਜ਼ੀਆਂ ਲਈ ਦਿਲ ਖੋਲ੍ਹ ਕੇ ਸ਼ੋਰਾ ਇਸਤੇਮਾਲ ਕਰਦੇ ਹਨ। ਆਕਾਸ਼ ਨੂੰ ਆਤਸ਼ਬਾਜ਼ੀਆਂ ਨਾਲ ਜਗਮਗਾ ਕੇ ਚੀਨੀਆਂ ਨੂੰ ਬਹੁਤ ਮਜ਼ਾ ਆਉਂਦਾ ਹੈ . . . ਆਤਸ਼ਬਾਜ਼ੀਆਂ ਬਣਾਉਣ ਵਿਚ ਉਹ ਬਹੁਤ ਮਾਹਰ ਹਨ।”

ਰੰਗ-ਬਰੰਗੀ ਰੌਸ਼ਨੀ ਦਾ ਰਾਜ਼

ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਰਾਣੇ ਸਮਿਆਂ ਵਿਚ ਆਤਸ਼ਬਾਜ਼ੀਆਂ ਉੱਤੇ ਤਜਰਬੇ ਕਰ ਰਹੇ ਖੋਜਕਾਰਾਂ ਨੂੰ ਦਿਮਾਗ਼ ਦੇ ਨਾਲ-ਨਾਲ ਹਿੰਮਤ ਦੀ ਵੀ ਲੋੜ ਸੀ। ਉਨ੍ਹਾਂ ਨੇ ਦੇਖਿਆ ਕਿ ਮਸਾਲੇ ਦੇ ਵੱਡੇ ਕਣ ਹੌਲੀ-ਹੌਲੀ ਸੜਦੇ ਸਨ, ਜਦ ਕਿ ਬਾਰੀਕ ਕਣਾਂ ਨੂੰ ਅੱਗ ਲੱਗਦਿਆਂ ਹੀ ਧਮਾਕਾ ਹੁੰਦਾ ਸੀ। ਰਾਕਟ ਨਾਂ ਦੀ ਆਤਸ਼ਬਾਜ਼ੀ ਬਣਾਉਣ ਲਈ ਉਨ੍ਹਾਂ ਨੇ ਇਸੇ ਸਿਧਾਂਤ ਨੂੰ ਵਰਤਿਆ। ਉਨ੍ਹਾਂ ਨੇ ਬਾਂਸ ਜਾਂ ਕਾਗਜ਼ ਦੀ ਨਲੀ ਦਾ ਇਕ ਸਿਰਾ ਬੰਦ ਕਰ ਕੇ ਨਲੀ ਦੇ ਹੇਠਲੇ ਹਿੱਸੇ ਵਿਚ ਮਸਾਲੇ ਦੇ ਵੱਡੇ-ਵੱਡੇ ਕਣ ਭਰ ਦਿੱਤੇ। ਮਸਾਲੇ ਨੂੰ ਅੱਗ ਲੱਗਦਿਆਂ ਹੀ ਇਸ ਤੋਂ ਪੈਦਾ ਹੋਣ ਵਾਲੀਆਂ ਗੈਸਾਂ ਨਲੀ ਦੇ ਖੁੱਲ੍ਹੇ ਸਿਰੇ ਵਿੱਚੋਂ ਤੇਜ਼ੀ ਨਾਲ ਨਿਕਲੀਆਂ ਜਿਸ ਦੇ ਜ਼ੋਰ ਨਾਲ ਨਲੀ ਰਾਕਟ ਵਾਂਗ ਆਕਾਸ਼ ਵੱਲ ਚੜ੍ਹ ਗਈ। (ਅੱਜ ਇਸੇ ਬੁਨਿਆਦੀ ਸਿਧਾਂਤ ਤੇ ਪੁਲਾੜ ਵਿਚ ਘੱਲੇ ਜਾਂਦੇ ਰਾਕਟ ਬਣਾਏ ਜਾਂਦੇ ਹਨ।) ਨਲੀ ਦਾ ਉਪਰਲਾ ਹਿੱਸਾ ਮਸਾਲੇ ਦੇ ਬਾਰੀਕ ਕਣਾਂ ਨਾਲ ਭਰਿਆ ਗਿਆ ਸੀ। ਜਦੋਂ ਇਨ੍ਹਾਂ ਬਾਰੀਕ ਕਣਾਂ ਨੂੰ ਅੱਗ ਲੱਗੀ, ਤਾਂ ਨਲੀ ਧਮਾਕੇ ਨਾਲ ਫਟ ਗਈ। ਇਸ ਤਰ੍ਹਾਂ ਆਤਸ਼ਬਾਜ਼ੀ ਦਾ ਜਨਮ ਹੋਇਆ।

ਸਦੀਆਂ ਦੌਰਾਨ, ਆਤਸ਼ਬਾਜ਼ੀਆਂ ਵਿਚ ਤਕਨੀਕੀ ਤੌਰ ਤੇ ਕੋਈ ਜ਼ਿਆਦਾ ਤਬਦੀਲੀ ਨਹੀਂ ਆਈ। ਪਰ ਆਤਸ਼ਬਾਜ਼ੀਆਂ ਦੇ ਪ੍ਰਦਰਸ਼ਨ ਨੂੰ ਹੋਰ ਸੋਹਣਾ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਗਈ ਹੈ। ਚੀਨੀ ਪਹਿਲਾਂ-ਪਹਿਲ ਸਿਰਫ਼ ਚਿੱਟੇ ਜਾਂ ਸੁਨਹਿਰੇ ਰੰਗ ਦੀ ਰੌਸ਼ਨੀ ਪੈਦਾ ਕਰਨ ਵਾਲੀਆਂ ਆਤਸ਼ਬਾਜ਼ੀਆਂ ਬਣਾਉਣੀਆਂ ਜਾਣਦੇ ਸਨ। ਇਤਾਲਵੀਆਂ ਨੇ ਬਾਅਦ ਵਿਚ ਰੰਗ-ਬਰੰਗੀ ਰੌਸ਼ਨੀ ਪੈਦਾ ਕਰਨ ਵਾਲੀਆਂ ਆਤਸ਼ਬਾਜ਼ੀਆਂ ਦੀ ਖੋਜ ਕੀਤੀ। ਉੱਨੀਵੀਂ ਸਦੀ ਦੇ ਸ਼ੁਰੂ ਵਿਚ ਇਤਾਲਵੀ ਲੋਕਾਂ ਨੇ ਦੇਖਿਆ ਕਿ ਮਸਾਲੇ ਵਿਚ ਪੋਟਾਸ਼ੀਅਮ ਕਲੋਰੇਟ ਮਿਲਾਉਣ ਨਾਲ ਆਤਸ਼ਬਾਜ਼ੀ ਰੰਗੀਨ ਰੌਸ਼ਨੀ ਛੱਡਦੀ ਹੈ। ਜਦੋਂ ਇਸ ਮਸਾਲੇ ਨੂੰ ਅੱਗ ਲੱਗਦੀ ਹੈ, ਤਾਂ ਉਸ ਵਿਚ ਇੰਨਾ ਤਾਪ ਪੈਦਾ ਹੁੰਦਾ ਹੈ ਕਿ ਇਹ ਧਾਤਾਂ ਨੂੰ ਗੈਸ ਵਿਚ ਤਬਦੀਲ ਕਰ ਦਿੰਦਾ ਹੈ ਜਿਸ ਨਾਲ ਰੰਗੀਨ ਰੌਸ਼ਨੀ ਪੈਦਾ ਹੁੰਦੀ ਹੈ। ਅੱਜ, ਲਾਲ ਰੰਗ ਦੀ ਰੌਸ਼ਨੀ ਪੈਦਾ ਕਰਨ ਲਈ ਮਸਾਲੇ ਵਿਚ ਸਟ੍ਰੋਨਟੀਅਮ ਕਾਰਬੋਨੇਟ ਮਿਲਾਇਆ ਜਾਂਦਾ ਹੈ। ਇਸੇ ਤਰ੍ਹਾਂ, ਟਾਈਟੇਨੀਅਮ, ਅਲਮੀਨੀਅਮ ਅਤੇ ਮੈਗਨੀਸ਼ੀਅਮ ਚਿੱਟੇ ਰੰਗ ਦੀ ਤੇਜ਼ ਰੌਸ਼ਨੀ; ਤਾਂਬੇ ਦਾ ਮਿਸ਼੍ਰਣ ਨੀਲੀ ਰੌਸ਼ਨੀ; ਬੇਰੀਅਮ ਨਾਈਟ੍ਰੇਟ ਹਰੀ ਰੌਸ਼ਨੀ ਅਤੇ ਸੋਡੀਅਮ ਆਕਸਲੇਟ ਦਾ ਮਿਸ਼੍ਰਣ ਪੀਲੀ ਰੌਸ਼ਨੀ ਪੈਦਾ ਕਰਦਾ ਹੈ।

ਅੱਜ-ਕੱਲ੍ਹ ਆਤਸ਼ਬਾਜ਼ੀਆਂ ਦੇ ਹੋਰ ਜ਼ਿਆਦਾ ਸ਼ਾਨਦਾਰ ਪ੍ਰਦਰਸ਼ਨਾਂ ਲਈ ਕੰਪਿਊਟਰਾਂ ਦੀ ਵੀ ਮਦਦ ਲਈ ਜਾਂਦੀ ਹੈ। ਆਤਸ਼ਬਾਜ਼ੀਆਂ ਨੂੰ ਹੱਥ ਨਾਲ ਚਲਾਉਣ ਦੀ ਬਜਾਇ, ਤਕਨੀਕੀ ਮਾਹਰ ਆਤਸ਼ਬਾਜ਼ੀ ਦੇ ਪ੍ਰਦਰਸ਼ਨ ਨੂੰ ਕੰਪਿਊਟਰਾਂ ਰਾਹੀਂ ਇਸ ਤਰ੍ਹਾਂ ਪ੍ਰੋਗ੍ਰਾਮ ਕਰਦੇ ਹਨ ਕਿ ਮਿੱਥੇ ਸਮੇਂ ਤੇ ਆਤਸ਼ਬਾਜ਼ੀਆਂ ਸੰਗੀਤ ਦੀ ਤਾਲ ਨਾਲ ਤਾਲ ਮਿਲਾਉਂਦੀਆਂ ਹੋਈਆਂ ਆਕਾਸ਼ ਨੂੰ ਜਗਮਗਾ ਦਿੰਦੀਆਂ ਹਨ।

ਧਾਰਮਿਕ ਪਰੰਪਰਾ

ਜਿਵੇਂ ਜੈਸੂਇਟ ਮਿਸ਼ਨਰੀ ਮਾਟੇਓ ਰੀਟਚੀ ਨੇ ਕਿਹਾ ਸੀ, ਆਤਸ਼ਬਾਜ਼ੀ ਚੀਨੀ ਲੋਕਾਂ ਦੇ ਧਾਰਮਿਕ ਤਿਉਹਾਰਾਂ ਦਾ ਅਹਿਮ ਹਿੱਸਾ ਸੀ। ਪਾਪੂਲਰ ਮਕੈਨਿਕਸ ਨਾਂ ਦਾ ਰਸਾਲਾ ਦੱਸਦਾ ਹੈ ਕਿ ਚੀਨੀਆਂ ਨੇ “ਨਵੇਂ ਸਾਲ ਦੇ ਤਿਉਹਾਰ ਅਤੇ ਹੋਰ ਤਿਉਹਾਰਾਂ ਦੇ ਦਿਨ ਤੇ ਭੂਤਾਂ-ਪ੍ਰੇਤਾਂ ਨੂੰ ਭਜਾਉਣ” ਲਈ ਪਟਾਕਿਆਂ ਦੀ ਖੋਜ ਕੀਤੀ ਸੀ। ਹੌਵਰਡ ਵੀ. ਹਾਰਪਰ ਆਪਣੀ ਕਿਤਾਬ ਵਿਚ ਲਿਖਦਾ ਹੈ: “ਗ਼ੈਰ-ਈਸਾਈ ਲੋਕ ਆਦਿਕਾਲ ਤੋਂ ਹੀ ਆਪਣੇ ਧਾਰਮਿਕ ਤਿਉਹਾਰਾਂ ਦੇ ਦਿਨ ਤੇ ਮਸ਼ਾਲਾਂ ਜਲਾਉਂਦੇ ਅਤੇ ਧੂਣੀ ਲਾਉਂਦੇ ਸਨ। ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪਟਾਕਿਆਂ ਦੀ ਖੋਜ ਕੀਤੇ ਜਾਣ ਤੋਂ ਜਲਦੀ ਹੀ ਬਾਅਦ ਆਤਸ਼ਬਾਜ਼ੀਆਂ ਨੇ ਵੀ ਆਪਣੀ ਰੰਗ-ਬਰੰਗੀ ਰੌਸ਼ਨੀ ਨਾਲ ਇਨ੍ਹਾਂ ਤਿਉਹਾਰਾਂ ਨੂੰ ਚਾਰ-ਚੰਨ ਲਗਾਉਣੇ ਸ਼ੁਰੂ ਕਰ ਦਿੱਤੇ।”

ਜਦੋਂ ਆਤਸ਼ਬਾਜ਼ੀ ਈਸਾਈ ਲੋਕਾਂ ਵਿਚ ਵੀ ਲੋਕਪ੍ਰਿਯ ਬਣ ਗਈ, ਤਾਂ ਪਟਾਕੇ ਬਣਾਉਣ ਵਾਲਿਆਂ ਨੂੰ ਆਤਸ਼ਬਾਜ਼ੀ ਦੀ ਸੰਤਣੀ ਚੁਣਨ ਵਿਚ ਦੇਰ ਨਾ ਲੱਗੀ। ਦ ਕੋਲੰਬੀਆ ਐਨਸਾਈਕਲੋਪੀਡੀਆ ਦੱਸਦਾ ਹੈ: “ਕਿਹਾ ਜਾਂਦਾ ਹੈ ਕਿ [ਸੰਤਣੀ ਬਾਰਬਰਾ] ਦੇ ਪਿਉ ਨੇ ਬਾਰਬਰਾ ਦੇ ਈਸਾਈ ਬਣਨ ਕਰਕੇ ਉਸ ਨੂੰ ਕਿਲੇ ਵਿਚ ਕੈਦ ਕਰ ਦਿੱਤਾ ਅਤੇ ਬਾਅਦ ਵਿਚ ਉਸ ਨੂੰ ਜਾਨੋਂ ਮਾਰ ਦਿੱਤਾ। ਬਾਅਦ ਵਿਚ ਬਿਜਲੀ ਡਿਗਣ ਨਾਲ ਪਿਉ ਦੀ ਮੌਤ ਹੋ ਗਈ। ਮੰਨਿਆ ਜਾਂਦਾ ਹੈ ਕਿ ਬਾਰਬਰਾ ਨੇ ਬਿਜਲੀ ਨਾਲ ਆਪਣੇ ਪਿਉ ਨੂੰ ਮਾਰ ਕੇ ਆਪਣਾ ਬਦਲਾ ਲਿਆ ਜਿਸ ਕਰਕੇ ਉਹ ਬਾਰੂਦੀ ਹਥਿਆਰ ਅਤੇ ਪਟਾਕੇ ਬਣਾਉਣ ਵਾਲਿਆਂ ਦੀ ਸੰਤਣੀ ਬਣ ਗਈ।”

ਖ਼ਰਚੇ ਦੀ ਕੋਈ ਪਰਵਾਹ ਨਹੀਂ

ਧਾਰਮਿਕ ਤਿਉਹਾਰ ਹੋਵੇ ਜਾਂ ਕੋਈ ਹੋਰ ਤਿਉਹਾਰ, ਲੋਕਾਂ ਦੀ ਇਹੋ ਚਾਹ ਹੁੰਦੀ ਹੈ ਕਿ ਉਹ ਇਨ੍ਹਾਂ ਮੌਕਿਆਂ ਤੇ ਜ਼ਿਆਦਾ ਤੋਂ ਜ਼ਿਆਦਾ ਸ਼ਾਨਦਾਰ ਆਤਸ਼ਬਾਜ਼ੀਆਂ ਕਰ ਕੇ ਦਿਖਾਉਣ। ਸੋਲ੍ਹਵੀਂ ਸਦੀ ਵਿਚ ਚੀਨੀਆਂ ਵੱਲੋਂ ਇਕ ਮੌਕੇ ਤੇ ਕੀਤੀ ਗਈ ਆਤਸ਼ਬਾਜ਼ੀ ਬਾਰੇ ਰੀਟਚੀ ਨੇ ਲਿਖਿਆ: “ਇਕ ਵਾਰ ਮੈਂ ਨਾਨਕਿੰਗ ਸ਼ਹਿਰ ਵਿਚ ਚੀਨੀਆਂ ਦੇ ਵੱਡੇ ਤਿਉਹਾਰ [ਸਾਲ ਦੇ ਪਹਿਲੇ ਮਹੀਨੇ ਦਾ ਤਿਉਹਾਰ] ਤੇ ਆਤਸ਼ਬਾਜ਼ੀਆਂ ਦਾ ਸ਼ਾਨਦਾਰ ਨਜ਼ਾਰਾ ਦੇਖਿਆ। ਮੇਰੇ ਹਿਸਾਬ ਨਾਲ ਉਨ੍ਹਾਂ ਨੇ ਉਸ ਮੌਕੇ ਤੇ ਜਿੰਨਾ ਮਸਾਲਾ ਇਸਤੇਮਾਲ ਕੀਤਾ, ਉਹ ਕਈ ਸਾਲਾਂ ਤਕ ਵੱਡਾ ਯੁੱਧ ਕਰਨ ਲਈ ਕਾਫ਼ੀ ਹੋਣਾ ਸੀ।” ਇਸ ਆਤਸ਼ਬਾਜ਼ੀ ਦੇ ਖ਼ਰਚੇ ਬਾਰੇ ਉਹ ਕਹਿੰਦਾ ਹੈ: “ਆਤਸ਼ਬਾਜ਼ੀ ਦੇ ਮਾਮਲੇ ਵਿਚ ਉਨ੍ਹਾਂ ਨੂੰ ਖ਼ਰਚੇ ਦੀ ਕੋਈ ਪਰਵਾਹ ਨਹੀਂ।”

ਅੱਜ ਵੀ ਲੋਕਾਂ ਬਾਰੇ ਇਹੋ ਗੱਲ ਕਹੀ ਜਾ ਸਕਦੀ ਹੈ। ਸਾਲ 2000 ਵਿਚ ਆਸਟ੍ਰੇਲੀਆ ਦੇ ਸਿਡਨੀ ਹਾਰਬਰ ਬ੍ਰਿਜ ਨੇੜੇ ਮਨਾਏ ਇਕ ਜਸ਼ਨ ਵਿਚ 20 ਟਨ ਪਟਾਕੇ ਅਤੇ ਆਤਸ਼ਬਾਜ਼ੀਆਂ ਚਲਾਈਆਂ ਗਈਆਂ। ਆਤਸ਼ਬਾਜ਼ੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਣ ਲਈ ਦਸ ਲੱਖ ਤੋਂ ਜ਼ਿਆਦਾ ਲੋਕ ਇਕੱਠੇ ਹੋਏ ਸਨ। ਉਸੇ ਸਾਲ ਅਮਰੀਕਾ ਵਿਚ ਤਕਰੀਬਨ 7 ਕਰੋੜ ਕਿਲੋ ਪਟਾਕਿਆਂ ਉੱਤੇ 62 ਕਰੋੜ 50 ਲੱਖ ਡਾਲਰ ਖ਼ਰਚ ਕੀਤੇ ਗਏ ਸਨ। ਜੀ ਹਾਂ, ਬਹੁਤ ਸਾਰੇ ਸਭਿਆਚਾਰਾਂ ਵਿਚ ਲੋਕ ਪਟਾਕਿਆਂ ਅਤੇ ਆਤਸ਼ਬਾਜ਼ੀਆਂ ਦੇ ਦੀਵਾਨੇ ਹਨ ਅਤੇ ਅੱਜ ਵੀ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ “ਆਤਸ਼ਬਾਜ਼ੀ ਦੇ ਮਾਮਲੇ ਵਿਚ ਉਨ੍ਹਾਂ ਨੂੰ ਖ਼ਰਚੇ ਦੀ ਕੋਈ ਪਰਵਾਹ ਨਹੀਂ।” (g04 2/08)

[ਪੂਰੇ ਸਫ਼ੇ 19 ਉੱਤੇ ਤਸਵੀਰ]